ਤਿੰਨ ਦਿਨਾਂ ‘ਚ 160 ਮਰੀਜ਼ ਠੀਕ ਹੋ ਕੇ ਪਰਤੇ ਘਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ‘ਚ ਕੋਰੋਨਾ ਵਾਇਰਸ ਖ਼ਿਲਾਫ਼ ਜੰਗ ਤੇਜ਼ ਹੋ ਗਈ ਹੈ ਕਿਉਂਕਿ ਮਰੀਜ਼ਾਂ ਦੇ ਠੀਕ ਹੋਣ ਦੀ ਰਫ਼ਤਾਰ ਵਧ ਰਹੀ ਹੈ। ਲੰਘੇ ਕੱਲ 95 ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਆਪਣੇ ਘਰਾਂ ਨੂੰ ਪਰਤੇ। ਇਸ ਤੋਂ ਪਹਿਲਾਂ ਬੁੱਧਵਾਰ ਨੂੰ 34 ਤੇ ਮੰਗਲਵਾਰ ਨੂੰ 30 ਕਰੋਨਾ ਪੀੜਤ ਵਿਕਤੀਆਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ। ਲੰਘੇ ਤਿੰਨ ਦਿਨਾਂ ‘ਚ 160 ਵਿਅਕਤੀ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਨ੍ਹਾਂ ਤਿੰਨ ਦਿਨਾਂ ‘ਚ ਨਵੇਂ ਪੌਜ਼ੇਟਿਵ ਮਰੀਜ਼ਾਂ ਦੀ ਗਿਣਤੀ ‘ਚ ਵੀ ਗਿਰਾਵਟ ਆਈ ਹੈ। ਹੁਣ ਤਕ ਪੰਜਾਬ ‘ਚ 295 ਵਿਅਕਤੀ ਕਰੋਨਾ ਨੂੰ ਮਾਤ ਦੇ ਤੰਦਰੁਸਤ ਹੋ ਚੁੱਕੇ ਹਨ ਜਦਕਿ ਪੰਜਾਬ ‘ਚ ਕਰੋਨਾ ਕਾਰਨ 33 ਵਿਅਕਤੀਆਂ ਮੌਤ ਹੋ ਚੁੱਕੀ ਹੈ। ਚੇਤੇ ਰਹੇ ਕਿ ਪੰਜਾਬ ‘ਚ ਕੋਰੋਨਾਵਾਇਰਸ ਦਾ ਅੰਕੜਾ ਹਜ਼ੂਰ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦੇ ਪੌਜ਼ੇਟਿਵ ਆਉਣ ਨਾਲ ਅਚਾਨਕ ਵਧ ਗਿਆ ਸੀ। ਇਸ ਨਾਲ ਸਭ ਦੀਆਂ ਚਿੰਤਾਵਾਂ ਵੱਧ ਗਈਆਂ ਸਨ ਪ੍ਰੰਤੂ ਹੁਣ ਰਾਹਤ ਭਰੀ ਖਬਰ ਇਹ ਹੈ ਕਿ ਹੁਣ ਪੰਜਾਬ ਅੰਦਰ ਕਰੋਨਾ ਪੀੜਤ ਵਿਅਕਤੀ ਕਰੋਨਾ ਨੂੰ ਮਾਤ ਦੇ ਕੇ ਅਤੇ ਤੰਦਰੁਸਤ ਹੋ ਆਪਣੇ ਘਰਾਂ ਨੂੰ ਪਰਤਣ ਲੱਗੇ ਹਨ।