ਤਿੰਨ ਅਧਿਕਾਰੀਆਂ ਵਿਚੋਂ ਕਿਸੇ ਨੂੰ ਲਗਾਇਆ ਜਾਵੇਗਾ ਡੀਜੀਪੀ
ਚੰਡੀਗੜ੍ਹ : ਪੰਜਾਬ ਦੇ ਕਈ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਭਵਿੱਖ ‘ਤੇ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਨੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਸੁਪਰੀਮ ਕੋਰਟ ਨੇ ਡੀਜੀਪੀ ਦੀ ਨਿਯੁਕਤੀ ਲਈ ਸੂਬਾ ਸਰਕਾਰ ਨੂੰ ਤਾਜ਼ਾ ਹਦਾਇਤਾਂ ਦਿੱਤੀਆਂ ਹਨ, ਜਿਸ ਤਹਿਤ ਯੂਪੀਐੱਸਸੀ ਵੱਲੋਂ ਡੀਜੀਪੀ ਦੀ ਤਾਇਨਾਤੀ ਲਈ ਸੀਨੀਅਰ ਆਈਪੀਐਸ ਅਫ਼ਸਰਾਂ ਦਾ ਪੈਨਲ ਸੂਬਾ ਸਰਕਾਰ ਨੂੰ ਭੇਜਿਆ ਜਾਵੇਗਾ ਤੇ ਸੂਬਾ ਸਰਕਾਰ ਪੈਨਲ ਵਿਚਲੇ ਤਿੰਨ ਅਧਿਕਾਰੀਆਂ ਵਿੱਚੋਂ ਹੀ ਕਿਸੇ ਨੂੰ ਡੀਜੀਪੀ ਦੇ ਅਹੁਦੇ ‘ਤੇ ਨਿਯੁਕਤ ਕਰ ਸਕਦੀ ਹੈ। ਪੰਜਾਬ ਪੁਲਿਸ ਦੇ ਮੌਜੂਦਾ ਮੁਖੀ ਸੁਰੇਸ਼ ਅਰੋੜਾ 30 ਸਤੰਬਰ ਨੂੰ ਸੇਵਾਮੁਕਤ ਹੋ ਜਾਣਗੇ।
ਪੰਜਾਬ ਦਾ ਡੀਜੀਪੀ ਬਣਨ ਲਈ 1985, 1986 ਤੇ 1987 ਬੈਚ ਦੇ ਪੁਲਿਸ ਅਧਿਕਾਰੀਆਂ ਦਰਮਿਆਨ ਖਿੱਚੋਤਾਣ ਚੱਲ ਰਹੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਮੰਨੇ ਜਾਂਦੇ 1987 ਬੈਚ ਦੇ ਆਈਪੀਐਸ ਅਧਿਕਾਰੀ ਦਿਨਕਰ ਗੁਪਤਾ ਜੋ ਇਸ ਸਮੇਂ ਇੰਟੈਲੀਜੈਂਸ ਵਿੰਗ ਦੇ ਡੀਜੀਪੀ ਹਨ, ਡੀਜੀਪੀ ਦੇ ਅਹੁਦੇ ਲਈ ਭੱਜ-ਦੌੜ ਕਰ ਰਹੇ ਹਨ। ਮੁੱਖ ਮੰਤਰੀ ਦੇ ਕਰੀਬੀਆਂ ਵੱਲੋਂ ਵੀ ਇਹੀ ਦਾਅਵਾ ਕੀਤਾ ਜਾਂਦਾ ਹੈ ਕਿ ਗੁਪਤਾ ਵੱਲੋਂ ਹੀ ਪੁਲਿਸ ਦੀ ਵਾਗਡੋਰ ਸੰਭਾਲੇ ਜਾਣ ਦੀ ਉਮੀਦ ਹੈ। ਹਾਲਾਂਕਿ ਇਨ੍ਹਾਂ ਦਿਨਾਂ ਦੌਰਾਨ ਹੀ ਮੋਗਾ ਦੇ ਸਾਬਕਾ ਐਸਐਸਪੀ ਰਾਜਜੀਤ ਸਿੰਘ ਨਾਲ ਦਿਨਕਰ ਗੁਪਤਾ ਦਾ ਨਾਮ ਜੁੜਨ ਕਰਕੇ ਇਸ ਅਧਿਕਾਰੀ ਨੂੰ ਨਮੋਸ਼ੀ ਵੀ ਝੱਲਣੀ ਪਈ ਹੈ, ਪਰ ਮੁੱਖ ਮੰਤਰੀ ਨੇ ਸਾਰੇ ਤੱਥਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਤਾਜ਼ਾ ਹੁਕਮਾਂ ਦੇ ਮੱਦੇਨਜ਼ਰ ਕਾਨੂੰਨੀ ਮਾਹਿਰਾਂ ਨੇ ਖ਼ਦਸ਼ਾ ਪ੍ਰਗਟਾਇਆ ਹੈ ਕਿ ਜੇਕਰ ਅਦਾਲਤੀ ਹੁਕਮਾਂ ਮੁਤਾਬਕ ਪੰਜਾਬ ਦੇ ਡੀਜੀਪੀ ਦੀ ਤਾਇਨਾਤੀ ਹੁੰਦੀ ਹੈ ਤਾਂ ਦਿਨਕਰ ਗੁਪਤਾ ਦੀ ਨਿਯੁਕਤੀ ਦੇ ਆਸਾਰ ਮੱਧਮ ਪੈ ਸਕਦੇ ਹਨ। ਇਸੇ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਇਹ ਵੀ ਚਰਚਾ ਚੱਲ ਰਹੀ ਸੀ ਕਿ ਮੌਜੂਦਾ ਡੀਜੀਪੀ ਸੁਰੇਸ਼ ਅਰੋੜਾ ਨੂੰ 3 ਮਹੀਨਿਆਂ ਦੀ ਐਕਸਟੈਨਸ਼ਨ ਦੇਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਐਕਸਟੈਨਸ਼ਨ ਵੀ ਸੰਭਵ ਨਹੀਂ ਜਾਪਦੀ। ਕੈਪਟਨ ਸਰਕਾਰ ਲਈ ਡੀਜੀਪੀ ਦੀ ਚੋਣ ਚੁਣੌਤੀ ਬਣਦੀ ਜਾ ਰਹੀ ਹੈ। ਪੰਜਾਬ ਕਾਡਰ ਨਾਲ ਸਬੰਧਤ 1984 ਬੈਚ ਦੇ ਆਈਪੀਐਸ ਅਧਿਕਾਰੀ ਸਾਮੰਤ ਗੋਇਲ ਪਿਛਲੇ ਕਈ ਸਾਲਾਂ ਤੋਂ ਕੇਂਦਰ ਸਰਕਾਰ ਵਿੱਚ ਡੈਪੂਟੇਸ਼ਨ ‘ਤੇ ਤਾਇਨਾਤ ਹਨ ਤੇ ਉਹ ਇਸ ਸਮੇਂ ਕੇਂਦਰੀ ਖੁਫ਼ੀਆ ਏਜੰਸੀ ਰਾਅ ਵਿੱਚ ਅਹਿਮ ਅਹੁਦੇ ‘ਤੇ ਤਾਇਨਾਤ ਹਨ। ਇਹ ਵੀ ਪਤਾ ਲੱਗਾ ਹੈ ਕਿ ਗੋਇਲ ਦੇ ਇਸ ਵੱਕਾਰੀ ਖ਼ੁਫ਼ੀਆ ਏਜੰਸੀ (ਰਾਅ) ਦਾ ਮੁਖੀ ਬਣਨ ਦੇ ਵੀ ਆਸਾਰ ਹਨ, ਜਿਸ ਕਰਕੇ ਇਸ ਅਧਿਕਾਰੀ ਦੀ ਪੰਜਾਬ ਵਾਪਸੀ ‘ਤੇ ਇੱਕ ਤਰ੍ਹਾਂ ਨਾਲ ਸਵਾਲੀਆ ਨਿਸ਼ਾਨ ਹੀ ਲੱਗਿਆ ਹੋਇਆ ਹੈ। ਇਸੇ ਤਰ੍ਹਾਂ 1985 ਬੈਚ ਦੇ ਅਧਿਕਾਰੀ ਹਰਦੀਪ ਸਿੰਘ ਢਿੱਲੋਂ ਨੇ 31 ਮਾਰਚ 2019 ਨੂੰ ਸੇਵਾਮੁਕਤ ਹੋ ਜਾਣਾ ਹੈ ਤੇ 1986 ਬੈਚ ਦੇ ਜਸਮਿੰਦਰ ਸਿੰਘ 31 ਅਗਸਤ 2019 ਨੂੰ ਸੇਵਾਮੁਕਤ ਹੋਣਗੇ। ਇਸ ਦੇ ਮੱਦੇਨਜ਼ਰ 1985 ਬੈਚ ਦੇ ਮੁਹੰਮਦ ਮੁਸਤਫ਼ਾ, 1986 ਬੈਚ ਦੇ ਸਿਧਾਰਥ ਚਟੋਪਾਧਿਆਏ ਦਾ ਨਾਮ ਵੀ ਸੀਨੀਅਰ ਹੋਣ ਕਾਰਨ ਯੂਪੀਐਸਸੀ ਵੱਲੋਂ ਵਿਚਾਰਿਆ ਜਾਵੇਗਾ।
Check Also
ਪੰਜਾਬ ’ਚ ਪੁਰਾਣੀ ਵਾਰਡਬੰਦੀ ਦੇ ਹਿਸਾਬ ਨਾਲ ਹੋਣਗੀਆਂ ਨਿਗਮ ਚੋਣਾਂ
ਸੂਬਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਲਿਖਿਆ ਪੱਤਰ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਵਿਚ ਕਿਸੇ ਸਮੇਂ ਵੀ …