Breaking News
Home / ਨਜ਼ਰੀਆ / ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ, ਸਾਰਾ ਜਹਾਨ ਜੀਵੇ

ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ, ਸਾਰਾ ਜਹਾਨ ਜੀਵੇ

ਪ੍ਰਿੰ. ਸਰਵਣ ਸਿੰਘ
ਸਰਬੱਤ ਦੇ ਭਲੇ ਦਾ ਪੈਗ਼ਾਮ ਲੈ ਕੇ ਭਾਰਤ ਸਰਕਾਰ ਦੀ ਆਗਿਆ ਨਾਲ ਪਾਕਿਸਤਾਨ ਗਏ ਨਵਜੋਤ ਸਿੰਘ ਸਿੱਧੂ ਨੇ ਜੋ ਕੁਝ ਕਿਹਾ ਉਹ ਸਰਹੱਦ ਦੇ ਉਰਾਰ ਪਾਰ ਵਸਦੇ ਪੰਜਾਬੀਆਂ ਦੇ ਦਿਲਾਂ ਦੀ ਆਵਾਜ਼ ਹੈ। ਦੇਸ਼ ਦੀ ਵੰਡ ਵੇਲੇ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ ਸੀ। ‘ਆਜ਼ਾਦੀ’ ਦੋਹਾਂ ਪਾਸਿਆਂ ਦੇ ਪੰਜਾਬੀਆਂ ਦੀਆਂ ਲੱਖਾਂ ਜਾਨਾਂ ਲੈ ਗਈ ਸੀ। ਲੱਖਾਂ ਪੰਜਾਬੀਆਂ ਦੇ ਘਰ-ਬਾਰ ਉੱਜੜ ਗਏ, ਅਸਮਤਾਂ ਲੁੱਟੀਆਂ ਗਈਆਂ ਤੇ ਹਜ਼ਾਰਾਂ ਪਰਿਵਾਰ ਆਰ ਪਾਰ ਵਿਛੜ ਗਏ। ਬਾਜਵੇ ਤੇ ਸਿੱਧੂ ਓਧਰ ਵੀ ਹਨ ਤੇ ਏਧਰ ਵੀ। ਲਹੂ ਦੇ ਰਿਸ਼ਤੇ ਵਰ੍ਹਿਆਂ ਤੋਂ ਵਿਛੜੇ ਹੋਏ ਹਨ ਜੋ ਮੁੜ ਮਿਲਣ ਲਈ ਤਰਸ ਰਹੇ ਹਨ। ਕਥਿਤ ‘ਰਾਸ਼ਟਰਵਾਦੀ’ ਕਦੇ ਤਾਂ ਪੰਜਾਬੀਆਂ ਦਾ ਦੁੱਖ-ਦਰਦ ਸਮਝਣ, ਕਦੇ ਤਾਂ ਦੁਖੀਆਂ ਦੀ ਸਾਰ ਲੈਣ। ਹਿੰਦ-ਪਾਕਿ ਦੁਸ਼ਮਣੀ ਦੀ ਅੱਗ ਬਾਲੀ ਰੱਖਣ ਨਾਲ ਸਭ ਤੋਂ ਵੱਧ ਨੁਕਸਾਨ ਪੰਜਾਬੀਆਂ ਦਾ ਹੋਇਆ। ਕਦੇ ਕੋਈ ਸਰਹੱਦੀ ਝੜਪ, ਕਦੇ ਲੜਾਈ, ਕਦੇ ਜੰਗ। ਹਿੰਦ-ਪਾਕਿ ਦੁਸ਼ਮਣੀ ਪੰਜਾਬੀਆਂ ਨੂੰ ਲੈ ਬੈਠੀ ਹੈ। ਤਦੇ ਤਾਂ ਹਿੰਦ-ਪਾਕਿ ਦੋਸਤੀ ਲਈ ਉਹ ਮੁੜ-ਮੁੜ ਤਰਲੇ ਮਾਰਦੇ ਨੇ। ਨਵਜੋਤ ਸਿੱਧੂ ਦੇ ਦਿਲ ਦੀ ਆਵਾਜ਼ ਦੋਹਾਂ ਦੇਸ਼ਾਂ ਦੇ ਪੰਜਾਬੀ ਤੇ ਆਮ ਲੋਕ ਤਾਂ ਸੁਣ ਹੀ ਰਹੇ ਹਨ, ਹਿੰਦ-ਪਾਕਿ ਨੂੰ ਦੁਸ਼ਮਣ ਬਣਾ ਕੇ ਤੇ ਲੜਾਈ ਦਾ ਹਊਆ ਖੜ੍ਹਾ ਕਰ ਕੇ ਸਿਆਸੀ ਤਾਕਤ ਹਾਸਲ ਕਰਨ ਵਾਲੇ ਦੋਗਲੇ ਸਿਆਸਤਦਾਨ ਵੀ ਕਦੇ ਸੁਣਨ। ਵਾਹਗਾ ਬਾਰਡਰ ਲੰਘਦਿਆਂ ਇਸ ਆਵਾਜ਼ ਦੇ ਪਹਿਲੇ ਬੋਲ ਸਨ, ”ਹਿੰਦੋਸਤਾਨ ਜੀਵੇ, ਪਾਕਿਸਤਾਨ ਜੀਵੇ, ਅਮਨ ਚੈਨ ਨਾਲ ਸਾਰਾ ਜਹਾਨ ਜੀਵੇ।” ਕੀ ਗ਼ਲਤ ਕਿਹਾ ਸਿੱਧੂ ਨੇ? ਕਿਹੜਾ ਦੇਸ਼ ਧ੍ਰੋਹ ਹੈ ਇਹਦੇ ਵਿਚ?
ਜਿਹੜੇ ‘ਦੇਸ਼ਭਗਤ’, ਸਿੱਧੂ ਦੇ ਹਿੰਦ-ਪਾਕਿ ਵਿਚਕਾਰ ਗਲਵਕੜੀ ਪੁਆਉਂਦੇ ਅਤੇ ਪਿਆਰ ਮੁਹੱਬਤ ਜਤਾਉਂਦੇ ਬੋਲਾਂ ‘ਤੇ ਔਖੇ ਭਾਰੇ ਹੋ ਰਹੇ ਹਨ ਉਹ ਦੱਸਣ ਕੀ ਉਹ ਪਾਕਿਸਤਾਨ ਪਹੁੰਚ ਕੇ ਮੇਜ਼ਬਾਨਾਂ ਨੂੰ ਮਿਹਣੇ ਮਾਰਦਾ?ਕੀ ਉਨ੍ਹਾਂ ਦੀ ਨਿੰਦਿਆ ਕਰਦਾ? ਗੁਰੂ ਨਾਨਕ ਦੇਵ ਜੀ ਦੇ ਵਰੋਸਾਏ ਨਗਰ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਦੋਂ ਕਰਤਾਰਪੁਰ ਦੀ ਧਰਤੀ ਦਾ ਬਾਜਵਾ ਜਰਨੈਲ ਬਾਬੇ ਨਾਨਕ ਦੇ ਪੈਰੋਕਾਰਾਂ ਨੂੰ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਲਾਂਘਾ ਦੇਣ ਦੀ ਗੱਲ ਕਰਦਾ ਤਾਂ ਕੀ ਉਸ ਨਾਲ ਗਲੇ ਲੱਗਣ ਦੀ ਥਾਂ ਘਸੁੰਨ ਮਾਰਦਾ? ਕਹਿ ਦਿੰਦਾ ਕੋਈ ਲੋੜ ਨਹੀਂ ਲਾਂਘੇ ਦੀ! ਕੈਸੇ ‘ਰਾਸ਼ਟਰਵਾਦੀ’ ਹਨ ਸਿੱਧੂ ਨੂੰ ਦੇਸ਼ ਧ੍ਰੋਹੀ ਕਹਿਣ ਵਾਲੇ?
ਐਸੇ ‘ਰਾਸ਼ਟਰਵਾਦੀਆਂ’ ਨੂੰ ਯਾਦ ਕਰਾਉਣਾ ਬਣਦੈ ਕਿ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਵਾਜਪਾਈ ਅਤੇ ਅਜੋਕੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਖ਼ੁਦ ਪਾਕਿਸਤਾਨ ਗਏ ਸਨ। ਕੀ ਉਨ੍ਹਾਂ ਉਥੇ ਪਾਕਿਸਤਾਨੀਆਂ ਨਾਲ ਦੁਆ ਸਲਾਮ ਨਹੀਂ ਕੀਤੀ, ਹੱਥ ਨਹੀਂ ਮਿਲਾਏ, ਗਲੇ ਨਹੀਂ ਲੱਗੇ? ਜੇਕਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਹੋਰਾਂ ਨੂੰ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਉਤੇ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਪਧਾਰਨ ਦਾ ਸੱਦਾ ਆਵੇ ਤਾਂ ਉਨ੍ਹਾਂ ਨੂੰ ਕੀ ਇਤਰਾਜ਼ ਹੋ ਸਕਦੈ? ਜੇ ਉਨ੍ਹਾਂ ਦੇ ਜਨਮ ਪਿੰਡ ਗਾਹ ਦੇ ਲੋਕ ਆਪਣੇ ਗਰਾਈਂ ਨੂੰ ਮਿਲਣਾ ਚਾਹੁਣ ਤਾਂ ਕੀ ਉਹ ਇਨਕਾਰ ਕਰ ਦੇਣ?ਕੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਲਾਹੌਰ ਜਾਣਾ ਅਤੇ ਪਿਆਰ ਮੁਹੱਬਤ ਦੇ ਤੋਹਫ਼ੇ ਲੈਣੇ ਦੇਣੇ ਦੇਸ਼ ਧ੍ਰੋਹ ਸੀ?ਪਟਿਆਲੇ ਦੇ ਕੈਪਟਨ ਅਮਰਿੰਦਰ ਸਿੰਘ ਸਿੱਧੂ ਨੂੰ ਪਟਿਆਲੇ ਦੇ ਹੀ ਨਵਜੋਤ ਸਿੰਘ ਸਿੱਧੂ ਦਾ ਬਾਜਵੇ ਜਰਨੈਲ ਦੇ ਗਲੇ ਮਿਲਣਾ ਚੰਗਾ ਨਹੀਂ ਲੱਗਾ। ਉਹ ਆਪਣੇ ਦਿਲ ‘ਤੇ ਹੱਥ ਰੱਖ ਕੇ ਦੱਸਣ ਕਿ ਕਰਤਾਰਪੁਰ ਦੇ ਲਾਂਘੇ ਦੀ ਪੇਸ਼ਕਸ਼ ਸਮੇਂ ਸਿੱਧੂ-ਬਾਜਵਾ ਹੋਰ ਕਿਵੇਂ ਮਿਲਦੇ? ਸਿੱਧੂ ਨੇ ਕੋਈ ਖੁਨਾਮੀ ਨਹੀਂ ਖੱਟੀ ਜਿਸ ਲਈ ਭਾਈਚਾਰਾ ਸ਼ਰਮਿੰਦਾ ਹੋਵੇ!
ਪਹਿਲੀਆਂ ਭਾਰਤ-ਪਾਕਿ ਪੰਜਾਬ ਖੇਡਾਂ ਦਸੰਬਰ 2004 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਪਟਿਆਲੇ ਵਿਚ ਹੋਈਆਂ ਸਨ। ਪੱਛਮੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਨੇ ਪਟਿਆਲੇ ਪਹੁੰਚ ਕੇ ਖੇਡਾਂ ਦੀ ਮਿਸ਼ਾਲ ਜਗਾਈ ਸੀ। ਉਦੋਂ ਪੂਰਬੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਖ਼ੁਸ਼ੀ ਸਾਂਭੀ ਨਹੀਂ ਸੀ ਜਾ ਰਹੀ। ਉਸ ਨੇ ਚੌਧਰੀ ਸਾਹਿਬ ਨੂੰ ਜੀ ਆਇਆਂ ਆਖਦਿਆਂ ਜਜ਼ਬਾਤੀ ਰੌਂਅ ‘ਚ ਕਿਹਾ ਸੀ, ”ਇਕ ਦਿਨ ਇਹ ਬਾਡਰ ਸ਼ਾਡਰ ਖ਼ਤਮ ਹੋ ਜਾਣਗੇ ਤੇ ਸਭ ਗੇਟ ਸ਼ੇਟ ਖੁੱਲ੍ਹ ਜਾਣਗੇ। ਜੇਕਰ ਸਾਡੇ ਸੰਬੰਧ ਇਸੇ ਤਰ੍ਹਾਂ ਮਿੱਠੇ ਹੁੰਦੇ ਰਹੇ ਤਾਂ ਦੁਨੀਆ ਦੀ ਕੋਈ ਵੀ ਤਾਕਤ 57 ਸਾਲ ਪਹਿਲਾਂ ਵਿਛੜੇ ਭਰਾਵਾਂ ਦੇ ਮਿਲਾਪ ‘ਚ ਅੜਿੱਕਾ ਨਹੀਂ ਬਣ ਸਕੇਗੀ।” ਉਦੋਂ ਦਿਲ ਦੀ ਗੱਲ ਕੀਤੀ ਸੀ ਸਾਡੇ ਮਾਨਯੋਗ ਮੁੱਖ ਮੰਤਰੀ ਜੀ ਨੇ। ਪੂਰਬੀ ਪੰਜਾਬ ਦੇ ਮੁੱਖ ਮੰਤਰੀ ਦੇ ਬੋਲਣ ਪਿੱਛੋਂ ਪੱਛਮੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪ੍ਰਵੇਜ਼ ਇਲਾਹੀ ਨੇ ਬੜੇ ਵਿਸ਼ਵਾਸ ਨਾਲ ਕਿਹਾ ਸੀ, ”ਆਪਾਂ ਸਦੀਵੀ ਅਮਨ ਤੇ ਮਿਲਾਪ ਦੀ ਮੰਜ਼ਲ ਲਈ ਰਸਤਾ ਲੱਭ ਲਿਆ ਏ। ਲੋੜ ਸਿਰਫ਼ ਇਸ ਉਤੇ ਇਕਜੁੱਟ ਹੋ ਕੇ ਤੁਰਨ ਦੀ ਏ ਜਿਸ ਦੀ ਬਦੌਲਤ ਆਪਾਂ ਆਪਣੀ ਮੰਜ਼ਲ ਸਰ ਕਰ ਸਕਾਂਗੇ।” ਚੌਧਰੀ ਸਾਹਿਬ ਨੇ ਪੰਜਾਬੀ ਬੋਲਦਿਆਂ ਲੋਕਾਂ (ਪੰਜਾਬੀਆਂ) ਨੂੰ ਅਪੀਲ ਕੀਤੀ ਸੀ ਕਿ ਉਹ ਇਕਮੁੱਠ ਹੋ ਕੇ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਨੂੰ ਦੋਸਤੀ ਕਰਨ ਲਈ ਮਜਬੂਰ ਕਰ ਦੇਣ। ਉਨ੍ਹਾਂ ਨੇ ਚੜ੍ਹਦੇ ਪੰਜਾਬ ਦੇ ਵਸਨੀਕਾਂ ਨੂੰ ਨਿੱਘਾ ਸੱਦਾ ਦਿੱਤਾ ਸੀ ਕਿ ਅਗਲੇ ਸਾਲ ਲਾਹੌਰ ਦੀਆਂ ਹਿੰਦ-ਪਾਕਿ ਪੰਜਾਬ ਖੇਡਾਂ ‘ਤੇ ਹੁਮ ਹੁਮਾ ਕੇ ਆਉਣਾ। ਅਗਲੇ ਸਾਲ ਲਾਹੌਰ ਵਿਚ ਦੂਜੀਆਂ ਭਾਰਤ-ਪਾਕਿ ਖੇਡਾਂ ਰੱਖ ਵੀ ਲਈਆਂ ਗਈਆਂ ਸਨ ਪਰ ਕਸ਼ਮੀਰ ‘ਚ ਭੁਚਾਲ ਆਉਣ ਕਾਰਨ ਮੁਲਤਵੀ ਕਰਨੀਆਂ ਪਈਆਂ। ਮੀਡੀਏ ਦਾ ਫ਼ਰਜ਼ ਹੈ ਕਿ ਸਿਆਸਤਦਾਨਾਂ ਨੂੰ ਉਨ੍ਹਾਂ ਦੇ ਕਥਨ ਚੇਤੇ ਕਰਵਾਉਂਦਾ ਰਹੇ।
ਇੰਡੋ-ਪਾਕਿ ਪੰਜਾਬ ਖੇਡਾਂ ਦੋਹਾਂ ਪਾਸਿਆਂ ਦੇ ਪੰਜਾਬੀਆਂ ਵਿਚਾਲੇ ਸਾਂਝਾਂ ਵਧਾਉਣ ਦੀਆਂ ਅਹਿਮ ਕੜੀਆਂ ਹੋ ਸਕਦੀਆਂ ਹਨ। 1954, 56 ਤੇ 60 ਵਿਚ ਦੋਹਾਂ ਪੰਜਾਬਾਂ ਦੀਆਂ ਕਬੱਡੀ ਤੇ ਅਥਲੈਟਿਕ ਟੀਮਾਂ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਤੇ ਚੜ੍ਹਦੇ ਪੰਜਾਬ ਤੋਂ ਲਹਿੰਦੇ ਪੰਜਾਬ ਵਿਚ ਆਉਂਦੀਆਂ ਜਾਂਦੀਆਂ ਰਹੀਆਂ। ਇੰਡੋ-ਪਾਕਿ ਕ੍ਰਿਕਟ ਤੇ ਹਾਕੀ ਦੀਆਂ ਟੈੱਸਟ ਲੜੀਆਂ ਵੀ ਚੱਲੀਆਂ। ਇਨ੍ਹਾਂ ਨਾਲ ਦੋਹਾਂ ਪੰਜਾਬਾਂ ਦਾ ਪ੍ਰੇਮ ਪਿਆਰ ਵਧਿਆ ਸੀ ਤੇ ਦੋਹਾਂ ਦੇਸ਼ਾਂ ਦੀਆਂ ਖੇਡਾਂ ਨੂੰ ਚੰਗਾ ਹੁਲ੍ਹਾਰਾ ਮਿਲਿਆ ਸੀ।
ਦੋਹਾਂ ਪੰਜਾਬਾਂ ਵਿਚਕਾਰ ਖੇਡਾਂ ਕਰਾਉਣ ਲਈ ਬਹੁਤੇ ਵੱਡੇ ਬਜਟ ਦੀ ਵੀ ਲੋੜ ਨਹੀਂ। ਖੇਡਾਂ ਭਾਵੇਂ ਲਾਹੌਰ ਹੋਣ ਭਾਵੇਂ ਲੁਧਿਆਣੇ ਇਕ ਦੂਜੇ ਥਾਂ ਜਾਣ ਨੂੰ ਦੋਂਹ ਚਹੁੰ ਘੰਟਿਆਂ ਤੋਂ ਵੱਧ ਸਮਾਂ ਨਹੀਂ ਲੱਗਦਾ। 2004 ਵਿਚ ਪਟਿਆਲੇ ਦੀਆਂ ਪੰਜਾਬ ਖੇਡਾਂ ਦਾ ਤਜਰਬਾ ਹੋ ਹੀ ਚੁੱਕੈ। ਕਿੰਨਾ ਅਨੰਦ ਮਾਣਿਆਂ ਸੀ ਪੰਜਾਬੀਆਂ ਨੇ ਉਨ੍ਹਾਂ ਖੇਡਾਂ ਦਾ!
ਹੁਣ ਵਾਰੀ ਲਾਹੌਰ ਵਿਚ ਖੇਡਾਂ ਕਰਾਉਣ ਦੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਭਾਰਤ ਦੇ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ, ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਤੇ ਪੰਜਾਬ ਦੇ ਸਭਿਆਚਾਰ ਮੰਤਰੀ ਨਵਜੋਤ ਸਿੰਘ ਸਿੱਧੂ ਸਭ ਮੰਨੇ ਦੰਨੇ ਖਿਡਾਰੀ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪਰਿਵਾਰ ਤਾਂ ਬਾਪ ਦਾਦੇ ਤੋਂ ਖੇਡਾਂ ਦਾ ਸਰਪ੍ਰਸਤ ਹੈ। ਵੈਰ ਵਿਰੋਧ ਦੀਆਂ ਵਾਧੂ ਗੱਲਾਂ ਛੱਡ ਕੇ ਭਾਰਤ ਤੇ ਪਾਕਿਸਤਾਨ ਦੀਆਂ ਨੈਸ਼ਨਲ ਓਲੰਪਿਕ ਐਸੋਸੀਏਸ਼ਨਾਂ ਨੂੰ ਇੰਡੋ-ਪਾਕਿ ਖੇਡਾਂ ਕਰਾਉਣੀਆਂ ਚਾਹੀਦੀਆਂ ਹਨ। ਜਾਂ ਫਿਰ ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਸੂਬਾਈ ਓਲੰਪਿਕ ਐਸੋਸੀਏਸ਼ਨਾਂ ਨੂੰ ਫਿਰ ਪਹਿਲ ਕਦਮੀ ਕਰ ਕੇ ਦੋਹਾਂ ਪੰਜਾਬਾਂ ਦੀਆਂ ਮੁਲਤਵੀ ਹੋਈਆਂ ਖੇਡਾਂ ਦੀ ਖੇਡ ਲੜੀ ਨੂੰ ਮੁੜ ਸ਼ੁਰੂ ਕਰਨਾ ਚਾਹੀਦਾ ਹੈ।
ਭਾਰਤ ਅਤੇ ਪਾਕਿਸਤਾਨ ਦੇ ਆਮ ਲੋਕ ਜੰਗ ਬਿਲਕੁਲ ਨਹੀਂ ਚਾਹੁੰਦੇ। ਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂ। ਵੱਡੀਆਂ ਤੋਂ ਵੱਡੀਆਂ ਜੰਗਾਂ ਪਿੱਛੋਂ ਵੀ ਮਸਲੇ ਮੇਜ਼ ‘ਤੇ ਹੀ ਹੱਲ ਹੋਏ ਹਨ। ਜੰਗ, ਹਥਿਆਰ ਵੇਚਣ ਵਾਲੇ ਤੇ ਧੌਂਸ ਜਮਾਉਣ ਵਾਲੇ ਜ਼ੋਰਾਵਰ ਮੁਲਕ ਲੁਆਉਂਦੇ ਹਨ। ਜਾਂ ਉਹ ਹਾਕਮ ਜਿਹੜੇ ਲੋਕਾਂ ਦਾ ਧਿਆਨ ਲੋਕ ਹਿਤੈਸ਼ੀ ਮੁੱਦਿਆਂ ਵੱਲੋਂ ਹਟਾਉਣ ਲਈ ਅਜਿਹੇ ਕਮੀਨੇ ਕਾਰੇ ਕਰਦੇ ਹਨ। ਇਹ ਭਾਰਤ ਤੇ ਪਾਕਿਸਤਾਨ ਦੇ ਹਾਕਮਾਂ ਲਈ ਵੰਗਾਰ ਹੈ ਕਿ ਆਪਸੀ ਮਸਲੇ ਲੜਨ ਭਿੜਨ ਤੋਂ ਬਿਨਾਂ ਹੱਲ ਕਰਨ ਨਾ ਕਿ ਜੰਗ ਵਿਚ ਲੜ ਮਰ ਕੇ। ਜੰਗ ਦੀ ਅੱਗ ਅੰਨ੍ਹੀ, ਪਾਗ਼ਲ ਤੇ ਮੂੰਹਜ਼ੋਰ ਹੁੰਦੀ ਹੈ। ਇਸ ਲਈ ਜੰਗਬਾਜ਼ੋ, ਅਜੇ ਵੀ ਸੰਭਲੋ, ਮਰਨ ਮਾਰਨ ਦੀਆਂ ਗੱਲਾਂ ਨਾ ਕਰੋ। ਭੜਕਾਈ ਜਾ ਰਹੀ ਅੱਗ ਦਾ ਪਤਾ ਨਹੀਂ ਉਹ ਕਦੋਂ ਹਾਕਮਾਂ ਵੱਲ ਮੂੰਹ ਕਰ ਲਵੇ!
ਭਾਰਤ ਤੇ ਪਾਕਿਸਤਾਨ ਦੇ ਅਮਨ ਪਸੰਦ ਲੋਕਾਂ ਨੂੰ ਸਾਂਝੇ ਤੌਰ ‘ਤੇ ਜੰਗ ਵਿਰੋਧੀ ਲਹਿਰ ਸ਼ੁਰੂ ਕਰਨੀ ਚਾਹੀਦੀ ਹੈ। ਜੰਗ ਦੀਆਂ ਬੜ੍ਹਕਾਂ ਮਾਰਨ ਵਾਲੇ ਹਾਕਮਾਂ ਤੇ ਅੱਗ ਲਾਊ ਮੀਡੀਏ ਨੂੰ ਭੜਕਾਊ ਗੱਲਾਂ ਕਰਨ ਤੋਂ ਗੁਰੇਜ਼ ਕਰਨਾ ਚਾਹੀਦੈ। ਦੋਹਾਂ ਦੇਸ਼ਾਂ ਵਿਚਕਾਰ ਸਾਂਝੀ ਅਮਨ ਲਹਿਰ ਹੀ ਜੰਗਬਾਜ਼ਾਂ ਦਾ ਮੂੰਹ ਬੰਦ ਕਰ ਸਕਦੀ ਹੈ। ਇਮਰਾਨ ਖਾਨ ਤੇ ਨਵਜੋਤ ਸਿੱਧੂ ਦੀ ਦੋਸਤੀ ਦੋਹਾਂ ਦੇਸ਼ਾਂ ਵਿਚਕਾਰ ਦੋਸਤੀ ਦਾ ਪੁਲ ਉਸਾਰ ਸਕਦੀ ਹੈ। ਸਰਬੱਤ ਦਾ ਭਲਾ ਇਸੇ ਵਿਚ ਹੈ। ਜੀਵੇ ਹਿੰਦੋਸਤਾਨ, ਜੀਵੇ ਪਾਕਿਸਤਾਨ। ਸਾਡਾ ਖ਼ਾਬ ਵਸੇ ਪੰਜਾਬ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …