ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ; ਵਿਰੋਧੀ ਪਾਰਟੀਆਂ ‘ਤੇ ਕੀਤੇ ਤਿੱਖੇ ਸਿਆਸੀ ਹਮਲੇ
ਚੰਡੀਗੜ੍ਹ/ਬਿਊਰੋ ਨਿਊਜ਼ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਚੰਡੀਗੜ੍ਹ ‘ਚ ਸੈਕਟਰ-35 ਸਥਿਤ ਮਿਉਂਸਿਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਵਿੱਚ ਨਵੇਂ ਭਰਤੀ ਹੋਏ 457 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਵਿਰੋਧੀ ਪਾਰਟੀਆਂ ਦੇ ਆਗੂਆਂ ‘ਤੇ ਤਿੱਖੇ ਹਮਲੇ ਕੀਤੇ। ਮਾਨ ਨੇ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਆਗੂਆਂ ਨੇ ਕਦੇ ਸੋਚਿਆ ਨਹੀਂ ਸੀ ਕਿ ਆਮ ਘਰਾਂ ਦੇ ਬੱਚੇ ਵੀ ਪੰਜਾਬ ਦੀ ਸੱਤਾ ਚਲਾ ਸਕਦੇ ਹਨ। ਇਹ ਲੋਕ ਸੋਚਦੇ ਹਨ ਕਿ ਅਹਿਮ ਕੁਰਸੀਆਂ ‘ਤੇ ਵੱਡੇ ਘਰਾਂ ਦੇ ਬੱਚੇ ਹੀ ਬੈਠ ਸਕਦੇ ਹਨ, ਪਰ ਇਨ੍ਹਾਂ ਕੁਰਸੀਆਂ ‘ਤੇ ਆਮ ਘਰਾਂ ਦੇ ਬੱਚੇ ਬੈਠ ਗਏ ਹਨ। ਹੁਣ ਰਵਾਇਤੀ ਪਾਰਟੀਆਂ ਨੂੰ ਆਮ ਘਰਾਂ ਦੇ ਬੱਚੇ ਸੱਤਾ ਚਲਾਉਂਦੇ ਚੰਗੇ ਨਹੀਂ ਲੱਗ ਰਹੇ। ਮਾਨ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਸੂਬੇ ਵਿੱਚੋਂ ਪਰਿਵਾਰ ਬਚਾਓ ਯਾਤਰਾ ਕੱਢੀ ਜਾ ਰਹੀ ਹੈ, ਜਿਸ ਵਿੱਚ ਉਨ੍ਹਾਂ ਦੀ ਆਲੋਚਨਾ ਕੀਤੀ ਜਾ ਰਹੀ ਹੈ, ਪਰ ਉਨ੍ਹਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ। ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਪਿਤਾ ਵਿਆਹਾਂ ‘ਚ ਬੈਂਡ ਮਾਸਟਰ ਸਨ ਅਤੇ ਬੈਂਡ ਮਾਸਟਰ ਦਾ ਮੁੰਡਾ ਮੰਤਰੀ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਿਛਲੇ ਸਮੇਂ ਦੌਰਾਨ ਆਪਣਿਆਂ ਨੇ ਹੀ ਲੁੱਟਿਆ ਤੇ ਕੁੱਟਿਆ ਹੈ, ਜਦੋਂ ਕਿ ‘ਆਪ’ ਸਰਕਾਰ ਲੋਕ ਹਿੱਤਾਂ ਵਿੱਚ ਦਿਨ ਰਾਤ ਇੱਕ ਕਰਕੇ ਕੰਮ ਕਰਨ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਕੰਮ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਹਜ਼ਮ ਨਹੀਂ ਹੋ ਰਿਹਾ ਹੈ। ਇਸੇ ਕਰਕੇ ਪੰਜਾਬ ਦੇ ਚਾਰ ਆਗੂ ਸੁਖਬੀਰ ਸਿੰਘ ਬਾਦਲ, ਪ੍ਰਤਾਪ ਸਿੰਘ ਬਾਜਵਾ, ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਨਵਜੋਤ ਸਿੰਘ ਸਿੱਧੂ ਸਵੇਰੇ ਉੱਠਦੇ ਹੀ ਉਨ੍ਹਾਂ ਦੀ ਆਲੋਚਨਾ ਕਰਨ ਲੱਗ ਜਾਂਦੇ ਹਨ।
ਇਸ ਦੌਰਾਨ ਮੁੱਖ ਮੰਤਰੀ ਨੇ ਨਵਜੋਤ ਸਿੰਘ ਸਿੱਧੂ ਦੀ ਅਲੋਚਨਾ ਕਰਦਿਆਂ ਸਿੱਧੂ ਨੂੰ ‘ਵਿਆਹ ਸ਼ਾਦੀਆਂ ਵਿੱਚ ਲੈਣ-ਦੇਣ ਵਾਲਾ ਸੂਟ’ ਦੱਸਿਆ। ਉਨ੍ਹਾਂ ਕਿਹਾ ”ਅਜਿਹੇ ਸੂਟ ਨੂੰ ਨਾ ਕੋਈ ਖੋਲ੍ਹਦਾ ਹੈ ਤਾਂ ਸਵਾਉਂਦਾ ਹੁੰਦਾ ਹੈ ਪਰ ਕਾਂਗਰਸ ਪਾਰਟੀ ਦੀ ਕਿਸਮਤ ਖਰਾਬ ਹੈ, ਜਿਸ ਨੇ ਸੂਟ ਖੋਲ੍ਹ ਲਿਆ ਹੈ। ਹੁਣ ਨਾ ਤਾਂ ਸੂਟ ਮੁੜ ਲਿਫਾਫੇ ਵਿੱਚ ਪਾਇਆ ਜਾ ਰਿਹਾ ਹੈ ਅਤੇ ਨਾ ਹੀ ਸਵਾਇਆ ਜਾ ਰਿਹਾ ਹੈ।”
ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਬਿਜਲੀ ਬਾਰੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਪਰ ਉਹ ਖੁਦ ਮੰਤਰੀ ਹੁੰਦਿਆਂ ਬਿਜਲੀ ਵਿਭਾਗ ਲੈਣ ਤੋਂ ਭੱਜ ਗਏ ਸਨ। ਇਹ ਆਗੂ ਘੜੀ-ਮੁੜੀ ਆਪਣੀ ਵਫਾਦਾਰੀ ਬਦਲ ਲੈਂਦੇ ਹਨ, ਜਿਸ ਕਾਰਨ ਲੋਕਾਂ ਦਾ ਉਸ ‘ਤੇ ਕੋਈ ਭਰੋਸਾ ਨਹੀਂ ਰਿਹਾ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਆਗੂ ਸੂਬਾ ਸਰਕਾਰ ਦੇ ਚੰਗੇ ਕੰਮਾਂ ‘ਤੇ ਕੁਝ ਨਹੀਂ ਬੋਲ ਰਹੇ।
Check Also
ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ 6 ਦਸੰਬਰ ਨੂੰ ਦਿੱਲੀ ਕੂਚ ਕਰਨਗੀਆਂ
ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਹੇਠ ਸ਼ੰਭੂ ਬਾਰਡਰ ਤੋਂ …