Breaking News
Home / ਪੰਜਾਬ / ਪਾਸ਼ ਦੇ ਸੱਚੇ ਦਾਸ ਸਨ ਮੇਰੇ ਪਿਤਾ: ਮਨਪ੍ਰੀਤ

ਪਾਸ਼ ਦੇ ਸੱਚੇ ਦਾਸ ਸਨ ਮੇਰੇ ਪਿਤਾ: ਮਨਪ੍ਰੀਤ

ਗੁਰਦਾਸ ਬਾਦਲ ਨਮਿਤ ਹੋਈ ਅੰਤਿਮ ਅਰਦਾਸ ਵਿਚ ਸਿਰਫ ਪਰਿਵਾਰਕ ਮੈਂਬਰ ਤੇ ਚੰਦ ਨਜ਼ਦੀਕੀ ਹੀ ਹੋਏ ਸ਼ਾਮਲ
ਲੰਬੀ/ਬਿਊਰੋ ਨਿਊਜ਼ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਛੋਟੇ ਭਰਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਨਮਿਤ ਅੰਤਿਮ ਅਰਦਾਸ ਪਿੰਡ ਬਾਦਲ ਵਿਚ ਉਨ੍ਹਾਂ ਦੀ ਰਿਹਾਇਸ਼ ‘ਤੇ ਕਰਵਾਈ ਗਈ। ਕਰੋਨਾ ਮਹਾਮਾਰੀ ਕਾਰਨ ਸੀਮਤ ਇਕੱਠ ਵਾਲੇ ਸ਼ਰਧਾਂਜਲੀ ਸਮਾਗਮ ਵਿਚ ਬਾਦਲ ਪਰਿਵਾਰ, ਰਿਸ਼ਤੇਦਾਰ ਤੇ ਕੁਝ ਕਰੀਬੀ ਵਿਅਕਤੀ ਹੀ ਮੌਜੂਦ ਸਨ।
ਦੋ ਮਹੀਨਿਆਂ ਵਿਚ ਮਾਪਿਆਂ ਨੂੰ ਗੁਆਉਣ ਵਾਲੇ ਮਨਪ੍ਰੀਤ ਸਿੰਘ ਬਾਦਲ ਭਾਵੁਕ ਹੋ ਗਏ ਤੇ ਉਨ੍ਹਾਂ ਨੇ ਰੱਬ ਅੱਗੇ ਅਰਦਾਸ ਕੀਤੀ ਕਿ ਸਾਰੀ ਦੌਲਤ, ਸ਼ੋਹਰਤ ਅਤੇ ਅਹੁਦਿਆਂ ਬਦਲੇ ਚਾਰ ਦਿਨਾਂ ਲਈ ਉਨ੍ਹਾਂ ਦੇ ਮਾਪਿਆਂ ਨੂੰ ਮੋੜ ਦੇਵੇ। ਉਨ੍ਹਾਂ ਆਖਿਆ ਕਿ ਮਾਤਾ ਦੀ ਗੋਦ ਅਤੇ ਪਿਤਾ ਦਾ ਹੌਸਲਾ ਗੁਆਚਣ ਮਗਰੋਂ ਉਹ ਖ਼ੁਦ ਨੂੰ ਕਮਜ਼ੋਰ ਅਤੇ ਬੁੱਢਾ ਮਹਿਸੂਸ ਕਰ ਰਹੇ ਹਨ। ਸ਼ਰਧਾਂਜਲੀ ਤਰਕੀਰ ਵਿਚ ਉਨ੍ਹਾਂ ਨੇ ਗੁਰਦਾਸ ਸਿੰਘ ਬਾਦਲ ਦੀ ਸ਼ਖ਼ਸੀਅਤ ਬਾਰੇ ਕਿਹਾ ਕਿ ਆਮ ਤੌਰ ‘ਤੇ ਵੱਡੇ ਦਰੱਖ਼ਤ ਹੇਠਾਂ ਛੋਟੇ ਬੂਟੇ ਨਹੀਂ ਉੱਗਦੇ, ਪਰ ਗੁਰਦਾਸ ਬਾਦਲ ਦੀ ਸ਼ਖ਼ਸੀਅਤ ਦਾ ਉਸਾਰੂ ਪਹਿਲੂ ਇਹ ਸੀ ਕਿ ਉਨ੍ਹਾਂ ਦੇ ਪਰਛਾਵੇਂ ਹੇਠ ਬਹੁਤੇ ਸਾਰੇ ਨਿੱਕੇ ਦਰੱਖ਼ਤ ਵਧੇ ਫੁੱਲੇ।
ਮਨਪ੍ਰੀਤ ਸਿੰਘ ਬਾਦਲ ਨੇ ਤਾਇਆ ਪ੍ਰਕਾਸ਼ ਸਿੰਘ ਬਾਦਲ ਨੂੰ ਸੰਬੋਧਨ ਹੁੰਦਿਆਂ ਕਿਹਾ, ‘ਮੈਂ ਤੁਹਾਨੂੰ ਦਿਲਾਸਾ ਤਾਂ ਨਹੀਂ ਦੇ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਗੁਰਦਾਸ ਸਿੰਘ ਬਾਦਲ ਦੀ ਸਭ ਤੋਂ ਵੱਡੀ ਵਫ਼ਦਾਰੀ ਤੁਹਾਡੇ ਨਾਲ ਹੀ ਸੀ। ਮੇਰੇ ਨਾਲ ਨਹੀਂ। ਮੈਂ ਤਾਂ ਦੂਜੇ ਨੰਬਰ ‘ਤੇ ਆਉਂਦਾ ਸਾ।’ ਉਨ੍ਹਾਂ ਨੇ ਪਿਤਾ ਦੇ ਨਕਸ਼ੇ-ਕਦਮ ‘ਤੇ ਚੱਲਣ ਦਾ ਹੌਸਲਾ ਦੇਣ ਦੀ ਅਰਦਾਸ ਕੀਤੀ। ਇਸ ਮੌਕੇ ਪ੍ਰਕਾਸ਼ ਸਿੰਘ ਬਾਦਲ ਨੂੰ ਬੋਲਣ ਲਈ ਆਖਿਆ ਗਿਆ ਪਰ ਉਹ ਭਾਵੁਕ ਹੋ ਗਏ ਤੇ ਮਾਈਕ ਉਤੇ ਆਉਣ ਤੋਂ ਨਾਂਹ ਕਰ ਦਿੱਤੀ।
ਇਸ ਮੌਕੇ ਸਾਬਕਾ ਹਰਦੀਪਇੰਦਰ ਸਿੰਘ ਬਾਦਲ, ਮਹੇਸ਼ਇੰਦਰ ਸਿੰਘ ਬਾਦਲ, ਆਦੇਸ਼ ਪ੍ਰਤਾਪ ਸਿੰਘ ਕੈਰੋਂ, ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਹਰਸੁੱਖਇੰਦਰ ਸਿੰਘ ਬੱਬੀ ਬਾਦਲ, ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ, ਡੀਜੀਪੀ ਦਿਨਕਰ ਗੁਪਤਾ, ਪ੍ਰਿੰਸੀਪਲ ਸਕੱਤਰ ਤੇਜਵੀਰ ਸਿੰਘ ਅਤੇ ਗੁਰਕਿਰਤਪਾਲ ਸਿੰਘ, ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ, ਓਐੱਸਡੀ ਮੇਜਰ ਅਮਰਦੀਪ ਸਿੰਘ, ਸਿਕੰਦਰ ਸਿੰਘ ਮਲੂਕਾ, ਬਲਵਿੰਦਰ ਸਿੰਘ ਭੂੰਦੜ, ਸਾਬਕਾ ਡੀਜੀਪੀ ਸੁਰੇਸ਼ ਅਰੋੜਾ, ਲਾਲੀ ਬਾਦਲ, ਮੇਜਰ ਭੁਪਿੰਦਰ ਸਿੰਘ, ਵੀਨੂੰ ਬਾਦਲ, ਪਰਨੀਤ ਕੌਰ, ਜੈਜੀਤ ਸਿੰਘ ਜੌਹਲ, ਗੁਰਰਾਜ ਸਿੰਘ ਫੱਤਣਵਾਲਾ, ਜਗਜੀਤ ਸਿੰਘ ਹਨੀ ਫੱਤਣਵਾਲਾ, ਅਰਜੁਨ ਸਿੰਘ ਬਾਦਲ, ਪੋਤਰੀ ਰੀਆ ਬਾਦਲ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਗੁਰਕੀਰਤ ਸਿੰਘ ਕੋਟਲੀ, ਰਣਦੀਪ ਸਿੰਘ ਨਾਭਾ, ਲਖਵੀਰ ਸਿੰਘ ਲੱਖਾ, ਗੁਰਪ੍ਰੀਤ ਸਿੰਘ ਜੀਪੀ, ਰਾਕੇਸ਼ ਪਾਂਡੇ, ਬਲਜਿੰਦਰ ਕੌਰ ਆਦਿ ਮੌਜੂਦ ਸਨ।
ਇਥੇ ਜ਼ਿਕਰਯੋਗ ਹੈ ਕਿ ਲੰਘੇ ਵੀਰਵਾਰ ਦੀ ਰਾਤ ਨੂੰ ਗੁਰਦਾਸ ਸਿੰਘ ਬਾਦਲ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ ਅਤੇ ਕੁਝ ਦਿਨ ਪਹਿਲਾਂ ਹੀ ਮਨਪ੍ਰੀਤ ਸਿੰਘ ਬਾਦਲ ਦੇ ਮਾਤਾ ਜੀ ਵੀ ਅਕਾਲ ਪੁਰਖ ਦੇ ਚਰਨਾਂ ‘ਚ ਜਾ ਬਿਰਾਜੇ ਸਨ।

Check Also

ਭਾਜਪਾ ਉਮੀਦਵਾਰ ਪਰਨੀਤ ਕੌਰ ਦਾ ਵਿਰੋਧ ਕਰ ਰਹੇ ਕਿਸਾਨ ਦੀ ਹੋਈ ਮੌਤ

ਵਿਧਾਨ ਸਭਾ ਹਲਕਾ ਰਾਜਪੁਰਾ ਅਧੀਨ ਪੈਂਦੇ ਪਿੰਡ ਸਿਹਰਾ ’ਚ ਵਾਪਰੀ ਘਟਨਾ ਪਟਿਆਲਾ/ਬਿਊਰੋ ਨਿਊਜ਼ : ਪਟਿਆਲਾ …