Breaking News
Home / ਪੰਜਾਬ / ਕੁੰਵਰ ਵਿਜੈ ਪ੍ਰਤਾਪ ਖਿਲਾਫ ਪਟੀਸ਼ਨ ਦੀ ਰਿਪੋਰਟ ਦੇਣ ਤੋਂ ਪੰਜਾਬ ਸਰਕਾਰ ਨੇ ਵੱਟਿਆ ਟਾਲਾ

ਕੁੰਵਰ ਵਿਜੈ ਪ੍ਰਤਾਪ ਖਿਲਾਫ ਪਟੀਸ਼ਨ ਦੀ ਰਿਪੋਰਟ ਦੇਣ ਤੋਂ ਪੰਜਾਬ ਸਰਕਾਰ ਨੇ ਵੱਟਿਆ ਟਾਲਾ

ਅਦਾਲਤ ਨੇ ਸਰਕਾਰ ਨੂੰ 21 ਜੁਲਾਈ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ
ਫਰੀਦਕੋਟ/ਬਿਊਰੋ ਨਿਊਜ਼ : ਬਹਿਬਲ ਕਲਾਂ ਗੋਲੀ ਕਾਂਡ ਦੇ ਸੱਤ ਚਸ਼ਮਦੀਦ ਗਵਾਹਾਂ ਵੱਲੋਂ ਸਾਬਕਾ ਜਾਂਚ ਅਧਿਕਾਰੀ ਤਤਕਾਲੀ ਆਈਜੀ ਕੁੰਵਰ ਵਿਜੈ ਪ੍ਰਤਾਪ ਸਿੰਘ ਖਿਲਾਫ ਦਾਇਰ ਕੀਤੀ ਗਈ ਪਟੀਸ਼ਨ ‘ਤੇ ਪੰਜਾਬ ਸਰਕਾਰ ਅਤੇ ਵਿਸ਼ੇਸ਼ ਜਾਂਚ ਟੀਮ ਨੇ ਕੋਈ ਵੀ ਰਿਪੋਰਟ ਅਦਾਲਤ ਵਿੱਚ ਪੇਸ਼ ਨਹੀਂ ਕੀਤੀ। ਇਲਾਕਾ ਮੈਜਿਸਟਰੇਟ ਮਿਸ ਚੰਦਨ ਨੇ ਮਾਮਲੇ ਦੀ ਸੁਣਵਾਈ ਕਰਦਿਆਂ ਪੰਜਾਬ ਸਰਕਾਰ ਨੂੰ ਆਦੇਸ਼ ਦਿੱਤੇ ਹਨ ਕਿ 21 ਜੁਲਾਈ ਨੂੰ ਇਸ ਮਾਮਲੇ ਵਿੱਚ ਰਿਪੋਰਟ ਪੇਸ਼ ਕੀਤੀ ਜਾਵੇ।
ਜ਼ਿਕਰਯੋਗ ਹੈ ਕਿ ਬੀਤੀ 19 ਜੂਨ ਨੂੰ ਗੋਲੀ ਕਾਂਡ ਦੇ ਗਵਾਹਾਂ ਨੇ ਅਦਾਲਤ ‘ਚ ਲਿਖਤੀ ਅਰਜ਼ੀ ਦੇ ਕੇ ਆਰੋਪ ਲਾਏ ਸਨ ਕਿ ਸਾਬਕਾ ਜਾਂਚ ਅਧਿਕਾਰੀ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਉਨ੍ਹਾਂ ਦੇ ਬਿਆਨਾਂ ਨਾਲ ਕਥਿਤ ਤੌਰ ‘ਤੇ ਛੇੜਛਾੜ ਕੀਤੀ ਹੈ ਤੇ ਨਿੱਜੀ ਰੰਜਿਸ਼ ਕੱਢਣ ਲਈ ਦੋ ਗਵਾਹਾਂ ਨੂੰ ਮੁਲਜ਼ਮ ਵਜੋਂ ਹੀ ਨਾਮਜ਼ਦ ਕਰ ਦਿੱਤਾ ਅਤੇ ਕੁਝ ਅਜਿਹੇ ਵਿਅਤੀਆਂ ਨੂੰ ਚਸ਼ਮਦੀਦ ਗਵਾਹ ਦਿਖਾਇਆ ਗਿਆ ਹੈ ਜੋ ਘਟਨਾ ਸਮੇਂ ਮੌਕੇ ‘ਤੇ ਹਾਜ਼ਰ ਹੀ ਨਹੀਂ ਸਨ।
ਇਲਾਕਾ ਮੈਜਿਸਟਰੇਟ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ, ਪਰ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਰਿਪੋਰਟ ਪੇਸ਼ ਨਹੀਂ ਕੀਤੀ ਅਤੇ ਇਸ ਮਾਮਲੇ ਦੀ ਘੋਖ ਲਈ ਸਮੇਂ ਦੀ ਮੰਗ ਕੀਤੀ ਹੈ, ਜਿਸ ਮਗਰੋਂ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ 21 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਹੈ। ਦੂਜੇ ਪਾਸੇ ਕੁੰਵਰ ਵਿਜੈ ਪ੍ਰਤਾਪ ਸਿੰਘ ਉਕਤ ਗਵਾਹਾਂ ਵੱਲੋਂ ਅਦਾਲਤ ਵਿੱਚ ਦਿੱਤੀ ਅਰਜ਼ੀ ਨੂੰ ਸਾਜਿਸ਼ ਕਰਾਰ ਦੇ ਚੁੱਕੇ ਹਨ। ਉਨ੍ਹਾਂ ਕਿਹਾ ਹੈ ਕਿ ਵੱਡੇ ਮੁਲਜ਼ਮਾਂ ਨੂੰ ਬਚਾਉਣ ਲਈ ਇਹ ਸਾਜਿਸ਼ ਰਚੀ ਗਈ ਹੈ।

Check Also

ਸ੍ਰੀ ਅਕਾਲ ਤਖਤ ਸਾਹਿਬ ’ਤੇ ਦੋ ਦਸੰਬਰ ਨੂੰ ਹੋਣ ਵਾਲੀ ਇਕੱਤਰਤਾ ਤੋਂ ਪਹਿਲਾਂ ਬੋਲੇ ਐਡਵੋਕੇਟ ਧਾਮੀ

ਕਿਹਾ : ਫੈਸਲੇ ਤੋਂ ਪਹਿਲਾਂ ਸਿੰਘ ਸਾਹਿਬਾਨਾਂ ਨੂੰ ਨਾ ਦਿੱਤੀਆਂ ਜਾਣ ਨਸੀਹਤਾਂ ਅੰਮਿ੍ਰਤਸਰ/ਬਿਊਰੋ ਨਿਊਜ਼ : …