Breaking News
Home / ਪੰਜਾਬ / ਅਮਰੀਕਾ ਦੀਆਂ ਜੇਲ੍ਹਾਂ ਵਿਚ ਜੇਬਾਂ ਖਾਲੀ ਕਰਵਾ ਕੇ ਡਿਪੋਰਟ ਹੋਣ ਮਗਰੋਂ ਅੰਮ੍ਰਿਤਸਰ ਪੁੱਜੇ 167 ਭਾਰਤੀ

ਅਮਰੀਕਾ ਦੀਆਂ ਜੇਲ੍ਹਾਂ ਵਿਚ ਜੇਬਾਂ ਖਾਲੀ ਕਰਵਾ ਕੇ ਡਿਪੋਰਟ ਹੋਣ ਮਗਰੋਂ ਅੰਮ੍ਰਿਤਸਰ ਪੁੱਜੇ 167 ਭਾਰਤੀ

ਅੰਮ੍ਰਿਤਸਰ : ਅਮਰੀਕਾ ਵੱਲੋਂ ਕੱਢੇ ਗਏ (ਡਿਪੋਰਟ ਕੀਤੇ) 167 ਭਾਰਤੀ ਮੰਗਲਵਾਰ ਇੱਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪੁੱਜੇ। ਇਹ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਗਏ ਸਨ। ਇਹ ਵਿਅਕਤੀ ਪੰਜਾਬ ਸਮੇਤ 10 ਸੂਬਿਆਂ ਦੇ ਵਸਨੀਕ ਹਨ ਅਤੇ ਇਨ੍ਹਾਂ ਵਿਚ ਸਭ ਤੋਂ ਵੱਧ 79 ਵਿਅਕਤੀ ਹਰਿਆਣਾ ਨਾਲ ਸਬੰਧਤ ਹਨ। ਪੰਜਾਬ ਦੇ 67 ਵਿਅਕਤੀ ਹਨ। ਇਹ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਇੱਥੇ ਪੁੱਜੇ। ਹਵਾਈ ਅੱਡੇ ‘ਤੇ ਉਨ੍ਹਾਂ ਦੀ ਆਮਦ ਵਾਸਤੇ ਪ੍ਰਸ਼ਾਸਨ ਨੇ ਲੋੜੀਂਦੇ ਪ੍ਰਬੰਧ ਕੀਤੇ ਹਨ। ਦਸਤਾਵੇਜ਼ੀ ਕਾਰਵਾਈ ਅਤੇ ਮੈਡੀਕਲ ਜਾਂਚ ਮਗਰੋਂ ਉਹ ਆਪੋ ਆਪਣੇ ਸੂਬਿਆਂ ਅਤੇ ਜ਼ਿਲ੍ਹਿਆਂ ਵਿਚ ਭੇਜੇ ਜਾਣਗੇ, ਜਿੱਥੇ ਉਨ੍ਹਾਂ ਨੂੰ 14 ਦਿਨਾਂ ਵਾਸਤੇ ਇਕਾਂਤਵਾਸ ਵਿਚ ਰੱਖਿਆ ਜਾਵੇਗਾ। ਇਨ੍ਹਾਂ ਵਿਚੋਂ ਵਧੇਰੇ ਵਿਅਕਤੀ ਏਜੰਟਾਂ ਰਾਹੀਂ ਗ਼ਲਤ ਤਰੀਕੇ ਨਾਲ ਅਮਰੀਕਾ ਗਏ ਸਨ ਪਰ ਮਗਰੋਂ ਉਨ੍ਹਾਂ ਨੂੰ ਉੱਥੇ ਕਾਬੂ ਕਰ ਲਿਆ ਗਿਆ।
ਐੱਸਡੀਐੱਮ ਨੇ ਮੀਡੀਆ ਨੂੰ ਦੱਸਿਆ ਕਿ ਵਾਪਸ ਆਏ 167 ਵਿਅਕਤੀਆਂ ਵਿਚੋਂ 5 ਅੰਮ੍ਰਿਤਸਰ ਤੇ 5 ਤਰਨ ਤਾਰਨ ਜ਼ਿਲ੍ਹਿਆਂ ਨਾਲ ਸਬੰਧਤ ਹਨ। 79 ਵਿਅਕਤੀ ਹਰਿਆਣਾ ਨਾਲ ਸਬੰਧਤ ਹਨ। ਇਨ੍ਹਾਂ ਵਿਚ ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਤਿਲੰਗਾਨਾ, ਗੋਆ, ਕੇਰਲਾ, ਆਂਧਰਾ ਪ੍ਰਦੇਸ਼ ਆਦਿ ਦੇ ਵਾਸੀ ਵੀ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹੋਰਨਾਂ ਸੂਬਿਆਂ ਦੇ 21 ਨਾਗਰਿਕਾਂ ਨੂੰ ਵਾਪਸੀ ਤਕ ਫਿਲਹਾਲ ਇੱਥੇ ਹੀ ਇਕਾਂਤਵਾਸ ਵਿਚ ਰੱਖਿਆ ਜਾਵੇਗਾ ਜਦੋਂਕਿ ਬਾਕੀ ਆਪਣੇ ਜ਼ਿਲ੍ਹਿਆਂ ਵੱਲ ਰਵਾਨਾ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਫਿਲਹਾਲ ਕਿਸੇ ਵਿਚ ਵੀ ਕਰੋਨਾ ਦੇ ਲੱਛਣ ਨਹੀਂ ਹਨ। ਪ੍ਰਾਪਤ ਵੇਰਵਿਆਂ ਮੁਤਾਬਕ ਅਮਰੀਕਾ ਵਿਚ ਲਗਪਗ 1793 ਪਰਵਾਸੀ ਭਾਰਤੀਆਂ ਨੂੰ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਦਾਖ਼ਲ ਹੋਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਉੱਥੇ ਵੱਖ ਵੱਖ ਜੇਲ੍ਹਾਂ ਵਿਚ ਰੱਖਿਆ ਗਿਆ ਸੀ ਪਰ ਹੁਣ ਕਰੋਨਾ ਸਕੰਟ ਕਾਰਨ ਉਨ੍ਹਾਂ ਨੂੰ ਵਾਪਸ ਭਾਰਤ ਭੇਜਿਆ ਜਾ ਰਿਹਾ ਹੈ।
ਇਸ ਤਹਿਤ ਅੱਜ ਪਹਿਲੀ ਉਡਾਣ ਰਾਹੀਂ 167 ਭਾਰਤੀ ਵਾਪਸ ਪਰਤੇ ਹਨ। ਇਸ ਦੌਰਾਨ ਹਵਾਈ ਅੱਡੇ ‘ਤੇ ਕਿਸੇ ਨੂੰ ਵੀ ਉਨ੍ਹਾਂ ਨਾਲ ਮਿਲਣ ਨਹੀਂ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਵੱਖਰਾ ਰੱਖਿਆ ਗਿਆ ਹੈ। ਇਸ ਦੌਰਾਨ ਇੱਥੇ ਪੁੱਜੇ ਪਿੰਡ ਠੱਠੀ ਸੋਹਲ ਦੇ ਮੰਗਲ ਸਿੰਘ ਨੇ ਦੱਸਿਆ ਕਿ ਅੱਜ ਉਸ ਦਾ ਬੇਟਾ ਗੁਰਦੇਵ ਸਿੰਘ ਵੀ ਪਰਤਿਆ ਹੈ, ਜਿਸ ਨੂੰ ਉਸ ਨੇ ਏਜੰਟ ਰਾਹੀਂ 11 ਮਹੀਨੇ ਪਹਿਲਾਂ ਭੇਜਿਆ ਸੀ ਅਤੇ ਇਸ ਵਾਸਤੇ ਵੱਡੀ ਰਕਮ ਵੀ ਦਿੱਤੀ ਸੀ।

Check Also

ਨਵਜੋਤ ਸਿੱਧੂ ਨੇ ਫਿਰ ਸਾਧਿਆ ਕੈਪਟਨ ਅਮਰਿੰਦਰ ਸਰਕਾਰ ‘ਤੇ ਨਿਸ਼ਾਨਾ

ਖੇਤੀ ਅਤੇ ਕਿਸਾਨਾਂ ਦੇ ਵਿਕਾਸ ਲਈ ਦਿੱਤੇ ਕਈ ਸੁਝਾਅ ਚੰਡੀਗੜ੍ਹ/ਬਿਊਰੋ ਨਿਊਜ਼ ਕਾਂਗਰਸੀ ਵਿਧਾਇਕ ਨਵਜੋਤ ਸਿੰਘ …