Breaking News
Home / ਨਜ਼ਰੀਆ / ਤਿੰਨ ਤੋਂ ਤਿੰਨ ਸੌ ਕਿ …..?

ਤਿੰਨ ਤੋਂ ਤਿੰਨ ਸੌ ਕਿ …..?

ਕਲਵੰਤ ਸਿੰਘ ਸਹੋਤਾ
604-589-5919
ਆਲੂ ਲੈਣ ਗਿਆ, ਮਹਿੰਗੇ ਸਟੋਰ ਜਾ ਬੜਿਆ, ਇੱਕ ਡਾਲਰ ਨੂੰ ਪੌਂਡ ਦੇਖਕੇ ਤਿੰਨ ਚਾਰ ਕੁ ਹੀ ਚੁੱਕੇ ਤੇ ਨਾਲ ਹੀ ਲਮਕਦੀ ਤੱਕੜੀ ਤੇ ਜਾ ਰੱਖੇ, ਤਿੰਨ ਪੌਡ ਤੋਂ ਰਤਾ ਕੁ ਉੱਪਰ ਬਣੇ। ਜੇ ਜੱਕਾਂ ਕਰਦਾ ਬੈਗ ਚੁੱਕ ਭੁਗਤਾਨ ਕਰਨ ਲਈ ਐਕਸਪਰੈਸ ਕੈਸ਼ੀਅਰ ਵਾਲੀ ਲਾਈਨ ‘ਚ ਜਾ ਲੱਗਾ। ਦੋ ਕੁ ਮਿੰਟ ਲਾਈਨ ‘ਚ ਖੜ੍ਹੇ ਨੂੰ ਹੋਏ ਤਾਂ ਆਲੂ ਮਹਿੰਗੇ ਲੱਗਣ ਲੱਗੇ; ਸੋਚਿਆ ਕਿਉਂ ਨਾਂ ਘਰ ਨੂੰ ਜਾਂਦਾ ਜਾਂਦਾ ਦੇਸੀ ਸਟੋਰ ਥਾਂਈ ਲੰਘ ਜਾਵਾਂ, ਜੇ ਉੱਥੇ ਵੀ ਇਸੇ ਭਾਅ ਹੋਏ ਤੇ ੳੱਥੋਂ ਹੀ ਤਿੰਨ ਪੌਂਡ ਲੈ ਲਊਂ ਤੇ ਜੇ ਸਸਤੇ ਹੋਏ ਤਾਂ ਦਸ ਪੌਂਡ ਦਾ ਬੋਰਾ ਖਰੀਦ ਲਊਂ। ਇਉਂ ਸੋਚਦਾ ਸੋਚਦਾ ਲਾਈਨ ‘ਚੋਂ ਖਿਸਕ, ਆਲੂਆਂ ਦਾ ਬੈਗ ਆਲੂਆਂ ਦੀ ਖੁਰਲੀ ‘ਚ ਢੇਰੀ ਕਰ ਸਟੋਰ ‘ਚੋਂ ਬਾਹਰ ਨਿਕਲ ਆਇਆ। ਦੇਸੀ ਸਟੋਰ ‘ਚ ਆ ਆਲੂਆਂ ਦਾ ਭਾਅ ਦੇਖ ਗਦ ਗਦ ਹੋ ਗਿਆ। ਇਥੇ ਦਸ ਪੌਂਡ ਆਲੂ ਤਿੰਨ ਡਾਲਰ ਦੇ; ਫਟਾ ਫਟ ਤਿੰਨ ਡਾਲਰ ਕੈਸ਼ੀਅਰ ਨੂੰ ਫੜਾ, ਬੋਰਾ ਕਾਰ ‘ਚ ਧਰ ਘਰ ਨੂੰ ਤੁਰ ਪਿਆ। ਇੱਥੇ ਇਹ ਦੱਸ ਦਿਆਂ ਕਿ ਬਹੁੱਤੀ ਵਾਰੀ ਆਲੂ ਸਸਤੇ ਦੇਖ, ਚੱਕ ਤਾਂ ਬੋਰਾ ਲਈਦਾ ਪਰ ਅਕਸਰ ਅੱਧੋਂ ਵੱਧ ਪਏ ਹੀ ਸੜ ਜਾਂਦੇ ਹਨ ਤੇ ਸੁੱਟਣੇਂ ਪੈਂਦੇ ਹਨ ਕਿਉਂਕਿ ਸਮੇਂ ਸਿਰ ਵਰਤੇ ਨਹੀਂ ਜਾਂਦੇ। ਦੇਸੀ ਸਟੋਰ ਦੀ ਪਾਰਕਿੰਗ ਲਾਟ ‘ਚੋਂ ਮੇਨ ਸੜਕ ਪੈਣ ਲਈ, ਬਾਹਰ ਨਿਕਲਣ ਦੇ ਰਸਤੇ (ਐਗਜ਼ਿਟ) ਤੇ ਖੜ੍ਹ, ਸੱਜੇ ਪਾਸੇ ਦੀ ਟਿਪ ਟਿਪੀ (ਟਰਨਿੰਗ ਸਿਗਨਲ) ਲਾ, ਸੜਕ ‘ਚ ਦਾਖਲ ਹੋਣ ਦਾ ਇੰਤਜ਼ਾਰ ਕਰਨ ਲੱਗਾ। ਹਾਲੇ ਕੁੱਝ ਪਲ ਹੀ ਹੋਏ ਸਨ ਖੜਿਆਂ ਕਿ ਇੱਕ ਕਾਰ ਜਿੱਧਰ ਨੂੰ ਮੈਂ ਮੁੜਨਾਂ ਸੀ, ਉਸੇ ਪਾਸਿਓ ਆ ਇੱਕ ਦਮ ਮੇਰੇ ਸੱਜੇ ਪਾਸੇ ਦੀ ਖੱਬੀ ਟਰਨ ਮਾਰਦਿਆਂ, ਘੜੱਪ ਦੇ ਕੇ ਮੇਰੀ ਕਾਰ ਦੇ ਪੈਸੰਜਰ ਵਲ ਦੇ ਪਾਸੇ ਨਾਲ ਖਹਿੰਦੀ ਹੋਈ ਦੇਸੀ ਸਟੋਰ ਦੇ ਪਲਾਜ਼ਾ ਦੀ ਪਾਰਕਿੰਗ ਲਾਟ ‘ਚ ਜਾ ਵੜੀ। ਇਹ ਸੱਭ ਕੁੱਝ ਦੇਖ ਮੇਰੀ ਹੈਰਾਨੀ ਦੇ ਦਰਿਆ ਦਾ ਤਾਂ ਹੜ੍ਹ ਹੀ ਆ ਗਿਆ ਤੇ ਮੈਂ ਮੱਥੇ ਤੇ ਹੱਥ ਮਾਰ ਮਾਰ ਸੋਚਣ ਲੱਗਾ ਕਿ ਇਸ ਨੂੰ ਤਾਂ ਮੇਰੇ ਖੱਬੇ ਪਸੇ ਦੀ ਅੰਦਰ ਬੜਨਾਂ ਚਾਹੀਦਾ ਸੀ। ਸੋਚਾਂ ਸੋਚਦਿਆਂ ਮੈਂ ਲਮਕਦੀ ਧੂੰਦੀ ਕਾਰ ਰੀਵਰਸ ਕਰ ਉਹਦੇ ਬਰਾਬਰ ਖੜੀ ਕਰ, ਬਾਹਰ ਨਿਕਲ ਕੇ ਪੁੱਛਿਆ ਕਿ ਬੀਬੀ ਤੈਨੂੰ ਤਾਂ ਮੇਰੇ ਖੱਬਿਉਂ ਅੰਦਰ ਬੜਨਾਂ ਚਾਹੀਦਾ ਸੀ! ਉਹ ਅੱਗਿਓ ਬੋਲੀ ਕਿ ਤੁਹਾਡੀ ਕਾਰ ਵਿਚਕਾਰ ਸੀ, ਮੈਂ ਅੱਗਿਓ ਕਿਹਾ ਤਾਂ ਵੀ ਤੈਨੂੰ ਮੇਰੇ ਖੱਬੇ ਦੀ ਦਾਖਲ ਹੋਣਾਂ ਚਾਹੀਦਾ ਸੀ ਨਾਂ ਕਿ ਸੱਜੇ ਦੀ, ਅੱਗੋਂ ਮੈਂ ਹੋਰ ਪੁੱਛਿਆ ਕਿ ਤੈਂ ਮੇਰਾ ਸੱਜੇ ਮੁੜਨ ਦਾ ਸਿਗਨਲ ਨਹੀਂ ਦੇਖਿਆ? ਕਹਿੰਦੀ ਦੇਖਿਆਂ ਤਾ ਜਰੂਰ ਸੀ ਪਰ ਸੋਚਿਆ —-। ਇਥੇ ਇਹ ਦੱਸ ਦਿਆਂ ਕਿ ਮੇਰੇ ਖੱਬੇ ਦੋ ਕਾਰਾਂ ਲੰਘਣ ਯੋਗਾ ਥਾਂ ਸੀ, ਜਿੱਥੋਂ ਉਹ ਆਸਾਨੀ ਨਾਲ ਪਾਰਕਿੰਗ ਲਾਟ ‘ਚ ਬੜ ਸਕਦੀ ਸੀ। ਖੈਰ ਕੋਈ ਗੁਆਹ ਨਹੀਂ ਸੀ ਤੇ ਨਾਂ ਹੀ ਆਲੇ ਦੁਆਲੇ ਕੋਈ ਸੀ.ਸੀ.ਟੀ. ਵੀ. ਕੈਮਰਾ ਸੀ: ਆਖਿਰ ਆਪਣੀ ਤੇ ਆਪਣੀਆਂ ਕਾਰਾਂ ਦੀ ਜਾਣਕਾਰੀ ਇੱਕ ਦੂਜੇ ਨੂੰ ਦੇ ਲੈ ਕੇ ਆਪੋ ਆਪਣੇ ਰਾਹੀਂ ਤੁਰਦੇ ਬਣੇ।
ਉਸੇ ਰਾਤ ਕਾਰ ਬੀਮਾਂ ਕੰਪਨੀ ਨੂੰ ਕਲੇਮ ਰੀਪੋਰਟ ਕਰਨ ਲਈ ਸਾਰੀ ਘਟਨਾਂ ਦਾ ਵੇਰਵਾ ਸਹੀ ਸਹੀ ਦੱਸਣ ਉਪਰੰਤ ਜਿਹੜਾ ਹੁਕਨਾਮਾਂ ਅੱਗੋਂ ਕਾਰ ਬੀਮਾਂ ਕੰਪਨੀ ਦੇ ਪ੍ਰਤੀਨਿਧ ਤੋਂ ਸੁਣਿਆ, ਉਸ ਨੇ ਤਾ ਮੇਰੀ ਹੈਰਾਨੀ ਤੇ ਨਿਰਾਸ਼ਤਾ ਦੇ ਸੱਭ ਹੱਦਾਂ ਬੰਨੇ ਹੀ ਟੱਪਾ ਦਿੱਤੇ ਤੇ ਮੈਂ ਇਕ ਦਮ ਸੁੰਨ ਜਿਹਾ ਹੀ ਹੋ ਗਿਆ। ਮੇਰੇ ਕੰਨਾਂ ‘ਚ ਉਸ ਕਾਰ ਬੀਮਾਂ ਕੰਪਨੀ ਦੇ ਪ੍ਰਤੀਨਿੱਧ ਦੇ ਬੋਲ ਗੂੰਜ ਗੂੰਜ ਮੇਰਾ ਸਿਰ ਪਾੜੀ ਜਾ ਰਹੇ ਸਨ: ”ਸੌ ਪ੍ਰਤੀਸ਼ੱਤ ਇਸ ਦੁਰਘਟਨਾਂ ਲਈ ਤੂੰ ਜ਼ਿਮੇਵਾਰ ਹੈਂ ਕਿਉਕਿ ਮੋਟਰ ਵਹੀਕਲ ਦਾ ਫਲਾਣਾਂ ਐਕਟ ਇਹ ਕਹਿਦਾ ਹੈ ਕਿ ਜਿਹੜੀ ਵੀ ਕੋਈ ਮੋਟਰ ਕਾਰ ਸੜਕ ਤੋਂ ਪਾਰਕਿੰਗ ਲਾਟ ‘ਚ ਬੜ ਰਹੀ ਹੋਵੇ ਉਸ ਦਾ ਰਾਈਟ ਆਫ ਵੇ ਹੈ”। ਮੇਰੀ ਸਮਝ ਤੋਂ ਬਾਹਰ ਸੀ ਕਿ ਮੈਂ ਪਾਰਕਿੰਗ ਲਾਟ ‘ਚੋਂ ਬਾਹਰ ਨਿਕਲ ਰਿਹਾ ਕਰਕੇ ਮੇਰਾ ਕਸੂਰ ਸੀ? ਇਹ ਕਾਨੂੰਨ ਮੇਰੀ ਸਮਝ ਤੋਂ ਬਾਹਰ ਸੀ। ਮੇਰੇ ਸਿਰ ‘ਚ ਇਹ ਵਿਚਾਰ ਵਾਰ ਵਾਰ ਘੁੰਮੀ ਜਾ ਰਿਹਾ ਸੀ ਕਿ ਜੇ ਰਾਈਟ ਆਫ ਵੇ ਉਸ ਦਾ ਹੈ ਤਾਂ ਵੀ ਉਸ ਨੂੰ ਦੁਸਰਿਆਂ ਦੇ ਬਚਾਓ ਨੂੰ ਧਿਆਨ ਗੋਚਰੇ ਰੱਖਦਿਆਂ ਪਲਾਜ਼ਾ ਦੀ ਪਾਰਕਿੰਗ ਲਾਟ ‘ਚ ਦਾਖਲ ਹੋਣਾਂ ਚਾਹੀਦਾ ਸੀ ਨਾਂ ਕਿ ਲਾਟ ‘ਚੋਂ ਬਾਹਰ ਨਿਕਲਣ ਲਈ ਸੱਜਾ ਸਿਗਨਲ ਲਾਈ, ਸੱਜੇ ਪਾਸੇ ਮੁੜਨ ਵਾਲੀ ਕਾਰ ਦੇ ਉਲਟ ਪਾਸੇ ਦੀ ਅੰਦਰ ਦਾਖਲ ਹੋਣਾਂ ਤੇ ਉਸ ‘ਚ ਟੱਕਰ ਮਾਰਨਾਂ, ਇਹ ਕੇਹਾ ਰਾਈਟ ਆਫ ਵੇ ਤੇ ਕਿਹੋ ਜਿਹਾ ਮੋਟਰ ਵਹੀਕਲ ਐਕਟ ਹੈ? ਮੇਰੇ ਮਨ ‘ਚ ਇਹ ਵੀ ਵਿਚਾਰ ਘੁੰਮਣ ਕਿ ਬੀਬੀ ਨੇ ਅਜਿਹਾ ਤਰੋੜ ਮਰੋੜ ਕੇ ਸਾਰੀ ਘਟਨਾਂ ਨੂੰ ਕਾਰ ਬੀਮਾਂ ਕੰਪਨੀ ਕੋਲ ਦਰਜ ਕਰਾਇਆ ਜਿਸ ਅਧੀਨ ਮੈਨੂੰ ਕਸੂਰਵਾਰ ਸਾਬਤ ਕਰ, ਕਰੂਸੀਫਾਈ ਕਰਨ ਦੀ ਕੋਈ ਕਸਰ ਬਾਕੀ ਨਾਂ ਛੱਡੀ ਅਤੇ ਕਾਰ ਬੀਮਾਂ ਕੰਪਨੀ ਦੇ ਪ੍ਰਤੀਨਿੱਧ ਨੇ ਮੋਟਰ ਵਹੀਕਲ ਦੀ ਘੁੰਡੀ ਕੱਢ ਮੈਨੂੰ ਸੱਚ ਬੋਲਣ ਤੇ ਫਾਹੇ ਲਾ ਦਿੱਤਾ। ਉਹ ਪੂਰੀ ਰਾਤ ਤੇ ਅਗਲੇ ਦੋ ਤਿੰਨ ਦਿਨ ਨਾਂ ਤਾਂ ਮੇਰੀ ਬੇਚੈਨੀ ਹਟੀ ਅਤੇ ਨਾਂ ਹੀ ਮੈਨੂੰ ਚੰਗੀ ਤ੍ਹਰਾਂ ਨੀਂਦਰ ਆਈ। ਮੈਨੂੰ ਕਾਰ ਚਲਾਉਣ ਤੋਂ ਵੀ ਡਰ ਲੱਗਣ ਲੱਗਾ।
ਭਾਵੇਂ ਸਰੀਰਕ ਸੱਟ ਤਾਂ ਕੋਈ ਨਾਂ ਲੱਗੀ ਪਰ ਮਾਨਸਿਕ ਪ੍ਰੇਸ਼ਾਨੀ ਨਾਂ ਹਟੀ; ਇਹ ਸੋਚ ਕੇ ਕਿ ਡਾਕਟਰ ਕੋਈ ਪ੍ਰੇਸ਼ਾਨੀ ਘਟਾਉਣ ਜਾਂ ਰਾਤ ਨੂੰ ਨੀਂਦਰ ਆਉਣ ਦੀ ਕੋਈ ਦੁਆਈ ਦੇ ਦਏਗਾ: ਮੈਂ ਡਾਕਟਰ ਦੇ ਮਿਲਣ ਦੀ ਵਾਰੀ ਬਣਾ ਲਈ। ਡਾਕਟਰ ਦਾ ਕਲਿਨਕ ਬਹੁ ਮੰਜ਼ਲੀ ਇਮਾਰਤ ਵਿੱਚ ਸੀ ਅਤੇ ਥੱਲੇ ਪਾਰਕੇਡ ਸੀ। ਦਿੱਤੇ ਸਮੇਂ ਤੇ ਪਹੁੰਚਣ ਲਈ, ਮੈਂ ਘਰੋਂ ਸਮੇ ਸਿਰ ਤੁਰ ਪਾਰਕੇਡ ‘ਚ ਪੁੱਜਾ ਤੇ ਲੇਨਵੇ ‘ਚ ਰੁਕ, ਇਕ ਦੋ ਪਈਆਂ ਖਾਲੀ ਪਾਰਕਾਂ ਵਲ ਨ੍ਹਿਗਾ ਦੌੜਾਈ, ਹਾਲਾਂ ਸੋਚ ਹੀ ਰਿਹਾ ਸੀ ਕਿ ਕਿੱਥੇ ਵੈਨ ਪਾਰਕ ਕਰਾਂ ਇਤਨੇ ਨੂੰ ਇੱਕ ਹੋਰ ਡਰਾਈਵਰ ਬੀਬੀ ਨੇ ਬਿਨਾਂ ਅੱਗਾ ਪਿੱਛਾ ਦੇਖਿਆਂ ਆਪਣੀ ਕਾਰ ਰੀਵਰਸ ‘ਚ ਪਾ ਤੇਜੀ ਨਾਲ ਰੇਸ ਦਿੱਤੀ ਤੇ ਠਾਹ ਕਰਦੀ ਮੇਰੀ ਵੈਨ ਦੇ ਸੱਜੇ ਪਾਸੇ ਸਲਾਈਡਿੰਗ ਡੋਰ ‘ਚ ਲਿਆ ਮਾਰੀ। ਉਸ ਬਾਹਰ ਨਿਕਲ ਕਈ ਵਾਰੀ ਮੈਨੂੰ ਸੌਰੀ ਕਿਹਾ ਤੇ ਦੱਸਿਆ ਕਿ ਉਹ ਬੇਧਿਆਨੀ ਸੀ ਕਿਉਂਕਿ ਉਸ ਦਾ ਧਿਆਨ ਪਿੱਛੇ ਬੈਠੀ ਉਸ ਦੀ ਅੱਠ ਕੁ ਸਾਲ ਦੀ ਪੋਤੀ ‘ਚ ਉਲਝ ਗਿਆ ਸੀ। ਮੈਨੂੰ ਲੱਗਿਆ ਕਿ ਉਸ ਆਪਣਾਂ ਕਸੂਰ ਸਵੀਕਾਰ ਕਰ ਲਿਆ ਹੈ। ਖੈਰ ਅਸੀਂ ਆਪੋ ਆਪਣੀ ਜਾਣਕਾਰੀ ਇਕ ਦੂਸਰੇ ਨੂੰ ਦੇ ਆਪੋ ਆਪਣੇ ਰਾਹੀਂ ਪਏ ਤੇ ਮੈਂ ਉੱਪਰ ਡਾਕਟਰ ਦੇ ਕਲਿਨਕ ਜਾ ਪੁੱਜਾ। ਜਾਂਦਿਆਂ ਹੀ ਡਾਕਟਰ ਦੀ ਸੈਕਟਰੀ ਨੂੰ ਦੱਸਿਆ ਕਿ ਮੇਰੀ ਥੱਲੇ ਪਾਰਕੇਡ ‘ਚ ਇਕ ਹੋਰ ਠੂਹ (ਫੈਂਡਰ ਬੈਂਡਰ) ਹੋ ਗਈ; ਪਰ ਨਾਲ ਹੀ ਮੈਂ ਇਹ ਵੀ ਦੱਸ ਦਿੱਤਾ ਕਿ ਇਸ ਡਰਾਈਵਰ ਨੇ ਆਪਣੀ ਗਲਤੀ ਮੰਨੀਂ ਹੈ ਤੇ ਮੈਨੂੰ ਕਈ ਵਾਰੀ ਸੌਰੀ ਕਿਹਾ। ਇਹ ਸੁਣ ਕੇ ਡਾਕਟਰ ਦੀ ਸੈਕਟਰੀ ਅੱਗੋਂ ਆਪਣੀਂ ਹੀ ਕਹਾਣੀ ਦੱਸਣ ਲੱਗੀ ਕਿ ਕਿਵੇਂ ਕਿਸੇ ਬੀਬੀ ਡਰਾਈਵਰ ਨੇ ਉਸ ਦੀ ਕਾਰ ‘ਚ ਕਾਰ ਠੋਕ ਦਿੱਤੀ ਅਤੇ ਦੇਖਦਿਆਂ ਹੀ ਦੇਖਦਿਆਂ ਐਕਸੀਡੈਂਟ ਤੋਂ ਬਾਅਦ ਟਪੂਸੀ ਮਾਰਕੇ ਡਰਾਈਵਰ ਦੀ ਸੀਟ ਛੱਡ ਕੇ ਪੈਸੰਜਰ ਸੀਟ ਤੇ ਜਾ ਬਿਰਾਜੀ: ਪੁਲਿਸ ਆਈ ਤਾਂ ਉਹ ਡਰਾਈਵਰ ਲੱਭਣ ਤੇ ਉਹ ਪੈਸੰਜਰ ਸੀਟ ਤੇ ਬੈਠੀ ਬੀਬੀ ਡੌਰ ਭੌਰ ਹੋਈ ਦੇਖੀ ਜਾਏ ਬੋਲੇ ਕੁੱਝ ਨਾਂ: ਇਹ ਸੁਣ ਕੇ ਮੇਰੇ ਅੰਦਰ ਵੀ ਸ਼ੰਕਾ ਖ੍ਹੜਾ ਹੋ ਗਿਆ ਕਿ ਗੁਆਹ ਤਾਂ ਕੋਈ ਹੈ ਨਹੀਂ ਕਿਤੇ ਇਹ ਬੀਬੀ ਡਰਾਈਵਰ ਵੀ ਕਾਰ ਬੀਮਾਂ ਕੰਪਨੀ ਨੂੰ ਰੀਪੋਰਟ ਕਰਨ ਸਮੇਂ ਕੁੱਝ ਹੋਰ ਦਾ ਹੋਰ ਹੀ ਨਾਂ ਦੱਸ ਦਏ?
ਅੰਦਰ ਜਾ ਡਾਕਟਰ ਨੂੰ ਮਿਲਿਆ ਤਾਂ ਦੱਸਿਆ ਕਿ ਆਇਆ ਤਾਂ ਮੈਂ ਪਹਿਲੀ ਕਾਰ ਠੂਹ ਤੋਂ ਹੋਈ ਬੇਚੈਨੀ ਦੀ ਦੁਆਈ ਲੈਣ ਸੀ ਪਰ ਇਥੇ ਪਾਰਕੇਡ ‘ਚ ਹੀ ਇੱਕ ਹੋਰ ਠੂਹ ਹੋ ਗਈ: ਪਰ ਨਾਲ ਹੀ ਮੈਂ ਇਹ ਵੀ ਦੱਸ ਦਿੱਤਾ ਕਿ ਬੀਬੀ ਡਰਾਈਵਰ ਚੰਗੀ ਬੜੀ ਸੀ ਮੈਥੋਂ ਕਈ ਵਾਰੀ ਸੌਰੀ ਮੰਗੀ ਤੇ ਆਪਣਾਂ ਬੇਧਿਆਨੇ ਹੋਣਾਂ ਸਵੀਕਾਰ ਕੀਤਾ। ਇਹ ਸੁਣ ਕੇ ਡਾਕਟਰ ਹੱਸਿਆ ਵੀ ਤੇ ਨਾਲ ਹੀ ਆਪਣੀ ਬਿਥਿਆ ਸੁਣਾ ਮਾਰੀ, ਕਹਿੰਦਾ ਕਿ ਉਹ ਸੜਕ ਤੇ ਘਰ ਨੂੰ ਜਾ ਰਿਹਾ ਸੀ ਕਿਸੇ ਨੇ ਲੇਨ ਬਦਲਦਿਆਂ ਉਸ ਦੀ ਕਾਰ ‘ਚ ਕਾਰ ਮਾਰ ਦਿੱਤੀ ਤੇ ਦੂਸਰੇ ਡਰਾਈਵਰ ਨੇ ਬੜੀ ਵਾਰੀ ਸੌਰੀ ਕਿਹਾ ਤੇ ਆਪਣੀ ਗਲਤੀ ਵੀ ਮੰਨੀ ਪਰ ਜਦੋਂ ਕਾਰ ਬੀਮਾਂ ਕੰਪਨੀ ਨੂੰ ਰੀਪੋਰਟ ਲਿਖਾਈ ਤਾਂ ਸਰਾ ਸਰ ਉਲਟ ਗੱਲ ਕਹੀ ਤੇ ਕਸੂਰ ਡਾਕਟਰ ਸਿਰ ਮੜ੍ਹ ਦਿੱਤਾ ਕਿ ਡਾਕਟਰ ਨੇ ਲੇਨ ਬਦਲਦਿਆਂ ਉਸ ‘ਚ ਕਾਰ ਮਾਰੀ ਹੈ। ਇਹ ਸੁਣ ਕੇ ਮੇਰੇ ਅੰਦਰ ਪਹਿਲਾਂ ਹੀ ਡਾਕਟਰ ਦੀ ਸੈਕਟਰੀ ਦੀ ਕਹਾਣੀ ਸੁਣਾਉਣ ਵੇਲੇ ਸ਼ੂਰੂ ਹੋਇਆ ਸ਼ੰਕਾ ਸੱਚ ਹੀ ਪਰਤੀਤ ਹੋਣ ਲੱਗਾ ਤੇ ਚਿੰਤਾ ਦਾ ਚੱਕਰ ਹੋਰ ਤੇਜ ਹੋ ਗਿਆ ਕਿ ਕਿਤੇ ਮੇਰੇ ਨਾਲ ਵੀ ਇਹੋ ਗੱਲ ਨਾਂ ਹੋਵੇ? ਇਸ ਫੈਂਡਰ ਬੈਂਡਰ ‘ਚ ਵੀ ਨਾਂ ਤਾਂ ਕੋਈ ਗੁਆਹ ਹੈ ਅਤੇ ਨਾਂ ਹੀ ਆਲੇ ਦੁਆਲੇ ਕੋਈ ਸੀ.ਸੀ.ਟੀ. ਵੀ. ਕੈਮਰਾ। ਡਾਕਟਰ ਨੇ ਨੀਂਦ ਆਉਣ ਅਤੇ ਫਿਕਰ (ਐਂਗਜ਼ਾਇਟੀ) ਘਟਾਉਣ ਦੀਆਂ ਗੋਲੀਆਂ ਤਾਂ ਲਿਖ ਦਿੱਤੀਆਂ ਪਰ ਨਾਲ ਹੀ ਤਾਗੀਦ ਕਰ ਦਿੱਤੀ ਕਿ ਇਨ੍ਹਾਂ ਨੂੰ ਲੋੜ ਪੈਣ ਤੇ ਹੀ ਵਰਤਾਂ; ਵਰਨਾਂ ਕਿਤੇ ਇਨ੍ਹਾਂ ਦਾ ਆਦੀ ਹੀ ਨਾਂ ਹੋ ਜਾਵਾਂ। ਘਰ ਨੂੰ ਮੁੜਦਿਆਂ ਸਿਰ ‘ਚ ਸੋਚਾਂ ਦਾ ਹੱਲਟ ਘੁਮੀਂ ਜਾਏ ਕਿ ਤਿੰਨ ਡਾਲਰ ਦੇ ਆਲੂ ਲੈਣ ਗਿਆ ਤਿੰਨ ਸੌ ਡਾਲਰ ਪਹਿਲੀ ਕਾਰ ਦੁਰਘਟਨਾਂ ਦਾ ਡੀਡਕਟੇਵਲ ਸਿਰ ਪੁਆ ਆਇਆ ਤੇ ਇੰਸ਼ੋਰੈਨਸ ਜਿਹੜੀ ਵਧਣੀ ਉਹ ਵਾਧੂ। ਇਥੇ ਇਹ ਦੱਸ ਦਿਆਂ ਕਿ ਮੇਰਾ ਕਸੂਰ ਕੱਢਣ ਕਰਕੇ ਕਾਰ ਮੁਰੰਮਤ ਵਾਸਤੇ ਮੈਨੂੰ ਤਿੰਨ ਸੌ ਡਾਲਰ ਡੀਡਕਟੇਵਲ ਦੇਣੇ ਪੈਣੇ ਹਨ। ਹਾਂ ਜੇ ਪਹਿਲਾਂ ਵਾਂਗ ਹੀ ਇਥੇ ਵੀ ਮੇਰੇ ਨਾਂ ਕਸੂਰਵਾਰ ਹੋਣ ਦੇ ਬਾਵਜੂਦ ਕਸੂਰ ਮੇਰੇ ਸਿਰ ਹੀ ਮੜ੍ਹ ਦਿੱਤਾ ਤਾਂ ਤਿੰਨ ਸੌ ਡਾਲਰ ਹੋਰ ਸਿਰ ਪੈ ਜਾਊ। ਇਹ ਸੋਚਾਂ ਸੋਚਦਿਆਂ ਕਾਰ ਬੀਮਾਂ ਕੰਪਨੀ ਨੂੰ ਕਲੇਮ ਰੀਪਰਟ ਕਰਾਉਣ ਲਈ ਉਹਨਾਂ ਨੂੰ ਫੋਨ ਕਰਨ ਤੋਂ ਵੀ ਮੈਨੂੰ ਭੈਅ ਆਉਣ ਲੱਗਿਆ। ਘੜੁੱਚ ਸੋਚਾਂ ‘ਚ ਡੁੱਬਿਆਂ, ਮੈਨੂੰ ਡਾਕਟਰ ਦੇ ਕਲਿਨਕ ਤੋਂ ਘਰ ਨੂੰ ਆਉਣਾ ਦੁੱਭਰ ਹੋ ਗਿਆ। ਘਰ ਨੂੰ ਆਉਣ ਦੀ ਅੱਧੇ ਘੰਟੇ ਦੀ ਵਾਟ ਮੈਨੂੰ ਇਉਂ ਲੱਗੀ ਜਿਵੇਂ ਦੋ ਦਿਨ ਲੱਗ ਗਏ ਹੋਣ, ਵਾਟ ਮੁੱਕਣ ‘ਚ ਹੀ ਨਾਂ ਆਵੇ। ਆਲੇ ਦੁਆਲੇ ਜਾ ਆ ਰਹੀਆਂ ਕਾਰਾਂ ਦੇ ਡਰਾਈਵਰਾਂ ਤੋਂ ਮੈਨੂੰ ਭੈ ਆਵੇ ਕਿ ਕਿਤੇ ਉਹ ਵੀ ਮੇਰੇ ‘ਚ ਕਾਰ ਨਾਂ ਜੜ ਦੇਣ। ”ਤਿਨ ਤੋਂ ਤਿੰਨ ਸੌ ਕਿ—-?” ਦੀ ਫਿਲਮ ਮੇਰੀਆਂ ਅੱਖਾਂ ਅੱਗੇ ਭਾਂਉਂਦੀ ਮੈਨੂੰ ਕਸੂਤੀ ਜਿਹੀ ਸਥਿਤੀ ‘ਚ ਫ਼ਸਾ; ਨੀਂਦ ਆਉਣ ਦੀਆਂ ਗੋਲੀਆਂ ਲੈਣ ਗਏ ਦੀ ਨੀਂਦਰ ਕੀ ਸਗੋਂ ਹੋਰ ਵੀ ਕੁਵਿੱਧੀ ‘ਚ ਉਲਝਾ ਗਈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …