ਸੂਬਾ ਸਰਕਾਰ ਨੂੰ ਇਸਦਾ ਹੋ ਸਕਦਾ ਹੈ ਨੁਕਸਾਨ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ’ਤੇ ਇਸ ਵਾਰ ਪਿਛਲੀਆਂ ਚੋਣਾਂ ਦੇ ਮੁਕਾਬਲੇ ਘੱਟ ਵੋਟਿੰਗ ਹੋਈ ਹੈ ਅਤੇ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਘੱਟ ਵੋਟਿੰਗ ਦਾ ਸੂਬਾ ਸਰਕਾਰ ਨੂੰ ਨੁਕਸਾਨ ਹੋ ਸਕਦਾ ਹੈ। ਪੰਜਾਬ ਵਿਚ ਇਲੈਕਸ਼ਨ ਕਮਿਸ਼ਨ ਦੇ ਐਪ ਵੋਟਰ ਟਰਨ ਆਊਟ ਦੇ ਮੁਤਾਬਕ 62.6 ਫੀਸਦੀ ਵੋਟਾਂ ਪਈਆਂ ਹਨ, ਜੋ ਕਿ 2009, 2014 ਅਤੇ 2019 ਦੇ ਮੁਕਾਬਲੇ ਇਹ ਘੱਟ ਹੈ। ਜਾਣਕਾਰੀ ਮੁਤਾਬਕ 2009 ਵਿਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ’ਤੇ 69.78 ਫੀਸਦੀ ਵੋਟਿੰਗ ਹੋਈ ਸੀ। ਇਸੇ ਤਰ੍ਹਾਂ 2014 ਵਿਚ 70.63 ਫੀਸਦੀ ਅਤੇ 2019 ਵਿਚ 65.94 ਫੀਸਦੀ ਵੋਟਾਂ ਪਈਆਂ ਸਨ। ਇਸ ਵਾਰ ਇਹ ਅੰਕੜਾ ਘਟ ਕੇ 62.6 ਫੀਸਦੀ ’ਤੇ ਪਹੁੰਚ ਗਿਆ ਹੈ। ਮੀਡੀਆ ਹਲਕਿਆਂ ਮੁਤਾਬਕ ਇਸ ਵਾਰ ਘੱਟ ਵੋਟਿੰਗ ਦਾ ਕਾਰਨ ਸੂਬਾ ਸਰਕਾਰ ਨਾਲ ਲੋਕਾਂ ਦੀ ਨਰਾਜ਼ਗੀ ਦੱਸੀ ਜਾ ਰਹੀ ਹੈ ਅਤੇ ਕਈਆਂ ਵਲੋਂ ਘੱਟ ਵੋਟਿੰਗ ਦਾ ਕਾਰਨ ਵੱਧ ਗਰਮੀ ਵੀ ਦੱਸਿਆ ਗਿਆ ਹੈ।