-14.6 C
Toronto
Saturday, January 24, 2026
spot_img
Homeਪੰਜਾਬਵਿਜੀਲੈਂਸ ਵੱਲੋਂ ਬਲਬੀਰ ਸਿੰਘ ਸਿੱਧੂ ਤੋਂ ਪੰਜ ਘੰਟੇ ਪੁੱਛ-ਪੜਤਾਲ

ਵਿਜੀਲੈਂਸ ਵੱਲੋਂ ਬਲਬੀਰ ਸਿੰਘ ਸਿੱਧੂ ਤੋਂ ਪੰਜ ਘੰਟੇ ਪੁੱਛ-ਪੜਤਾਲ

ਭਾਜਪਾ ਆਗੂ ਨੇ ਆਪਣੀ ਤੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਦੇ ਵੇਰਵੇ ਸੌਂਪੇ
ਮੁਹਾਲੀ/ਬਿਊਰੋ ਨਿਊਜ਼ : ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਮੁਹਾਲੀ ਦੇ ਸੈਕਟਰ-68 ਸਥਿਤ ਵਿਜੀਲੈਂਸ ਭਵਨ ਪੁੱਜੇ। ਵਿਜੀਲੈਂਸ ਬਿਊਰੋ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਸੰਮਨ ਭੇਜੇ ਸਨ ਜਿਸ ਤੋਂ ਬਾਅਦ ਉਹ ਸੋਮਵਾਰ ਸਵੇਰੇ 10 ਵਜੇ ਆਪਣੀ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਤੇ ਕਾਰੋਬਾਰ ਸਬੰਧੀ ਵੇਰਵੇ ਲੈ ਕੇ ਵਿਜੀਲੈਂਸ ਮੁੱਖ ਦਫ਼ਤਰ ਪਹੁੰਚੇ ਜਿੱਥੇ ਵਿਜੀਲੈਂਸ ਵੱਲੋਂ ਉਨ੍ਹਾਂ ਤੋਂ ਕਰੀਬ 5 ਘੰਟੇ ਪੁੱਛ-ਪੜਤਾਲ ਕੀਤੀ ਗਈ।
ਬਲਬੀਰ ਸਿੰਘ ਸਿੱਧੂ ‘ਤੇ ਕਾਂਗਰਸ ਸਰਕਾਰ ਵਿੱਚ ਕੈਬਨਿਟ ਮੰਤਰੀ ਹੋਣ ਸਮੇਂ ਮੁਹਾਲੀ, ਰੂਪਨਗਰ, ਬਰਨਾਲਾ ਅਤੇ ਬਠਿੰਡਾ ਜ਼ਿਲ੍ਹਿਆਂ ਸਣੇ ਚੰਡੀਗੜ੍ਹ ਵਿੱਚ ਆਮਦਨ ਤੋਂ ਵੱਧ ਬਹੁ-ਕਰੋੜੀ ਜਾਇਦਾਦਾਂ ਬਣਾਉਣ ਦਾ ਆਰੋਪ ਹੈ। ਪੰਜਾਬ ਵਿੱਚ ਸੱਤਾ ਪਰਿਵਰਤਨ ਤੋਂ ਬਾਅਦ ਬਲਬੀਰ ਸਿੱਧੂ ਅਤੇ ਉਨ੍ਹਾਂ ਦੇ ਭਰਾ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ। ਸੂਬਾ ਸਰਕਾਰ ਨੇ ਸਿੱਧੂ ਭਰਾਵਾਂ ਖ਼ਿਲਾਫ਼ ਨਵੰਬਰ 2022 ਵਿੱਚ ਹੀ ਉੱਚ ਪੱਧਰੀ ਜਾਂਚ ਨੂੰ ਹਰੀ ਝੰਡੀ ਦੇ ਦਿੱਤੀ ਸੀ।
ਵਿਜੀਲੈਂਸ ਅਨੁਸਾਰ ਸਿੱਧੂ ਭਰਾਵਾਂ ਨੇ ਕਥਿਤ ਤੌਰ ‘ਤੇ ਸਿਆਸੀ ਰਸੂਖ਼ ਦੀ ਦੁਰਵਰਤੋਂ ਕਰ ਕੇ ਮੁਹਾਲੀ ਸਮੇਤ ਦੂਜੇ ਜ਼ਿਲ੍ਹਿਆਂ ਵਿੱਚ ਜਾਇਦਾਦਾਂ ਬਣਾਈਆਂ ਹਨ। ਵਿਜੀਲੈਂਸ ਟੀਮ ਨੇ ਉਕਤ ਸਾਰੇ ਤੱਥਾਂ ਬਾਰੇ ਬਲਬੀਰ ਸਿੱਧੂ ਤੋਂ ਪੁੱਛਗਿੱਛ ਕੀਤੀ। ਜ਼ਿਕਰਯੋਗ ਹੈ ਕਿ ਲੰਘੀ 21 ਅਪਰੈਲ ਨੂੰ ਵੀ ਵਿਜੀਲੈਂਸ ਨੇ ਬਲਬੀਰ ਸਿੱਧੂ ਤੋਂ ਪੁੱਛਗਿੱਛ ਕੀਤੀ ਸੀ ਅਤੇ ਸਾਬਕਾ ਮੰਤਰੀ ਕੋਲੋਂ ਉਸ ਦੀਆਂ ਚੱਲ ਅਤੇ ਅਚੱਲ ਜਾਇਦਾਦਾਂ ਸਬੰਧੀ ਲਿਖਤੀ ਰੂਪ ਵਿੱਚ ਵੇਰਵਾ ਮੰਗਿਆ ਸੀ। ਹਾਲਾਂਕਿ ਵਿਜੀਲੈਂਸ ਨੇ ਲੰਘੀ 2 ਜੂਨ ਨੂੰ ਉਨ੍ਹਾਂ ਨੂੰ ਮੁੜ ਜਾਂਚ ਵਿੱਚ ਹੋਣ ਲਈ ਸੱਦਿਆ ਸੀ, ਪਰ ਉਸ ਦਿਨ ਮੁਹਾਲੀ ਵਿੱਚ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸ਼ੇਖਾਵਤ ਦੇ ਪ੍ਰੋਗਰਾਮ ਹੋਣ ਕਾਰਨ ਉਹ ਜਾਂਚ ‘ਚ ਸ਼ਾਮਲ ਨਹੀਂ ਹੋਏ ਸਨ।
ਵਿਜੀਲੈਂਸ ਦੀ ਕਾਰਵਾਈ ਸਿਆਸੀ ਸਟੰਟ ਕਰਾਰ
ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਵਿਜੀਲੈਂਸ ਦੀ ਉਕਤ ਕਾਰਵਾਈ ਨੂੰ ਸਿਆਸੀ ਸਟੰਟ ਕਰਾਰ ਦਿੱਤਾ। ਉਨ੍ਹਾਂ ਆਪਣੀ ਜਾਇਦਾਦਾਂ ਅਤੇ ਕਾਰੋਬਾਰ ਦੇ ਵੇਰਵੇ ਦਿੰਦਿਆਂ ਕਿਹਾ ਕਿ ਉਹ ਸ਼ੁਰੂ ਤੋਂ ਖੇਤੀਬਾੜੀ ਅਤੇ ਗੈਸ ਸਪਲਾਈ ਦਾ ਕਾਰੋਬਾਰ ਕਰਦੇ ਆ ਰਹੇ ਹਨ। ਮੁਹਾਲੀ ਤੇ ਕੁਰਾਲੀ ਵਿੱਚ ਉਨ੍ਹਾਂ ਦੀਆਂ ਦੋ ਗੈਸ ਏਜੰਸੀਆਂ ਹਨ ਅਤੇ ਲਾਂਡਰਾਂ-ਸਰਹਿੰਦ ਰੋਡ ‘ਤੇ ਇੱਕ ਮੈਰਿਜ ਪੈਲੇਸ ਹੈ।

RELATED ARTICLES
POPULAR POSTS