ਬੇਕਦਰਾਂ ਤੋਂ ਦੂਰੀ ਚੰਗੀ।
ਕਹਿੰਦੇ ਰਹਿਣ, ਗ਼ਰੂਰੀ ਚੰਗੀ।
ਲੁੱਟ ਕੇ ਲੈ ਜਾਣ ਹਾਸੇ ਤੇਰੇ,
ਚਹੁੰਣ ਜੇ ਮੁੜਨਾ, ਘੂਰੀ ਚੰਗੀ।
ਨੂਰ ਚਿਹਰੇ ਤੇ ਬੋਲ ਕੁਸੈਲੇ,
ਬੋਲੇ ਮਿੱਠਾ ਬੇ-ਨੂਰੀ ਚੰਗੀ।
ਮਿਲੇ ਪਿਆਰ ਨਾਲ ਰੁੱਖੀ ਭਾਵੇਂ,
ਫਿੱਟਕਾਰੀ ‘ਨੀ ਚੂਰੀ ਚੰਗੀ।
ਭੱਠ ਪਿਆ ਸੋਨਾ ਕੰਨਾਂ ਨੂੰ ਖਾਵੇ,
ਰੱਖਣੀ ਸਮਝ ਜ਼ਰੂਰੀ ਚੰਗੀ।
ਬਿਨਾਂ ਬੁਲਾਏ, ਕਦਰ ਨਾ ਭੋਰਾ,
ਲੈ ਲੈਣੀ ਮਨਜ਼ੂਰੀ ਚੰਗੀ।
ਪਤਾ ਨਹੀਂ ਕੁੱਝ ਮੂੰਹ ਨਾ ਖੋਲ੍ਹ,
ਸਿਆਣਪ ਕੀਤੀ ਪੂਰੀ ਚੰਗੀ।
ਪਹਿਲਾਂ ਤੋਲ ਤੇ ਫਿਰ ਕੁੱਝ ਬੋਲ,
ਰੱਖਣੀ ਸਬਰ ਸਬੂਰੀ ਚੰਗੀ।
ਹੋ ਜਾਏ ਵੱਸੋਂ ਬਾਹਰ ਜੇ ਤੇਰੇ,
ਹੱਥ ਖੜ੍ਹੇ, ਮਜ਼ਬੂਰੀ ਚੰਗੀ।
ਹੱਕਾਂ ਖਾਤਰ ਡੱਟਣਾ ਪੈਂਦਾ,
‘ਹਕੀਰ’ ਨਹੀਂ ਜੀ ਹਜ਼ੂਰੀ ਚੰਗੀ।
– ਸੁਲੱਖਣ ਸਿੰਘ
+647-786-6329