Breaking News
Home / ਪੰਜਾਬ / ਆਜ਼ਾਦੀ ਤੋਂ ਲੈ ਕੇ ਹੁਣ ਤੱਕ ਲੋਕ ਸਭਾ ਵਿਚ ਭਾਸ਼ਣਾਂ ਦੇ 14 ਲੱਖ ਸਫੇ ਹੋਣਗੇ ਆਨਲਾਈਨ

ਆਜ਼ਾਦੀ ਤੋਂ ਲੈ ਕੇ ਹੁਣ ਤੱਕ ਲੋਕ ਸਭਾ ਵਿਚ ਭਾਸ਼ਣਾਂ ਦੇ 14 ਲੱਖ ਸਫੇ ਹੋਣਗੇ ਆਨਲਾਈਨ

ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ 6 ਮੋਹਰੀ ਵਿਦਿਅਕ ਅਦਾਰਿਆਂ ਨੂੰ ਸੌਂਪੀ ਗਈ ਜ਼ਿੰਮੇਵਾਰੀ
ਦੇਵੀਗੜ੍ਹ/ਬਿਊਰੋ ਨਿਊਜ਼ : ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਸਦ ਦੇ ਹੇਠਲੇ ਸਦਨ ਲੋਕ ਸਭਾ ਵਿਚ ਪ੍ਰਧਾਨ ਮੰਤਰੀ, ਮੰਤਰੀਆਂ ਤੇ ਹੋਰ ਆਗੂਆਂ ਵੱਲੋਂ ਦਿੱਤੇ ਭਾਸ਼ਣਾਂ ਦੇ 14 ਲੱਖ ਸਫੇ ਆਨਲਾਈਨ ਕਰਨ ਦੀ ਤਿਆਰੀ ਹੋ ਗਈ ਹੈ। ਇਹ ਜ਼ਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਮੇਤ ਦੇਸ਼ ਦੇ 6 ਮੋਹਰੀ ਵਿਦਿਅਕ ਅਦਾਰਿਆਂ ਨੂੰ ਸੌਂਪੀ ਗਈ ਹੈ।
ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਦੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵਲੋਂ 14 ਕਰੋੜ ਰੁਪਏ ਦੀ ਲਾਗਤ ਨਾਲ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਇਸ ਪ੍ਰਾਜੈਕਟ ਤਹਿਤ ਭਾਸ਼ਣਾਂ ਦੇ ਉਪਲਬਧ ਸਰੋਤਾਂ ਤੋਂ ਇਨ੍ਹਾਂ ਨੂੰ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਇੰਟਰਨੈੱਟ ‘ਤੇ ਖੋਜ ਕਰਨ ਦੇ ਯੋਗ ਬਣਾਇਆ ਜਾਵੇਗਾ। ਇਸ ਲਈ ਜੇਪੀਜੀ ਜਾਂ ਹੋਰ ਸਰੂਪ ਵਿਚ ਉਪਲੱਬਧ ਫਾਈਲਾਂ ਨੂੰ ਆਧੁਨਿਕ ਤਕਨਾਲੋਜੀ ਦੀ ਵਰਤੋਂ ਕਰਕੇ ਸ਼ਬਦਾਂ ਦਾ ਰੂਪ ਦਿੱਤਾ ਜਾਵੇਗਾ। ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਆਈਆਈਟੀ ਮੁੰਬਈ, ਆਈਆਈਟੀ ਹੈਦਰਾਬਾਦ, ਆਈਆਈਟੀ ਦਿੱਲੀ, ਸੀ-ਡੈਕ ਨੋਇਡਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਆਈਆਈਟੀ ਜੋਧਪੁਰ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ।
ਇਸ ਸਬੰਧੀ ਓਸੀਆਰ ਪ੍ਰਣਾਲੀ ਨਾਲ ਤਸਵੀਰਾਂ ਵਿਚਲੇ ਸ਼ਬਦਾਂ ਨੂੰ ਅੱਖਰਾਂ ਵਿਚ ਬਦਲਿਆ ਜਾਵੇਗਾ ਤੇ ਇਸ ਕੰਮ ਨੂੰ ਮੁਕੰਮਲ ਕਰਨ ਦਾ ਕਾਰਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਸੌਂਪਿਆ ਗਿਆ ਹੈ। ਯੂਨੀਵਰਸਿਟੀ ਦੇ ਇਸ ਪ੍ਰਾਜੈਕਟ ਦੇ ਮੁਖੀ ਡਾ. ਗੁਰਪ੍ਰੀਤ ਸਿੰਘ ਲਹਿਲ ਨੇ ਦੱਸਿਆ ਕਿ ਜੇਕਰ ਇਹ ਕੰਮ ਉਨ੍ਹਾਂ ਕੋਲ ਨਾ ਭੇਜਿਆ ਜਾਂਦਾ ਤਾਂ 14 ਲੱਖ ਸਫੇ ਟਾਈਪ ਕਰਨੇ ਪੈਣੇ ਸਨ ਪਰ ਹੁਣ ਇਸ ਨੂੰ ਓਸੀਆਰ ਨਾਲ ਕਨਵਰਟ ਕਰਕੇ ਨਵਾਂ ਰੂਪ ਦਿੱਤਾ ਜਾਵੇਗਾ। ਇਹ ਖੋਜ ਕਾਰਜ ਤਿੰਨ ਸਾਲਾਂ ਵਿਚ ਮੁਕੰਮਲ ਕਰਨ ਦਾ ਟੀਚਾ ਦਿੱਤਾ ਗਿਆ ਹੈ। ਲਹਿਲ ਨੇ ਦੱਸਿਆ ਕਿ ਲੋਕ ਸਭਾ ਵਿੱਚ ਇਹ ਭਾਸ਼ਣ ਪੁਸਤਕਾਂ ਦੇ ਰੂਪ ਵਿਚ ਉਪਲੱਬਧ ਹਨ ਪਰ ਇੰਟਰਨੈੱਟ ‘ਤੇ ਇਸ ਦੀ ਕੋਈ ਜਾਣਕਾਰੀ ਨਹੀਂ ਮਿਲਦੀ ਪਰ ਹੁਣ ਇਸ ਨੂੰ ਆਧੁਨਿਕ ਰੂਪ ਦਿੱਤਾ ਜਾਵੇਗਾ। ਇਸ ਤਕਨੀਕ ਨਾਲ ਦੇਸ਼ ਦੀਆਂ ਸੰਸਥਾਵਾਂ ਵਿਚ ਪਏ ਦਸਤਾਵੇਜ਼ਾਂ ਨੂੰ ਪੀਡੀਐਫ ਬਣਾ ਕੇ ਇੰਟਰਨੈੱਟ ‘ਤੇ ਖੋਜ ਕਰਨ ਦੇ ਸਮਰੱਥ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਇਸ ਵੱਕਾਰੀ ਕੰਮ ਨੂੰ ਨੇਪਰੇ ਚਾੜ੍ਹਨਗੇ।

 

Check Also

ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ

ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …