Breaking News
Home / ਰੈਗੂਲਰ ਕਾਲਮ / ਇਹੋ ਜਿਹਾ ਸੀ ਮੇਰਾ ਬਚਪਨ-5

ਇਹੋ ਜਿਹਾ ਸੀ ਮੇਰਾ ਬਚਪਨ-5

ਬੋਲ ਬਾਵਾ ਬੋਲ
ਜਦ ਭੂਆ ਦਾ ਵਿਆਹ ਹੋਇਆ
ਨਿੰਦਰ ਘੁਗਿਆਣਵੀ, 94174-21700
ਊਸ਼ਾ ਭੂਆ ਦਾ ਵਿਆਹ ਬਹੁਤ ਲੇਟ ਹੋਇਆ, ਜਦ ਵਿਆਹੀ ਲਗਭਗ ਤੀਹ-ਬੱਤੀ ਸਾਲਾਂ ਦੀ ਹੋ ਗਈ ਹੋਣੀ ਭੂਆ। ਉਹਦਾ ਸਾਂਵਲਾ ਰੰਗ ਤੇ ਲੰਬਾ ਕੱਦ ਸੀ। ਸਰੀਰ ਦੀ ਪਤਲੀ ਸੀ। ਮੇਰੇ ਜੰਮਣ ਤੋਂ ਸੁਰਤ ਸੰਭਾਲਣ ਤੀਕ ਮੈਨੂੰ ਉਸੇ ਨੇ ਹੀ ਪਾਲਿਆ-ਸਾਂਭਿਆ ਸੀ। ਦਾਦੀ, ਤਾਇਆ, ਭੂਆ ਤੇ ਮੈਂ, ਅਸੀਂ ਚਾਰੇ ਜਣੇ ਰਹਿੰਦੇ। ਇਹਨਾਂ ਤੋਂ ਵੱਖਰੇ ਮੇਰੇ ਮਾਂ-ਪਿਓ, ਛੋਟਾ ਭਰਾ ਤੇ ਭੈਣ ਵੀ, ਇੱਕੋ ਸੀ ਘਰ ਸਾਡਾ। ਲੰਮਾ ਵਿਹੜਾ ਤੇ ਵੱਡੇ ਖੁੱਲ੍ਹੇ ਕੱਚੇ-ਪੱਕੇ ਕਮਰੇ, ਬੇਹਿਸਾਬਾ ਵਰਾਂਡਾ ਤੇ ਚੌੜ-ਚੁਪੱਟ ਹਵੇਲੀ, ਜੋ ਕੱਖ-ਕਾਨਿਆਂ ਤੇ ਲੱਕੜਾਂ ਤੇ ਬਾਲਣ ਦੀ ਵਾਧ-ਘਾਟ ਨਾਲ ਭਰੀ ਹੋਈ।
ਜਦ ਭੂਆ ਦਾ ਵਿਆਹ ਹੋਇਆ, ਤਾਂ ਉਦੋਂ ਮੈਂ ਚੰਗੀ ਤਰ੍ਹਾਂ ਸੁਰਤੀ ਫੜ੍ਹ ਚੁੱਕਾ ਸਾਂ। ਸਾਡੇ ਲੰਬੇ ਕੱਚੇ ਵਿਹੜੇ ‘ਚ ਚਾਨਣੀਆਂ-ਕਨਾਤਾਂ ਲਾਈਆਂ ਤੇ ਭੁੰਜੇ ਦਰੀਆਂ ਵਿਛਾ ਕੇ ਉਤੇ ਲੋਹੇ ਦੀਆਂ ਜੰਗਾਲੀਆਂ ਕੁਰਸੀਆਂ ਡਾਹੀਆਂ ਗਈਆਂ। ਗਰਮੀਂ ਦੇ ਦਿਨ ਸਨ, ਕੁਰਸੀਆਂ ਨੂੰ ਬੁਰੀ ਤਰਾਂ ਤਾਪ ਚੜ੍ਹ ਗਿਆ। ਜਿਹੜਾ ਬੈਠੇ, ਉਹੀ ‘ਉਈ ਉਈ’ ਕਰਦਾ ਤੇ ਚਿੱਤੜ ਮਲਦਾ ਉੱਠ ਖਲੋਵੇ। ਬਿਜਲਈ ਪੱਖੇ ਆਂਢੋ-ਗੁਆਂਢੋ ਮੰਗ ਕੇ ਬੁੱਤਾ ਸਾਰਿਆ ਗਿਆ। ਬਿਜਲੀ ਕਿਹੜਾ ਉਦੋਂ ਅਜੇ ਆਮ ਹੁੰਦੀ ਸੀ। ਘਰ ਵਿਚ ਕੋਈ ਇੱਕ ਅੱਧਾ ਬਲਬ ਹੀ ਲਾਉਂਦਾ, ਵੱਧ ਬਿੱਲ ਆਉਣ ਦੇ ਡਰੋਂ। ਰਾਤਾਂ ਨੂੰ ਬੱਲਬ ਵੀ ਬਹੁਤ ਮੱਧਮ ਜਿਹੇ ਜਗਦੇ ਜਿਵੇਂ ਬਲਬਾਂ ਨੂੰ ਸੋਕੜੇ ਦੀ ਬਿਮਾਰੀ ਪਈ ਹੋਵੇ! ਛੋਟੇ ਮੇਜ ਉਤੇ ਰੱਖਿਆ ਸਾਡਾ ਪੱਖਾ ਵੀ ਹਟਕੋਰੇ ਭਰ-ਭਰ ਚਲਦਾ। ਇਸ ਮੇਜ਼ੀ-ਪੱਖੇ ਨੇ ਸਾਡਾ ਤੀਹ ਸਾਲ ਤੋਂ ਵੱਧ ਸਮਾਂ ਸਾਥ ਦਿੱਤਾ ਹੋਣਾ, ਕਦੇ ਖਰਾਬ ਹੋਇਆ ਹੀ ਨਹੀਂ। ਤਾਇਆ ਸਾਲ ਵਿਚ ਇੱਕ ਅੱਧ-ਵਾਰ ਤੇਲ ਦੇ ਕੇ ਪੱਖੇ ਦੇ ਪੁਰਜੇ ਰਵਾਂ ਕਰ ਦਿੰਦਾ ਸੀ।
ਭੂਆ ਦੇ ਵਿਆਹ ਤੋਂ ਚਾਰ-ਪੰਜ ਦਿਨ ਪਹਿਲਾਂ ਹਲਵਾਈ ਆ ਗਿਆ ਤੇ ਵਰਾਂਡੇ ਵਿਚ ਭੱਠੀਆਂ ਪੁਟਵਾਉਣ ਲੱਗਿਆ। ਵੱਡੇ ਕਾਲੇ ਕੜਾਹੇ-ਕੜਾਹੀਆਂ ਗੁਰਦਵਾਰਿਓਂ ਲਿਆਂਦੇ ਗਏ। ਗਲੀ-ਗੁਆਂਢ ‘ਚੋ ਮੰਜੇ ਬਿਸਤਰੇ ਇਕੱਠੇ ਕੀਤੇ। ਜਦ ਹਲਵਾਈ ਮਠਿਆਈ ਬਣਾਉਣ ਲੱਗਿਆ ਤਾਂ ਉਸਦੀ ਮਹਿਕ ਸਾਰੇ ਗਲੀ-ਮੁਹੱਲੇ ਖਿੰਡ ਗਈ। ਮੇਰਾ ਦਿਲ ਕਰੇ ਕਿ ਮੈਂ ਹਲਵਾਈ ਦੇ ਕੋਲ ਹੀ ਬੈਠਾ ਰਹਵਾਂ। ਹਲਵਾਈ ਮਠਿਆਈ ਬਣਾਈ ਜਾਂਦਾ, ਸਿਆਣੇ ਬੰਦੇ ਪਰਾਂਤਾਂ ਵਿਚ ਪਾ ਪਾ ਕੇ ਕਮਰੇ ਅੰਦਰ, ਮੰਜਿਆਂ ਉੱਤੇ ਵਿਛਾਈਆਂ ਚਾਦਰਾਂ ‘ਤੇ ਮਠਿਆਈ ਰੱਖੀ ਜਾ ਰਹੇ ਸਨ। ਤੱਤੀ ਮਠਿਆਈ ਨੂੰ ਠੰਢੀ ਕਰਨ ਲਈ ਮੇਰਾ ਮਾਸੜ ਲੇਖੂ ਪੱਖੀ ਝੱਲ ਰਿਹਾ ਸੀ। ਸਾਰਾ ਸ਼ਰੀਕਾ-ਕਬੀਲਾ ਚਾਈਂ-ਚਾਈਂ ਹੱਥ-ਪੜੱਥੀ ਪੁਵਾ ਰਿਹਾ ਸੀ ਭੁਆ ਦੇ ਵਿਆਹ ਵਿਚ।
ਮੇਰੇ ਦਾਦੇ ਮਰੇ ਨੂੰ ਹਾਲੇ ਬਹੁਤੇ ਮਹੀਨੇ ਨਹੀਂ ਸੀ ਬੀਤੇ। ਭੂਆ ਰੋਣੋਂ ਨਾ ਹਟਦੀ ਤਾਂ ਦਾਦੀ ਬੁੜ-ਬੁੜ ਕਰੀ ਜਾਂਦੀ, ”ਕੁੜੀਏ, ਬਗਾਨੇ ਘਰੇ ਦੀਦੇ (ਅੱਖਾਂ) ਗਾਲ ਕੇ ਜਾਣੈ ਤੂੰ, ਚੁੱਪ ਕਰਜਾ ਕੁੜੇ ਮੇਰੀ ਗੱਲ ਮੰਨ ਲੈ ਊਸ਼ਾ…।” ਮੇਰਾ ਪਿਓ ਵੀ ਟੋਕਦਾ, ”ਊਸ਼ਾ, ਤੂੰ ਰੋਣੋਂ ਹਟਣੈ ਕਿ ਨਹੀਂ?” ਉਸਦਾ ਦਬਕਾੜਾ ਉੱਚਾ ਸੀ। ਸਾਰੇ ਚੁੱਪ ਕਰ ਜਾਂਦੇ ਸਨ ਜਦ ਉਹ ਕਦੇ ਭਬਕ ਪੈਂਦਾ।

ਮੁਕਤਸਰ ਜ਼ਿਲੇ ਦੇ ਗਿੱਦੜਬਾਹਾ ਨੇੜਿਓਂ ਪਿੰਡ ਕੋਟ ਭਾਈ ਤੋਂ ਦੁੱਗਲ ਪਰਿਵਾਰ ‘ਚੋ ਬਰਾਤ ਢੁੱਕੀ ਸੀ। ਮੈਨੂੰ ਏਨਾ ਕੁ ਚੇਤਾ ਹੈ ਕਿ ਸਿਖਰ ਦੁਪੈਹਿਰੇ ਵਰ੍ਹਦੀ ਗਰਮੀਂ ‘ਚ ਹਰਮੌਨੀਅਮ ਵਜਾ ਕੇ ਮੇਰੀ ਭੂਆ ਦਾ ਦੇਵਰ ਸੁਭਾਸ਼ ਚੰਦਰ ਦੁੱਗਲ ਸਿਹਰਾ ਗਾ ਰਿਹਾ ਸੀ। ਬੋਲ ਸਨ-‘ਮੁਝੇ ਤੋਂ ਲੂਟ ਲੀਆ ਆਜ ਹੁਸਨ ਵਾਲੋਂ ਨੇ…।’ ਇੱਕ ਉਸਨੇ ਗੀਤ ਵੀ ਗਾਇਆ, ‘ਮੇਰੇ ਚਰਖੇ ਦੀ ਟੁੱਟ ਗਈ ਮਾਲ੍ਹ ਵੇ ਚੰਨ ਕੱਤਾਂ ਕਿ ਨਾ…।’ ਜਿਹੜਾ ਉਸਨੇ ਸਿਹਰਾ ਪੜ੍ਹਿਆ ਸੀ,ਉਹ ਸੀਸੇ ਵਿਚ ਜੜਿਆ ਹੋਇਆ ਸੀ, ਤੇ ਸੁਭਾਸ਼ ਵੱਲੋਂ ਹੀ ਹੱਥ ਨਾਲ ਖੁਸ਼ਖਤ ਲਿਖਾਈ ‘ਚ ਲਿਖਿਆ ਹੋਇਆ ਸੀ।
ਜਾਂਦੇ ਹੋਏ ਉਹ ਸਿਹਰਾ ਸਾਡੇ ਕੋਲ ਛੱਡ ਗਏ ਸਨ। ਮੇਰੇ ਜੁਆਨ ਹੋਣ ਤੀਕ ਉਹ ਸਿਹਰਾ ਸਾਡੀ ਕੱਚੀ ਟਾਨ ‘ਤੇ ਉਦੋਂ ਤੀਕ ਪਿਆ ਰਿਹਾ, ਜਿੰਨਾ ਚਿਰ ਜ਼ੋਰੀਲੇ ਮੀਂਹ ਦੇ ਆਉਣ ਤੀਕ ਛੱਤ ਦੇ ਚੋਣ ਨਾਲ ਭਿੱਜ ਨਾ ਗਿਆ।
ਸਾਡੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੈਂ ਪਹਿਲੀ ਵਾਰ ਦੇਖਿਆ ਸੀ। ਗੁਰੂ ਸਾਹਿਬ ਦੀ ਅਸਵਾਰੀ ਘਰ ਆਈ ਦੇਖ ਮੇਰਾ ਮਨ ਅੰਦਰੇ ਅੰਦਰ ਬਹੁਤ ਖੁਸ਼ ਸੀ ਤੇ ਬਾਬਾ ਜੀ ਦੇ ਨੇੜੇ ਹੋ ਕੇ ਬੈਠ ਗਿਆ ਸਾਂ। ਬਾਬਾ ਮਾਹਲਾ ਸਿੰਘ ਨੇ ਲਾਵਾਂ ਪੜ੍ਹੀਆਂ। ਜਦ ਅਨੰਦ ਕਾਰਜ ਹੋ ਹਠੇ ਤਾਂ ਗੁਰੂ ਸਾਹਿਬ ਦੀ ਅਸਵਾਰੀ ਵਾਪਿਸ ਗੁਰੂ ਘਰ ਜਾਣ ਲੱਗੀ, ਤਾਂ ਚੌਰ ਕਰਦਾ ਬਾਬਾ ਮਾਹਲਾ ਸਿੰਘ ਗਾਉਣ ਲੱਗਿਆ-”ਕਾਰਜ ਕਰ ਕੇ ਪੂਰੇ ਸਤਿਗੁਰ ਘਰ ਚੱਲਿਆ।” ਬਾਬੇ ਦੇ ਇਹ ਬੋਲ ਕਦੇ ਨਹੀਂ ਭੁੱਲੇ। ਬਸ, ਉਹ ਦਿਨ ਹੀ ਅਜਿਹਾ ਸੀ ਕਿ ਮੈਂ ਹਮੇਸ਼ਾ ਲਈ ਗੁਰੂ ਘਰ ਨਾਲ ਜੁੜ ਗਿਆ ਸਾਂ।
ਮੇਰਾ ਦਿਲ ਪਾਠ ਸੁਣਨ ਤੇ ਕਰਨ ਲਈ ਬਿਹਬਲ ਹੁੰਦਾ ਰਹਿੰਦਾ।
ਆਥਣ ਤੋਂ ਪਹਿਲਾਂ, ਭੂਆ ਦੀ ਡੋਲੀ ਤੁਰਨ ਲੱਗੀ। ਕਲੀਰਿਆਂ ਨਾਲ ਸੱਜੀ ਤੇ ਗੋਟਿਆਂ ਸ਼ਿੰਗਾਰੀ ਲਾਲ ਚੁੰਨੀ ‘ਚ ਲਿਪਟੀ ਭੂਆ ਨੇ ਮੈਨੂੰ ਆਪਣੀ ਹਿੱਕ ਨਾਲ ਘੁੱਟਿਆ ਤੇ ਹੁਭਕੀ-ਹੁਭਕੀ ਰੋਣ ਲੱਗੀ। ਮੈਂ ਵੀ ਰੋਂਦਾ ਭੂਆ ਦੇ ਗਲ ਨੂੰ ਚੁੰਬੜ ਗਿਆ ਤੇ ਭੂਆ ਨਾਲੋਂ ਲੱਥ ਨਹੀਂ ਸਾਂ ਰਿਹਾ। ਮੇਰਾ ਪਿਓ ਮੈਨੂੰ ਚੁੱਕ ਕੇ ਪਰ੍ਹੇ ਲੈ ਗਿਆ ਤੇ ਪੁਚਕਾਰਨ ਲੱਗਿਆ, ”ਪੁੱਤ ਆਪਾਂ ਚੱਲਾਂਗੇ ਤੇਰੀ ਭੂਆ ਕੋਲੇ, ਚੁੱਪ ਕਰਜਾ ਹੁਣ ਪੁੱਤ, ਆਪਾਂ ਚੱਲਾਗੇ ਕੱਲ ਪਰਸੋਂ ਨੂੰ, ਨਾ ਰੋ…ਰੋਈਦਾ ਨੀ ਹੁੰਦਾ ਮੇਰਾ ਪੁੱਤ…।” ਉਹਨੇ ਆਪਣੇ ਪਰਨੇ ਨਾਲ ਮੇਰਾ ਮੂੰਹ ਪੂੰਝਿਆ ਤੇ ਘੁੱਟ ਕੇ ਹਿੱਕ ਨਾਲ ਲਾ ਲਿਆ ਸੀ।
ਇਹ ਦ੍ਰਿਸ਼ ਹੂਬਹੂ ਮੇਰੇ ਮਨ ਦੀ ਚਿਤਰ-ਪਟ ‘ਤੇ ਸਦਾ-ਸਦਾ ਵਾਸਤੇ ਉਕਰਿਆ ਗਿਆ।
(ਚਲਦਾ)

Check Also

ਦੋ ਟਾਪੂ ਦੇ ਪ੍ਰਸੰਗ ਵਿਚ ਜਰਨੈਲ ਸਿੰਘ ਦੀ ਰਚਨਾ ਦ੍ਰਿਸ਼ਟੀ

ਜਰਨੈਲ ਸਿੰਘ (ਕਿਸ਼ਤ 18ਵੀਂ ਇਹ ਆਲੋਚਨਾ-ਪੁਸਤਕ ਡਾ. ਗੁਰਮੀਤ ਕੱਲਰਮਾਜਰੀ ਨੇ 2001 ਵਿਚ ਸੰਪਾਦਿਤ ਕੀਤੀ। ਇਸ …