ਕੱਲਰ ਧਰਤੀ ਵਿੱਚ ਉੱਗਿਆ ਕਮਲ ਫੁੱਲ-ਮਦਨ ਲਾਲ ਢੀਂਗਰਾ
ਪ੍ਰਿੰਸੀਪਲ ਪਾਖਰ ਸਿੰਘ
ਮਦਨ ਲਾਲ ਢੀਂਗਰਾ ਦਾ ਜਨਮ 18 ਫਰਵਰੀ,1883 ਈਸਵੀ ਨੂੰ ਅੰਮ੍ਰਿਤਸਰ ਵਿਖੇ ਇੱਕ ਧਨਾਢ ਪਰਿਵਾਰ ਵਿੱਚ ਹੋਇਆ। ਆਪ ਦੇ ਪਿਤਾ ਡਾਕਟਰ ਸਾਹਿਬ ਦਿੱਤਾ ਮੱਲ ਨੂੰ ਅਗੰਰੇਜ ਸਲਤਨਤ ਦੇ ਵਫਾਦਾਰ ਹੋਣ ਦੇ ਨਾਤੇ ਰਾਇ-ਸਾਹਿਬ ਦਾ ਖਿਤਾਬ ਮਿਲਿਆ ਹੋਇਆ ਸੀ। ਮਦਨ ਲਾਲ ਦੇ ਛੇ ਹੋਰ ਭਰਾ ਅਤੇ ਇੱਕ ਭੈਣ ਸੀ। ਮਦਨ ਲਾਲ ਢੀਂਗਰਾ ਕ੍ਰਾਂਤੀਕਾਰੀ ਵਿਚਾਰਾਂ ਦਾ ਮਾਲਕ ਸੀ। ਡਾ. ਪ੍ਰੀਤਮ ਸਿੰਘ ਸੈਣੀ ਦਾ ਇਹ ਕਥਨ ਬਿਲਕੁਲ ਦਰੁਸਤ ਹੈ ਕਿ ”ਮਦਨ ਲਾਲ ਕੱਲਰ ਵਾਲੀ ਧਰਤੀ ਵਿੱਚੋਂ ਉਗਿੱਆ ਹੋਇਆ ‘ਕਮਲ ਫੁੱਲ’ ਸੀ।” ਮਦਨ ਲਾਲ ਨੇ ਮੁਢਲੀ ਸਿੱਖਿਆ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਦਸਵੀਂ ਦੀ ਪ੍ਰਿਖਿਆ ਮਿਸ਼ਨ ਹਾਈ ਸਕੂਲ, ਅੰਮ੍ਰਿਤਸਰ ਤੋਂ, ਐਫ ਐਸ ਸੀ ਦਾ ਇਮਤਿਹਾਨ ਮਿਊਂਸਪਲ ਕਾਲਜ ਅੰਮ੍ਰਿਤਸਰ ਤੋਂ ਪਾਸ ਕੀਤਾ। ਐਫ ਐਸ ਸੀ ਪਾਸ ਕਰਨ ਉਪਰੰਤ ਮਦਨ ਲਾਲ ਉਚੇਰੀ ਸਿੱਖਿਆ ਪ੍ਰਾਪਤ ਕਰਨ ਲਈ ਗਵਰਨਮੈਂਟ ਕਾਲਜ, ਲਾਹੌਰ ਵਿੱਚ ਦਾਖਲ ਹੋ ਗਿਆ। ਉਹਨਾਂ ਦਿਨਾਂ ਵਿੱਚ ਲਾਹੌਰ ਸਿਆਸੀ ਤੇ ਵਿੱਦਿਅਕ ਸਰਗਰਮੀਆਂ ਦਾ ਮੁੱਖ ਕੇਂਦਰ ਸੀ।
ਇੱਥੇ ਰਹਿੰਦਿਆਂ ਮਦਨ ਲਾਲ ਦੇ ਸਿਆਸੀ ਵਿਚਾਰਾਂ ਵਿੱਚ ਹੋਰ ਪ੍ਰਪੱਕਤਾ ਆਈ ਅਤੇ ਉਹ ਇਸ ਸਿੱਟੇ ‘ਤੇ ਪੁੱਜਾ ਕਿ ਭਾਰਤ ਵਾਸੀਆਂ ਦੀ ਗਰੀਬੀ ਤੇ ਹੋਰ ਸਮੱਸਿਆਵਾਂ ਦਾ ਕਾਰਨ ਕੇਵਲ ਗੁਲਾਮੀ ਹੈ। ਪੜ੍ਹਾਈ ਵਿੱਚੇ ਛੱਡ ਕੇ ਮਦਨ ਲਾਲ ਨੇ ਕਸ਼ਮੀਰ ਸੈਟਲਮੈਂਟ ਵਿਭਾਗ ਵਿੱਚ ਨੌਕਰੀ ਕਰ ਲਈ। ਪ੍ਰੰਤੂ ਇਹ ਕੰਮ ਉਸ ਦੀਆਂ ਰੁਚੀਆਂ ਦੇ ਅਨੁਕੂਲ ਨਹੀਂ ਸੀ। ਸਿੱਟੇ ਵਜੋਂ ਥੋੜ੍ਹੇ ਸਮੇਂ ਤੋਂ ਬਾਅਦ ਇਸ ਨੌਕਰੀ ਤੋਂ ਤਿਆਗ ਪੱਤਰ ਦੇ ਦਿੱਤਾ। ਫਿਰ ਥੋੜ੍ਹੇ ਸਮੇਂ ਲਈ ਇੱਕ ਟਾਂਗਾ ਕੰਪਨੀਂ ਵਿੱਚ ਕੰਮ ਕੀਤਾ। ਇਸ ਉਪਰੰਤ ਇੱਕ ਫੈਕਟਰੀ ਵਿੱਚ ਕੰਮ ਕਰਨਾਂ ਆਰੰਭਿਆ।ਫੈਕਟਰੀ ਵਿੱਚ ਕੰਮ ਕਰਦਿਆਂ ਮਜਦੂਰਾਂ ਨੂੰ ਆਪਣੇ ਹੱਕਾਂ ਪ੍ਰਤੀ ਸੁਚੇਤ ਕਰਵਾਇਆ। ਉਸ ਨੇ ਇਸ ਫੈਕਟਰੀ ਵਿੱਚ ਮਜਦੂਰਾਂ ਦਾ ਸ਼ੋਸ਼ਣ ਰੋਕਣ ਲਈ ਇੱਕ ਜਥੇਬੰਦੀ ਬਣਾਈ। ਇਹਨਾਂ ਗਤੀਵਿਧੀਆਂ ਕਾਰਨ ਫੈਕਟਰੀ ਮਾਲਕ ਨੇ ਆਪ ਨੂੰ ਨੌਕਰੀ ਤੋਂ ਕੱਢ ਦਿੱਤਾ। ਮਦਨ ਲਾਲ ਦਾ ਇੱਕ ਭਰਾ ਡਾਕਟਰ ਬਿਹਾਰੀ ਲਾਲ ਸੀ, ਜੋ ਜੀਂਦ ਵਿਖੇ ਮੈਡੀਕਲ ਅਫਸਰ ਨਿਯੁਕਤ ਸੀ। ਉਸਨੇ ਮਦਨ ਲਾਲ ਨੂੰ ਸਮਝਾਇਆ ਕਿ ਛੋਟੇ-ਛੋਟੇ ਕੰਮ ਕਰਨੇ ਉਹਨਾਂ ਦੇ ਅਮੀਰ ਪਰਿਵਾਰ ਦੀ ਸ਼ਾਨ ਦੇ ਖਿਲਾਫ ਹਨ। ਇਸ ਲਈ ਉਸ ਨੇ ਮਦਨ ਲਾਲ ਨੂੰ ਇੰਜਨੀਅਰਿੰਗ ਦੀ ਪੜ੍ਹਾਈ ਵਾਸਤੇ ਇੰਗਲੈਂਡ ਭੇਜਣ ਦਾ ਫੈਸਲਾ ਕਰ ਲਿਆ। ਆਪਣੇਂ ਭਰਾ ਬਿਹਾਰੀ ਲਾਲ ਦੇ ਕਹਿਣ ‘ਤੇ ਮਦਨ ਲਾਲ 6 ਜੁਲਾਈ, 1906 ਨੂੰ ਇੰਗਲੈਂਡ ਪੁੱਜ ਗਿਆ ਤੇ ਅਤੇ ਯੂਨੀਵਰਸਿਟੀ ਕਾਲਜ ਲੰਡਨ ਵਿਖੇ ਇੰਜਨੀਅਰਿੰਗ ਦੀ ਪੜ੍ਹਾਈ ਲਈ ਦਾਖਲਾ ਲੈ ਲਿਆ। ਲੰਡਨ ਵਿੱਚ ਵਿਚਰਦਿਆਂ ਉਸਨੇ ਅਨੁਭਵ ਕੀਤਾ ਕਿ ਇੰਗਲੈਂਡ ਦੇ ਲੋਕ ਭਾਰਤੀਆਂ ਨੂੰ ਗੁਲਾਮ ਦੇਸ਼ ਦੇ ਵਸਨੀਕ ਹੋਣ ਕਾਰਨ ਨਫਰਤ ਦੀ ਦ੍ਰਿਸ਼ਟੀ ਨਾਲ ਦੇਖਦੇ ਅਤੇ ਭਾਰਤੀ ਵਿਦਿਆਰਥੀਆਂ ਨਾਲ ਵਿੱਦਿਅਕ ਅਦਾਰਿਆਂ ਵਿੱਚ ਭੈੜਾ ਸਲੂਕ ਕਰਦੇ ਸਨ। ਇਉਂ ਮਦਨ ਲਾਲ ਨੇ ਹੇਠੀ ਮਹਿਸੂਸ ਕੀਤੀ। ਇੰਗਲੈਂਡ ਵਿੱਚ ਰਹਿੰਦਿਆਂ ਹੋਇਆਂ ਆਪ ਦਾ ਸੰਪਰਕ ਪ੍ਰਸਿੱਧ ਇਨਕਲਾਬੀ ਦੇਸ਼ ਭਗਤ ਸ਼ਿਆਮ ਜੀ ਕ੍ਰਿਸ਼ਨ ਵਰਮਾ ਤੇ ਵੀਰ ਸਾਵਰਕਰ ਨਾਲ ਹੋਇਆ। ਸ਼ਿਆਮ ਜੀ ਕ੍ਰਿਸ਼ਨ ਵਰਮਾਂ ਨੇਂ ਲੰਡਨ ਵਿਖੇ ਇੰਡੀਆ ਹਾਊਸ ਨਾਂ ਦੀ ਇੱਕ ਸੰਸਥਾ ਕਾਇਮ ਕੀਤੀ ਹੋਈ ਸੀ। ਉਸ ਦੀ ਰਿਹਾਇਸ਼ ਵੀ ਇੰਡੀਆ ਹਾਉਸ ਵਿੱਚ ਸੀ। ਬ੍ਰਿਟਿਸ਼ ਸਰਕਾਰ ਵਿਰੁੱਧ ਸਰਗਰਮੀਆਂ ਦਾ ਇਹ ਮੁੱਖ ਕੇਂਦਰ ਸੀ। ਮਦਨ ਲਾਲ ਇੱਥੋਂ ਦੇ ਰਾਜਨੀਤਿਕ ਮਾਹੌਲ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਇੰਡੀਆ ਹਾਊਸ ਵਿੱਚ ਹੋ ਰਹੀਆਂ ਭਾਰਤ ਪੱਖੀ ਸਰਗਰਮੀਆਂ ਵਿੱਚ ਨਿਰੰਤਰ ਭਾਗ ਲੈਣ ਲਗ ਪਿਆ। ਸਮਕਾਲੀ ਸਮੇਂ ਦੌਰਾਨ ਭਾਰਤ ਵਿੱਚ ਕੁੱਝ ਅਜਿਹੀਆਂ ਘਟਨਾਵਾਂ ਵਾਪਰੀਆਂ ਜਿਹਨਾਂ ਦਾ ਜਿਕਰ ਕਰਨਾਂ ਕੁਥਾਂ ਨਹੀਂ ਹੋਵੇਗਾ। 1. ਬੰਗਾਲ ਦੀ ਵੰਡ 2. ਕਿਸਾਨ ਐਜੀਟੇਸ਼ਨ ਦੇ ਸੰਚਾਲਕ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਅਤੇ ਲਾਲਾ ਲਾਜਪਤ ਰਾਏ ਨੂੰ ਗ੍ਰਿਫਤਾਰ ਕਰਕੇ ਰੰਗੂਨ ਭੇਜਣਾਂ। 3. ਪ੍ਰਸਿੱਧ ਇਨਕਲਾਬੀ ਵੀਰ ਸਾਵਰਕਰ ਦੇ ਭਰਾ ਗਣੇਸ਼ ਸਾਵਰਕਰ ਨੂੰ ਅੰਗਰੇਜ ਹੁਕਮਰਾਨਾਂ ਵਲੋਂ ਜਲਾਵਤਨ ਕੀਤੇ ਜਾਣਾ। 4. ਬਾਲ ਗੰਗਾਧਰ ਦੀ ਗ੍ਰਿਫਤਾਰੀ। 5. ਖੁਦੀ ਰਾਮ ਬੋਸ ਤੇ ਕਾਂਸ਼ੀ ਰਾਮ ਨੂੰ ਭਾਰਤ-ਪੱਖੀ ਸਰਗਰਮੀਆਂ ਕਾਰਨ ਫਾਂਸੀ ਚੜ੍ਹਾਉਣਾ ਆਦਿ। ਅੰਗਰੇਜ, ਹੁਕਮਰਾਨਾਂ ਵਲੋਂ ਇਹਨਾਂ ਜਾਲਮਾਨਾਂ ਕਾਰਵਾਈਆਂ ਕਾਰਨ ਭਾਰਤੀ ਨੌਜਵਾਨ ਰੋਹ ਵਿੱਚ ਆਏ ਹੋਏ ਸਨ ਤੇ ਉਹ ਸ਼ੀਘਰ ਹੀ ਇਹਨਾਂ ਵਧੀਕੀਆਂ ਦਾ ਬਦਲਾ ਅੰਗਰੇਜ ਸਰਕਾਰ ਤੋਂ ਲੈਣ ਲਈ ਕਾਹਲੇ ਸਨ। ਇਹਨਾਂ ਸਾਰੀਆਂ ਡਿਕਟੇਟਰਾਨਾ ਕਾਰਨਾਮੀਆਂ ਲਈ ਤੇ ਹੋਰ ਜੁਲਮਾਂ ਲਈ ਲਾਰਡ ਕਰਜਨ, ਲਾਰਡ ਮਾਰਲੇ ਤੇ ਉਸਦੇ ਰਾਜਨੀਤਿਕ ਏ ਡੀ ਸੀ ਕਰਜਨ ਵਾਇਲੀ ਨੂੰ ਜ਼ਿੰਮੇਵਾਰ ਸਮਝਦੇ ਸਨ। ਅੰਗਰੇਜਾਂ ਵਲੋਂ ਅੱਤਿਆਚਾਰਾਂ ਦਾ ਬਦਲਾ ਲੈਣ ਲਈ ਮਦਨ ਲਾਲ ਨੇ ਯੋਜਨਾਂ ਬਣਾ ਲਈ। ਪਹਿਲੀ ਜੁਲਾਈ 1909 ਨੂੰ ਨੈਸ਼ਨਲ ਇੰਡੀਅਨ ਐਸੋਸੀਏਸ਼ਨ ਵਲੋਂ ਸਾਲਾਨਾ ਸਮਾਗਮ ਦਾ ਆਯੋਜਨ ਇੰਸਟੀਟਿਊਟ ਆਫ ਇੰਪੀਰੀਅਲ ਸਟੱਡੀਜ਼ ਦੇ ਜਹਾਂਗੀਰ ਹਾਲ ਵਿੱਚ ਵਿੱਚ ਕੀਤਾ ਗਿਆ।
ਮਦਨ ਲਾਲ ਦੀ ਉਮੀਦ ਅਨੁਸਾਰ ਇਸ ਸਮਾਗਮ ਵਿੱਚ ਲਾਰਡ ਕਰਜਨ, ਲਾਰਡ ਮਾਰਲੇ ਤੇ ਕਰਜਨ ਵਾਇਲੀ ਆਏ ਅਤੇ ਉਸ ਨੇ ਮੌਕਾ ਦੇਖਦਿਆਂ ਕਰਜਨ ਵਾਇਲੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਵਾਇਲੀ ਨੂੰ ਬਚਾਉਣ ਲਈ ਇੱਕ ਪਾਰਸੀ ਡਾਕਟਰ ਲਾਲ ਕਾਕਾ ਅੱਗੇ ਵਧਿਆ ਤਾਂ ਮਦਨ ਲਾਲ ਨੇ ਉਸ ਨੂੰ ਵੀ ਖਤਮ ਕਰ ਦਿੱਤਾ। ਹਾਲ ਵਿੱਚ ਗੋਲੀਆਂ ਚੱਲਣ ਨਾਲ ਭਗਦੜ ਮੱਚ ਗਈ ਤੇ ਡਰ ਹੋਏ ਲੋਕ ਇੱਧਰ-ਉੱਧਰ ਦੌੜਨ ਲੱਗੇ। ਪ੍ਰੰਤੂ ਮਦਨ ਲਾਲ ਫਰਾਰ ਨੇਂ ਹੋਣ ਦੀ ਬਜਾਏ ਖੁਸ਼ੀ-ਖੁਸ਼ੀ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕਰ ਦਿੱਤਾ। ਉਸ ਸਮੇਂ ਉਸ ਦੇ ਚਿਹਰੇ ਤੇ ਕੋਈ ਘਬਰਾਹਟ ਜਾਂ ਪਛਤਾਵੇ ਦਾ ਚਿੰਨ੍ਹ ਨਹੀਂ ਸੀ। ਸੱਤ ਦਿਨ ਉਸਨੂੰ ਹਿਰਾਸਤ ਵਿੱਚ ਰੱਖਿਆ ਗਿਆ ਉਪਰੰਤ ਉਸ ‘ਤੇ ਕਤਲ ਦਾ ਮੁਕੱਦਮਾ ਚੱਲਿਆ। ਆਫਰੀਨ, ਉਸ ਬੇਖੌਫ ਗੱਭਰੂ ਦੇ ਜਿਸਨੇ ਆਪਣੇਂ ਬਚਾਉ ਲਈ ਕੋਈ ਵਕੀਲ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ।
ਅਦਾਲਤ ਵਿੱਚ ਉਸਨੇਂ ਬਿਆਨ ਦਿੰਦਿਆ ਦ੍ਰਿੜ੍ਹ ਆਵਾਜ਼ ਵਿੱਚ ਕਿਹਾ, ”ਮੈਂ ਜੋ ਕੀਤਾ ਹੈ ਇਖਲਾਕੀ ਤੌਰ ‘ਤੇ ਠੀਕ ਕੀਤਾ ਹੈ, ਮੈਂ ਗਲਤ ਬਿਆਨੀ ਕਰਕੇ ਆਪਣੀ ਜਾਨ ਬਚਾਉਣੀ ਬੁਜਦਿਲੀ ਸਮਝਦਾ ਹਾਂ, ਅੰਗਰੇਜਾਂ ਨੂੰ ਸਾਡੇ ਦੇਸ਼ ਤੇ ਹਕੂਮਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਹਨਾਂ ਨੇ ਲੋਕਾਂ ‘ਤੇ ਅੱਤਿਆਚਾਰ ਕਰਕੇ ਮੇਰੇ ਦੇਸ਼ ਨੂੰ ਅਪਵਿੱਤਰ ਬਣਾ ਦਿੱਤਾ ਹੈ। ਮੈਂ ਭਾਰਤ ਵਿੱਚ ਅੰਗਰੇਜ਼ ਸਲਤਨਤ ਖਤਮ ਕਰਨ ਲਈ ਕਰਜਨ ਵਾਇਲੀ ਤੇ ਗੋਲੀ ਚਲਾਈ ਸੀ। ਇਉਂ ਮੈਂ ਕੋਈ ਅਪਰਾਧ ਨਹੀਂ ਕੀਤਾ ਸਗੋਂ ਮੈਂ ਆਪਣੇ ਕਰਤੱਵ ਦਾ ਪਾਲਣ ਕੀਤਾ ਹੈ। ਕੁੱਝ ਨਰਮ ਪੱਖੀ ਭਾਰਤੀ ਦਲਾਂ ਵਲੋਂ ਮਦਨ ਲਾਲ ਦੁਆਰਾ ਹਿੰਸਕ ਤਰੀਕੇ ਵਰਤਣ ਕਾਰਨ ਵਿਰੋਧ ਕੀਤਾ ਗਿਆ। ਪ੍ਰਸਿੱਧ ਕ੍ਰਾਂਤੀਕਾਰੀ ਵੀਰ ਸਾਵਰਕਰ ਤੇ ਕਰਿਸ਼ਨ ਜੀ ਵਰਮਾ ਨੇ ਮਦਨ ਲਾਲ ਦੀ ਦਲੇਰੀ ਦੀ ਦਾਦ ਦਿੰਦਿਆਂ ਉਸ ਵਲੋਂ ਕੀਤੀ ਕੁਰਬਾਨੀ ਦੀ ਭਰਪੂਰ ਸ਼ਲਾਘਾ ਕੀਤੀ। 23 ਜੁਲਾਈ, 1909 ਨੂੰ ਭਾਰਤ ਮਾਂ ਦੇ ਇਸ ਮਹਾਨ ਸਪੂਤ ਨੂੰ ਫਾਂਸੀ ਦੀ ਸਜਾ ਸੁਣਾਈ ਗਈ ਅਤੇ 17 ਅਗਸਤ 1909 ਨੂੰ ਭਰ ਜਵਾਨੀ 26 ਸਾਲ ਦੀ ਉਮਰੇ ਫਾਂਸੀ ਦੇ ਦਿੱਤੀ ਗਈ।
ਇਹ ਬੇ-ਖੌਫ ਯੋਧਾ ਸਵੈ-ਹਿੱਤਾਂ ਤੋਂ ਉੱਪਰ ਉੱਠ ਕੇ ਸ਼ਹੀਦ ਹੋ ਗਿਆ। ਪ੍ਰਣਾਮ ਹੈ ਇਸ ਮਹਾਨ ਸੂਰਮੇ ਨੂੰ ਜਿਸ ਨੇ ਜੀਵਨ ਦੀ ਆਹੂਤੀ ਦੇ ਕੇ ਕੌਮ ਨੂੰ ਦੇਸ਼ ਅਜ਼ਾਦੀ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ। ਆਪ ਬਰਬਾਦ ਹੋ ਕੇ ਕੌਮ ਨੂੰ ਆਬਾਦ ਕੀਤਾ। ਭਾਰਤ ਮਾਤਾ ਦੇ ਗਲੋਂ ਗੁਲਾਮੀਂ ਦੀਆਂ ਜੰਜੀਰਾਂ ਲਾਹੁਣ ਲਈ ਜ਼ਿੰਦਗੀ ਤੋਂ ਬੇ-ਨਿਆਜ਼ ਹੋ ਕੇ ਪਰਵਾਨਿਆਂ ਵਾਂਗ ਦੇਸ਼ ਲਈ ਕੁਰਬਾਨ ਹੋ ਗਿਆ। ਉਹਨਾਂ ਦਾ ਨਾਂ ਹਮੇਸ਼ਾਂ ਤੱਕ ਜਿਊਂਦਾ ਰਹੇਗਾ। ”ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ। ਹਯਾਤ ਤੋਂ ਹਯਾਤ ਹੈ-ਮੌਤ ਭੀ ਹਯਾਤ ਹੈ।”
Check Also
ਚਿੱਤਰ ਕਲਾ ਖੇਤਰ ਦੀ ਸੰਸਾਰ ਪ੍ਰਸਿੱਧ ਸ਼ਖਸੀਅਤ ਸ. ਜਰਨੈਲ ਸਿੰਘ ਆਰਟਿਸਟ ਦਾ ਦੇਹਾਂਤ
ਪੰਜਾਬੀ ਕਲਾ ਅਤੇ ਸਾਹਿਤ ਖੇਤਰ ਦੇ ਪ੍ਰੇਮੀਆਂ ਲਈ ਇਹ ਦੁਖਦਾਈ ਖਬਰ ਹੈ ਕਿ ਸਰਦਾਰ ਜਰਨੈਲ …