Breaking News
Home / ਨਜ਼ਰੀਆ / ਮੁੱਕੇਬਾਜ਼ ਮੁਹੰਮਦ ਅਲੀ ਦਾ ਅਕਾਲ ਚਲਾਣਾ

ਮੁੱਕੇਬਾਜ਼ ਮੁਹੰਮਦ ਅਲੀ ਦਾ ਅਕਾਲ ਚਲਾਣਾ

ਪ੍ਰਿੰ. ਸਰਵਣ ਸਿੰਘ
ਮਹਾਨ ਮੁੱਕੇਬਾਜ਼ ਮੁਹੰਮਦ ਅਲੀ ਜੀਂਦਾ ਨਹੀਂ ਰਿਹਾ। 74 ਸਾਲ ਦੀ ਉਮਰ ਵਿਚ ਉਹ ਅੱਲਾ ਨੂੰ ਪਿਆਰਾ ਹੋ ਗਿਆ। ਉਹ ਅਨੇਕਾਂ ਪੱਖਾਂ ਤੋਂ ਅਲੋਕਾਰ ਵਿਅਕਤੀ ਸੀ। ਉਸ ਨੇ ਧਰਮ ਬਦਲਿਆ, ਕੋਚ ਬਦਲੇ, ਨਾਂ ਬਦਲਿਆ, ਸ਼ੌਕ ਬਦਲੇ, ਇਥੋਂ ਕਿ ਪਤਨੀਆਂ ਬਦਲ ਕੇ ਚਾਰ ਵਿਆਹ ਕੀਤੇ। ਉਹ ਵੀਹ ਵਰ੍ਹੇ ਮੁੱਕੇਬਾਜ਼ੀ ਦੇ ਅਖਾੜਿਆਂ ਦਾ ਸ਼ਿੰਗਾਰ ਰਿਹਾ। ਉਹਦੀ ਕਮਾਈ ਕਰੋੜਾਂ ਡਾਲਰਾਂ ਤਕ ਅਪੜੀ। ਉਹਨੇ ਵਿਸ਼ਵ ਪੱਧਰ ਦੇ ਦਰਜਨਾਂ ਭੇੜ ਭਿੜੇ, ਤਿੰਨ ਵਾਰ ਮੁੱਕੇਬਾਜ਼ੀ ਦਾ ਵਿਸ਼ਵ ਖ਼ਿਤਾਬ ਜਿੱਤਿਆ, ਤਿੰਨ ਪਤਨੀਆਂ ਨੂੰ ਤਲਾਕ ਦਿੱਤੇ ਤੇ ਅੱਠ ਬੱਚਿਆਂ ਦਾ ਬਾਪ ਬਣਿਆ। ਉਹਦੀ ਧੀ ਲੈਲਾ ਨੇ ਮੁੱਕੇਬਾਜ਼ੀ ਵਿਚ ਵਿਸ਼ਵ ਪੱਧਰ ‘ਤੇ ਨਾਮਣਾ ਖੱਟਿਆ। ਚੁਤਾਲੀ ਸਾਲਾਂ ਦੀ ਉਮਰ ਵਿਚ ਉਹਨੇ ਅਠਾਈ ਸਾਲਾਂ ਦੀ ਯੋਲੰਡਾ ਨਾਲ ਚੌਥਾ ਵਿਆਹ ਕਰਵਾਇਆ ਸੀ। ਤੀਹ ਸਾਲਾਂ ਤੋਂ ਉਹ ਪਾਰਕਿਨਸਨ ਦੀ ਨਾਮੁਰਾਦ ਬਿਮਾਰੀ ਦਾ ਸ਼ਿਕਾਰ ਸੀ।
ਮੁਹੰਮਦ ਅਲੀ ਬਾਰੇ ਲਿਖਣਾ ਲਫਜ਼ਾਂ ਨਾਲ ਘੁਲਣਾ ਹੈ। ਉਹ ਵਰ੍ਹਿਆਂ-ਬੱਧੀ ਦੁਨੀਆ ਦਾ ਸਭ ਤੋਂ ਤਕੜਾ ਮੁੱਕੇਬਾਜ਼ ਕਿਹਾ ਜਾਂਦਾ ਰਿਹਾ। ਕਿੰਗ ਮਾਰਟਨ ਲੂਥਰ ਨੇ ਉਸ ਨੂੰ ਕਾਲੇ ਲੋਕਾਂ ਦਾ ਮਸੀਹਾ ਤੇ ਮਹਾਨ ਘੁਲਾਟੀਆ ਕਹਿ ਕੇ ਵਡਿਆਇਆ ਸੀ। ਕਈ ਸਾਲ ਉਹ ਕਾਲਾ ਕਸਿੰਗਰ ਬਣਨ ਦੇ ਸੁਫਨੇ ਲੈਂਦਾ ਰਿਹਾ। ਉਹਦੇ ਇਕ-ਇਕ ਭੇੜ ਦੀ ਕੀਮਤ ਕਰੋੜਾਂ ਰੁਪਿਆਂ ਤਕ ਪੁੱਜਦੀ ਰਹੀ। ਉਹਦੇ ਬਾਰੇ ਸੈਂਕੜੇ ਕਲਮਾਂ ਨੇ ਲੱਖਾਂ ਲਫ਼ਜ਼ ਲਿਖੇ ਤੇ ਮੁਹੰਮਦ ਅਲੀ ਦੇ ਨਾਂ ਦੀਆਂ ਹਜ਼ਾਰਾਂ ਸੁਰਖ਼ੀਆਂ ਲੱਗੀਆਂ। ਜਦੋਂ ਉਹਦਾ ਮੁੱਕੇਬਾਜ਼ੀ ਦਾ ਮੁਕਾਬਲਾ ਹੁੰਦਾ ਸੀ ਤਾਂ ਇਕ ਅਰਬ ਤੋਂ ਵੱਧ ਅੱਖਾਂ ਟੀ. ਵੀ. ਦੇ ਪਰਦਿਆਂ ‘ਤੇ ਉਹਦਾ ਮੁਕਾਬਲਾ ਵੇਖਦੀਆਂ ਸਨ।
ਕਈ ਸਾਲ ਪਹਿਲਾਂ ਖ਼ਬਰਾਂ ਨਿਕਲੀਆਂ ਸਨ ਕਿ ਮੁਹੰਮਦ ਅਲੀ ਨੂੰ ਕੋਈ ਗੁੱਝੀ ਬਿਮਾਰੀ ਵਿਚੇ ਵਿਚ ਖਾ ਰਹੀ ਹੈ। ਉਹਦੇ ਹੱਥ ਕੰਬਦੇ ਹਨ ਤੇ ਆਵਾਜ਼ ਬਹਿ ਗਈ ਹੈ। ਲੋਕ ਸਮਝਦੇ ਸਨ ਕਿ ਸਿਰ ‘ਚ ਖਾਧੇ ਸੈਂਕੜੇ ਹਜ਼ਾਰਾਂ ਮੁੱਕਿਆਂ ਦਾ ਸ਼ਾਇਦ ਕੋਈ ਵਿਗਾੜ ਹੋਵੇ। ਡਾਕਟਰਾਂ ਨੇ ਉਹਦੀ ਬਿਮਾਰੀ ਦਾ ਨਾਂ ਪਾਰਕਿਨਸਨ ਸਾਈਨਡਰੋਮ ਦੱਸਿਆ। ਪਰ ਡਾ. ਰਾਜਕੋ ਮੈਡਨੀਕਾ ਨੇ ਬਿਮਾਰੀ ਲੱਭੀ ਕਿ ਕਿਸੇ ਜ਼ਹਿਰੀਲੀ ਦਵਾਈ ਦਾ ਲਹੂ ‘ਚ ਰਚਿਆ ਭੈੜਾ ਪ੍ਰਭਾਵ ਸੀ। ਛੇ ਅੱਠ ਹਫ਼ਤਿਆਂ ਬਾਅਦ ਉਸ ਦੇ ਲਹੂ ਦੀ ਸਫਾਈ ਕੀਤੀ ਜਾਣ ਲੱਗੀ ਜਿਸ ਉਤੇ ਪੰਜ ਛੇ ਘੰਟਿਆਂ ਦਾ ਵਕਤ ਲੱਗਣ ਲੱਗਾ।
ਮੁਹੰਮਦ ਅਲੀ ਨੂੰ ਇਕ ਹੋਰ ਭੈੜੀ ਆਦਤ ਸੀ ਆਈਸ ਕਰੀਮ ਖਾਣ ਦੀ। ਇਸ ਚੰਦਰੀ ਬਾਣ ਨਾਲ ਸਰੀਰਕ ਭਾਰ ਬੁਰੀ ਤਰ੍ਹਾਂ ਵਧਦਾ ਸੀ। ਪਰ ਉਸ ਦੀ ਚੌਥੀ ਪਤਨੀ ਨੇ ਬੜੀ ਸੂਝ ਬੂਝ ਨਾਲ ਉਹਦੀ ਖੁਰਾਕ ਬੰਧੇਜ ਵਿਚ ਲਿਆਂਦੀ ਤੇ ਉਸ ਨੇ ਆਪਣਾ ਭਾਰ 245 ਪੌਂਡ ‘ਤੇ ਟਿਕਾਅ ਲਿਆ। ਪਹਿਲਾਂ ਤਾਂ ਉਹ 300 ਪੌਂਡ ਦੇ ਨੇੜੇ ਪਹੁੰਚ ਗਿਆ ਸੀ। ਜਦੋਂ ਉਹ ਸਰਗਰਮ ਮੁੱਕੇਬਾਜ਼ ਸੀ ਤਾਂ ਉਹਦਾ ਭਾਰ 220 ਪੌਂਡ ਹੁੰਦਾ ਸੀ। ਉਹਦੀ ਅਜੋਕੀ ਪਤਨੀ ਜਿਸ ਦਾ ਨਿੱਕਾ ਨਾਂ ਲੋਨੀ ਹੈ ਮਨੋਵਿਗਿਆਨ ਦੀ ਗਰੈਜੂਏਟ ਤੇ ਐੱਮ. ਬੀ. ਏ. ਦਾ ਡਿਪਲੋਮਾ ਪਾਸ ਹੈ। ਉਹ ਮੁਹੰਮਦ ਅਲੀ ਦੇ ਨਗਰ ਲੂਈਸਵਿਲੇ ਦੀ ਹੀ ਜੰਮਪਲ ਹੈ ਤੇ ਬਚਪਨ ਤੋਂ ਮੁਹੰਮਦ ਅਲੀ ਨੂੰ ਪਿਆਰ ਕਰਦੀ ਸੀ। ਪਰ ਸੰਗਾਊ ਹੋਣ ਕਰਕੇ ਆਪਣੇ ਪਿਆਰ ਦਾ ਇਜ਼ਹਾਰ ਨਾ ਕਰ ਸਕੀ। ਜਦੋਂ ਉਸ ਨੂੰ ਪਤਾ ਲੱਗਾ ਕਿ ਮੁਹੰਮਦ ਅਲੀ ਦਾ ਆਪਣੀ ਤੀਜੀ ਪਤਨੀ ਵੇਰੋਨਿਕਾ ਨਾਲ ਤਲਾਕ ਹੋ ਗਿਆ ਤਾਂ ਉਸ ਨੇ ਸ਼ਾਦੀ ਲਈ ਪੇਸ਼ਕਸ਼ ਕੀਤੀ। ਲੋਕਾਂ ਨੇ ਕਿਹਾ ਕਿ ਨਿਭਣੀ ਇਹਨਾਂ ਦੀ ਵੀ ਨਹੀਂ ਪਰ ਉਹ ਨਿਭਦੀ ਗਈ।
ਮੁਹੰਮਦ ਅਲੀ ਦਾ ਜਮਾਂਦਰੂ ਨਾਂ ਕੈਸੀਅਸ ਕਲੇ ਸੀ। ਉਹਦਾ ਜਨਮ ਅਮਰੀਕਾ ਵਿਚ ਲੂਈਸਵਿਲੇ ਦੇ ਹਸਪਤਾਲ ‘ਚ 17 ਜਨਵਰੀ 1942 ਨੂੰ ਸ਼ਾਮ ਦੇ 6.35 ਵਜੇ ਹੋਇਆ ਸੀ। ਕੈਸੀਅਸ ਕਲੇ ਮਾਪਿਆਂ ਦਾ ਪਹਿਲਾ ਬੱਚਾ ਸੀ। ਉਹਦੇ ਮਾਪੇ ਦੋਗਲੀਆਂ ਨਸਲਾਂ ਦੇ ਸਨ। ਤਿੰਨ ਸਾਲ ਦੀ ਉਮਰ ਵਿਚ ਉਹ ਪੰਜਾਂ ਸਾਲਾਂ ਦਾ ਲੱਗਦਾ ਸੀ ਜਿਸ ਕਰਕੇ ਉਹਦੀ ਮਾਂ ਨੂੰ ਬੱਸ ‘ਚ ਉਹਦੀ ਟਿਕਟ ਕਟਾਉਣੀ ਪੈਂਦੀ ਸੀ। ਉਹ ਤਿੰਨਾਂ ਚਹੁੰ ਬੱਚਿਆਂ ਜਿੰਨੀ ਖੁਰਾਕ ਖਾਂਦਾ ਸੀ। ਇਕ ਵਾਰ ਗੋਦੀ ਵਿਚ ਦੁੱਧ ਚੁੰਘਦੇ ਨੇ ਮਾਂ ਦੇ ਅਜਿਹਾ ਘਸੁੰਨ ਮਾਰਿਆ ਕਿ ਉਹਦਾ ਦੰਦ ਹਿਲਾ ਦਿੱਤਾ ਜੋ ਬਾਅਦ ਵਿਚ ਕਢਾਉਣਾ ਪਿਆ। ਗੀ-ਗੀ ਉਹਦੇ ਪਹਿਲੇ ਬੋਲ ਸਨ ਜਿਨ੍ਹਾਂ ਦੇ ਅਰਥ ਬਾਅਦ ਵਿਚ ਕਿਸੇ ਨੇ ਗੋਲਡਨ ਗਲੱਵਜ਼ ਕੱਢੇ ਤੇ ਕਿਸੇ ਨੇ ਗਿਫਟ ਆਫ਼ ਗਾਡ।
ਉਹ ਦਰਮਿਆਨਾ ਵਿਦਿਆਰਥੀ ਸੀ ਪਰ ਕਿਹਾ ਕਰਦਾ ਸੀ, ”ਮੈਂ ਇਕ ਦਿਨ ਮਹਾਨ ਬਣਾਂਗਾ!” ਚੜ੍ਹਦੀ ਉਮਰੇ ਹੀ ਉਹ ਆਪਣਾ ਨਾਂ ਰੇਡੀਓ ਤੋਂ ਸੁਣਨਾ ਚਾਹੁੰਦਾ ਸੀ। ਛਪਿਆ ਵੇਖਣਾ ਚਾਹੁੰਦਾ ਸੀ, ਉਘੜਵਾਂ ਤੇ ਲਿਸ਼ਕਵਾਂ-ਕੈਸੀਅਸ ਕਲੇ। ਰੋਮ ਦੀਆਂ ਓਲੰਪਿਕ ਖੇਡਾਂ ਦੇ ਟਰਇਲਾਂ ਲਈ ਉਹਨੂੰ ਸਾਨਫਰਾਂਸਿਸਕੋ ਸੱਦਿਆ ਗਿਆ ਪਰ ਉਹ ਹਵਾਈ ਜਹਾਜ਼ ‘ਤੇ ਚੜ੍ਹਨੋਂ ਡਰਦਾ ਸੀ। ਉਹਦੇ ਕੋਚ ਜੋਅ ਮਾਰਟਿਨ ਨੇ ਉਹਨੂੰ ਜਹਾਜ਼ ‘ਤੇ ਚੜ੍ਹਨ ਲਈ ਮਸੀਂ ਮਨਾਇਆ। ਸਾਨਫਰਾਂਸਿਸਕੋ ਵਿਚ ਉਹ ਟਰਾਇਲਾਂ ‘ਚ ਸਫਲ ਰਿਹਾ ਤਾਂ ਉਸ ਨੇ ਹਵਾਈ ਟਿਕਟ ਹਵਾ ‘ਚ ਚਲਾ ਮਾਰੀ ਤੇ ਰੇਲ ਗੱਡੀ ਉਤੇ ਚੜ੍ਹ ਕੇ ਲੂਈਸਵਿਲੇ ਮੁੜਿਆ। ਸਤਾਰਾਂ ਸਾਲ ਦੀ ਉਮਰ ‘ਚ ਰੋਮ ਦੀਆਂ ਓਲੰਪਿਕ ਖੇਡਾਂ ‘ਚੋਂ ਉਸ ਨੇ ਸੋਨੇ ਦਾ ਤਮਗ਼ਾ ਜਿੱਤਿਆ ਤਾਂ ਉਹਦੀ ਧੰਨ-ਧੰਨ ਹੋ ਗਈ। ਯੂਰਪ ਦੀਆਂ ਗੋਰੀਆਂ ਨੇ ਸਾਂਵਲੇ ਚੈਂਪੀਅਨ ਦੇ ਚੁੰਮਣ ਲਏ ਤੇ ਉਹਦਾ ਨਾਂ ਮੁੱਕੇਬਾਜ਼ੀ ਦੇ ਚੜ੍ਹਦੇ ਸੂਰਜ ਵਜੋਂ ਰੌਸ਼ਨ ਹੋ ਗਿਆ।  ਸਕੂਲ ਦੀ ਪੜ੍ਹਾਈ ਖ਼ਤਮ ਕਰ ਕੇ ਉਸ ਨੇ ਥੋੜ੍ਹ-ਚਿਰੀਆਂ ਨੌਕਰੀਆਂ ਵੀ ਕੀਤੀਆਂ। ਇਕ ਲਾਇਬ੍ਰੇਰੀ ਵਿਚ ਫਰਨੀਚਰ ਸਾਫ਼ ਕਰਦਿਆਂ ਉਸ ਨੂੰ ਇਕ ਮੇਜ਼ ਉਤੇ ਹੀ ਨੀਂਦ ਆ ਗਈ ਸੀ। ਅਦਾਰੇ ਦੀ ਇਕ ਸੇਵਕਾ ਨੇ ਆ ਕੇ ਜਗਾਇਆ ਸੀ। ਹੁਣ ਉਸ ਮੇਜ਼ ਉਤੇ ਪਲੇਟ ਲੱਗੀ ਹੋਈ ਹੈ-ਇਥੇ ਕੈਸੀਅਸ ਕਲੇ ਸੁੱਤਾ ਸੀ!  ਮੁਹੰਮਦ ਅਲੀ ਦੇ ਪੈਰਾਂ ਵਿਚ ਤੇਜ਼ੀ ਸੀ ਤੇ ਮੁੱਕੇ ਵਿਚ ਵਦਾਨ ਦੀ ਸੱਟ। ਉਹ ਤਿਤਲੀ ਵਾਂਗ ਮੰਡਰਾਉਂਦਾ ਤੇ ਮੱਖੀ ਵਾਂਗ ਡੰਗ ਮਾਰਦਾ ਸੀ। ਉਹ ਬੜਬੋਲਾ ਵੀ ਬਹੁਤ ਸੀ ਜਿਸ ਕਰਕੇ ਉਸ ਨੂੰ ਲੂਈਸਵਿਲੇ ਦਾ ‘ਲਿੱਪ’ ਕਿਹਾ ਜਾਂਦਾ ਸੀ। ਉਹਦਾ ਪਹਿਲਾ ਪ੍ਰੋਫੈਸ਼ਨਲ ਮੁਕਾਬਲਾ ਇੰਗਲੈਂਡ ਦੇ ਹੈਨਰੀ ਕੂਪਰ ਨਾਲ ਹੋਇਆ ਸੀ। ਕੂਪਰ ਨੂੰ ਹਰਾ ਕੇ ਉਹ ਵਿਸ਼ਵ ਚੈਂਪੀਅਨ ਸੋਨੀ ਲਿਸਟਨ ਨਾਲ ਲੜਨ ਲਈ ਚੈਲੰਜ ਕਰਨ ਲੱਗਾ। ਸੋਨੀ ਲਿਸਟਨ ਪੱਚੀ ਭੈਣ ਭਾਈਆਂ ‘ਚ ਸਭ ਤੋਂ ਛੋਟਾ ਸੀ ਜਿਵੇਂ ਉਡਣ ਪਰੀ ਵਿਲਮਾ ਰੁਡੋਲਫ ਉੱਨੀ ਭੈਣ ਭਰਾਵਾਂ ‘ਚ ਸਭ ਤੋਂ ਨਿੱਕੀ ਸੀ। ਬਚਪਨ ਵਿਚ ਉਸ ਨੂੰ ਪੋਲੀਓ ਦਾ ਰੋਗ ਲੱਗ ਗਿਆ ਸੀ। ਹੈਰਾਨੀ ਹੈ ਕਿ ਏਡੇ ਵੱਡੇ ਟੱਬਰਾਂ ਵਿਚ ਇਹ ਬੱਚੇ ਕਿਵੇਂ ਪਲਦੇ ਰਹੇ ਤੇ ਵਰਲਡ ਚੈਂਪੀਅਨ ਬਣਦੇ ਰਹੇ!
ਸੋਨੀ ਲਿਸਟਨ ਨਿੱਕਾ ਹੁੰਦਾ ਈ ਮਾੜ ਧਾੜ ਕਰਨ ਲੱਗ ਪਿਆ ਸੀ ਤੇ ਜੇਲ੍ਹ ਚਲਾ ਗਿਆ ਸੀ। ਜੇਲ੍ਹ ਵਿਚ ਹੀ ਉਸ ਨੇ ਮੁੱਕੇਬਾਜ਼ੀ ਸਿੱਖੀ ਸੀ। 25 ਫਰਵਰੀ 1964 ਨੂੰ ਕੈਸੀਅਸ ਕਲੇ ਨੇ ਸੋਨੀ ਲਿਸਟਨ ਨੂੰ ਹਰਾ ਕੇ ਵਿਸ਼ਵ ਗੁਰਜ ਜਿੱਤੀ ਤੇ ਮਹਾਨ ਮੁੱਕੇਬਾਜ਼ ਅਖਵਾਇਆ। ਉਸ ਤੋਂ ਦੋ ਹਫ਼ਤੇ ਪਿੱਛੋਂ ਉਹ ਇਸਲਾਮ ਦੇ ਪ੍ਰਭਾਵ ਹੇਠ ਆ ਗਿਆ ਅਤੇ ਮੁਸਲਮਾਨ ਸਜ ਗਿਆ। ਉਸ ਦਾ ਨਵਾਂ ਨਾਂ ਮੁਹੰਮਦ ਅਲੀ ਰੱਖਿਆ ਗਿਆ। ਇਸਲਾਮ ਜਗਤ ਨੇ ਫਿਰ ਉਸ ਦਾ ਰੱਜ ਕੇ ਪ੍ਰਚਾਰ ਕੀਤਾ। ਮਿਸਰ ਦੇ ਰਾਸ਼ਟਰਪਤੀ ਨਾਸਰ ਵਰਗੇ ਕੈਰੋ ਦੇ ਹਵਾਈ ਅੱਡੇ ਉਤੇ ਉਹਦੀ ਉਡੀਕ ਕਰਦੇ ਰਹੇ। ਮੁਸਲਮ ਭਾਈਚਾਰਾ ਹੁੱਬ ਕੇ ਕਹਿੰਦਾ ਕਿ ਅਲੀ ਸਾਡਾ ਹੈ!
ਮੁਸਲਮਾਨ ਬਣ ਕੇ ਮੁਹੰਮਦ ਅਲੀ ਨੇ ਸੋਂਜੀ ਨਾਲ ਸ਼ਾਦੀ ਕਰ ਲਈ। ਸੋਂਜੀ ਨੂੰ ਮੁਸਲਮਾਨੀ ਪਰਦੇ ਪਸੰਦ ਨਹੀਂ ਸਨ। ਉਹ ਲੰਡੇ ਕਪੜਿਆਂ ਨਾਲ ਅੱਧਨੰਗੀ ਵਿਚਰਦੀ ਤੇ ਨੱਚਣ ਗਾਉਣ ‘ਚ ਦਿਲਚਸਪੀ ਰੱਖਦੀ ਸੀ। ਕੁਝ ਮਹੀਨਿਆਂ ਪਿੱਛੋਂ ਹੀ ਉਨ੍ਹਾਂ ਦਾ ਤਲਾਕ ਹੋ ਗਿਆ। ਮੁਹੰਮਦ ਅਲੀ ਨੇ ਅਦਾਲਤ ਵਿਚ ਕਿਹਾ, ”ਜੱਜ ਸਾਹਬ, ਇਹਦੇ ਕਪੜੇ ਵੇਖੋ। ਇਨ੍ਹਾਂ ‘ਚ ਇਹਦਾ ਨੰਗੇਜ ਦੀਂਹਦੈ। ਇਹ ਮੇਰੇ ਮਜ਼ਹਬ ਦੇ ਮੁਤਾਬਿਕ ਨਹੀਂ। ਮੇਰਾ ਇਹਤੋਂ ਖਹਿੜਾ ਛੁਡਾਓ।”
ਜੱਜ ਨੇ ਤਲਾਕ ਮਨਜ਼ੂਰ ਕਰ ਦਿੱਤਾ ਤੇ ਸੋਂਜੀ ਲਈ ਦਸ ਸਾਲ ਤਕ ਦਾ ਖਰਚਾ ਬੰਨ੍ਹ ਦਿੱਤਾ। ਸੋਂਜੀ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ, ”ਅਲੀ ਅੰਤ ਵੇਲੇ ਯਾਦ ਕਰੇਗਾ ਕਿ ਉਹਦਾ ਸਭ ਤੋਂ ਤਕੜਾ ਮੁਕਾਬਲਾ ਉਹਦੀ ਪਹਿਲੀ ਪਤਨੀ ਨਾਲ ਸੀ। ਉਹਨੂੰ ਹੋਰ ਕੋਈ ਢਾਹ ਸਕੇ ਜਾਂ ਨਾ ਪਰ ਮੈਂ ਉਸ ਨੂੰ ਢਾਹ ਲਿਐ। ਉਹ ਵੀ ਕੀ ਯਾਦ ਰੱਖੇਗਾ ਕਿ ਕਿਸੇ ਨਾਲ ਵਾਹ ਪਿਆ ਸੀ।” ਖਰਚਾ ਬੰਨ੍ਹਵਾ ਕੇ ਉਹ ਕਲੱਬ ਵਿਚ ਚਲੀ ਗਈ ਤੇ ਮਨਚਾਹੇ ਮੁੰਡਿਆਂ ਨਾਲ ਨੱਚਣ ਗਾਉਣ ਲੱਗੀ। ਉਧਰ ਵੀਤਨਾਮ ਦੀ ਜੰਗ ਛਿੜੀ ਹੋਈ ਸੀ। ਅਮਰੀਕਾ ਦੇ ਕਾਨੂੰਨ ਅਨੁਸਾਰ ਮੁਹੰਮਦ ਅਲੀ ਨੂੰ ਵੀ ਕੁਝ ਸਮੇਂ ਲਈ ਜੰਗ ‘ਚ ਭੇਜਣ ਦਾ ਹੁਕਮ ਹੋਇਆ ਤਾਂ ਉਹਨੇ ਜੰਗ ਵਿਚ ਜਾਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ, ”ਮੈਂ ਬੰਦੂਕ ਨਹੀਂ ਫੜਨੀ।” ਬਹੁਤ ਸਾਰੇ ਲੋਕਾਂ ਨੇ ਉਹਦੀ ਨਾਬਰੀ ਦੀ ਹਮਾਇਤ ਕੀਤੀ। ਕਈਆਂ ਨੇ ਉਹਨੂੰ ਕਾਨੂੰਨ ਤੋੜਨ ਵਾਲਾ ਕਿਹਾ। ਉਹਦੇ ਵਿਰੁੱਧ ਮੁਕੱਦਮਾ ਚੱਲਿਆ ਤੇ ਅਦਾਲਤ ਨੇ ਉਸ ਨੂੰ ਪੰਜ ਸਾਲ ਦੀ ਕੈਦ ਸੁਣਾਈ ਤੇ ਦਸ ਹਜ਼ਾਰ ਡਾਲਰ ਜੁਰਮਾਨਾ ਕੀਤਾ। ਇਸ ਸਜ਼ਾ ਨੇ ਸਿਖਰ ਦੀ ਜੁਆਨੀ ਵਿਚ ਅਲੀ ਨੂੰ ਪੰਜ ਸਾਲ ਬਾਕਸਿੰਗ ਦੇ ਰਿੰਗ ਤੋਂ ਮਹਿਰੂਮ ਰੱਖਿਆ।
ਉਹ ਰਿਹਾਅ ਹੋਇਆ ਤਾਂ ਉਸ ਨੇ ਫਿਰ ਮੁੱਕੇਬਾਜ਼ੀ ਸ਼ੁਰੂ ਕਰ ਲਈ। ਉਸ ਨੇ ਆਲਮੀ ਚੈਂਪੀਅਨ ਜੋਅ ਫਰੇਜ਼ੀਅਰ ਨੂੰ ਹਰਾ ਕੇ ਦੁਬਾਰਾ ਵਿਸ਼ਵ ਤਾਜ ਜਿੱਤਿਆ। ਤੀਜੀ ਵਾਰ ਉਹਨੇ ਜਾਰਜ ਫੋਰਮੈਨ ਨੂੰ ਹਰਾ ਕੇ ਵਿਸ਼ਵ ਗੁਰਜ ਜਿੱਤੀ। ਉਦੋਂ ਤਕ ਉਹੀ ਇਕੋ ਇਕ ਮੁੱਕੇਬਾਜ਼ ਸੀ ਜਿਸ ਨੇ ਤਿੰਨ ਵਾਰ ਮੁੱਕੇਬਾਜ਼ੀ ਦੀ ਵਿਸ਼ਵ ਚੈਂਪੀਅਨਸ਼ਿਪ ਜਿੱਤੀ। ਵਿਸ਼ੇਸ਼ ਗੱਲ ਇਹ ਸੀ ਕਿ ਉਹ ਤਿੰਨੇ ਵਾਰ ਵਿਸ਼ਵ ਗੁਰਜ ਖੁਹਾਉਣ ਪਿੱਛੋਂ ਜਿੱਤਦਾ ਰਿਹਾ ਸੀ। ਆਖ਼ਰ ਲਿਓਨ ਸਪਿੰਕਸ ਨੇ ਜੂਨ 1977 ਵਿਚ ਉਹਨੂੰ ਹਰਾ ਕੇ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਲਈ ਮਜਬੂਰ ਕੀਤਾ।
ਮੁਹੰਮਦ ਅਲੀ ਨੇ ਮੁੱਕੇਬਾਜ਼ੀ ਦੇ ਨਾਲ-ਨਾਲ ਮਾੜੀ ਮੋਟੀ ਸ਼ਾਇਰੀ ਵੀ ਕੀਤੀ ਤੇ ਇਸਲਾਮ ਬਾਰੇ ਲੈਕਚਰ ਵੀ ਕੀਤੇ। 1980 ਵਿਚ ਮਾਸਕੋ ਦੀਆਂ ਓਲੰਪਿਕ ਖੇਡਾਂ ਦੇ ਬਾਈਕਾਟ ਲਈ ਅਮਰੀਕਾ ਸਰਕਾਰ ਨੇ ਉਹਨੂੰ ਆਪਣਾ ਬੁਲਾਰਾ ਬਣਾ ਕੇ ਅਫਰੀਕਾ ਦੇ ਮੁਸਲਮਾਨੀ ਮੁਲਕਾਂ ਵਿਚ ਭੇਜਿਆ ਪਰ ਉਹ ਆਪਣੇ ਮਿਸ਼ਨ ਵਿਚ ਫੇਲ੍ਹ ਹੋਇਆ। ਉਹ ਇਸਲਾਮ ਦੇ ਪ੍ਰਚਾਰ ਲਈ ਪੜ੍ਹਨ ਸਮੱਗਰੀ ਉਤੇ ਆਪਣੇ ਦਸਖ਼ਤ ਕਰ ਕੇ ਲੋਕਾਂ ‘ਚ ਵੰਡਦਾ ਰਿਹਾ। ਉਸ ਨੇ ਆਪਣੇ ਚਾਹੁਣ ਵਾਲਿਆਂ ਵਿਚ ਇਸਲਾਮਿਕ ਵਸਤਾਂ ਵੀ ਵੰਡੀਆਂ। ਉਹ ਆਪਣੇ ਗੋਲ ਭਰਵੇਂ ਚਿਹਰੇ, ਗੰਭੀਰ ਮੁਦਰਾ ਤੇ ਧੀਮੀ ਆਵਾਜ਼ ਵਿਚ ਅੱਲਾ ਨੂੰ ਯਾਦ ਕਰਦਾ ਰਿਹਾ।
ਸਰਗਰਮ ਮੁੱਕੇਬਾਜ਼ੀ ਤੋਂ ਰਿਟਾਇਰ ਹੋਣ ਪਿੱਛੋਂ ਉਸ ਨੂੰ ਇਕ ਵਾਰ ਮੁੜ ਮੁੱਕੇਬਾਜ਼ੀ ਦਾ ਫਤੂਰ ਕੁੱਦ ਪਿਆ ਸੀ। ਉਸ ਨੇ ਮਸ਼ਹੂਰ ਮੁੱਕੇਬਾਜ਼ ਲੈਰੀ ਹੋਮਜ਼ ਨੂੰ ਲਲਕਾਰਿਆ ਸੀ। 2 ਅਕਤੂਬਰ 1980 ਦੀ ਰਾਤ ਨੂੰ ਵਿਸ਼ਵ ਚੈਂਪੀਅਨ ਲੈਰੀ ਹੋਮਜ਼ ਨੇ ਮੁਹੰਮਦ ਅਲੀ ਉਤੇ ਉਹ ਮੁੱਕਿਆਂ ਦੀ ਬੁਛਾੜ ਕੀਤੀ ਕਿ ਅਲੀ ਦੇ ਆਉਸਾਨ ਮਾਰੇ ਗਏ ਤੇ ਤੌਰ ਉੱਡੇ ਰਹੇ। ਕੇਵਲ ਸੱਤਵੇਂ ਗੇੜ ‘ਚ ਅਲੀ ਨੇ ਕੁਝ ਜੌਹਰ ਵਿਖਾਏ ਪਰ ਪਹਿਲਾਂ ਵਾਲੀ ਗੱਲ ਨਾ ਬਣੀ। ਅਗਲੇ ਤਿੰਨ ਗੇੜਾਂ ‘ਚ ਲੈਰੀ ਹੋਮਜ਼ ਨੇ ਮੁਹੰਮਦ ਅਲੀ ਦਾ ਮਲੀਆਮੇਟ ਕਰ ਦਿੱਤਾ। ਦਸਵੇਂ ਗੇੜ ਪਿੱਛੋਂ ਉਹ ਦਮ ਲੈਣ ਬੈਠਾ ਤੇ ਗਿਆਰਵੇਂ ਗੇੜ ਲਈ ਉੱਠ ਨਾ ਸਕਿਆ। ਇੰਜ ਇਤਿਹਾਸ ਦੇ ਸਭ ਤੋਂ ਤਕੜੇ ਮੁੱਕੇਬਾਜ਼ ਦੀ ਹਾਰ ਨਾਕ ਆਊਟ ਦੀ ਨਮੋਸ਼ੀ ਨਾਲ ਹੋਈ ਜੋ ਕਿਸੇ ਦੇ ਖ਼ਾਬ ਖਿਆਲ ਵਿਚ ਵੀ ਨਹੀਂ ਸੀ।
ਵੇਖਣ ਵਾਲੇ ਦੱਸਦੇ ਸਨ ਕਿ ਹਾਰ ਜਾਣ ਪਿੱਛੋਂ ਉਹ ਕਈ ਮਿੰਟ ਸਟੂਲ ਤੋਂ ਉੱਠ ਨਹੀਂ ਸੀ ਸਕਿਆ। ਉਹਦਾ ਚਿਹਰਾ ਲੱਥ ਗਿਆ ਸੀ ਤੇ ਭਵੰਤਰੀਆਂ ਨਜ਼ਰਾਂ ਇੰਜ ਸਨ ਜਿਵੇਂ ਕਿਸੇ ਡਰਾਉਣੇ ਸੁਫਨੇ ‘ਚੋਂ ਜਾਗਿਆ ਹੋਵੇ। ਪਰ ਅਗਲੇ ਦਿਨ ਉਹਨੇ ਫਿਰ ਬੜ੍ਹਕ ਮਾਰੀ ਜਿਵੇਂ ਕਿ ਉਹ ਹਾਰਨ ਪਿੱਛੋਂ ਹਮੇਸ਼ਾਂ ਮਾਰਿਆ ਕਰਦਾ ਸੀ, ”ਮੁਹੰਮਦ ਅਲੀ ਨੂੰ ਮੁੱਕ ਗਿਆ ਨਾ ਸਮਝੋ। ਮੈਂ ਇਕ ਵਾਰ ਫਿਰ ਅਖਾੜੇ ‘ਚ ਉੱਤਰਾਂਗਾ ਤੇ ਸਾਬਤ ਕਰ ਦਿਆਂਗਾ ਕਿ ਅਲੀ ਸੱਚਮੁੱਚ ਮਹਾਨ ਹੈ!”
ਪਰ ਇਹ ਸਿਰਫ਼ ਬੜ੍ਹਕ ਹੀ ਸੀ। ਉਹਦੀ ਮੁੱਕੇਬਾਜ਼ੀ ਦੇ ਦਿਨ ਮੁੱਕ ਚੁੱਕੇ ਸਨ ਪਰ ਬੜ੍ਹਕਾਂ ਨਹੀਂ ਸਨ ਮੁੱਕੀਆਂ। ਉਹ ਪਾਰਕਿਨਸਨ ਦਾ ਮਰੀਜ਼ ਬਣ ਗਿਆ ਸੀ ਤੇ ਹਰ ਵੇਲੇ ਕੰਬਦੇ ਰਹਿਣਾ ਉਹਦੇ ਭਾਗ ਬਣ ਗਏ ਸਨ। 1996 ਵਿਚ ਅਟਲਾਂਟਾ ਦੀਆਂ ਓਲੰਪਿਕ ਖੇਡਾਂ ਸਮੇਂ ਉਸ ਨੇ ਕੰਬਦੇ ਹੱਥਾਂ ਨਾਲ ਖੇਡਾਂ ਦੀ ਜੋਤ ਜਗਾਈ ਸੀ ਤੇ ਉਹਦੇ ਦਰਸ਼ਨ ਕੁਲ ਦੁਨੀਆਂ ਨੇ ਇਕ ਵਾਰ ਫਿਰ ਕੀਤੇ ਸਨ। ਪਰ ਉਹ ਪਹਿਲਾਂ ਵਾਲਾ ਮੁਹੰਮਦ ਅਲੀ ਨਹੀਂ ਸੀ ਲੱਗਦਾ। ਉਹ ਪਾਰਕਿਨਸਨ ਦੀ ਬਿਮਾਰੀ ਨਾਲ ਜੂਝਦਾ ਰਿਹਾ। ਆਖ਼ਰ 3 ਜੂਨ 2016 ਨੂੰ ਫੀਨੈਕਸ ਦੇ ਹਸਪਤਾਲ ਵਿਚ ਉਹਨੇ ਆਖ਼ਰੀ ਸਾਹ ਲਿਆ ਤੇ ਸਦਾ ਲਈ ਸੌਂ ਗਿਆ। ਸਾਧੂ ਦਯਾ ਸਿੰਘ ਨੇ ‘ਜ਼ਿੰਦਗੀ ਬਿਲਾਸ’ ਦੇ ਕਿੱਸੇ ਵਿਚ ਸੱਚ ਹੀ ਕਿਹਾ ਹੈ-ਆਖ਼ਰ ਉਮਰ ਦੀ ਡੋਰ ਨੇ ਟੁੱਟ ਜਾਣਾ ਗੁੱਡੀ ਜੱਗ ‘ਤੇ ਸਦਾ ਨਾ ਚੜ੍ਹੀ ਰਹਿਣੀ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …