9.4 C
Toronto
Friday, November 7, 2025
spot_img
Homeਪੰਜਾਬਅਜਾਇਬ ਘਰ 'ਚ ਗਦਰੀ ਬਾਬਿਆਂ ਦੀਆਂ ਤਸਵੀਰਾਂ ਸਥਾਪਿਤ

ਅਜਾਇਬ ਘਰ ‘ਚ ਗਦਰੀ ਬਾਬਿਆਂ ਦੀਆਂ ਤਸਵੀਰਾਂ ਸਥਾਪਿਤ

ਸੁੱਖ ਧਾਲੀਵਾਲ ਸਮੇਤ ਕੈਨੇਡਾ ਦਾ 50 ਮੈਂਬਰੀ ਵਫ਼ਦ ਸਮਾਗਮ ‘ਚ ਹੋਇਆ ਸ਼ਾਮਲ
ਅੰਮ੍ਰਿਤਸਰ/ਬਿਊਰੋ ਨਿਊਜ਼ : ਸ਼੍ਰੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਸਮੂਹ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿੱਚ 18 ਸਿੱਖ ਗਦਰੀ ਬਾਬਿਆਂ ਦੀਆਂ ਤਸਵੀਰਾਂ ਸਥਾਪਤ ਕਰਕੇ ਗਦਰੀ ਬਾਬਿਆਂ ਵੱਲੋਂ ਦੇਸ਼ ਦੀ ਅਜ਼ਾਦੀ ਲਈ ਕੀਤੇ ਸੰਘਰਸ਼ ਨੂੰ ਮਾਨਤਾ ਦਿੱਤੀ ਹੈ। ਇਹ ਤਸਵੀਰਾਂ ਖਾਲਸਈ ਰਸਮਾਂ ਮੁਤਾਬਕ ਸਥਾਪਤ ਕੀਤੀਆਂ ਗਈਆਂ।
ਸ਼੍ਰੋਮਣੀ ਕਮੇਟੀ ਦੇ ਲਗਪਗ ਸੌ ਸਾਲ ਦੇ ਇਤਿਹਾਸ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਸਿੱਖ ਸੰਸਥਾ ਨੇ ਗਦਰ ਲਹਿਰ ਦੇ ਸਿੱਖ ਸ਼ਹੀਦਾਂ ਨੂੰ ਮਾਨਤਾ ਦਿੱਤੀ ਹੈ। ਹੁਣ ਤਕ ਇਹ ਸਿੱਖ ਸੰਸਥਾ ਸਿਰਫ਼ ਧਾਰਮਿਕ ਲਹਿਰ ਨਾਲ ਜੁੜੇ ਸਿੱਖਾਂ ਨੂੰ ਹੀ ਮਾਨਤਾ ਦਿੰਦੀ ਰਹੀ ਹੈ। ਇਸ ਸਬੰਧੀ ਅਜਾਇਬ ਘਰ ਵਿਚ ਇਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਸੀ। ਇਸ ਦੌਰਾਨ ਪਹਿਲਾਂ ਗੁਰਬਾਣੀ ਦਾ ਕੀਰਤਨ ਕੀਤਾ ਗਿਆ ਅਤੇ ਮਗਰੋਂ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਕੀਤੀ।
ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਦਰਬਾਰ ਸਾਹਿਬ ਦੇ ਗ੍ਰੰਥੀ ਗਿਆਨੀ ਗੁਰਮਿੰਦਰ ਸਿੰਘ, ਗਿਆਨੀ ਬਲਵਿੰਦਰ ਸਿੰਘ ਸਮੇਤ ਹੋਰ ਸ਼ਖ਼ਸੀਅਤਾਂ ਨੇ 18 ਸਿੱਖ ਗ਼ਦਰੀ ਯੋਧਿਆਂ ਦੀਆਂ ਤਸਵੀਰਾਂ ਤੋਂ ਪਰਦਾ ਹਟਾਇਆ। ਇਸ ਦੌਰਾਨ ਭਾਈ ਗੁਰਦਾਸ ਹਾਲ ਵਿੱਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ‘ਚ ਕੈਨੇਡਾ ਤੋਂ ਇੱਕ 50 ਮੈਂਬਰੀ ਵਫ਼ਦ ਇਸ ਸਮਾਗਮ ‘ਚ ਸ਼ਾਮਲ ਹੋਣ ਲਈ ਪੁੱਜਾ ਸੀ, ਜਿਨ੍ਹਾਂ ਵਿਚ ਕੈਨੇਡਾ ਤੋਂ ਸੰਸਦ ਮੈਂਬਰ ਸੁੱਖ ਧਾਲੀਵਾਲ ਵੀ ਸ਼ਾਮਲ ਸਨ। ਇਸ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਗ਼ਦਰੀ ਬਾਬਿਆਂ ਦੇ ਪਰਿਵਾਰਾਂ ਦਾ ਸਨਮਾਨ ਵੀ ਕੀਤਾ ਗਿਆ। ਲੌਂਗੋਵਾਲ ਨੇ ਆਖਿਆ ਕਿ ਸ਼੍ਰੋਮਣੀ ਕਮੇਟੀ ਗਦਰੀ ਯੋਧਿਆਂ ਅਤੇ ਬੱਬਰ ਅਕਾਲੀ ਲਹਿਰ ਦਾ ਇਤਿਹਾਸ ਛਾਪੇਗੀ ਅਤੇ ਇਸ ਨੂੰ ਸੰਗਤ ਵਿਚ ਵੰਡਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਸਿੱਖ ਗ਼ਦਰੀ ਬਾਬਿਆਂ ਨੇ ਦੇਸ਼ ਦੀ ਅਜ਼ਾਦੀ ਸਮੇਤ ਵਿਦੇਸ਼ੀ ਧਰਤੀ ‘ਤੇ ਮਨੁੱਖੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਲੜਾਈ ਲੜੀ ਹੈ, ਜਿਸ ਨੂੰ ਭੁਲਿਆ ਨਹੀਂ ਜਾ ਸਕਦਾ। ਖਾਸ ਕਰਕੇ ਕੈਨੇਡਾ ਵਿੱਚ ਨਸਲੀ ਵਿਤਕਰੇ ਖਿਲਾਫ ਸਿੱਖ ਗਦਰੀ ਬਾਬਿਆਂ ਨੇ ਜ਼ੋਰਦਾਰ ਅਵਾਜ਼ ਬੁਲੰਦ ਕੀਤੀ ਸੀ। ਇਸੇ ਦਾ ਸਿੱਟਾ ਹੈ ਕਿ ਉਥੇ ਸਿੱਖਾਂ ਨੂੰ ਇਕ ਵੱਡਾ ਮੁਕਾਮ ਪ੍ਰਾਪਤ ਹੈ। ਸਿੱਖ ਕੌਮ ਨੂੰ ਆਪਣੇ ਇਨ੍ਹਾਂ ਯੋਧਿਆਂ ‘ਤੇ ਹਮੇਸ਼ਾਂ ਮਾਣ ਰਹੇਗਾ। ਇਸ ਦੌਰਾਨ ਹੋਰਨਾਂ ਬੁਲਾਰਿਆਂ ਨੇ ਦੇਸ਼ ਦੀ ਅਜ਼ਾਦੀ ਲਈ ਸਿੱਖਾਂ ਵੱਲੋਂ ਪਾਏ ਯੋਗਦਾਨ ‘ਤੇ ਚਾਨਣਾ ਪਾਇਆ। ਉਨ੍ਹਾਂ ਵਿਦੇਸ਼ਾਂ ‘ਚ ਮਨੁੱਖੀ ਸਰੋਕਾਰਾਂ ਤੇ ਹੱਕਾਂ ਲਈ ਲੜਨ ਵਾਲੇ ਗਦਰੀ ਬਾਬਿਆਂ ਦੀਆਂ ਤਸਵੀਰਾਂ ਨੂੰ ਸਿੱਖ ਅਜਾਇਬ ਘਰ ਵਿਚ ਸਥਾਪਤ ਕਰਨ ਦੇ ਫੈਸਲੇ ਨੂੰ ਇਕ ਅਹਿਮ ਫੈਸਲਾ ਕਰਾਰ ਦਿੱਤਾ। ਜਿਨ੍ਹਾਂ ਗਦਰੀ ਸਿੱਖ ਯੋਧਿਆਂ ਦੀਆਂ ਤਸਵੀਰਾਂ ਅਜਾਇਬ ਘਰ ਵਿਚ ਸਥਾਪਤ ਕੀਤੀਆਂ ਗਈਆਂ ਹਨ, ਉਨ੍ਹਾਂ ਵਿਚ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ, ਸ਼ਹੀਦ ਬਲਵੰਤ ਸਿੰਘ ਖੁਰਦਪੁਰ, ਸ਼ਹੀਦ ਕਰਮ ਸਿੰਘ ਝਿੰਗੜ, ਸ਼ਹੀਦ ਭਾਗ ਸਿੰਘ ਭਿੱਖੀਵਿੰਡ, ਸ਼ਹੀਦ ਈਸ਼ਰ ਸਿੰਘ, ਸ਼ਹੀਦ ਜਗਤ ਸਿੰਘ ਸੁਰਸਿੰਘ ਵਾਲਾ, ਸ਼ਹੀਦ ਜਵੰਦ ਸਿੰਘ ਨੰਗਲ ਕਲਾਂ, ਸ਼ਹੀਦ ਰਾਮ ਸਿੰਘ ਧਲੇਤਾ, ਸ਼ਹੀਦ ਉਤਮ ਸਿੰਘ ਹਾਂਸ, ਸ਼ਹੀਦ ਬੀਰ ਸਿੰਘ ਬਾਹੋਵਾਲ, ਸ਼ਹੀਦ ਕਰਮ ਸਿੰਘ ਬੱਬਰ ਦੌਲਤਪੁਰ, ਸ਼ਹੀਦ ਬਤਨ ਸਿੰਘ ਦਲੇਲਸਿੰਘ ਵਾਲਾ, ਭਾਈ ਸਫਾ ਸਿੰਘ ਕੈਨੇਡੀਅਨ, ਬੀਬੀ ਹਰਨਾਮ ਕੌਰ, ਪ੍ਰਿੰਸੀਪਲ ਸੰਤ ਤੇਜਾ ਸਿੰਘ, ਗਦਰ ਪਾਰਟੀ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ ਅਤੇ ਬਤਨ ਸਿੰਘ ਕਾਹਰੀ ਸ਼ਾਮਲ ਹਨ।
ਗਦਰ ਪਾਰਟੀ ਦੇ ਮੁਖੀ ਬਾਬਾ ਸੋਹਣ ਸਿੰਘ ਭਕਨਾ ਦੇ ਪਰਿਵਾਰਕ ਮੈਂਬਰਾਂ ਵਿਚ ਸ਼ਾਮਲ ਜਸਬੀਰ ਸਿੰਘ ਗਿੱਲ ਨੇ ਸ਼੍ਰੋਮਣੀ ਕਮੇਟੀ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਕੈਨੇਡਾ ਦੇ ਸੰਸਦ ਮੈਂਬਰ ਸੁੱਖ ਧਾਲੀਵਾਲ, ਸਰੀ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਬਲਬੀਰ ਸਿੰਘ ਨਿੱਜਰ, ਗਦਰ ਮੈਮੋਰੀਅਲ ਸੁਸਾਇਟੀ, ਕੈਨੇਡਾ ਦੇ ਪ੍ਰਧਾਨ ਡਾ. ਗੁਰਵਿੰਦਰ ਸਿੰਘ ਧਾਲੀਵਾਲ, ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਮੁੱਖ ਸਕੱਤਰ ਡਾ. ਰੂਪ ਸਿੰਘ, ਜਥੇਦਾਰ ਮਹਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।

RELATED ARTICLES
POPULAR POSTS