21 ਅਗਸਤ ਤੱਕ ਦੇਣਾ ਪਵੇਗਾ ਜਵਾਬ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਸਿਆਸੀ ਰੈਲੀਆਂ ’ਚ ਸਰਕਾਰੀ ਬੱਸਾਂ ਦੇ ਦੁਰਉਪਯੋਗ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਅੱਜ ਸੋਮਵਾਰ ਨੂੰ ਸੁਣਵਾਈ ਹੋਈ। ਇਸ ਮਾਮਲੇ ਵਿਚ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਕੇ ਜਵਾਬ ਤਲਬ ਕੀਤਾ ਹੈ। ਅਦਾਲਤ ਨੇ ਸਰਕਾਰ ਨੂੰ 21 ਅਗਸਤ ਤੱਕ ਇਸ ਸਬੰਧੀ ਜਵਾਬ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧੀ ਦਾਖਲ ਕੀਤੀ ਗਈ ਪਟੀਸ਼ਨ ਵਿਚ ਪਟੀਸ਼ਨਕਰਤਾ ਵਲੋਂ ਕਿਹਾ ਗਿਆ ਸੀ ਕਿ ਜਦੋਂ ਵੀ ਸਰਕਾਰ ਵਲੋਂ ਰੈਲੀਆਂ ਆਦਿ ਕਰਵਾਈਆਂ ਜਾਂਦੀਆਂ ਹਨ ਤਾਂ ਉਸ ਵਿਚ ਸਰਕਾਰੀ ਬੱਸਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਕਰਕੇ ਆਮ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆਉਂਦੀਆਂ ਹਨ। ਪਟੀਸ਼ਨਕਰਤਾ ਵਲੋਂ ਇਹ ਪਟੀਸ਼ਨ ਉਸ ਸਮੇਂ ਦਾਇਰ ਕਰਵਾਈ ਗਈ ਸੀ ਜਦੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਵਲੋਂ ਸੂਬੇ ਵਿਚ ਲਗਾਤਾਰ ਰੈਲੀਆਂ ਕੀਤੀਆਂ ਜਾ ਰਹੀਆਂ ਸਨ ਅਤੇ ਇਨ੍ਹਾਂ ਰੈਲੀਆਂ ਵਿਚ ਸਰਕਾਰੀ ਬੱਸਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਸੀ। ਪਟੀਸ਼ਨ ਵਿਚ 13 ਸਤੰਬਰ 2023 ਤੋਂ ਲੈ ਕੇ 17 ਦਸੰਬਰ 2023 ਤੱਕ ਹੋਈਆਂ ਆਮ ਆਦਮੀ ਪਾਰਟੀਆਂ ਦੀ ਰੈਲੀਆਂ ਦਾ ਜ਼ਿਕਰ ਕੀਤਾ ਗਿਆ ਹੈ।