Breaking News
Home / ਨਜ਼ਰੀਆ / ਰਾਸ਼ਟਰਪਤੀ ਵਲੋਂ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ

ਰਾਸ਼ਟਰਪਤੀ ਵਲੋਂ ਸੰਗੀਤ ਨਾਟਕ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ

ਗੁਰਮਤਿ ਸੰਗੀਤ ਦਾ ਸਿਰਨਾਵਾਂ – ਡਾ. ਗੁਰਨਾਮ ਸਿੰਘ
ਡਾ. ਜੀ.ਐਸ.ਭੰਡਾਲ
ਵਿਸ਼ਵ ਭਰ ਵਿਚ ਸਮੁੱਚੇ ਪੰਜਾਬੀਆਂ ਅਤੇ ਸਿੱਖ ਜਗਤ ਲਈ ਮਾਣ ਵਾਲੀ ਗੱਲ ਹੈ ਕਿ ਡਾ. ਗੁਰਨਾਮ ਸਿੰਘ ਨੂੰ ਭਰਿਤ ਦੇ ਆਦਰਯੋਗ ਰਾਸ਼ਟਰਪਤੀ ਰਾਮਨਾਥ ਕੋਵਿੰਦ ਵਲੋਂ ਵਿਸ਼ੇਸ਼ ਖੇਤਰ ਗੁਰਮਤਿ ਸੰਗੀਤ ਵਿਚ ਪਾਏ ਵਡਮੁੱਲੇ ਤੇ ਇਤਿਹਾਸਕ ਯੋਗਦਾਨ ਲਈ 6 ਫਰਵਰੀ, 2019 ਨੂੰ ਸਨਮਾਨਿਤ ਕੀਤਾ ਗਿਆ ਹੈ। ਵਰਣਨਯੋਗ ਹੈ ਕਿ ਸੰਗੀਤ ਨਾਟਕ ਅਕੈਡਮੀ ਦੁਆਰਾ ਭਾਰਤ ਸਰਕਾਰ ਸੰਗੀਤ ਅਤੇ ਕਲਾਵਾਂ ਦੇ ਖੇਤਰ ਵਿਚ ਕਾਰਜਸ਼ੀਲ ਪ੍ਰਮੁੱਖ ਸ਼ਖਸੀਅਤਾਂ ਨੂੰ ਇਸ ਐਵਾਰਡ ਨਾਲ ਸਨਮਾਨਿਤ ਕਰਦੀ ਹੈ। ਗੁਰੂ ਨਾਨਕ ਦੇਵ ਜੀ ਦੇ 500 ਸਾਲ ਪ੍ਰਕਾਸ਼ ਪੁਰਬ ਦੇ ਅਵਸਰ ‘ਤੇ ਇਸ ਦਾ ਹੋਰ ਵੀ ਸੁਭਾਗ ਹੈ ਕਿ ਭਾਰਤ ਦੀਆਂ ਸੰਗੀਤ, ਨਾਟ ਤੇ ਹੋਰ ਕਲਾ ਪਰੰਪਰਾਵਾਂ ਵਿਚ ਗੁਰਮਤਿ ਸੰਗੀਤ ਦੀ ਸੁਤੰਤਰ ਹਸਤੀ ਨੂੰ ਮਾਨਤਾ ਦਿੰਦਿਆਂ ਇਹ ਸਨਮਾਨ ਡਾ. ਗੁਰਨਾਮ ਸਿੰਘ ਵਰਗੇ ਗੁਰਮਤਿ ਸੰਗੀਤ ਸੇਵੀ ਨੂੰ ਦਿੱਤਾ ਗਿਆ ਹੈ।
ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਵਰੋਸਾਏ ਵਿਸ਼ਵ ਸੰਗੀਤ ਦੇ ਖੇਤਰ ਵਿਚ ਆਪਣੇ ਵਿਸ਼ੇਸ਼ ਉਦੱਮ ਨਾਲ ਪਿਛਲੇ ਦਹਾਕਿਆਂ ਤੋਂ ਨਿਰੰਤਰ ਕਾਰਜਸ਼ੀਲ ਡਾ.ਗੁਰਨਾਮ ਸਿੰਘ ਇਤਿਹਾਸ ਸਿਰਜਕ ਸ਼ਖਸੀਅਤ ਹਨ। ਡਾ. ਗੁਰਨਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਮੂਹ ਸੰਪੂਰਨ ਰਾਗਾਂ ਉਤੇ ਕਈ ਵਰਿਆਂ ਦੀ ਨਿਰੰਤਰ ਖੋਜ ਕਰਕੇ ਸ਼ਬਦ ਕੀਰਤਨ ਰਚਨਾਵਾਂ ਬਣਾਈਆਂ ਅਤੇ ਵਿਸ਼ਵ ਵਿਚ ਪਹਿਲੀ ਵੇਰ ਲਿਖਤ ਤੇ ਸੁਰਲਿਪੀ ਬੱਧ ਰੂਪ ਵਿਚ ਇਨ੍ਹਾਂ ਦੀਆਂ ਕਈ ਵਾਰ ਰਿਕਾਰਡਿੰਗਜ਼ ਕਰਵਾਈਆਂ। ਆਪ ਨੇ ਗੁਰਮਤਿ ਸੰਗੀਤ ਨੂੰ ਆਾਦਿਮਕ ਵਿਸ਼ੇ ਵਜੋਂ ਆਪਣੀ ਖੋਜ, ਅਧਿਐਨ, ਅਧਿਆਪਨ ਨਾਲ ਵਿਕਸਤ ਕਰਦਿਆਂ ਵਿਸ਼ਵ ਭਰ ਦੀਆਂ ਯੂਨੀਵਰਿਸਟੀਆਂ ਤੇ ਅਦਾਰਿਆਂ ਵਿਚ ਲਾਗੂ ਕਰਵਾਇਆ। ਸ੍ਰੀ ਦਰਬਾਰ ਸਾਹਿਬ ਤੋਂ ਰਾਗ ਤੇ ਤੰਤੀ ਸਾਜ਼ਾਂ ਦੀ ਪਰੰਪਰਾ ਨੂੰ ਪੁਨਰ ਸੁਰਜੀਤ ਕਰਨ ਵਿਚ ਆਪ ਦੀ ਪ੍ਰਮੁੱਖ ਭੂਮਿਕਾ ਹੈ।
ਡਾ. ਗੁਰਨਾਮ ਸਿੰਘ ਆਪਣੇ ਪਿਤਾ ਸ਼ਰੋਮਣੀ ਰਾਗੀ ਸਵ.ਭਾਈ ਉਤੱਮ ਸਿੰਘ, ਸ਼ਰੋਮਣੀ ਰਾਗੀ ਡਾ. ਜਾਗੀਰ ਸਿੰਘ, ਡਾ.ਬਚਿੱਤਰ ਸਿੰਘ ਤੋਂ ਇਲਾਵਾ ਗੁਰਮਤਿ ਸੰਗੀਤਾਚਾਰੀਆ ਪ੍ਰੋ.ਤਾਰਾ ਸਿੰਘ, ਆਗਰਾ ਘਰਾਣਾ ਦੇ ਪਦਮ ਸ਼੍ਰੀ ਉਸਤਾਦ ਸੋਹਣ ਸਿੰਘ, ਪਟਿਆਲਾ ਘਰਾਣਾ ਦੇ ਉਸਤਾਦ ਬਿਕਰ ਹੁਸੈਨ ਖਾਨ, ਪ੍ਰਿੰ. ਐਸ.ਐਸ. ਕਰੀਰ ਦੇ ਪਿਆਰੇ ਤੇ ਸਮਰਪਿਤ ਸ਼ਿਸ਼ ਰਹੇ ਹਨ। ਡਾ.ਸਿੰਘ ਗੁਰਮਤਿ ਸੰਗੀਤ, ਸੁਗਮ ਸੰਗੀਤ ਅਤੇ ਸ਼ਾਸਤਰੀ ਸੰਗੀਤ ਵਿਚ ਪਾਸਾਰ ਭਾਰਤੀ ਦੇ ਮਾਨਤਾ ਪ੍ਰਾਪਤ ਕਲਾਕਾਰ ਹਨ।
ਡਾ. ਗੁਰਨਾਮ ਸਿੰਘ ਨੇ ਸੰਗੀਤ ਤੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਵਿਭਿੰਨ ਡਿਕਸ਼ਨਰੀਆਂ ਤੋਂ ਇਲਾਵਾ 18 ਪੁਸਤਕਾਂ, 123 ਖੋਜ ਪੱਤਰ ਅਤੇ 200 ਤੋਂ ਵੱਧ ਖੋਜ ਆਰਟੀਕਲਜ਼ ਦਾ ਲੇਖਨ ਕੀਤਾ ਹੈ ਜਿਨ੍ਹਾਂ ਨੂੰ ਆਕਸਫੋਰਡ ਪਬਲੀਕੇਸ਼ਨ ਸਮੇਤ ਦੇਸ਼ ਦੀਆਂ ਵਿਭਿੰਨ ਯੂਨੀਵਰਸਿਟੀਆਂ ਅਤੇ ਪ੍ਰਕਾਸ਼ਨਾਵਾਂ ਨੇ ਪਬਲਿਸ਼ ਕੀਤਾ ਹੈ। ਆਪ ਦੇ ਵਿਸ਼ੇਸ਼ ਕਾਰਜਾਂ ਵਿਚ ਯੂ.ਜੀ.ਸੀ. ਪ੍ਰੋਜੈਕਟ ਲਈ 09 ਵੀਡੀਓ ਲੈਕਚਰ, 26 ਆਡੀਓ ਰਿਕਾਰਿਡੰਗਜ਼, 04 ਵੀਡੀਓ ਰਿਕਾਰਡਿੰਗਜ਼, 05 ਡਾਕੂਮੈਂਟਰੀ ਫਿਲਮਾਂ, 06 ਸਿਗਨਲ ਟਿਊਨਜ਼ ਆਦਿ ਤਿਆਰ ਕਰਨਾ ਪ੍ਰਮੁੱਖ ਹਨ। ਸਿੱਖ ਮਿਊਜ਼ੀਕਾਲੋਜੀ ਵਿਸ਼ੇਸ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਿਰਧਾਰਤ ਰਾਗਾਂ ਸਬੰਧੀ ਆਪ ਦੀ ਖੋਜ ਵਿਸ਼ਵ ਪੱਧਰ ‘ਤੇ ਅਕਾਦਿਮਕ ਅਤੇ ਖੋਜ ਦੇ ਖੇਤਰ ਵਿਚ ਇਕ ਨਿਵੇਕਲਾ ਯੋਗਦਾਨ ਰਿਹਾ ਹੈ। ਡਾ. ਗੁਰਨਾਮ ਸਿੰਘ ਨੇ ਆਪਣੇ ਅਕਾਦਿਮਕ ਜੀਵਨ ਕਾਲ ਵਿਚ ਕਈ ਵਿਭਾਗਾਂ ਤੇ ਸੰਸਥਾਵਾਂ ਦੀ ਸਥਾਪਨਾ ਵੀ ਕੀਤੀ ਹੈ। ਆਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੇ ਪੰਜਾਬੀ ਯੂਨੀਵਰਸਿਟੀ ਦੇ ਸੰਗੀਤ ਵਿਭਾਗਾਂ ਦੇ ਮੁਖੀ ਰਹੇ। ਉਪਰੰਤ ਪੰਜਾਬੀ ਯੂਨੀਵਰਸਿਟੀ ਵਿਖੇ ਬਤੌਰ ਬਾਨੀ (ਫਾਊਂਡਰ) ਪ੍ਰੋਫੈਸਰ ਤੇ ਮੁਖੀ ਆਪ ਨੇ ਗੁਰਮਤਿ ਸੰਗੀਤ ਦੇ ਖੇਤਰ ਵਿਚ ਦੇਸ਼ ਅਤੇ ਵਿਦੇਸ਼ ਵਿਚ ਬਹੁਤ ਸਾਰੀਆਂ ਸੰਸਥਾਵਾਂ ਦੀ ਸਥਾਪਨਾ ਕੀਤੀ।
ਗੁਰਮਤਿ ਸੰਗੀਤ ਤੋਂ ਇਲਾਵਾ ਡਾ. ਗੁਰਨਾਮ ਸਿੰਘ ਨੇ ਪੰਜਾਬ ਦੀ ਸੰਗੀਤ ਪਰੰਪਰਾ ਨੰ ਪਞਫੁਲਤ ਕਰਨ ਵਿਚ ਮੋਹਰੀ ਇਤਿਹਾਸਕ ਭੂਮਿਕਾ ਨਿਭਾਈ ਹੈ। ਪੰਜਾਬੀ ਲੋਕ ਸੰਗੀਤ ਦੇ ਖੇਤਰ ਵਿਚ ਬਤੌਰ ਡਾਇਰੈਕਟਰ ਆਪ ਨੇ 1997 ਤੋਂ ਪੰਜਾਬ ਦੇ ਲੋਕ ਸੰਗੀਤ ਦੀਆਂ ਦੁਰਲਭ ਵੰਨਗੀਆਂ, ਸਾਜ਼ਾਂ, ਕਲਾਕਾਰਾਂ ਦੀ ਭਾਲ ਲਈ ਪੰਜਾਬੀ ਲੋਕ ਸੰਗੀਤ ਮੇਲੇ ਸ਼ੁਰੂ ਕਰਵਾਏ ਜੋ ਨਿਰੰਤਰ ਜਾਰੀ ਹਨ। ਪੰਜਾਬੀ ਲੋਕ ਸੰਗੀਤ ਵਿਰਾਸਤ ਤੇ ਵਡ ਅਕਾਰੀ ਸੁਰਲਿਪੀ ਬੱਧ ਖੋਜ ਕਾਰਜ ਪ੍ਰਕਾਸ਼ਿਤ ਕਰਵਾਉਣ ਤੋਂ ਇਲਾਵਾ ਡਾਕੂਮੈਂਟਰੀ ਫਿਲਮਾਂ ਵੀ ਬਣਾਈਆਂ।
ਤੰਤੀ ਸਾਜ਼ ਦੇ ਖੇਤਰ ਵਿਚ ਆਪ ਨੇ ਗੁਰੂ ਘਰ ਦੇ ਤੰਤੀ ਸਾਜ਼ਾਂ ਦੀ ਸਿਖਲਾਈ ਗੁਰਮਤਿ ਸੰਗੀਤ ਵਿਚ ਲਾਗੂ ਕਰਵਾਈ। ਗੁਰੂ ਨਾਨਕ ਦੇਵ ਜੀ ਦੇ ਪਿਆਰੇ ਸਾਜ਼ ਰਬਾਬ ਉਤੇ ਖੋਜ ਕਰਕੇ ਘਾੜਤ ਘੜਵਾਈ, ਸਿਖਲਾਈ ਵਰਕਸ਼ਾਪਾਂ ਲਗਵਾਈਆਂ, ਰਬਾਬ ਉਸਤਾਦਾਂ ਦੀ ਭਾਲ ਕੀਤੀ। ਇਸ ਵੇਲੇ ਦਰਬਾਰ ਸਾਹਿਬ ਸ੍ਰੀ ਅੰਿਮ੍ਰਤਸਰ ਤੇ ਆਪ ਦੇ ਵਿਦਿਆਰਥੀ ਰਬਾਬ ਦਾ ਕੀਰਤਨ ਨਾਲ ਵਾਦਨ ਕਰ ਰਹੇ ਹਨ। ਇਸ ਤੋਂ ਇਲਾਵਾ ਆਪ ਨੇ ਤਾਊਸ ਵਜਾਉਣਾ ਸ਼ੁਰੂ ਕੀਤਾ ਅਤੇ ਹੋਰ ਅਧਿਆਪਕਾਂ ਦੀ ਮਦਦ ਨਾਲ ਇਸ ਖੇਤਰ ਵਿਚ ਵਿਦਿਆਰਥੀਆਂ ਨੂੰ ਤਿਆਰ ਕਰਕੇ ਸ੍ਰੀ ਦਰਬਾਰ ਸਾਹਿਬ ਤੇ ਤੰਤੀ ਸਾਜ਼ ਦੀ ਪਰੰਪਰਾ ਪੁਨਰ ਸੁਰਜੀਤ ਕਰਵਾਈ। ਹੁਣ ਕਈ ਵਿਦਿਆਰਥੀ ਵਿਸ਼ਵ ਭਰ ਵਿਚ ਇਨ੍ਹਾਂ ਸਾਜ਼ਾਂ ਦਾ ਕੀਰਤਨ ਨਾਲ ਵਾਦਨ ਕਰ ਰਹੇ ਹਨ ਤੇ ਪ੍ਰਚਾਰ ਕਰ ਰਹੇ ਹਨ।
ਡਾ. ਗੁਰਨਾਮ ਸਿੰਘ ਦੇ ਸ਼ਿਸ਼-ਮੰਡਲ ਦਾ ਯੋਗ ਵਿਸ਼ਵ ਵਿਆਪੀ ਹੈ ਜੋ ਦਰਬਾਰ ਸਾਹਿਬ ਤੋਂ ਲੈ ਕੇ ਵਾਈਟ ਹਾਊਸ ਤੀਕ ਪੇਸ਼ਕਾਰੀਆਂ ਕਰ ਰਹੇ ਹਨ। ਆਪ ਬਤੌਰ ਡੀਨ, ਪ੍ਰੋਫੈਸਰ, ਅਧਿਆਪਕ, ਗਾਇਕ, ਕੀਰਤਨਕਾਰ, ਸੰਗੀਤ ਨਿਰਦੇਸ਼ਕ, ਸੰਗੀਤ ਨਿਰਮਾਤਾ ਵਜੋਂ ਕਾਰਜਸ਼ੀਲ ਹਨ ਜਿਹਨਾਂ ਨੂੰ ਪੰਜਾਬ ਸਰਕਾਰ, ਭਾਸ਼ਾ ਵਿਭਾਗ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਦੇਸ਼-ਵਿਦੇਸ਼ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ। ਡਾ. ਗੁਰਨਾਮ ਸਿੰਘ ਦੀ ਆਦਰਸ਼ਕ ਸਖ਼ਸ਼ੀਅਤ ਆਉਣ ਵਾਲੀਆਂ ਪੀੜ੍ਹੀਆਂ ਲਈ ਇਕ ਬਿਹਤਰੀਨ ਰੋਲ ਮਾਡਲ ਹੈ ਜਿਸ ‘ਤੇ ਸਮੁੱਚੇ ਪੰਜਾਬੀ ਜਗਤ ਨੂੰ ਮਾਣ ਹੈ।

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …