Breaking News
Home / ਨਜ਼ਰੀਆ / ਵਿਗਿਆਨ ਗਲਪ ਕਹਾਣੀ

ਵਿਗਿਆਨ ਗਲਪ ਕਹਾਣੀ

ਡਾ. ਦੇਵਿੰਦਰ ਪਾਲ ਸਿੰਘ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
‘ਰੂਬਨ!’
‘ਜੀ ਮੈਡਮ!’
‘ਯੂ ਮੋਰੱਨ! ਕਦੇ ਰੂਹੀ ਕਹਿ ਕੇ ਵੀ ਬੁਲਾ ਲਿਆ ਕਰ, ਰੂਹੀ ਦੀਆਂ ਲਾਲ ਸੁਰਖ ਅੱਖਾਂ ਵਿਚ ਦਰਦ ਭਰਿਆ ਤਰਲਾ ਸੀ।
‘ਸੌਰੀ! …….ਮੈਡਮ!’
‘ਮੇਰੇ ਬਾਰ ਬਾਰ ਕਹਿਣ ਦੇ ਬਾਵਜੂਦ, ਪਿਛਲੇ ਚਾਰ ਮਹੀਨਿਆਂ ਵਿਚ ਤੂੰ ਮੈਨੂੰ ਇਕ ਵਾਰ ਵੀ ਰੂਹੀ ਕਹਿ ਕੇ ਨਹੀਂ ਬੁਲਾਇਆ। ਰੂਬਨ!……..ਤੂੰ ਜਾਣਦਾ ਨਹੀਂ ਕਿ ਮੈਂ……. ਮੈਂ ਤੈਨੂੰ ਕਿੰਨਾ ਚਾਹੁੰਦੀ ਹਾਂ। ਜਦ ਤੂੰ ਮੇਰੇ ਕੋਲ ਹੁੰਦਾ ਹੈ ਤਾਂ ਪਤਾ ਹੀ ਨਹੀਂ ਲੱਗਦਾ ਕਿ ਦਿਨ ਕਿਵੇਂ ਹੱਥੋਂ ਤਿਲਕ ਜਾਂਦਾ ਏ। ਪਰ ਰਾਤ ਹੈ ਕਿ ਲੰਘਦੀ ਹੀ ਨਹੀਂ ……… ਪਲ ਪਲ ਤੇਰਾ ਝਾਉਲਾ ਪੈਂਦਾ ਹੈ। ………..ਅੱਵਲਾਂ ਤਾਂ ਨੀਂਦ ਆਉਂਦੀ ਹੀ ਨਹੀਂ ਤੇ ਜੇ ਕਿਧਰੇ ਭੁਲ ਭੁਲੇਖੇ ਆ ਵੀ ਜਾਏ ਤਾਂ ਕੰਮਬਖਤ ਸੁਪਨੇ ਵੀ ਤੇਰੇ ਹੀ ਘੇਰੀ ਰੱਖਦੇ ਨੇ। ……….ਤੂੰ ਕਦੇ ਪਿਆਰ ਵੀ ਕੀਤਾ ਏ ਕਿਸੇ ਨਾਲ?’
‘ਪਿਆਰ? ………. ਹਾਂ ਤਾਂ। ਕੰਮ ……… ਦਫ਼ਤਰ ਵਿਚ ਮੈਂ ਹਮੇਸ਼ਾਂ ਤੁਹਾਡੇ ਹੀ ਤਾਂ ਕੰਮ ਕਰਦਾ ਹਾਂ।’
‘ਹਾਂ! ਹਾਂ! ਕੰਮ ਤਾਂ ਮੇਰੇ ਸਾਰੇ ਤੂੰ ਹੀ ਕਰਦਾ ਏ! ਪਰ ਤੂੰ ਸਦਾ ਇਕ ਦੂਰੀ ਬਣਾਈ ਰੱਖੀ ਏ ਮੈਥੋਂ। ਕਦੇ ਢੁੱਕਿਆ ਨਹੀਂ ਨੇੜੇ। ਕਦੇ ਆਪਣੇਪਣ ਦਾ ਅਹਿਸਾਸ ਹੀ ਨਹੀਂ ਹੋਇਆ ਤੇਰੇ ਵਿਹਾਰ ‘ਚੋਂ। ………. ਪਤਾ ਨਹੀਂ ਕਿਉਂ?’
‘ਮੈਂ ਤਾਂ ਆਪ ਦੇ ਬਿਲਕੁਲ ਕਰੀਬ ਹਾਂ, ਮੈਡਮ!……. ਆਪ ਦਾ ਸੇਵਕ। ਆਪ ਦੇ ਹੁਕਮ ਦੀ ਤੁਰੰਤ ਤਾਮੀਲ ਲਈ ਹਮੇਸ਼ਾਂ ਤੱਤਪਰ।’
‘ਰੂਬਨ! ਤੂੰ ਮੇਰੀਆਂ ਭਾਵਨਾਵਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ। ਕਦੇ ਵੀ ਨਹੀਂ। ……… ਮੈਂ ਤੇਰੇ ਬਿਨ ਇਕ ਅਧੂਰਾਪਣ ਮਹਿਸੂਸ ਕਰਦੀ ਹਾਂ। ਇਕ ਤੜਪ ਜਿਹੀ ਰਹਿੰਦੀ ਹੈ ਮਨ ਵਿਚ ਹਰ ਵਕਤ। ਮੇਰਾ ਦਿਲੋ-ਦਿਮਾਗ ਹਮੇਸ਼ਾਂ ਤੇਰੇ ਖਿਆਲਾਂ ਵਿਚ ਡੁੱਬਿਆ ਰਹਿੰਦਾ ਏ। ……… ਤੇਰੀ ਬੁੱਕਲ ਵਿਚ ਸਮਾ ਜਾਣ ਨੂੰ ਦਿਲ ਕਰਦਾ ਏ। ਪਰ ਤੂੰ ਹੈ ਕਿ ਤੈਨੂੰ ਮੇਰੀ ਜ਼ਰਾ ਜਿੰਨੀ ਵੀ ਪਰਵਾਹ ਨਹੀਂ।’
‘ਸੌਰੀ! ਮੈਡਮ! ਤੁਸੀਂ ਕੀ ਕਹਿ ਰਹੇ ਹੋ? ਮੈਨੂੰ ਕੁਝ ਵੀ ਸਮਝ ਨਹੀਂ ਆ ਰਹੀ।’
‘ਮੈਨੂੰ ਤਾਂ ਹਮੇਸ਼ਾਂ ਤੇਰੇ ਸਾਥ ਦੀ, ਤੇਰੀ ਨੇੜਤਾ ਦੀ ਤੇ ਤੇਰੇ ਪਿਆਰ ਦੀ ਲੋਚ ਰਹਿੰਦੀ ਹੈ ਪਰ ਤੂੰ ਹਮੇਸ਼ਾਂ ਇਕ ਖਾਸ ਦੂਰੀ ਬਣਾਈ ਰੱਖੀ ਹੈ ਮੇਥੋਂ। ………. ਇਕ ਬੇਰੁਖੀ ਭਰਪੂਰ ਦੂਰੀ।
ਤੇਰੇ ਕੋਲ ਕਦੇ ਵਿਹਲ ਹੀ ਨਹੀਂ ਕਿ ਕੋਈ ਸ਼ਾਮ ਤੂੰ ਮੇਰੇ ਨਾਲ ਗੁਜ਼ਾਰ ਸਕੇ। ਕਿੰਨੀ ਵਾਰ ਤੂੰ ਮੇਰੀ ਡਿਨਰ ਦੀ ਪ੍ਰੋਪੋਜ਼ਲ ਨੂੰ ਠੁਕਰਾਇਆ ਹੈ? ਜ਼ਰਾ ਸੋਚ! ਤੂੰ ਤਾਂ ਕਦੇ ਮੇਰੇ ਨਾਲ ਪਿਕਨਿਕ ਲਈ ਵੀ ਨਹੀਂ ਤੁਰਿਆ। ਤੇ ਉਸ ਦਿਨ ਤਾਂ ਹੱਦ ਹੀ ਹੋ ਗਈ ਜਦ ਅਚਾਨਕ ਮੇਰਾ ਹੱਥ ਤੇਰੇ ਹੱਥ ਨੂੰ ਛੂੰਹ ਗਿਆ …………ਮੇਰੇ ਅੰਦਰ ਤਾਂ ਬਿਜਲੀ ਕੌਂਧ ਗਈ ਸੀ ਜਿਵੇਂ, ਪਰ ਤੂੰ ਸੀ ਕਿ ਬਿਲਕੁਲ ਬੇਖ਼ਬਰ।’
‘ਹੱਥ?’……… ਮੈਡਮ! ਪਕੜ ਲਉ ਬੇਸ਼ਕ! ਇਹ ਲਉ।’ ਰੂਬਨ ਨੇ ਆਪਣਾ ਹੱਥ ਮੇਜ਼ ਉੱਤੇ ਅੱਗੇ ਨੂੰ ਕਰਦੇ ਹੋਏ ਕਿਹਾ।
‘ਵਾਹ! ਵੱਟ ਏ ਡਾਰਲਿੰਗ! ਕਮਾਲ ਏ ਤੂੰ ਤੇ ਕਮਾਲ ਏ ਤੇਰੀ ਮਖ਼ਮਲੀ ਛੂੰਹ।’ ਰੂਹੀ ਨੇ ਰੂਬਨ ਦੇ ਹੱਥਾਂ ਨੂੰ ਚੁੰਮਦਿਆਂ ਕਿਹਾ।
‘ਇਹ ਚੋੜ੍ਹੀ ਛਾਤੀ, ਇਹ ਸਖ਼ਤ ਮੱਸਲਜ਼, ਲੱਗਦਾ ਏ ਲਿਓਨਾਰਡੋ ਦਾ ਵਿੰਚੀ ਵਰਗੇ ਬੁੱਤਸਾਜ਼ ਨੇ ਖੂਬ ਨਾਪ ਤੋਲ ਕੇ ਬਣਾਇਆ ਏ ਤੈਨੂੰ।’ ਅਜਬ ਖੁਮਾਰੀ ਵਿਚ ਰੱਤੀ ਰੂਹੀ, ਰੂਬਨ ਨੂੰ ਇਧਰ ਉਧਰ ਛੂੰਹੀ ਜਾ ਰਹੀ ਸੀ।
‘ਤੇਰੀਆਂ ਸਾਗਰ ਵਰਗੀਆਂ ਨੀਲੀਆਂ ਅੱਖਾਂ ਵਿਚ ਡੁੱਬ ਜਾਣ ਨੂੰ ਦਿਲ ਕਰਦਾ ਏ……… ਮੇਰਾ।’ ਠੰਢੀ ਆਹ ਭਰਦਿਆਂ ਰੂਹੀ ਦੇ ਬੋਲ ਸਨ।
‘ਮੈਡਮ! ਇਹ ਕੀ ਹੋ ਰਿਹਾ ਹੈ? ……… ਤੁਸੀਂ ਇਹ ਕੀ ਕਰ ਰਹੇ ਹੋ?…….ਮੈਨੂੰ ਇੰਝ ਕਿਉਂ ਛੂੰਹ ਰਹੇ ਹੋ?’ ਰੂਬਨ ਦੇ ਪ੍ਰੇਸ਼ਾਨੀ ਭਰੇ ਬੋਲ ਸਨ।
‘ਕਿਵੇਂ ਲੱਗੀ ਇਹ ਛੋਹ?’ ਰੂਹੀ ਨੇ ਰੂਬਨ ਦੇ ਬੁੱਲਾਂ ਨੂੰ ਚੁੰਮਦਿਆਂ ਪੁੱਛਿਆ।
‘ਕਿਵੇਂ ਲੱਗੀ?……ਮੈਨੂੰ ਤਾਂ ਸਿਰਫ਼ ਇਹ ਪਤਾ ਹੈ ਕਿ ਤੁਸੀਂ ਮੈਨੂੰ ਛੂੰਹ ਰਹੇ ਹੋ। ਬੱਸ। ……….. ਬੱਸ ਇਕ ਛੋਹ ਹੈ। …………ਉਫ਼ ਇਹ ਮੈਨੂੰ ਕੀ ਹੋ ਰਿਹਾ ਹੈ? ਮੈਡਮ! ਮੇਰਾ ਸੰਤੁਲਨ ਗੜਬੜਾ ਰਿਹਾ ਹੈ………. ਤੁਸੀਂ ………. ਤੁਸੀਂ ਮੈਨੂੰ ਜਕੜ ਕਿਉਂ ਰਹੇ ਹੋ?…….ਮੇਰੇ ਬੁੱਲਾਂ ਨੂੰ ਕਿਉਂ…………?’
‘ਰੂਬਨ…………ਮਾਈ ਲਵ! ਮੈਂ ਤੇਰੇ ਬਿਨ ਜੀਅ ਨਹੀਂ ਸਕਦੀ।…………ਇਹ ਬਦਵਖ਼ਤ ਪਿਆਰ ਵੀ ਕੀ ਸ਼ੈਅ ਹੈ? ਅੱਜ ਤੱਕ ਕਦੇ ਵੀ ਮੈਂ ਇੰਝ ਮਹਿਸੂਸ ਨਹੀਂ ਸੀ ਕੀਤਾ।…………ਰਾਇਸ਼ਾ ਦੁਆਰਾ ਕੀਤੇ ਪਿਆਰ ਦੇ ਗੁਣਗਾਣ, ਮੈਂ ਹਮੇਸ਼ਾਂ ਫਾਲਤੂ ਝੱਖ਼ ਹੀ ਸਮਝੀ ਸੀ।…………ਏ ਵੇਸਟ ਆਫ਼ ਟਾਇਮ! ਪਰ ਹੁਣ ਮੈਂ ਸਮਝ ਸਕੀ ਹਾਂ ਇਸ ਗਜ਼ਬ ਦੇ ਅਹਿਸਾਸ ਨੂੰ।’
‘ਅਹਿਸਾਸ?…….ਪਤਾ ਨਹੀਂ?……..ਪੰਜ ਵੱਜ ਚੁੱਕੇ ਹਨ ਮੈਡਮ! ਦਫ਼ਤਰ ਬੰਦ ਕਰਨ ਦਾ ਟਾਇਮ ਹੋ ਗਿਆ ਹੈ।’
‘ਤਾਂ ਕੀ ਹੋਇਆ? ਮੈਂ ਤੈਨੂੰ ਘਰ ਛੱਡ ਦੇਵਾਂਗੀ। ………ਨਹੀਂ ਤਾਂ ਤੂੰ ਅੱਜ ਮੇਰੇ ਕੋਲ ਠਹਿਰ ਜਾ, ਪਲੀਜ਼!…….ਮੈਂ……… ਮੈਂ ਤੇਰੇ ਬਿਨ੍ਹਾਂ ਬਹੁਤ ਇਕੱਲੀ ਮਹਿਸੂਸ ਕਰਦੀ ਹਾਂ …………।’ ਰੂਬਨ ਨਾਲ ਲਿਪਟੀ ਹੋਈ ਰੂਹੀ ਦੀ ਤਰਲੇ ਭਰੀ ਆਵਾਜ਼ ਸੀ।
‘ਮੈਨੂੰ ਜਾਣ ਦਿਓ, ਮੈਡਮ! ਪਲੀਜ਼ ………. ਮੈਂ ਜਾਣਾ ਹੈ ………… ਬਹੁਤ ਜ਼ਰੂਰੀ। ………. ਚੰਗਾ ਗੁੱਡ ਨਾਈਟ, ਮੈਡਮ!’
ਰੂਬਨ ਤੇਜ਼ੀ ਨਾਲ ਪੱਲਾ ਛੁਡਾ, ਦਫ਼ਤਰ ਤੋਂ ਤੁਰੰਤ ਬਾਹਰ ਨਿਕਲ ਗਿਆ ਤੇ ਰੂਹੀ ਦੇਰ ਤਕ ਵਸਲ ਦੇ ਅਹਿਸਾਸ ਵਿਚ ਡੁੱਬੀ ………… ਖ਼ਾਲੀ ਹਵਾ ਨੂੰ ਘੂਰਦੀ ਰਹੀ।
ੲੲੲ
‘ਏ ਟੀਨਾ! ਦੇਖ ਦੇਖ! ‘ਚੀਨਾ’ ਕਿਵੇਂ ਉਡਾਰੀ ਮਾਰ ਗਿਆ ਤੇ ਸ਼ਿਕਾਰਣ ਕਿਵੇਂ ਤੜਫ਼ ਰਹੀ ਹੈ।’ ਰੂਹੀ ਨੂੰ ਖ਼ਿਲਾਅ ਵੱਲ ਝਾਂਕਦੇ ਦੇਖ ਮੀਨੂੰ ਨੇ ਟੀਨਾ ਨੂੰ ਕੂਹਣੀ ਮਾਰਦਿਆਂ ਕਿਹਾ।
‘ਉਹ ਪੱਥਰ ਏ ………. ਪੱਥਰ ਮੀਨੂੰ। ਪਿਛਲੇ ਡੇਢ ਸਾਲ ਤੋਂ ਅਸੀਂ ਦੋਨੋਂ ਹੀ ਕੁਝ ਨਹੀਂ ਕਰ ਸਕੀਆਂ ਤੇ ਨਾ ਹੀ ਮੈਡਮ ਰੂਹੀ ਦਾ ਹੀ ਜਾਦੂ ਚਲਿਆ ਏ ਇਸ ਪੱਥਰ-ਦਿਲ ਉੱਤੇ।’
‘ਆ ਦੇਖੀਏ ਕਿਧਰ ਉਡਾਰੀ ਮਾਰ ਰਿਹਾ ਹੈ ਉਹ?’
‘ਜਲਦੀ ਆ। ਉਹ ਦੇਖ ………… ਉਹ ਜਾ ਵੜ੍ਹਿਆ ਏ ਆਪਣੀ ਕਾਲੀ ਕਾਰ ਵਿਚ। ……… ਇਕ ਪਲ ਵੀ ਬਿਨ੍ਹਾਂ ਇਧਰ ਉਧਰ ਝਾਂਕੇ।’
‘ਓ ਮਾਈ ਗਾਡ! ਅਜੀਬ ਆਦਮੀ ਹੈ ਇਹ ਤਾਂ। ………… ਕਿਸੇ ਦੀਆਂ ਭਾਵਨਾਵਾਂ ਦੀ ਜ਼ਰਾ ਵੀ ਕਦਰ ਨਹੀਂ ਹੈ ਇਸ ਨੂੰ।’
ੲੲੲ
‘ਮਿਸ ਰੂਹੀ!’
‘ਜੈੱਸ ਮੈਡਮ!’
‘ਬੋਰਡ ਆਫ ਡਾਇਰੈਕਟਰਜ਼ ਦਾ ਫੈਸਲਾ ਹੈ ਕਿ ਤੁਹਾਨੂੰ ਨੌਕਰੀ ਤੋਂ ਤੁਰੰਤ ਬਰਖਾਸਤ ਕਰ ਦਿੱਤਾ ਜਾਵੇ।’ ਕੰਪਨੀ ਦੀ ਚੇਅਰਪਰਸਨ ਮਿਸਿਜ਼ ਅੰਬਾਨੀ ਦੇ ਬੋਲ ਸਨ।
‘ਪਰ ………. ਪਰ ਕਿਉਂ? ਮੈਡਮ!’
‘ਰੂਬਨ ਨਾਲ ਤੁਹਾਡਾ ਵਿਵਹਾਰ!…….ਦਰਅਸਲ ਐੱਮ. ਡੀ. ਦੇ ਅਹੁਦੇ ਲਈ ਤੁਹਾਡੀ ਚੋਣ ਵਾਸਤੇ ਸਾਡੇ ਫੈਸਲੇ ਨੂੰ ਰੂਬਨ ਨੇ ਹੀ ਪ੍ਰਭਾਵਿਤ ਕੀਤਾ ਸੀ। …………ਤੇ ਹੁਣ ਵੀ ਰੂਬਨ ਦਾ ਹੀ………. ।’
‘ਰੂਬਨ?’
‘ਜੈੱਸ! ਰੂਬਨ ਹੀ। ਤੁਹਾਡੀ ਚੋਣ ਸਮੇਂ, ਤੁਹਾਡੀ ਲਿਆਕਤ, ਤਜਰਬਾ, ਨਿਰਣੈਕਾਰੀ ਸਮਰਥਾ, ਪ੍ਰਬੰਧਕੀ ਮੁਹਾਰਤ, ਸਵੈ-ਵਿਸ਼ਵਾਸ ਤੇ ਅਗੁਵਾਈ ਯੋਗਤਾ ਵਰਗੇ ਵਿਲੱਖਣ ਗੁਣਾਂ ਕਾਰਣ ਹੀ ਰੂਬਨ ਨੇ ਹੋਰ ਉਮੀਦਵਾਰਾਂ ਦੀ ਤੁਲਨਾ ਵਿਚ ਤੁਹਾਨੂੰ ਸੱਭ ਤੋਂ ਵੱਧ ਨੰਬਰ ਦਿੱਤੇ ਸਨ। ………. ਪਰ ਦੁੱਖ ਦੀ ਗੱਲ ਹੈ ਕਿ ਹੁਣ ਤੁਸੀਂ ਅਜਿਹੀ ਤੁਲਨਾਤਮਕ ਜਾਂਚ ਵਿਚ ਬਹੁਤ ਪਿੱਛੇ ਰਹਿ ਗਏ ਹੋ।’
‘ਤੁਲਨਾਤਮਕ ਜਾਂਚ?’
‘ਰੂਬਨ ਦੁਆਰਾ ਕੀਤੀ ਜਾਂਚ।’
‘ਰੂਬਨ ਦੁਆਰਾ?’
‘ਮਿਸ ਰੂਹੀ! ਪਿਛਲੇ ਅੱਠ ਮਹੀਨਿਆਂ ਦੌਰਾਨ ਤੁਹਾਡੇ ਕੰਮਕਾਰ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਰੂਬਨ ਨਾਲ ਤੁਹਾਡੇ ਲਗਾਅ ਕਾਰਣ ਤੁਸੀਂ ਆਪਣਾ ਵਧੇਰੇ ਸਮਾਂ ਉਸ ਨਾਲ ਗੁਜ਼ਾਰਣ ਨੂੰ ਹੀ ਤਰਜ਼ੀਹ ਦਿੱਤੀ ਹੈ। ਤੁਹਾਡਾ ਦਿਲੋ-ਦਿਮਾਗ ਰੂਬਨ ਸੰਬੰਧਤ ਸੋਚਾਂ ਵਿਚ ਲਗਾਤਾਰ ਗੜੂੰਦ ਰਹਿਣ ਕਾਰਣ ਕੰਪਨੀ ਲਈ ਤੁਹਾਡੀ ਸਮਰਪਣ ਭਾਵਨਾ ਸਮੇਂ ਨਾਲ ਘੱਟਦੀ ਗਈ ਹੈ। ਜਿਸ ਦਾ ਪ੍ਰਤੱਖ ਸਬੂਤ ਰੂਬਨ ਨਾਲ ਤੁਹਾਡਾ ਕੱਲ ਵਾਲਾ ਵਿਵਹਾਰ ਹੈ।’
‘ਆਈ ਐੱਮ ਸੌਰੀ! ਮੈਡਮ!……ਰੂਬਨ! ਪਲੀਜ਼ ਮੈਨੂੰ ਮਾਫ਼ ਕਰ ਦੇ। ………. ਪਲੀਜ਼ ਰੂਬਨ।’ ਰੂਹੀ ਦੀ ਤਰਲੇ ਭਰੀ ਆਵਾਜ਼ ਸੀ।
ਉਸ ਦੇਖਿਆ ਨਿਢਾਲ ਬੈਠਾ ਰੂਬਨ ………. ਬਿਲਕੁਲ ਹੀ ਬੇਜਾਨ ਜਿਹਾ ………. ਸੁੰਨੀਆਂ ਸੁੰਨੀਆਂ ਅੱਖਾਂ ਨਾਲ ਸਾਹਮਣੀ ਕੰਧ ਨੂੰ ਇਕ ਟੱਕ ਦੇਖ ਰਿਹਾ ਸੀ।
‘ਰੂਬਨ ਕੁਝ ਨਹੀਂ ਬੋਲੇਗਾ। ਮਿਸ ਰੂਹੀ!’
‘ਪਰ ਕਿਉਂ? ਮੈਡਮ! ਕਿਉਂ ਨਹੀਂ ਬੋਲੇਗਾ ਰੂਬਨ?’
‘ਇਸ ਲਈ ਕਿ ਉਸ ਦੀ ਬੈਟਰੀ ਡੈੱਡ ਹੈ। ਉਸ ਵਲੋਂ ਇਕੱਠੀ ਕੀਤੀ ਜਾਣਕਾਰੀ ਜਾਂਚ ਲਈ ਭੇਜੀ ਜਾ ਚੁੱਕੀ ਹੈ ਤਾਂ ਜੋ ਔਰਤ-ਮਰਦ ਸਹਿਕਰਮੀਆਂ ਦੇ ਆਪਸੀ ਸੰਬੰਧਾਂ ਦਾ ਕਾਰਜਸ਼ੀਲਤਾ ਉੱਤੇ ਪ੍ਰਭਾਵ ਜਾਣਿਆ ਜਾ ਸਕੇ। ਅਜਿਹੇ ਸੰਬੰਧਾਂ ਦੇ ਨੁਕਸਾਨਦੇਹ ਪ੍ਰਭਾਵਾਂ ਦਾ ਹੱਲ ਜਾਣ ਕੇ ਕੰਪਨੀ ਕਾਰਜਸ਼ੀਲਤਾ ਨੂੰ ਅਧਿਕਤਮ ਪੱਧਰ ਉੱਤੇ ਬਣਾਈ ਰੱਖਣਾ ਚਾਹੁੰਦੀ ਹੈ।’ ਕਹਿੰਦਿਆਂ ਮਿਸਿਜ਼ ਅੰਬਾਨੀ ਨੇ ਹੱਥਲੇ ਰਿਮੋਟ ਯੰਤਰ ਦਾ ਬਟਨ ਹੋਲੇ ਜਿਹੇ ਦਬਾ ਦਿੱਤਾ।
ਕਾਫੀ ਦੇਰ ਤੋਂ ਚੁੱਪ ਬੈਠੇ ਰੂਬਨ ਦੀਆਂ ਅੱਖਾਂ ਵਿਚ ਚਮਕ ਪਰਤ ਆਈ ਤੇ ਉਹ ਸਿੱਧਾ ਹੋ ਕੇ ਬੈਠ ਗਿਆ।
ਰੂਹੀ ਨੇ ਦੇਖਿਆ, ਰੂਬਨ ਦੇ ਚਿਹਰੇ ਦੀ ਚਮਕ ਦਮਕ ਵਾਪਸ ਆ ਗਈ ਸੀ ਤੇ ਅੱਖਾਂ ਵਿਚ ਉਹੀ ਲੁਭਾਵਣੀ ਕਸ਼ਿਸ਼ ਮੌਜੂਦ ਸੀ, ਜਿਸ ਨੇ ਉਸ ਨੂੰ ਸ਼ੁਦਾਈ ਕਰ ਇਸ ਹਾਲਤ ਵਿਚ ਲਿਆ ਖੜ੍ਹਾ ਕੀਤਾ ਸੀ।
ਰੂਬਨ ਦੀਆਂ ਅੱਖਾਂ ਵਿਚੋਂ ਨਿਕਲ ਰਹੀ ਰੌਸ਼ਨੀ, ਸਾਹਮਣੀ ਕੰਧ ਉੱਤੇ ਚਿੱਤਰ ਦਰਸਾ ਰਹੀ ਸੀ ………. ਮਿਸ ਰੂਹੀ ਦੇ ਵਿਵਹਾਰ ਦੇ ਚਿੱਤਰ।
ਰੂਹੀ ਦੀ ਸ਼ਰਮਿੰਦਗੀ ਦਾ ਕੋਈ ਆਰ-ਪਾਰ ਨਹੀਂ ਸੀ। ਉਹ ਸੁੰਨ ਹੋ ਗਈ। …………ਉਹ ਚਾਹ ਰਹੀ ਸੀ ਕਿ ਧਰਤੀ ਉਸ ਨੂੰ ਵਿਹਲ ਦੇ ਦੇਵੇ …………ਕਿਧਰੇ ਉਹ ਧਰਤੀ ਦੀ ਕੁੱਖ ਵਿਚ ਸਮਾ ਜਾਵੇ ………. ਪਰ ਸੱਚ ਦੀ ਕਟਾਰ ਉਸ ਨੂੰ ਲਗਾਤਾਰ ਜ਼ਿਬਾਹ ਕਰਦੀ ਜਾ ਰਹੀ ਸੀ।
ਬਹੁਤ ਹੀ ਮੁਸ਼ਕਲ ਨਾਲ ਉਹ ਬੁੜਬੁੜਾਈ, ‘ਆਈ ਐੱਮ ਵੈਰੀ ਸੌਰੀ! ਮੈਡਮ!’
ਇੰਝ ਜਾਪ ਰਿਹਾ ਸੀ ਜਿਵੇਂ ਉਸ ਦੇ ਬੋਲ ਧੁਰ ਪਾਤਾਲ ‘ਚੋਂ ਆ ਰਹੇ ਹੋਣ।
‘ਮਿਸ ਰੂਹੀ! ਰੂਬਨ ਇਕ ਰੋਬਟ ਹੈ। ਕੰਪਨੀ ਲਈ ਪੂਰੀ ਤਰ੍ਹਾਂ ਸਮਰਪਿਤ ਰੋਬਟ। ਪਿਛਲੇ ਦਿਨ੍ਹੀ ਇਸ ਨੇ ਜੋ ਜਾਣਕਾਰੀ ਇਕੱਠੀ ਕੀਤੀ ਹੈ ਉਹ ਔਰਤ-ਮਰਦ ਸਹਿਕਰਮੀਆਂ ਦੇ ਆਪਸੀ ਸੰਬੰਧਾਂ ਦਾ ਕਾਰਜ਼ਸ਼ੀਲਤਾ ਤੇ ਪ੍ਰਬੰਧਕਤਾ ਉੱਤੇ ਪ੍ਰਭਾਵਾਂ ਨੂੰ ਜਾਨਣ ਲਈ ਬਹੁਤ ਅਹਿਮ ਹੈ। ਜਿਵੇਂ ਕਿ ਇਕ ਨਿਪੁੰਨ ਵਿਅਕਤੀ ਦਾ ਸੁਹਣੇ ਸਹਿਕਰਮੀ ਦੀ ਸਹਿਹੌਂਦ ਵਿਚ ਕੰਮ ਕਰਨ ਦਾ ਸਮਾਂ ਤਾਂ ਵੱਧ ਜਾਂਦਾ ਹੈ ਪਰ ਉਸ ਦੀ ਕਾਰਜਸ਼ੀਲਤਾ ਹੋਲੇ ਹੋਲੇ ਘੱਟਦੀ ਜਾਂਦੀ ਹੈ। ਵਿਅਕਤੀ ਦਾ ਮਨ ਕੰਮ ਉੱਤੇ ਘੱਟ ਪਰ ਸਹਿਕਰਮੀ ਉੱਤੇ ਜ਼ਿਆਦਾ ਕੇਂਦਰਿਤ ਹੋਣ ਲੱਗਦਾ ਹੈ। ਤੁਹਾਡੇ ਨਾਲ ਵੀ ਇਹੋ ਗੱਲ ਹੀ ਵਾਪਰੀ ਹੈ।’
ਰੂਹੀ ਦੇ ਚਿਹਰੇ ਦਾ ਰੰਗ ਫੱਕ ਹੋ ਗਿਆ ………. ਕੰਪਨੀ ਦੇ ਇਸ ਅਗਿਆਤ ਤਜਰਬੇ ਵਿਚ ਰੂਹੀ ਦਾ ਸੱਭ ਕੁਝ ਤਬਾਹ ਹੋ ਗਿਆ ਸੀ। …………ਪਿਆਰ ਦੀ ਕਸ਼ਿਸ਼ ਲਬਰੇਜ਼ ਲੰਮਹਿਆਂ ਦਾ ਸਕੂਨ ………ਤੇ ਪਿਆਰ ਦੇ ਖ਼ੁਮਾਰ ਵਿਚ ਮਨ ਦਾ ਨਿਢਾਲ ਹੋ ਜਾਣਾ ਹੁਣ ਉਸ ਨੂੰ ਕੁਰਹਿਤ ਜਾਪ ਰਿਹਾ ਸੀ।
ਜ਼ਿੰਦਗੀ ਦੀ ਇਕੋ ਗਲਤੀ ਉਸ ਦੇ ਪ੍ਰੋਫੈਸ਼ਨਲ ਜੀਵਨ ਲਈ ਕਿੰਨੀ ਭਾਰੀ ਰਹੀ ਸੀ। …………ਕਿਵੇਂ ਸਾਹਮਣਾ ਕਰੇਗੀ ਉਹ ਦੁਨੀਆਂ ਦਾ? ………ਇਕ ਮਸ਼ੀਨ ਸਾਹਮਣੇ ਪਿਆਰ ਲਈ ਲਿਲਕੜ੍ਹੀਆਂ ਲੈਂਦੀ ਇਕ ਔਰਤ ਦੀ ਤਰਲਿਆਂ ਭਰੀ ਆਵਾਜ਼। ………. ਰੋਬੋਟੇੱਕ ਕੰਪਨੀ ਦੇ ਖੋਜ ਕਾਰਜਾਂ ਦੀ ਲੜੀ ਦਾ ਇਕ ਅਹਿਮ ਦਸਤਾਵੇਜ਼। ………. ਸੱਚ ਹੀ ਕੰਪਨੀ ਨੇ ਇਸ ਮਨੋਵਿਗਿਆਨਕ ਤਜ਼ਰਬੇ ਰਾਹੀਂ ਉਸ ਨਾਲ ਡਾਢੀ ਮਾੜੀ ਕੀਤੀ ਸੀ। ………ਉਸ ਨੂੰ ਲੱਗ ਰਿਹਾ ਸੀ ਜਿਵੇਂ ਉਹ ਕੋਈ ਗਿੰਨੀ ਪਿੱਗ ਹੋਵੇ ……… ਕਿਰਚ ਆ ਰਹੀ ਸੀ ਉਸ ਨੂੰ ਖੁਦ ਤੋਂ। ਗੁੱਸੇ ਤੇ ਨਫ਼ਰਤ ਦੀ ਕਾਲੀ ਹਨੇਰੀ ਉਸ ਦੇ ਦਿਲੋ-ਦਿਮਾਗ ਉੱਤੇ ਛਾਂਦੀ ਜਾ ਰਹੀ ਸੀ। ਡੁਬਡਬਾਈਆਂ ਪਰ ਸ਼ੋਲ੍ਹੇ ਵਰਾਉਂਦੀਆਂ ਅੱਖਾਂ ਨਾਲ ਰੂਹੀ ਜੜ੍ਹ ਹੋ ਚੁੱਕੀ ਸੀ।
‘ਅੱਛਾ! ਅਲਵਿਦਾ ਮਿਸ ਰੂਹੀ!’ ਮਿਸਿਜ਼ ਅੰਬਾਨੀ ਦੇ ਬੋਲ ਹਵਾ ਵਿਚ ਲਟਕ ਕੇ ਰਹਿ ਗਏ ਸਨ।
Website: drdpinghauthor wordpress.com
(ਸਮਾਪਤ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …