Breaking News
Home / ਰੈਗੂਲਰ ਕਾਲਮ / ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਪੰਜਾਬੀ ਸੱਭਿਆਚਾਰ, ਸ੍ਰੋਤ ਤੇ ਸਮੱਗਰੀ (ਪਹਿਰਾਵਾ ਤੇ ਹਾਰ-ਸ਼ਿੰਗਾਰ)

ਦਰਸ਼ਨ ਸਿੰਘ ਕਿੰਗਰਾ

(ਕਿਸ਼ਤ-2)
ਮਲਮਲ ਢਾਕੇ ਦੀ
ਮਨੁੱਖ ਨੇ ਜਦੋਂ ਤੋਂ ਸਭਿਅਕ ਜੀਵਨ ਬਤੀਤ ਕਰਨ ਦੀ ਜਾਚ ਸਿੱਖੀ ਹੈ, ਉਦੋਂ ਤੋਂ ਹੀ ਵਸਤਰ ਉਸ ਦੇ ਸਰੀਰ ਦਾ ਅਨਿੱਖੜਵਾਂ ਹਿੱਸਾ ਬਣੇ ਹੋਏ ਹਨ। ਮਨੁੱਖ ਵਲੋਂ ਕੱਪੜੇ ਦੀ ਵਰਤੋਂ ਕਰਨ ਦਾ ਇਤਿਹਾਸ ਬਹੁਤ ਪੁਰਾਣਾ ਹੈ। ਪੁਰਾਤਤਵ ਵਿਗਿਆਨੀਆਂ ਨੂੰ ਨੀਲ ਘਾਟੀ ਦੀ ਖੁਦਾਈ ਸਮੇਂ ਔਰਤਾਂ ਦੇ ਪਹਿਨਣ ਵਾਲੀਆਂ ਕੁਝ ਪੁਸ਼ਾਕਾਂ ਮਿਲੀਆਂ ਹਨ, ਜੋ ਪੰਜ ਹਜ਼ਾਰ ਸਾਲ ਪੁਰਾਣੀਆਂ ਹਨ। ਭਾਰਤ ਵਿਚ ਈਸਵੀ ਸੰਨ ਤੋਂ ਲਗਭਗ ਪੰਜ ਹਜ਼ਾਰ ਸਾਲ ਪਹਿਲਾਂ ਸਿੰਧੂ ਘਾਟੀ ਦੀ ਸਭਿਅਤਾ ਸਮੇਂ ਦਰਾਵੜ ਨਸਲ ਦੇ ਭਾਰਤੀਆਂ ਨੇ ਕਪਾਹ ਦੀ ਖੇਤੀ ਕਰਨੀ ਸ਼ੁਰੂ ਕੀਤੀ ਤੇ ਸੂਤੀ ਕੱਪੜਾ ਤਿਆਰ ਕਰਨ ਦੀ ਜਾਚ ਸਿੱਖੀ। ਉਦੋਂ ਤੋਂ ਹੀ ਖੱਦਰ ਭਾਰਤੀਆਂ ਦਾ ਮਨ ਭਾਉਂਦਾ ਪਹਿਰਾਵਾ ਬਣ ਗਿਆ ਹੈ।
ਹੌਲੀ-ਹੌਲੀ ਭਾਰਤੀਆਂ ਨੇ ਸੂਤੀ ਕੱਪੜੇ ਤਿਆਰ ਕਰਨ ਵਿਚ ਬਹੁਤ ਤਰੱਕੀ ਕਰ ਲਈ। ਇਨ੍ਹਾਂ ਸੂਤੀ ਕੱਪੜਿਆਂ ਵਿਚੋਂ ਹੀ ਇਕ ਖਾਸ ਕਿਸਮ ਨੂੰ ਮਲਮਲ ਕਿਹਾ ਜਾਂਦਾ ਸੀ, ਜੋ ਬਹੁਤ ਹੀ ਬਰੀਕ, ਸੂਖ਼ਮ ਤੇ ਪਾਰਦਰਸ਼ੀ ਸੂਤੀ ਕੱਪੜਾ ਸੀ। ਇਸ ਵਿਚੋਂ ਦੀ ਹਵਾ ਸੌਖ ਨਾਲ ਆਰ-ਪਾਰ ਲੰਘ ਸਕਦੀ ਸੀ, ਜਿਸ ਕਾਰਨ ਗਰਮ ਖੁਸ਼ਕ ਮੌਸਮ ਵਿਚ ਮਲਮਲ ਦੇ ਕੱਪੜੇ ਪਹਿਨਣੇ ਬਹੁਤ ਹੀ ਆਰਾਮਦਾਇਕ ਤੇ ਸੁਖਦਾਈ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਸਿੰਧ ਨਦੀ ਦੇ ਮੁਹਾਣੇ ਅਤੇ ਈਰਾਨ ਦੀ ਖਾੜੀ ਵਲੋਂ ਹੋ ਕੇ ਭਾਰਤ ਅਤੇ ਯੂਰਪ ਵਿਚਕਾਰ ਵਣਜ-ਵਪਾਰ ਹੁੰਦਾ ਸੀ। ਭਾਰਤ ਤੋਂ ਹਾਥੀ ਦੰਦ, ਬਾਂਦਰ, ਮੋਰ, ਮਲਮਲ ਤੇ ਹੋਰ ਸੂਤੀ ਕੱਪੜਾ ਨਿਰਯਾਤ ਕੀਤਾ ਜਾਂਦਾ ਸੀ।
ਈਸਵੀ ਸੰਨ ਦੀ ਪਹਿਲੀ ਸਦੀ ਵਿਚ ਮਾਲਾਬਾਰ ਤੋਂ ਸਮੁੰਦਰੀ ਰਸਤੇ ਰਾਹੀਂ ਰੋਮ ਨਾਲ ਵਪਾਰ ਸ਼ੁਰੂ ਹੋਇਆ। ਦੱਖਣੀ ਭਾਰਤ ਵਿਚ ਪੈਦਾ ਹੋਣ ਵਾਲੀਆਂ ਕੁਝ ਵਸਤਾਂ ਅਤੇ ਸੂਤੀ ਕੱਪੜੇ ਖਾਸ ਕਰਕੇ ਮਲਮਲ ਦੀ ਰੋਮ ਦੇ ਬਜ਼ਾਰਾਂ ਵਿਚ ਬਹੁਤ ਖਪਤ ਸੀ। ਕਹਿੰਦੇ ਹਨ ਉਦੋਂ ਭਾਰਤੀ ਵਪਾਰੀ ਥਲ-ਮਾਰਗ ਰਾਹੀਂ ਇਟਲੀ ਤੱਕ ਸੋਲ੍ਹਾਂ ਹਫਤਿਆਂ ਵਿਚ ਪਹੁੰਚ ਜਾਂਦੇ ਸਨ। ਰੋਮਨ ਔਰਤਾਂ ਭਾਰਤ ਦੀ ਮਲਮਲ ਪਹਿਨਣ ਦੀਆਂ ਬਹੁਤ ਸ਼ੁਕੀਨ ਸਨ, ਜਿਸ ਕਾਰਨ ਰੋਮ ਵਿਚ ਭਾਰਤ ਦੀ ਮਲਮਲ ਦੀ ਮੰਗ ਦਿਨੋਂ ਦਿਨ ਵਧਣ ਲੱਗੀ। ਇਸ ਸਬੰਧੀ ਕਨਿਸ਼ਕ ਦਾ ਸਮਕਾਲੀ ਇਕ ਰੋਮਨ ਲੇਖਕ ਰੋਸ ਵਜੋਂ ਲਿਖਦਾ ਹੈ ਕਿ ਭਾਰਤ ਰੋਮ ਤੋਂ ਹਰ ਸਾਲ ਸਾਢੇ ਪੰਜ ਕਰੋੜ ਦਾ ਸੋਨਾ ਲੈ ਲੈਂਦਾ ਹੈ ਅਤੇ ਇਹ ਕੀਮਤ ਸਾਨੂੰ ਆਪਣੀ ਅੱਯਾਸ਼ੀ ਅਤੇ ਆਪਣੀਆਂ ਇਸਤਰੀਆਂ ਦੀ ਖਾਤਰ ਦੇਣੀ ਪੈਂਦੀ ਹੈ। ਇਕ ਹੋਰ ਰੋਮਨ ਲੇਖਕ ਨੇ ਰੋਮਨ ਇਸਤਰੀਆਂ ਦੇ ਮਲਮਲ ਪਹਿਨਣ ਦੇ ਸ਼ੌਕ ਤੋਂ ਖਫ਼ਾ ਹੋ ਕੇ ਲਿਖਿਆ ਹੈ ਕਿ ਉਹ ਭਾਰਤ ਤੋਂ ਆਉਣ ਵਾਲੀ ”ਬੁਣੀ ਹੋਈ ਹਵਾ ਦੀ ਜਾਲੀ” (ਮਲਮਲ) ਪਾ ਕੇ ਆਪਣੀ ਸੁੰਦਰਤਾ ਵਿਖਾਉਂਦੀਆਂ ਹਨ।
ਪੁਰਾਣੇ ਸਮਿਆਂ ਵਿਚ ਭਾਰਤ ਦੇ ਅਨੇਕਾਂ ਸ਼ਹਿਰਾਂ ਤੇ ਪਿੰਡਾਂ ਵਿਚ ਮਲਮਲ ਤਿਆਰ ਕੀਤੀ ਜਾਂਦੀ ਸੀ, ਪਰ ਢਾਕੇ ਦੀ ਮਲਮਲ ਸਭ ਤੋਂ ਜ਼ਿਆਦਾ ਮਸ਼ਹੂਰ ਸੀ। ਢਾਕੇ ਦੀ ਸੂਤੀ ਕੱਪੜਾ ਬਣਾਉਣ ਦੀ ਦਸਤਕਾਰੀ ਬਹੁਤ ਪੁਰਾਣੀ ਮੰਨੀ ਜਾਂਦੀ ਹੈ। ਇਥੋਂ ਦੀ ਬਣੀ ਹੋਈ ਮਲਮਲ ਰੋਮਨ ਤੇ ਚੀਨੀ ਸਾਮਰਾਜਾਂ ਨੂੰ ਨਿਰਯਾਤ ਕੀਤੀ ਜਾਂਦੀ ਸੀ। ਜਦੋਂ ਮੁਗਲਾਂ ਨੇ ਢਾਕੇ ਨੂੰ ਰਾਜਧਾਨੀ ਬਣਾਇਆ ਤਾਂ ਢਾਕੇ ਦੀ ਮਲਮਲ ਬਦੇਸ਼ੀ ਵਪਾਰੀਆਂ ਵਿਚ ਬਹੁਤ ਮਸ਼ਹੂਰ ਤੇ ਹਰਮਨ ਪਿਆਰੀ ਹੋ ਗਈ। ਮੁਗਲ ਸਮਰਾਟਾਂ ਤੇ ਰਈਸਾਂ ਵਲੋਂ ਸਰਪਰਸਤੀ ਮਿਲਣ ਕਾਰਨ ਮਲਮਲ ਦੀ ਦਸਤਕਾਰੀ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰਨ ਲੱਗੀ।
ਉਨ੍ਹਾਂ ਸਮਿਆਂ ਵਿਚ ਮਲਮਲ ਤਿਆਰ ਕਰਨ ਵਾਲੇ ਬੁਣਕਰ ਢਾਕਾ ਜ਼ਿਲ੍ਹੇ ਦੇ ਲਗਭਗ ਹਰੇਕ ਪਿੰਡ ਵਿਚ ਵਸੇ ਹੋਏ ਸਨ, ਪਰ ਫਿਰ ਵੀ ਵਧੀਆ ਕਿਸਮ ਦੀ ਮਲਮਲ ਲਈ ਕੁਝ ਥਾਵਾਂ ਬਹੁਤ ਮਸ਼ਹੂਰ ਸਨ, ਜਿਵੇਂ ਸੋਨਾਰ ਗਾਉਂ, ਧਮਰਾਏ, ਬੀਜਾਪੁਰ, ਤੀਤਬਦੀ, ਜੰਗਲਬਾੜੀ ਆਦਿ। ਇਹ ਸਾਰੀਆਂ ਥਾਵਾਂ ਵਧੀਆ ਕਪਾਹ ਦੀ ਉਪਜ ਵਾਲੇ ਇਲਾਕੇ ਦੇ ਨੇੜੇ ਸਨ ਤੇ ਇਥੋਂ ਦੇ ਬੁਣਕਰਾਂ ਨੂੰ ਅਮੀਰ ਸ਼੍ਰੇਣੀ ਦੀ ਸਰਪਰਸਤੀ ਪ੍ਰਾਪਤ ਸੀ, ਜਿਸ ਕਾਰਨ ਇਨ੍ਹਾਂ ਥਾਵਾਂ ਤੇ ਮਲਮਲ ਦੀ ਦਸਤਕਾਰੀ ਨੇ ਬਹੁਤ ਤਰੱਕੀ ਕੀਤੀ।
ਬ੍ਰਹਮਪੁੱਤਰ ਨਦੀ ਅਤੇ ਉਸ ਦੀਆਂ ਸ਼ਾਖਾਵਾਂ ਦੇ ਕਿਨਾਰਿਆਂ ‘ਤੇ ਵਧੀਆਂ ਕਿਸਮ ਦੀਆਂ ਫੁੱਟੀਆਂ ਵਾਲੀ ਕਪਾਹ ਬੀਜੀ ਜਾਂਦੀ ਸੀ, ਜਿਸ ਤੋਂ ਢਾਕੇ ਦੀ ਮਲਮਲ ਤਿਆਰ ਕੀਤੀ ਜਾਂਦੀ ਸੀ। ਢਾਕੇ ਦੇ ਆਲੇ ਦੁਆਲੇ ਹੋਰ ਇਲਾਕਿਆਂ ਵਿਚ ਬਰੇਟ ਤੇ ਦੇਸੀ ਕਿਸਮ ਦੀ ਕਪਾਹ ਬੀਜੀ ਜਾਂਦੀ ਸੀ, ਜਿਸ ਨੂੰ ਘਟੀਆ ਸਮਝਿਆ ਜਾਂਦਾ ਸੀ ਤੇ ਉਸ ਤੋਂ ਹੋਰ ਸੂਤੀ ਕੱਪੜੇ ਬਣਾਏ ਜਾਂਦੇ ਸਨ। ਮਲਮਲ ਦੀ ਦਸਤਕਾਰੀ ਨਾਲ ਜੁੜੇ ਕੁਝ ਪਰਿਵਾਰ ਸੂਤ ਕੱਤਣ ਦਾ ਕੰਮ ਕਰਦੇ ਸਨ ਤੇ ਜੁਲਾਹੇ ਹੱਥ ਖੱਡੀ ‘ਤੇ ਮਲਮਲ ਬੁਣਦੇ ਸਨ। ਜੇ ਪਰਿਵਾਰ ਛੋਟਾ ਹੁੰਦਾ ਤਾਂ ਦੋ ਜਾਂ ਤਿੰਨ ਪਰਿਵਾਰ ਮਿਲ ਕੇ ਮਲਮਲ ਤਿਆਰ ਕਰਦੇ ਸਨ। ਮਲਮਲ ਦਾ ਕੱਪੜਾ ਬੁਣਨ ਲਈ ਖਾਸ ਕਿਸਮ ਦੇ ਚਰਖਿਆਂ ਨਾਲ ਬਹੁਤ ਹੀ ਬਰੀਕ ਸੂਤ ਕੱਤਿਆ ਜਾਂਦਾ ਸੀ। ਤੇਜ਼ ਨਜ਼ਰ ਵਾਲੀਆਂ ਅਠਾਰਾਂ ਤੋਂ ਤੀਹ ਸਾਲ ਦੀ ਉਮਰ ਦੀਆਂ ਨੌਜਵਾਨ ਹੁਨਰਮੰਦ ਕੁੜੀਆਂ ਹੀ ਅਜਿਹਾ ਸੂਤ ਕੱਤ ਸਕਦੀਆਂ ਸਨ ਜੋ ਆਪਣੇ ਕੰਮ ਵਿਚ ਮਾਹਿਰ ਤੇ ਚੁਸਤ ਹੁੰਦੀਆਂ ਸਨ। ਕੱਤਣ ਦੇ ਕੰਮ ਵਿਚ ਨਿਪੁੰਨ ਇਹ ਕੁੜੀਆਂ ਢਾਕੇ ਦੇ ਆਲੇ-ਦੁਆਲੇ ਵੱਸੇ ਕੁਝ ਖ਼ਾਸ ਪਰਿਵਾਰਾਂ ਨਾਲ ਸਬੰਧਿਤ ਹੁੰਦੀਆਂ ਸਨ, ਜੋ ਪੁਸ਼ਤਾਂ ਤੋਂ ਇਸ ਕਿੱਤੇ ਨਾਲ ਜੁੜੇ ਹੋਏ ਸਨ। ਸੂਤ ਕੱਤਣ ਵਾਲੀਆਂ ਇਨ੍ਹਾਂ ਮੁਟਿਆਰਾਂ ਦੀ ਨਿਗ੍ਹਾ ਤੀਹ ਸਾਲ ਦੀ ਉਮਰ ਤੋਂ ਬਾਅਦ ਘਟ ਜਾਂਦੀ ਸੀ। ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸ਼ਾਮ ਦੇ ਸਮੇਂ ਨੂੰ ਸੂਤ ਕੱਤਣ ਲਈ ਸਭ ਤੋਂ ਢੁਕਵਾਂ ਸਮਾਂ ਮੰਨਿਆ ਜਾਂਦਾ ਸੀ, ਜਦੋਂ ਹਵਾ ਵਿਚ ਨਮੀ ਤੇ ਤਾਪਮਾਨ ਠੀਕ ਹੁੰਦਾ ਸੀ। ਤੇਜ਼ ਧੁੱਪ ਤੇ ਖੁਸ਼ਕ ਹਵਾ ਕਾਰਨ ਸੂਤ ਦਾ ਤੰਦ ਟੁੱਟ ਜਾਂਦਾ ਸੀ। ਖੁਸ਼ਮ ਮੌਸਮ ਵਿਚ ਲੋੜੀਂਦੀ ਨਮੀ ਪ੍ਰਾਪਤ ਕਰਨ ਲਈ ਪਾਣੀ ਨਾਲ ਭਰੇ ਹੋਏ ਵੱਡੇ ਤਸਲੇ ਉਪਰ ਚਰਖਾ ਰੱਖ ਕੇ ਸੂਤ ਕੱਤਿਆ ਜਾਂਦਾ ਸੀ। ਇਸ ਤਰ੍ਹਾਂ ਕੱਤੇ ਹੋਏ ਸੂਤ ਦੇ ਇਕ ਗਲੋਟੇ ਵਿਚ ਢਾਈ ਸੌ ਮੀਲ ਲੰਮਾ ਧਾਗਾ ਹੁੰਦਾ ਸੀ, ਜਿਸ ਦਾ ਭਾਰ ਸਿਰਫ਼ ਇਕ ਪੌਂਡ ਪਹੁੰਦਾ ਸੀ।
ਢਾਕੇ ਦੀ ਵਧੀਆ ਮਲਮਲ ਦਾ ਇਕ ਇੰਚ ਕੱਪੜਾ ਬੁਣਨ ਲਈ ਚੌਦਾਂ ਸੌ ਧਾਗੇ ਵਰਤੇ ਜਾਂਦੇ ਸਨ ਤੇ ਉਸ ਤੋਂ ਘਟੀਆ ਮਲਮਲ ਦਾ ਇਕ ਇੰਚ ਕੱਪੜਾ ਅਠਾਰਾਂ ਸੌ ਧਾਗਿਆਂ ਨਾਲ ਬਣਦਾ ਸੀ। ਢਾਕੇ ਦੀ ਇਹ ਮਲਮਲ ਐਨੀ ਸੂਖ਼ਮ ਹੁੰਦੀ ਸੀ ਕਿ ਇਸ ਦਾ ਪੂਰਾ ਥਾਨ ਮੁੰਦਰੀ ਵਿਚੋਂ ਲੰਘ ਜਾਂਦਾ ਸੀ। 1875 ਵਿਚ ਐਡਵਰਡ ਸੱਤਵਾਂ ਭਾਰਤ ਆਇਆ, ਜੋ ਉਦੋਂ ਪ੍ਰਿੰਸ ਆਫ ਵੇਲਜ਼ ਸੀ ਤਾਂ ਉਸ ਨੂੰ ਸਰ ਅਬਦਲ ਗਨੀ ਨੇ ਢਾਕੇ ਦੀ ਬਹੁਤ ਹੀ ਵਧੀਆ ਤੀਹ ਗਜ਼ ਮਲਮਲ ਦਾ ਥਾਨ ਤੋਹਫੇ ਵਜੋਂ ਭੇਟ ਕੀਤਾ, ਜਿਸਦਾ ਭਾਰਤ ਸਿਰਫ ਤਿੰਨ ਸੌ ਗ੍ਰਾਮ ਸੀ। ਢਾਕੇ ਦੀ ਮਲਮਲ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਬਹੁਤ ਹੀ ਵਧੀਆ ਮੰਨਿਆ ਜਾਂਦਾ ਸੀ। ਕਿਹਾ ਜਾਂਦਾ ਹੈ ਕਿ ਮਿਸਰ ਦੇ ਬਾਦਸ਼ਾਹ ਫੈਰੋ ਸ਼ਾਹੀ ਮੰਮੀਆਂ ਦੇ ਲਪੇਟਣ ਲਈ ਢਾਕੇ ਦੀ ਮਲਮਲ ਹੀ ਵਰਤਦੇ ਸਨ। ਮਲਮਲ ਨੂੰ ਧੋਣ, ਉਸ ਦੇ ਵਲ ਕੱਢਣ ਤੇ ਇਸ ਨੂੰ ਚਮਕਾ ਕੇ ਇਸ ਦੀ ਦਿੱਖ ਨੂੰ ਸੁੰਦਰ ਬਣਾਉਣ ਵਿਚ ਢਾਕੇ ਦੇ ਧੋਬੀ ਬਹੁਤ ਨਿਪੁੰਨ ਸਨ। ਵਧੀਆ ਕਿਸਮ ਦੀ ਮਲਮਲ ਨੂੰ ਚਮਕਾਉਣ ਲਈ ਕੋਂਚ ਨਾਂ ਦੇ ਸਮੁੰਦਰੀ ਜੀਵਾਂ ਦੇ ਖੋਲਾਂ ਦੀ ਵਰਤੋਂ ਕੀਤੀ ਜਾਂਦੀ ਸੀ।
ਦਿੱਲੀ ਅਤੇ ਆਗਰੇ ਦੇ ਸ਼ਾਹੀ ਘਰਾਣੇ ਦੇ ਲੋਕ, ਅਮੀਰ ਵਜ਼ੀਰ ਅਤੇ ਉਚ ਅਧਿਕਾਰੀ ਗਰਮੀਆਂ ਵਿਚ ਬੜੇ ਸ਼ੌਕ ਨਾਲ ਢਾਕੇ ਦੀ ਮਲਮਲ ਪਹਿਨਦੇ ਸਨ। ਇਸ ਮਹਿੰਗੀ ਤੇ ਸ਼ਾਨਦਾਰ ਮਲਮਲ ਦੀ ਸਿਫ਼ਤ ਕਰਦਾ ਹੋਇਆ ਲੇਖਕ ਤਵਨੀਅਰ ਲਿਖਦਾ ਹੈ, ”ਇਹ ਮਲਮਲ ਇਤਨੀ ਵਧੀਆ ਹੁੰਦੀ ਹੈ ਕਿ ਜਿਸ ਸਖ਼ਸ਼ ਨੇ ਪਹਿਨ ਰੱਖੀ ਹੁੰਦੀ ਹੈ, ਉਸ ਦਾ ਸਾਰਾ ਜਿਸਮ ਇਉਂ ਸਾਫ ਵਿਖਾਈ ਦਿੰਦਾ ਹੈ, ਜਿਵੇਂ ਉਸ ਨੇ ਕੁਝ ਵੀ ਨਾ ਪਹਿਨ ਰੱਖਿਆ ਹੋਵੇ। ਇਸ ਮਲਮਲ ਨੂੰ ਬਰਾਮਦ ਕਰਨ ਦੀ ਆਗਿਆ ਨਹੀਂ ਸੀ। ਇਹ ਸਾਰੀ ਮਲਮਲ ਮੁਗਲਾਂ ਦੇ ਹਰਮ ਦੀਆਂ ਔਰਤਾਂ ਲਈ ਰਾਖਵੀਂ ਰੱਖ ਲਈ ਜਾਂਦੀ, ਜੋ ਬਚ ਜਾਂਦੀ, ਉਸ ਨੂੰ ਪ੍ਰਮੁੱਖ ਰਾਜ ਦਰਬਾਰੀ ਖਰੀਦ ਲੈਂਦੇ।”
ਢਾਕੇ ਦੀ ਮਲਮਲ ਦੇ ਵਸਤਰ ਇਤਨੇ ਪਾਰਦਰਸ਼ੀ ਹੁੰਦੇ ਸਨ ਕਿ ਸਰੀਰ ਉਤੇ ਪਹਿਨੇ ਹੋਏ ਮਲੂਮ ਨਹੀਂ ਸਨ ਹੁੰਦੇ। ਅਮੀਰ ਘਰਾਣਿਆਂ ਦੀਆਂ ਔਰਤਾਂ ਘਰਾਂ ਦੇ ਅੰਦਰ ਪਰਦੇ ਨਾਲ ਹੀ ਮਲਮਲ ਦੀਆਂ ਪੁਸ਼ਾਕਾਂ ਪਹਿਨਦੀਆਂ ਸਨ। ਘਰੋਂ ਬਾਹਰ ਨਿਕਲਣ ਸਮੇਂ ਜੇ ਮਲਮਲ ਦੇ ਕੱਪੜੇ ਪਹਿਨੇ ਹੁੰਦੇ ਤਾਂ ਸਰੀਰ ਨੰਗਾ ਦਿਖਾਈ ਦਿੰਦਾ ਸੀ। ਇਸੇ ਲਈ ਇਕ ਅਖਾਣ ਵਿਚ ਕਿਹਾ ਗਿਆ ਹੈ :
ਢਾਕੇ ਦੀ ਮਲਮਲ ਦਾ ਵੀ ਹੰਢਾਣਾ।
ਅੰਦਰ ਵੜ ਕੇ ਬਹਿਣਾ ਬਾਹਰ ਨਾ ਜਾਣਾ।
ਢਾਕੇ ਦੀ ਮਲਮਲ ਦਾ ਕੱਪੜਾ ਬਹੁਤ ਹੀ ਸੂਖਮ ਹੋਣ ਕਾਰਨ ਅੱਗ ਦੇ ਨੇੜੇ ਜਾਂਦਿਆਂ ਝੱਟ ਛਿੱਜ ਕੇ ਖਰਾਬ ਹੋ ਜਾਂਦਾ ਸੀ। ਇਸ ਸਬੰਧੀ ਇਕ ਬੁਝਾਰਤ ਵੀ ਮਿਲਦੀ ਹੈ :
ਕਿਰਨਾ ਦੀ ਧੀ ਰਾਣੀ।
ਪਰ ਅੱਗ ਕੋਲੋਂ ਭੈ ਖਾਣੀ।
ਮੁਗਲ ਬਾਦਸ਼ਾਹ ਆਪਣੇ ਵਿਸ਼ੇਸ਼ ਅਧਿਕਾਰੀ ਨੂੰ ਢਾਕੇ ਵਿਚ ਨਿਯੁਕਤ ਕਰਦੇ ਸਨ, ਜਿਸ ਨੂੰ ਦਰੋਗਾ ਜਾਂ ਦਰੋਗਾ-ਏ-ਮਲਮਲ ਖ਼ਾਸ ਕਿਹਾ ਜਾਂਦਾ ਸੀ, ਜੋ ਮੁਗਲ ਸ਼ਹਿਨਸ਼ਾਹਾਂ ਜਾਂ ਨਵਾਬਾਂ ਵਾਸਤੇ ਤਿਆਰ ਹੋਣ ਵਾਲੀ ਮਲਮਲ ਦੀ ਨਿਗਰਾਨੀ ਕਰਦਾ ਸੀ। ਕੁਝ ਮਲਮਲ ਖ਼ਾਸ ਵਜ਼ੀਰਾਂ ਤੇ ਉਚ ਅਧਿਕਾਰੀਆਂ ਵਾਸਤੇ ਵੀ ਰਾਖਵੀਂ ਰੱਖ ਲਈ ਜਾਂਦੀ ਸੀ। ਬਾਕੀ ਬਚਦੀ ਮਲਮਲ ਖਾਸ ਨੂੰ ਬਦੇਸ਼ੀ ਵਪਾਰੀਆਂ ਪਾਸ ਵੇਚ ਦਿੱਤਾਜਾਂਦਾ ਸੀ ਜਾਂ ਕੁਝ ਹਿੱਸੇ ਨੂੰ ਸਥਾਨਕ ਲੋਕਾਂ ਦੀ ਲੋੜ ਪੂਰੀ ਕਰਨ ਲਈ ਵਰਤ ਲਿਆ ਜਾਂਦਾ ਸੀ। ਮਲਮਲ ਦੀ ਨਿਗਰਾਨੀ ਕਰਨ ਲਈ ਨਿਯੁਕਤ ਕੀਤੇ ਹੋਏ ਇਹ ਦਰੋਗੇ ਮਲਮਲ ਤਿਆਰ ਕਰਨ ਵਾਲੇ ਗਰੀਬ ਬੁਣਕਰਾਂ ਤੋਂ ਧੱਕੇ ਨਾਲ ਜ਼ੋਰਾ-ਜ਼ਬਰੀ ਕੰਮ ਲੈਂਦੇ ਸਨ ਤੇ ਉਨ੍ਹਾਂ ਨੂੰ ਸਿਰਫ ਇਕ ਤੋਂ ਡੇਢ ਰੁਪਿਆ ਮਹੀਨਾ ਮਜ਼ਦੂਰੀ ਦਿੰਦੇ ਸਨ। ਉਨ੍ਹਾਂ ਸਮਿਆਂ ਵਿਚ ਇਕ ਰੁਪਏ ਨਾਲ ਢਾਈ ਮਣ ਚੌਲ ਆਉਂਦੇ ਸਨ।
ਉਨ੍ਹਾਂ ਸਮਿਆਂ ਵਿਚ ਢਾਕੇ ਦੀ ਮਲਮਲ ਦੀਆਂ ਬਹੁਤ ਸਾਰੀਆਂ ਕਿਸਮਾਂ ਪ੍ਰਸਿੱਧ ਸਨ। ਸਭ ਤੋਂ ਵਧੀਆ ਮਲਮਲ ਨੂੰ ਮਲਮਲ ਸ਼ਾਹੀ ਜਾਂ ਮਲਮਲ ਖ਼ਾਸ ਕਿਹਾ ਜਾਂਦਾ ਸੀ, ਜੋ ਬਹੁਤ ਹੀ ਮਹਿੰਗੀ ਵਿਕਦੀ ਸੀ। ਇਸ ਮਲਮਲ ਨੂੰ ਤਿਆਰ ਕਰਨ ਲਈ ਬੁਣਕਰਾਂ ਨੂੰ ਬਹੁਤ ਸਮਾਂ ਲੱਗਦਾ ਸੀ ਤੇ ਸਖਤ ਮਿਹਨਤ ਕਰਨੀ ਪੈਂਦੀ ਸੀ। ਕਈ ਵਾਰ ਇਕ ਟੁਕੜੇ ਨੂੰ ਤਿਆਰ ਕਰਨ ਲਈ ਛੇ ਮਹੀਨੇ ਲੱਗ ਜਾਂਦੇ ਸਨ। ਇਸ ਵੰਨਗੀ ਦੀ ਮਲਮਲ ਸਿਰਫ ਮੁਗਲ ਬਾਦਸ਼ਾਹਾਂ ਵਾਸਤੇ ਹੀ ਬਣਾਈ ਜਾਂਦੀ ਸੀ। ਅਰਵਾਨ ਜਾਂ ਵਹਿੰਦਾ ਪਾਣੀ ਦੂਜੇ ਦਰਜੇ ਦੀ ਵਧੀਆ ਮਲਮਲ ਹੁੰਦੀ ਸੀ। ਕਿਹਾ ਜਾਂਦਾ ਹੈ ਕਿ ਔਰੰਗਜ਼ੇਬ ਨੇ ਇਕ ਵਾਰ ਆਪਣੀ ਜਵਾਨ ਧੀ ਨੂੰ ਬੇਸ਼ਰਮ ਹੋਣ ਕਾਰਨ ਸਜ਼ਾ ਦਿੱਤੀ ਸੀ, ਜਿਸ ਨੇ ਅਰਵਾਨ ਮਲਮਲ ਦੀਆਂ ਸੱਤ ਪੁਸ਼ਾਕਾਂ ਪਹਿਨੀਆਂ ਹੋਈਆਂ ਸਨ ਪਰ ਫਿਰ ਉਸ ਦਾ ਸਾਰਾ ਜਿਸਮ ਕੱਪੜਿਆਂ ਵਿਚੋਂ ਸਾਫ ਵਿਖਾਈ ਦੇ ਰਿਹਾ ਸੀ। ਸ਼ਬਨਮ ਜਾਂ ਸ਼ਾਮ ਦੀ ਤ੍ਰੇਲ ਤੀਜੇ ਦਰਜੇ ਦੀ ਮਲਮਲ ਸੀ, ਜੋ ਉਨ੍ਹਾਂ ਸਮਿਆਂ ਵਿਚ ਚਾਲੀ ਰੁਪਏ ਗਜ਼ ਵਿਕਦੀ ਸੀ। ਸ਼ਬਨਮ ਤੇ ਅਲਬੇਲੀ ਕਿਸਮ ਦੀ ਮਲਮਲ ਮੁਗਲ ਬਾਦਸ਼ਾਹ ਦੇ ਹਰਮ ਵਿਚ ਬਹੁਤ ਹਰਮਨ ਪਿਆਰੀ ਸੀ। ਇਸ ਸੂਖਮ, ਬਰੀਕ ਮਲਮਲ ਦੀਆਂ ਪੁਸ਼ਾਕਾਂ ਪਹਿਨ ਕੇ ਸ਼ਾਹੀ ਹਰਮ ਦੀਆਂ ਹੁਸੀਨ ਬੇਗ਼ਮਾਂ ਬੜੇ ਨਾਜ਼ ਨਖਰਿਆਂ ਨਾਲ ਮਹੱਲਾਂ ਅੰਦਰ ਚਹਿਲਕਦਮੀ ਕਰਦੀਆਂ ਤੇ ਆਪਣੇ ਸੁੰਦਰ ਸਡੌਲ ਸਰੀਰਾਂ ਦੀ ਨੁਮਾਇਸ਼ ਕਰਦੀਆਂ।
ਤਨਜ਼ੀਬ, ਨੈਣ ਸੁੱਖ, ਬਦਨ ਖਾਸ, ਨੇਥੂਲਾ, ਨੀਲਾਂਬਰੀ ਆਦਿ ਮਲਮਲ ਦੀਆਂ ਕਿਸਮਾਂ ਵੀ ਬਹੁਤ ਵਧੀਆ ਤੇ ਕੀਮਤੀ ਸਨ, ਜਿਨ੍ਹਾਂ ਨੂੰ ਦੇਖ ਕੇ ਰੂਹ ਖੁਸ਼ ਹੋ ਜਾਂਦੀ ਸੀ। ਮਲਮਲ ਦੀ ਇਕ ਹੋਰ ਵਧੀਆ ਕਿਸਮ ਦਾ ਨਾਂ ਝੂਨਾ ਸੀ, ਜਿਸ ਬਾਰੇ ਇਟਲੀ ਦਾ ਮਸ਼ਹੂਰ ਇਤਿਹਾਸਕਾਰ ਪਲਿਨੀ ਲਿਖਦਾ ਹੈ ਕਿ ”ਭਾਰਤੀ ਮਲਮਲ ਜਿਸ ਨੂੰ ਝੂਨਾ ਕਿਹਾ ਜਾਂਦਾ ਸੀ, ਇਟਲੀ ਦੇ ਉਚ ਵਰਗ ਦੀਆਂ ਔਰਤਾਂ ਵਿਚ ਬਹੁਤ ਹੀ ਹਰਮਨ ਪਿਆਰੀ ਸੀ। ਇਟਲੀ ਦੇ ਸ਼ਾਹੀ ਘਰਾਣੇ ਇਸ ਕਿਸਮ ਦੀ ਮਲਮ ਨੂੰ ਵੱਡੀ ਮਿਕਦਾਰ ਵਿਚ ਭਾਰਤ ਤੋਂ ਮੰਗਵਾਉਂਦੇ ਸਨ। ਇਸ ਮਲਮਲ ਉਤੇ ਚਾਂਦੀ ਦੇ ਜਾਂ ਰੇਸ਼ਮੀ ਧਾਗੇ ਨਾਲ ਖੂਬਸੂਰਤ ਕਸੀਦਾਕਾਰੀ ਕੀਤੀ ਹੁੰਦੀ ਸੀ।”
ਢਾਕੇ ਦੀ ਮਲਮਲ ਦੀਆਂ ਕੁਝ ਹੋਰ ਵੰਨਗੀਆਂ ਵੀ ਬਹੁਤ ਪ੍ਰਸਿੱਧ ਹਨ ਜਿਵੇਂ ਕੁਤਨ-ਏ-ਰੂਮੀ, ਨੌਬਾਤੀ, ਯਹੂਦੀ, ਅਲੀਜੋਲਾਹ, ਸਮੁੰਦਰੀ ਲਹਿਰ ਆਦਿ। ਸੀਰਬੰਦ ਨਾਂ ਦੀ ਮਲਮਲ ਵਿਸ਼ੇਸ਼ ਤੌਰ ‘ਤੇ ਪੱਗਾਂ ਲਈ ਵਰਤੀ ਜਾਂਦੀ ਸੀ। ਜਾਲ ਵਰਗੀ ਬੁਣਤੀ ਵਾਲੀ ਪਾਰਦਰਸ਼ੀ ਮਲਮਲ ਨੂੰ ‘ਰੰਗ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਸਡੌਲ ਤੇ ਸੁੰਦਰ ਸਰੀਰਕ ਬਣਤਰ ਵਾਲੇ ਮਰਦ ਤੇ ਔਰਤਾਂ ਇਸ ਮਲਮਲ ਨੂੰ ਬੜੇ ਸ਼ੌਕ ਨਾਲ ਪਹਿਨਦੇ ਸਨ। ਕਮੀਜ਼ਾਂ ਬਣਾਉਣ ਲਈ ‘ਕੁਮੀਸ’ ਮਲਮਲ ਨੂੰ ਸਭ ਤੋਂ ਢੁਕਵੀਂ ਮੰਨਿਆ ਜਾਂਦਾ ਸੀ। ਪੰਜਾਬੀ ਗੱਭਰੂ ਬੜੇ ਸ਼ੌਕ ਨਾਲ ਮਲਮਲ ਦੇ ਕੁੜਤੇ ਪਹਿਨਦੇ ਸਨ :
ਸਾਡੇ ਪਿੰਡ ਦੇ ਮੁੰਡੇ ਦੇਖ ਲਓ, ਜਿਉਂ ਟਾਹਲੀ ਦੇ ਪਾਵੇ,
ਕੰਨੀਦਾਰ ਮੁੰਡੇ ਬੰਨ੍ਹਦੇ ਚਾਦਰੇ, ਪਿੰਜਣੀ ਨਾਲ ਸੁਹਾਵੇ,
ਦੁੱਧਾ ਕਾਸ਼ਣੀ ਬੰਨ੍ਹਦੇ ਸਾਫੇ, ਜਿਉਂ ਉਡਿਆ ਕਬੂਤਰ ਜਾਵੇ,
ਮਲਮਲ ਦੇ ਤਾਂ ਕੁੜਤੇ ਸੋਂਹਦੇ, ਜਿਊਂ ਬਗਲਾ ਤਲਾ ਵਿਚ ਨ੍ਹਾਵੇ,
ਗਿੱਧਾ ਪਾਉਂਦੇ ਮੁੰਡਿਆਂ ਦੀ ਸਿਫਤ ਕਰੀ ਨਾ ਜਾਵੇ …।
ਢਾਕੇ ਦੀ ਮਲਮਲ ਦੀਆਂ ਕੀਮਤੀ ਵੰਨਗੀਆਂ ਵਿਚੋਂ ਇਕ ਹੋਰ ਕਿਸਮ ਦਾ ਨਾਂ ਜਾਮਦਾਨੀ ਸੀ, ਜੋ ਭੂਰੀ ਮਟਿਆਲੀ ਅਤੇ ਚਿੱਟੇ (ਸਫੈਦ) ਰੰਗ ਦੀ ਹੁੰਦੀ ਸੀ। ਇਸ ਮਲਮਲ ਨੂੰ ਤਿਆਰ ਕਰਨ ਲਈ ਸੂਤੀ ਤੇ ਸੋਨੇ ਦੇ ਧਾਗੇ ਵਰਤੇ ਜਾਂਦੇ ਸਨ। ਇਸ ਉਤੇ ਪੌਦਿਆਂ, ਫੁੱਲਾਂ ਅਤੇ ਜੁਮੈਟਰੀਕਲ ਨਮੂਨਿਆਂ ਦੀ ਬਹੁਤ ਹੀ ਸੁੰਦਰ ਕਢਾਈ ਕੀਤੀ ਹੁੰਦੀ ਸੀ। ਉਨ੍ਹਾਂ ਸਮਿਆਂ ਵਿਚ ਜਾਮਦਾਨੀ ਮਲਮਲ ਦੀਆਂ ਸਾੜੀਆਂ ਬਹੁਤ ਪ੍ਰਸਿੱਧ ਤੇ ਹਰਮਨ ਪਿਆਰੀਆਂ ਸਨ। ਅਮੀਰ ਘਰਾਣੇ ਹੀ ਇਸ ਮਹਿੰਗੀ ਮਲਮਲ ਨੂੰ ਖਰੀਦ ਕੇ ਪਹਿਨ ਸਕਦੇ ਸਨ। ਕਿਸੇ ਸਮੇਂ ਕਿਸ਼ੋਰਗੰਜ ਜ਼ਿਲ੍ਹੇ ਦੇ ਮਧੁਰਾਪੁਰਾ ਅਤੇ ਜੰਗਲਬਾੜੀ ਵਿਚ ਜਾਮਦਾਨੀ ਮਲਮਲ ਲਈ ਬਹੁਤ ਪ੍ਰਸਿੱਧ ਸਨ।
ਡੋਰਦਾਰ ਧਾਰੀਆਂ ਵਾਲੀ ਮਲਮਲ ਨੂੰ ਡੋਰੀਆ ਕਿਹਾ ਜਾਂਦਾ। ਦੂਰੋਂ ਦੇਖਿਆਂ ਇਹ ਮਲਮਲ ਇਉਂ ਜਾਪਦੀ ਸੀ ਜਿਵੇਂ ਡੋਰਾਂ ਦੀ ਬਣੀ ਹੋਵੇ। ਪੰਜਾਬੀ ਮੁਟਿਆਰਾਂ ਬੜੇ ਸ਼ੌਕ ਨਾਲ ਡੋਰੀਏ ਦੀਆਂ ਚੁੰਨੀਆਂ ਲੈਂਦੀਆਂ ਸਨ :
ਉਤੇ ਡੋਰੀਆ ਗੰਢੇ ਦੀ ਛਿੱਲ ਵਰਗਾ,
ਰੋਟੀ ਲੈ ਕੇ ਦਿਉਰ ਦੀ ਚੱਲੀ …
ਜਦੋਂ ਨਵੇਂ ਫੈਸ਼ਨਾਂ ਦਾ ਰਿਵਾਜ਼ ਪੰਜਾਬ ਵਿਚ ਤੁਰ ਪਿਆ ਤਾਂ ਪੰਜਾਬੀ ਮੁਟਿਆਰਾਂ ਨੂੰ ਖੱਦਰ ਚੰਗਾ ਲੱਗਣੋਂ ਹਟ ਗਿਆ ਤੇ ਉਹ ਮੁਲਾਇਮ ਕੂਲੀ ਮਲਮਲ ਨਾਲ ਤੁਲਨਾ ਕਰਕੇ ਖੱਦਰ ਨੂੰ ਨਿੰਦਣ ਲੱਗੀਆਂ : ਖੱਦਰ ਹੱਡਾਂ ਨੂੰ ਖਾਵੇ, ਮਲਮਲ ਲਿਆ ਦੇ ਵੇ …
ਖੱਦਰ ਦੇ ਪਹਿਰਾਵੇ ਤੋਂ ਖਹਿੜਾ ਛੁਡਾਉਣ ਲਈ ਉਤਾਵਲੀ ਕੋਈ ਸ਼ੁਕੀਨ ਮੁਟਿਆਰ ਆਪਣੇ ਪਤੀ ਨੂੰ ਕਹਿੰਦੀ :
ਦਾਣਾ …ਦਾਣਾ …ਦਾਣਾ
ਤੇਰੀਆਂ ਮੈਂ ਲੱਖ ਮੰਨੀਆਂ, ਮੇਰੀ ਇਕ ਜੇ ਮੰਨੇ ਤਾਂ ਜਾਣਾ,
ਜੁੱਤੀ ਨੂੰ ਲਵਾ ਦੇ ਘੁੰਗਰੂ, ਮੇਲੇ ਜਰਗ ਦੇ ਜਾਣਾ,
ਲਮਲ ਲੈ ਦੇ ਵੇ ਸੂਟ ਨੀ ਖੱਦਰ ਦਾ ਪਾਣਾ …
ਕੋਈ ਮੁਟਿਆਰ ਆਪਣੇ ਪਤੀ ਨੂੰ ਵਧੀਆ ਕਿਸਮ ਦੀ ਮਹਿੰਗੀ ਮਲਮਲ ਲਿਆ ਕੇ ਦੇਣ ਲਈ ਕਹਿੰਦੀ :
ਧਾਵੇ…ਧਾਵੇ…ਧਾਵੇ
ਮਿੱਤਰਾਂ ਦੇ ਹੱਲ ਚੱਲਦੇ, ਮੇਰਾ ਪੈਰ ਪਛਾਂਹ ਨੂੰ ਜਾਵੇ,
ਜੋਬਨ ਢਾਈ ਦਿਨ ਦਾ, ਕਿਤੇ ਐਵੇਂ ਬੀਤ ਨਾ ਜਾਵੇ,
ਮਲਮਲ ਲਿਆ ਮੁੰਡਿਆ, ਜਿਹੜੀ ਸੌ ਦੀ ਸਵਾ ਗਜ਼ ਆਵੇ,
ਟੁੱਟਗੀ ਯਾਰੀ ਤੋਂ ਸਾਰੀ ਉਮਰ ਦੇ ਹਾਵੇ …
ਮਲਮਲ ਪਹਿਨਣ ਦੀਆਂ ਸ਼ੁਕੀਨ ਕਈ ਮੁਟਿਆਰਾਂ ਆਪਣਾ ਸ਼ੌਕ ਪੂਰਾ ਕਰਨ ਲਈ ਕਈ ਪ੍ਰਕਾਰ ਦੇ ਹੱਥ ਕੰਡੇ ਵਰਤਦੀਆਂ :
ਆਰੇ…ਆਰੇ…ਆਰੇ
ਲੁਕ ਲੁਕ ਲਾਈਆਂ ਪਰਗਟ ਹੋਈਆਂ, ਵੱਜ ਗਏ ਢੋਲ ਨਗਾਰੇ,
ਢਲਵੀਂ ਜੀ ‘ਗੁੱਤ ਵਾਲੀਏ, ਤੇਰੀ ਗੱਲ ਪਹੁੰਚੀ ਸਰਕਾਰੇ,
ਮਲਮਲ ਪਹਿਨਦੀਆਂ, ਜਿਨ੍ਹਾਂ ਰੱਖ ਲਏ ਦਿਉਰ ਕੁਆਰੇ,
ਕੋਠੇ ਚੜ੍ਹਦੀ ਨੂੰ ਨਣਦ ਬੋਲੀਆਂ ਮਾਰੇ …
ਗਰਮੀ ਦੇ ਮੌਸਮ ਵਿਚ ਮਲਮਲ ਦੀ ਪੁਸ਼ਾਕ ਬਹੁਤ ਹੀ ਆਰਾਮਦਾਇਕ ਹੁੰਦੀ ਸੀ। ਸਰੀਰ ਦਾ ਪਸੀਨਾ ਭਾਫ ਬਣ ਕੇ ਉਡ ਜਾਂਦਾ ਤੇ ਸਰੀਰ ਠੰਢਾ ਠਾਰ ਰਹਿੰਦਾ :
ਉਚੇ ਟਿੱਬੇ ਇਕ ਜਵਾਂ ਦਾ ਬੂਟਾ,
ਉਹਨੂੰ ਲੱਗੀਆਂ ਬੱਲੀਆਂ, ਬੱਲੀਆਂ ਨੂੰ ਲੱਗੇ ਕਸੀਰ,
ਕੁੜਤੀ ਮਲਮਲ ਦੀ ਭਾਫਾਂ ਛੱਡੇ ਸਰੀਰ…
ਕੋਈ ਗੀਤਕਾਰ ਮਲਮਲ ਪਹਿਨਣ ਵਾਲੀ ਮੁਟਿਆਰ ਨੂੰ ਮਲਮਲ ਆਖ ਕੇ ਤੇ ਉਸ ਦੇ ਪਤੀ ਨੂੰ ਚਿੱਟਾ ਚਾਦਰਾ ਕਹਿ ਕੇ ਉਨ੍ਹਾਂ ਦੀ ਖੂਬਸੂਰਤ ਤਸਵੀਰ ਉਲੀਕ ਦਿੰਦਾ :
ਮਲਮਲ ਵੱਟ ‘ਤੇ ਖੜ੍ਹੀ,
ਚਿੱਟਾ ਚਾਦਰਾ ਕਪਾਹ ਨੂੰ ਗੋਡੀ ਦੇਵੇ …
ਨਾਜ਼ੁਕ ਸੋਹਲ ਮੁਟਿਆਰਾਂ ਮਲਮਲ ਦਾ ਹੌਲਾ ਘੱਗਰਾ ਪਹਿਨਣਾ ਪਸੰਦ ਕਰਦੀਆਂ :
ਘਗਰਾ ਮਲਮਲ ਦਾ,
ਪਤਲੇ ਲੱਕਾਂ ਲਈ ਬਣਦਾ …
ਕਿਸੇ ਮੁਟਿਆਰ ਦੇ ਸਿਰ ‘ਤੇ ਲਈ ਹੋਈ ਮਲਮਲ ਦੀ ਪਤਲੀ ਬਰੀਕ ਚੁੰਨੀ ਹਵਾ ਨਾਲ ਉਡ ਉਡ ਜਾਂਦੀ :
ਧਾਵੇ…ਧਾਵੇ…ਧਾਵੇ
ਰਾਹ ਸੰਗਰੂਰਾਂ ਦੇ, ਕੱਚੀ ਮਲਮਲ ਉਡਦੀ ਜਾਵੇ,
ਰੋਕੋ ਨੀ ਕੁੜੀਓ, ਮੇਰਾ ਸ਼ਾਮ ਚੀਨ ਨੂੰ ਜਾਵੇ,
ਉਡਦਾ ਰੁਮਾਲ ਦਿਸਦਾ, ਗੱਡੀ ਚੜ੍ਹਦਾ ਨਜ਼ਰ ਨਾ ਆਵੇ,
ਘਰ ਦੇ ਕੰਥ ਬਿਨਾ ਪਲੰਘ ਘੁਰਕੀਆਂ ਖਾਵੇ …
ਸਤਾਰ੍ਹਵੀਂ ਸਦੀ ਵਿਚ ਯੂਰਪੀ ਕੰਪਨੀਆਂ ਨੇ ਬੰਗਾਲ ਵਿਚ ਆਪਣੇ ਅੱਡੇ ਬਨਾਉਣੇ ਸ਼ੁਰੂ ਕਰ ਦਿੱਤੇ। ਡੱਚ ਵਪਾਰੀਆਂ ਨੇ ਚਿੰਨਸੂਰਾ ਤੇ ਪੁਰਤਗਾਲੀਆਂ ਨੇ ਹੁਗਲੀ ਨੇੜੇ ਬਸਤੀਆਂ ਵਸਾ ਲਈਆਂ। ਅੰਗਰੇਜ਼ ਪਹਿਲਾਂ ਹੁਗਲੀ ਫੇਰ ਕਲਕੱਤੇ ਸਥਾਪਤ ਹੋ ਗਏ। ਫਰਾਂਸੀਸੀ ਚੰਦਰਨਾਗੋਰ ਆ ਟਿਕੇ। ਪਹਿਲਾਂ ਪਹਿਲ ਵਪਾਰੀ ਦਲਾਲਾਂ ਅਤੇ ਆਪਣੇ ਅਧਿਕਾਰੀਆਂ ਦੀ ਸਹਾਇਤਾ ਨਾਲ ਮਲਮਲ ਖਰੀਦਦੇ ਸਨ ਪਰ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਮਲਮਲ ਨਿਰਯਾਤ ਕਰਨਾ ਮੁਨਾਫੇ ਵਾਲਾ ਕੰਮ ਹੈ ਤਾਂ ਉਨ੍ਹਾਂ ਨੇ ਆਪੋ ਆਪਣੀਆਂ ਫੈਕਟਰੀਆਂ ਢਾਕੇ ਵਿਚ ਸਥਾਪਤ ਕਰਕੇ ਕਾਰੋਬਾਰ ਸ਼ੁਰੂ ਕਰ ਦਿੱਤਾ। ਪਹਿਲਾਂ ਇਰਾਨੀ ਤੇ ਆਰਮੇਨੀਆ ਦੇ ਵਪਾਰੀਆਂ ਰਾਹੀਂ ਮਲਮਲ ਯੂਰਪ ਦੀਆਂ ਮੰਡੀਆਂ ਵਿਚ ਵਿਕਣ ਲਈ ਪਹੁੰਚਦੀ ਸੀ। ਹੌਲੀ-ਹੌਲੀ ਯੂਰਪੀਨ ਕੰਪਨੀਆਂ ਨੇ ਮਲਮਲ ਨਿਰਯਾਤ ਕਰਨੀ ਸ਼ੁਰੂ ਕਰ ਦਿੱਤੀ ਤਾਂ ਇਨ੍ਹਾਂ ਵਪਾਰੀਆਂ ਦਾ ਕੰਮ ਠੱਪ ਹੋ ਗਿਆ। ਅਠਾਰ੍ਹਾਂ ਸੌ ਤੇਰ੍ਹਾਂ ਈਸਵੀ ਤਕ ਢਾਕੇ ਦੀ ਮਲਮਲ ਲੰਡਨ ਵਿਚ ਚਾਰ ਗੁਣਾਂ ਮੁਨਾਫੇ ‘ਤੇ ਵਿਕਦੀ ਰਹੀ।
1757 ਈ. ਵਿਚ ਹੋਈ ਪਲਾਸੀ ਦੀ ਲੜਾਈ ਪਿੱਛੋਂ ਮੁਗਲ ਸ਼ਾਸਕਾਂ ਦੀ ਤਾਕਤ, ਇੱਜ਼ਤ ਤੇ ਅਮੀਰੀ ਮਿੱਟੀ ਵਿਚ ਮਿਲ ਗਈ ਤੇ ਉਨ੍ਹਾਂ ਪਾਸ ਮਹਿੰਗੀ ਮਲਮਲ ਖਰੀਦਣ ਲਈ ਦੌਲਤ ਨਾ ਰਹੀ। ਮੁਗਲ ਬਾਦਸ਼ਾਹ ਤੇ ਰਈਸਾਂ ਦੀ ਸਰਪ੍ਰਸਤੀ ਖਤਮ ਹੋਣ ਕਾਰਨ ਹੌਲੀ-ਹੌਲੀ ਢਾਕੇ ਦੀ ਮਲਮਲ ਦਾ ਉਦਯੋਗ ਢਹਿੰਦੀਆਂ ਕਲਾਂ ਵੱਲ ਜਾਣਾ ਸ਼ੁਰੂ ਹੋ ਗਿਆ। 1817 ਈਸਵੀ ਵਿਚ ਯੂਰਪ ਦਾ ਘਟੀਆ ਤੇ ਸਸਤਾ ਮਸ਼ੀਨੀ ਧਾਗਾ ਢਾਕੇ ਦੇ ਬਜ਼ਾਰਾਂ ਵਿਚ ਭਾਰਤੀ ਧਾਗੇ ਤੋਂ ਚਾਰ ਗੁਣਾ ਘੱਟ ਕੀਮਤ ‘ਤੇ ਵੇਚਿਆ ਜਾਣ ਲੱਗਾ, ਜਿਸ ਨੇ ਧਾਗੇ ਦੀ ਦਸਤਕਾਰੀ ਦਾ ਲੱਕ ਤੋੜ ਦਿੱਤਾ। ਜਦੋਂ ਇੰਗਲੈਂਡ ਵਿਚ ਉਦਯੋਗਿਕ ਕ੍ਰਾਂਤੀ ਆਈ ਤਾਂ ਇੰਗਲੈਂਡ ਦੇ ਕਾਰਖਾਨਿਆਂ ਵਿਚ ਤਿਆਰ ਕੀਤਾ ਹੋਇਆ ਕੱਪੜਾ ਧੜਾਧੜ ਭਾਰਤ ਦੇ ਬਜ਼ਾਰਾਂ ਵਿਚ ਵਿਕਣ ਲੱਗਾ। ਢਾਕੇ ਦੀ ਮਹਿੰਗੀ ਮਲਮਲ ਇੰਗਲੈਂਡ ਦੇ ਸਸਤੇ ਕੱਪੜੇ ਦਾ ਮੁਕਾਬਲਾ ਨਾ ਕਰ ਸਕੀ ਤੇ ਹੌਲੀ ਹੌਲੀ ਮਲਮਲ ਦੇ ਉਦਯੋਗ ਦਾ ਪਤਨ ਹੋ ਗਿਆ। ਆਖਰ ਢਾਕੇ ਦੀ ਮਲਮਲ ਬੀਤੇ ਹੋਏ ਸਮੇਂ ਦੀ ਗਾਥਾ ਬਣ ਗਈ।

Check Also

ਕੈਨੇਡੀਅਨ ਫੋਰਸਜ਼ ਬੇਸ ਵਿਚ

ਜਰਨੈਲ ਸਿੰਘ (ਕਿਸ਼ਤ 14ਵੀਂ (ਲੜੀ ਜੋੜਨ ਲਈ ਪਿਛਲਾ ਅੰਕ ਦੇਖੋ) ਰਿਸ਼ਤੇਦਾਰਾਂ ਵੱਲੋਂ ਪਾਰਟੀਆਂ ਸ਼ੁਰੂ ਹੋ …