Breaking News
Home / ਨਜ਼ਰੀਆ / ਜਦੋਂ ਇਨਸਾਨੀਅਤ ਹੀ ਇਨਸਾਨੀਅਤ ਦੀ ਹੋਈ ਦੁਸ਼ਮਣ

ਜਦੋਂ ਇਨਸਾਨੀਅਤ ਹੀ ਇਨਸਾਨੀਅਤ ਦੀ ਹੋਈ ਦੁਸ਼ਮਣ

ਹਰਦੇਵ ਸਿੰਘ ਧਾਲੀਵਾਲ
98150-37279
ਮੇਰੀ ਸੁਰਤ ਸਮੇਂ ਸਾਡਾ ਮੋਘੇ ਵਾਲਾ ਕਮਰਾ ਇੱਕ ਤਰ੍ਹਾਂ ਅਕਾਲੀ ਲੀਡਰਸਿੱਪ ਦਾ ਕਮਰਾ ਹੀ ਬਣ ਗਿਆ ਸੀ। ਇਸ ਵਿੱਚ 7-8 ਲੱਕੜ ਦੀਆਂ ਕੁਰਸੀਆਂ, ਇੱਕ ਟੇਬਲ ਚਾਚਾ ਜੀ ਦੇ ਵੱਡੇ ਮੰਜੇ ਦੇ ਸਾਹਮਣੇ ਪਿਆ ਹੁੰਦਾ ਸੀ। ਮੈਂ ਕਈ ਵਾਰ ਇਸ ਕਮਰੇ ਵਿੱਚ ਮਾਸਟਰ ਤਾਰਾ ਸਿੰਘ, ਗਿਆਨੀ ਕਰਤਾਰ ਸਿੰਘ, ਜੱਥੇਦਾਰ ਪ੍ਰੀਤਮ ਸਿੰਘ ਗੁੱਜਰਾਂ, ਜੱਥੇਦਾਰ ਸੰਪੂਰਨ ਸਿੰਘ ਰਾਮਾ, ਜੱਥੇਦਾਰ ਬਸੰਤ ਸਿੰਘ ਭੱਠਲ ਅਤੇ ਵਜ਼ੀਰ ਸਿੰਘ ਦਰਦੀ ਆਦਿ ਅਕਾਲੀ ਲੀਡਰਾਂ ਨੂੰ ਦੇਖਦਾ ਹੁੰਦਾ ਸੀ। ਕਦੇ ਕਦਾਈਂ ਜੱਥੇਦਾਰ ਊਧਮ ਸਿੰਘ ਨਾਗੋਕੇ ਤੇ ਈਸ਼ਰ ਸਿੰਘ ਮਝੇਲ ਵੀ ਦੇਖੇ ਜਾਂਦੇ ਸਨ। ਸਭ ਤੋਂ ਜ਼ਿਆਦਾ ਗਿਆਨੀ ਕਰਤਾਰ ਸਿੰਘ ਹੀ ਹੁੰਦੇ ਸਨ। ਪੋਠੋਹਾਰ ਤੇ ਸਰਹੱਦ ਦੇ ਕਾਫੀ ਸਿੱਖ ਆਉਂਦੇ ਸਨ, ਪਰ ਮੈਂ ਉਨ੍ਹਾਂ ਦੇ ਨਾਂ ਨਹੀਂ ਜਾਣਦਾ। ਬਾਵਾ ਪ੍ਰੇਮ ਸਿੰਘ ਹੋਤੀ ਮਰਦਾਨ ਤੇ ਗੋਪਾਲ ਸਿੰਘ ਕ੍ਰਿਸ਼ਨਾ ਨਗਰ ਲਾਹੌਰ ਵੀ ਕਾਫੀ ਆਉਂਦੇ ਸਨ। ਇਸ ਸਮੇਂ ਚਾਚਾ ਜੀ (ਗਿਆਨੀ ਸ਼ੇਰ ਸਿੰਘ) ਨੇ ਨਿੱਤਨੇਮ ਸਟੀਕ ਵੀ ਲਿਖਿਆ ਸੀ। ਮਾਲਵਾ ਤੇ ਪੋਠੋਹਾਰ ਦੇ ਅਕਾਲੀਆਂ ਦਾ ਗੜ੍ਹ ਸਾਡਾ ਘਰ ਹੀ ਸੀ।
ਸ੍ਰੋਮਣੀ ਅਕਾਲੀ ਦਲ ਆਪਣੀ ”ਪੰਥ ਦੀ ਆਜ਼ਾਦ ਹਸਤੀ” ਵਾਲੀ ਨੀਤੀ ਅਪਣਾ ਚੁੱਕਿਆ ਸੀ। ਜਦੋਂ ਕਿ ਪਹਿਲਾਂ ਇਹ ਕਾਂਗਰਸ ਨਾਲ ਹੀ ਸੀ। 1940 ਵਿੱਚ ਮਾਸਟਰ ਜੀ ਤੇ ਗਿਆਨੀ ਕਰਤਾਰ ਸਿੰਘ ਨੇ ਕਾਂਗਰਸ ਤੋਂ ਅਸਤੀਫੇ ਦੇ ਦਿੱਤੇ ਸਨ ਤੇ ਫੌਜ ਵਿੱਚ ਸਿੱਖਾਂ ਦੀ ਭਰਤੀ ਦਾ ਖੁੱਲ ਕੇ ਸਮਰਥਨ ਕੀਤਾ ਸੀ। ਇਸੇ ਅਧਾਰ ਤੇ ਹੀ ਗਿਆਨੀ ਕਰਤਾਰ ਸਿੰਘ ਜੀ ਨੇ ਮਾਸਟਰ ਜੀ ਅਤੇ ਚਾਚਾ ਜੀ, ਗਿਆਨੀ ਸ਼ੇਰ ਸਿੰਘ ਵਿਚਕਾਰ ਸਮਝੌਤਾ ਕਰਵਾਇਆ ਸੀ। 1941 ਵਿੱਚ ਉਨ੍ਹਾਂ ਨੇ ਭਾਂਪ ਲਿਆ ਸੀ ਕਿ ਦੇਸ਼ ਦੀ ਵੰਡ ਹੋ ਕੇ ਰਹੇਗੀ। ਉਹ ਸਮਝਦੇ ਸਨ ਕਿ ਪਾਕਿਸਤਾਨ ਦੇ ਬਣਨ ਨੂੰ ਹੁਣ ਰੋਕਿਆ ਨਹੀਂ ਜਾ ਸਕਦਾ। ਸਿੱਖਾਂ ਦੇ ਹੱਕਾਂ ਦੀ ਸੁਰੱਖਿਆ ਇਸ ਸਮਝੌਤੇ ਦਾ ਵੱਡਾ ਕਾਰਨ ਸੀ। ਉਨ੍ਹਾਂ ਨੇ ਗਿਆਨੀ ਕਰਤਾਰ ਸਿੰਘ ਦੀ ਰਾਇ ਨਾਲ ਅਕਾਲੀ ਦਲ ਦੀਆਂ ਦੋ ਮੰਗਾਂ ਰੱਖੀਆਂ। 1942 ਵਿੱਚ ਸ੍ਰੀ ਰਾਜ ਗੋਪਾਲ ਅਚਾਰੀਆ ਨੇ ਦੇਸ਼ ਦੀ ਵੰਡ ਨੂੰ ਮੰਨ ਲੈਣ ਦਾ ਸੁਝਾਅ ਦੇ ਦਿੱਤਾ ਸੀ।
ਸਿੱਖ ਲੀਡਰਸ਼ਿਪ ਨੇ ਇਸ ਕਰਕੇ ਹੀ ਦੋ ਮੰਗਾਂ ਰੱਖੀਆਂ ਸਨ। ਅਕਾਲੀ ਦਲ ਚਾਹੁੰਦਾ ਸੀ, ਜੇਕਰ ਦੇਸ਼ ਇੱਕ ਰਹਿੰਦਾ ਹੈ, ਤਾਂ ਅਜ਼ਾਦ ਪੰਜਾਬ ਬਣਾਇਆ ਜਾਵੇ, ਇਸ ਵਿੱਚੋਂ ਸਿੱਖ ਰਾਜ ਤੋਂ ਪਹਿਲਾਂ ਜੇਲ੍ਹਮ ਤੋਂ ਪਾਰ ਦੇ ਇਲਾਕੇ ਕੱਟ ਦਿੱਤੇ ਜਾਣ ਅਤੇ ਇਸੇ ਤਰ੍ਹਾਂ ਹਰਿਆਣੇ ਦੇ ਉਹ ਜ਼ਿਲ੍ਹੇ ਵੀ ਕੱਟ ਦਿੱਤੇ ਜਾਣ ਜਿਹੜੇ 1857 ਦੇ ਗਦਰ ਤੋਂ ਬਾਅਦ ਸਜ਼ਾ ਦੇ ਤੌਰ ‘ਤੇ ਪੰਜਾਬ ਵਿੱਚ ਸ਼ਾਮਲ ਕੀਤੇ ਸਨ। ਇਸ ਇਲਾਕੇ ਵਿੱਚ 40 ਪ੍ਰਤੀਸ਼ਤ ਮੁਸਲਮਾਨ, 40 ਪ੍ਰਤੀਸ਼ਤ ਹਿੰਦੂ ਅਤੇ 20 ਪ੍ਰਤੀਸ਼ਤ ਸਿੱਖ ਹੋਣ, ਤਾਂ ਕਿ ਇੱਕ ਦੂਜੇ ਨੂੰ ਕੋਈ ਦਬਾਅ ਨਾ ਸਕੇ। ਪਰ ਜੇਕਰ ਪਾਕਿਸਤਾਨ ਬਨਣਾ ਹੀ ਹੈ, ਤਾਂ ਸਿੱਖ ਸਟੇਟ ਦੀ ਮੰਗ ਸੀ, ਅਥਵਾ ਉਹ ਇਲਾਕੇ ਜਿੱਥੇ ਸਿੱਖ 25 ਪ੍ਰਤੀਸ਼ਤ ਤੋਂ ਵੱਧ ਮਾਮਲਾ ਦਿੰਦੇ ਹਨ, ਇਸ ਥਾਂ ‘ਤੇ ਸਿੱਖ ਇਕੱਠੇ ਕੀਤੇ ਜਾ ਸਕਦੇ ਹਨ, ਰਿਆਸਤਾਂ ਵੀ ਨਾਲ ਲੱਗਦੀਆਂ ਸਨ।
ਅਕਾਲੀ ਦਲ 1944 ਤੱਕ ਇਹ ਮੰਗਾਂ ਪੂਰੇ ਜੋਰ ਨਾਲ ਪਰਚਾਰਦਾ ਰਿਹਾ ਅਤੇ ਕਾਫੀ ਫਿਜਾ ਬਣ ਗਈ ਸੀ। 1942 ਵਿੱਚ ਲਾਰਡ ਕਰਿਪਸ ਦਾ ਗਿਆਨੀ ਸ਼ੇਰ ਸਿੰਘ ਨੂੰ ਸੱਦ ਕੇ ਮੁਲਾਕਾਤ ਕਰਨਾ ਇਨ੍ਹਾਂ ਮੰਗਾਂ ਪ੍ਰਤੀ ਅੰਗਰੇਜ਼ਾਂ ਦੀ ਕੁੱਝ ਖਿੱਚ ਵੀ ਜਾਪਦੀ ਸੀ। ਪਰ ਅਕਤੂਬਰ 1944 ਵਿੱਚ ਗਿਆਨੀ ਸ਼ੇਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਇਹ ਮੰਗਾਂ ਕਮਜੋਰ ਹੋ ਗਈਆਂ, ਕਿਉਂਕਿ ਜੱਥੇਦਾਰ ਊਧਮ ਸਿੰਘ ਨਾਗੋਕੇ ਦਾ ਗਰੁੱਪ ਪੱਕੇ ਤੌਰ ‘ਤੇ ਕਾਂਗਰਸ ਨਾਲ ਚੱਲ ਰਿਹਾ ਸੀ। ਸੰਨ 1945 ਦੀ ਆਰਜ਼ੀ ਸਰਕਾਰ ਵਿੱਚ ਸ੍ਰ. ਬਲਦੇਵ ਸਿੰਘ ਦੇ ਰੱਖਿਆ ਮੰਤਰੀ ਬਣਨ ਨਾਲ ਤਾਂ ਇਨ੍ਹਾਂ ਮੰਗਾਂ ਦਾ ਭੋਗ ਹੀ ਪੈ ਗਿਆ। ਗਿਆਨੀ ਕਰਤਾਰ ਸਿੰਘ ਜਿਹੜੇ ਇਨ੍ਹਾਂ ਮੰਗਾਂ ਦੇ ਸਮਰਥਕ ਸਨ ਉਹ ਵੀ ਸ੍ਰ. ਬਲਦੇਵ ਸਿੰਘ ਦੇ ਨਜ਼ਦੀਕ ਚਲੇ ਗਏ। ਮੇਰੇ ਪਿਤਾ (ਸ੍ਰ. ਖੀਵਾ ਸਿੰਘ) ਕਰਮ ਸਿੰਘ ਜਖਮੀ ਦੀ ਮੱਦਦ ਨਾਲ ਹਫਤਾ ਵਾਰ ਅਖਬਾਰ ‘ਪੰਜਾਬ’ ਚਲਾਉਂਦੇ ਰਹੇ ਅਤੇ ਇਹ ਅਕਾਲੀ ਸਿਆਸਤ ਦੇ ਅਨੁਕੂਲ ਹੀ ਚੱਲਦਾ ਸੀ। ਮਾਰਚ 1947 ਵਿੱਚ ਮੇਰੇ ਵੱਡੇ ਭਰਾ ਬਲਦੇਵ ਸਿੰਘ ਜਿਸ ਦੀ ਉਮਰ 15 ਕੁ ਸਾਲ ਸੀ ਦੀ ਸ਼ਾਦੀ ਰੱਖੀ ਸੀ, ਪਰ ਅੰਮ੍ਰਿਤਸਰ ਵਿੱਚ ਫਿਰਕੂ ਤਣਾਅ ਦੇ ਹੋਣ ਕਾਰਨ ਇਹ ਬਰਾਤ ਚੜ੍ਹ ਹੀ ਨਾ ਸਕੀ।
ਅੰਮ੍ਰਿਤਸਰ ਵਿੱਚ ਮਾਰਚ ਵਿੱਚ ਹੀ ਫਸਾਦ ਭੜਕ ਪਏ ਸਨ। ਸੁਣਿਆ ਸੀ, ਕਿ ਨਗਾਰੇ ‘ਤੇ ਇੱਕ ਸਿੱਖ ਟਾਂਗੇ ਰਾਹੀਂ ਰਾਤ ਨੂੰ ਜਲਸੇ ਦਾ ਪ੍ਰਚਾਰ ਕਰ ਰਿਹਾ ਸੀ, ਜੋ ਕਿ ਮੰਜੀ ਸਾਹਿਬ ਵਿਖੇ ਹੋਣਾ ਸੀ। ਮੁਸਲਮਾਨਾਂ ਨੇ ਉਸ ਦਾ ਕਤਲ ਕਰ ਦਿੱਤਾ। ਭੜਕੇ ਹੋਏ ਸਿੰਘਾਂ ਨੇ ਜਾ ਕੇ 2-3 ਮੁਸਲਮਾਨ ਕਤਲ ਕਰ ਦਿੱਤੇ। ਬੱਸ, ਸਾਰੇ ਅੰਮ੍ਰਿਤਸਰ ਵਿੱਚ ਅੱਗ ਮੱਚ ਗਈ। ਭੜਾਕੇ ‘ਤੇ ਭੜਾਕੇ ਸ਼ੁਰੂ ਹੋ ਗਏ, ਸਾਡਾ ਮਕਾਨ ਹਾਲ ਬਜਾਰ ਦੇ ਨਜ਼ਦੀਕ ਕੱਟੜਾ ਬੱਘੀਆਂ ਵਿੱਚ ਸੀ। ਆਸੇ ਪਾਸੇ ਮੁਸਲਮਾਨਾਂ ਦੇ ਘਰ ਹੀ ਸੀ, ਉਸ ਇਲਾਕੇ ਵਿੱਚ ਮੁਸਲਮਾਨਾਂ ਦਾ ਜ਼ੋਰ ਸੀ। ਸਾਡੇ ਘਰ ਦੀ ਪਿੱਠ ਇੱਕ ਮੁਸਲਮਾਨ ਪਰਿਵਾਰ ਨਾਲ ਲੱਗਦੀ ਸੀ ਅਤੇ ਸਾਡਾ ਆਪਸ ਵਿੱਚ ਵਧੀਆ ਮੇਲ ਜੋਲ ਸੀ। ਅਸੀਂ ਉਨ੍ਹਾਂ ਦੀ ਇੱਕ ਨੌਜਵਾਨ ਲੜਕੀ ਨੂੰ ਬੀਬੀ ਕਹਿ ਕੇ ਬਲਾਉਂਦੇ ਸੀ, ਅਤੇ ਉਹ ਮੈਨੂੰ ਸ਼ੁਰੂ ਤੋਂ ਹੀ ਆਪਣੇ ਨਾਲ ਰੱਖਦੀ ਸੀ। ਦੋਹਾਂ ਪਰਿਵਾਰਾਂ ਵਿੱਚ ਕੋਈ ਫਰਕ ਨਹੀਂ ਸੀ। ਮੇਰੀ 6-7 ਸਾਲ ਦੀ ਉਮਰ ਤੱਕ ਸਾਡਾ ਬਹੁਤ ਹੀ ਸਨੇਹ ਰਿਹਾ। ਅੰਮ੍ਰਿਤਸਰ ਦੇ ਦੰਗਿਆਂ ਸਮੇਂ ਉਹ ਸਾਡੇ ਇਕੱਲੇ ਘਰ ਦੀ ਰੱਖਿਆ ਵੀ ਕਰਦੇ ਸਨ। ਅਸੀਂ ਇੱਕ ਦੂਜੇ ਦੇ ਘਰ ਦੀ ਰੋਟੀ ਵੀ ਖਾਂਦੇ ਸੀ ਅਤੇ ਕਿਸੇ ਦੇ ਮਨ ਵਿੱਚ ਕੋਈ ਫਰਕ ਨਹੀਂ ਸੀ।
ਤਿੰਨ-ਚਾਰ ਦਿਨਾਂ ਬਾਅਦ ਉਨ੍ਹਾਂ ਦੇ ਬਜੁਰਗ ਨੇ ਮੇਰੇ ਬਾਪੂ ਜੀ ਨੂੰ ਕੁੱਝ ਕਿਹਾ, ਉਨ੍ਹਾਂ ਨੂੰ ਸ਼ੱਕ ਸੀ ਕਿ ਇਕੱਲਾ ਘਰ ਸਮਝ ਕੇ ਮੁਸਲਮਾਨ ਹਮਲਾ ਨਾ ਕਰ ਦੇਣ। ਇੱਕ ਦਿਨ ਸ਼ਾਮ ਨੂੰ ਬਾਪੂ ਜੀ ਲੋੜ ਅਨੁਸਾਰ ਕੱਪੜੇ ਅਤੇ ਨਕਦੀ ਚੁੱਕ ਕੇ ਪਰਿਵਾਰ ਸਮੇਤ ਕੋਤਵਾਲੀ ਚਲੇ ਗਏ। ਉੱਥੇ ਕੋਤਵਾਲ ਮੁਸਲਮਾਨ ਸੀ, ਪਰ ਹਾਜ਼ਰ ਨਹੀਂ ਸੀ। ਇੱਕ ਸਿੱਖ ਸਬ-ਇੰਸਪੈਕਟਰ ਨੇ ਸਾਨੂੰ ਵਰਾਂਡੇ ਵਿੱਚ ਬਿਸਤਰੇ ਵਿਛਾਉਣ ਲਈ ਕਹਿ ਦਿੱਤਾ। ਕੋਈ ਅੱਠ ਕੁ ਵਜੇ ਮੁਸਲਮਾਨ ਇੰਸਪੈਕਟਰ ਆ ਗਿਆ ਤੇ ਗੁੱਸੇ ਵਿੱਚ ਰੌਲਾ ਪਾਉਣ ਲੱਗਿਆ ”ਇਨ੍ਹਾਂ ਨੂੰ ਕੋਤਵਾਲੀ ਵਿੱਚ ਕਿਉਂ ਰੱਖਿਆ ਹੈ?” ਉਹ ਥਾਣੇਦਾਰ ਵੀ ਆ ਗਿਆ। ਉਸ ਨੇ ਕਿਹਾ ”ਖਤਰਾ ਮਹਿਸੂਸ ਕਰਦਿਆਂ ਮੈਂ ਜਗ੍ਹਾ ਦਿੱਤੀ ਹੈ।” ਦੋਵੇਂ ਇੱਕ ਦੂਜੇ ਵਿਰੁੱਧ ਤਣ ਗਏ । ਦੋਵੇਂ ਰਿਵਾਲਵਰ ਕੱਢਣ ਤੱਕ ਚਲੇ ਗਏ, ਪਰ ਮੁਲਾਜਮਾਂ ਦੇ ਵਿੱਚ ਪੈਣ ਤੇ ਉਹ ਸ਼ਾਂਤ ਹੋ ਗਏ। ਕੋਤਵਾਲ ਸਾਡੇ ਵੱਲ ਬੜਾ ਔਖਾ ਝਾਕਦਾ ਸੀ, ਪਰ ਉਸ ਦੀ ਕੋਈ ਵਾਹ ਨਹੀਂ ਸੀ ਜਾ ਰਹੀ। ਦੂਸਰੇ ਦਿਨ ਮਾਸਟਰ ਤਾਰਾ ਸਿੰਘ ਅਫ਼ਸਰਾਂ ਦੇ ਸੱਦਣ ‘ਤੇ ਅਮਨ ਕਮੇਟੀ ਦੀ ਮੀਟਿੰਗ ਵਿੱਚ ਆਏ। ਉਨ੍ਹਾਂ ਨੇ ਝੱਟ ਉਹ ਕਾਰ, ਜਿਸ ਵਿੱਚ ਉਹ ਆਏ ਸਨ, ਸਾਡੇ ਸਾਮਾਨ ਸਮੇਤ ਸਾਨੂੰ ਗੁਰੂ ਰਾਮਦਾਸ ਸਰਾਂ ਛੱਡਣ ਲਈ ਭੇਜ ਦਿੱਤੀ। ਮੈਨੂੰ ਯਾਦ ਹੈ ਕਿ ਸ਼ਾਇਦ ਇਹ ਕਾਰ ਰੰਘਣ ਨੰਗਲੀਏ ਸਰਦਾਰਾਂ ਦੀ ਸੀ। ਇਸ ਕਾਰ ਦੇ ਬੋਨਟ ‘ਤੇ ਇੱਕ ਦੋਨਾਲੀ ਬੰਦੂਕ ਲੈ ਕੇ ਬੈਠ ਗਿਆ। ਡਰਾਈਵਰ ਕੋਲ ਵੀ ਅਸਲਾ ਸੀ। ਇੱਕ 12 ਬੋਰ ਬੰਦੂਕ ਮੇਰੇ ਬਾਪੂ ਜੀ ਕੋਲ ਵੀ ਸੀ। ਸਾਨੂੰ ਸਰਾਂ ਵਿੱਚ ਯੋਗ ਥਾਂ ਮਿਲ ਗਈ। ਉਸ ਤੋਂ ਪਹਿਲਾਂ ਅਸੀਂ ਗੈਸੱਟ ਹਾਊਸ ਵਿੱਚ ਵੀ ਰਹੇ। ਸਰਾਂ ਬਿਲਕੁਲ ਭਰੀ ਹੋਈ ਸੀ। ਦਰਬਾਰ ਸਾਹਿਬ ਵਿੱਚ ਅਕਸਰ ਰੌਲਾ ਪੈ ਜਾਂਦਾ ਸੀ ਕਿ ਮੁਸਲਮਾਨ ਹਮਲਾ ਕਰਨ ਆ ਰਹੇ ਹਨ, ਤਾਂ ਸਾਰੇ ਆਪੋ ਆਪਣੇ ਹਥਿਆਰ ਲੈ ਕੇ ਬਾਹਰ ਆ ਜਾਂਦੇ, ਕਿਸੇ ਕੋਲ ਬਾਹੀ ਹੁੰਦੀ ਤੇ ਕਿਸੇ ਕੋਲ ਮੰਜੇ ਦਾ ਸੇਰਵਾ ਹੁੰਦਾ। ਫਿਰ ਇੱਕ ਦਿਨ ਤਕਰੀਬਨ 11 ਵਜੇ ਇੱਕ ਹਜ਼ਾਰ ਤੋਂ ਵੱਧ ਆਦਮੀ ਸਰਾਂ ਦੇ ਸਾਹਮਣੇ ਇਕੱਠੇ ਹੋ ਗਏ, ਉਨ੍ਹਾਂ ਦੀ ਅਗਵਾਈ ਜੱਥੇ. ਊਧਮ ਸਿੰਘ ਨਾਗੋਕੇ ਕਰ ਰਹੇ ਸੀ। ਮੇਰੇ ਬਾਪੂ ਜੀ 12 ਬੋਰ ਬੰਦੂਕ ਨਾਲ ਚਲੇ ਗਏ ਤਾਂ ਜੱਥੇ. ਨਾਗੋਕੇ ਨੇ ਉਨ੍ਹਾਂ ਨੂੰ ਕਿਹਾ ਕਿਹਾ ਸ. ਖੀਵਾ ਸਿੰਘ ਤੇਰੇ ਬੱਚੇ ਛੋਟੇ ਹਨ, ਵਾਪਸ ਜਾਓ ਤੇ ਉਨ੍ਹਾਂ ਦੀ ਬੰਦੂਕ ਆਪ ਰੱਖ ਲਈ, ਫੇਰ ਦੋਹਾਂ ਫਿਰਕਿਆਂ ਦੇ ਵਿਚਕਾਰ ਟਕਰਾ ਹੋਇਆ। ਉਸ ਤੋਂ ਬਾਅਦ ਮੁਸਲਮਾਨ ਅੰਮ੍ਰਿਤਸਰ ਵਿੱਚ ਠੰਢੇ ਹੋ ਗਏ। ਮੈਂ ਦੂਜੇ ਦਿਨ ਦੇਖਿਆ ਕਿ ਮੇਰੇ ਬਾਪੂ ਜੀ ਬੰਦੂਕ ਸਾਫ ਕਰ ਰਹੇ ਸਨ। ਨਫਰਤ ਵਧ ਗਈ ਸੀ, ਭਾਈ ਚਾਰਾ ਤਹਿਸ ਨਹਿਸ ਹੋ ਗਿਆ।

Check Also

CLEAN WHEELS

Medium & Heavy Vehicle Zero Emission Mission (ਚੌਥੀ ਤੇ ਆਖਰੀ ਕਿਸ਼ਤ) ਲੜੀ ਜੋੜਨ ਲਈ ਪਿਛਲਾ …