Breaking News
Home / ਨਜ਼ਰੀਆ / ਪ੍ਰਧਾਨ ਮੰਤਰੀ ਦਾ ਜਮਾਤੀ

ਪ੍ਰਧਾਨ ਮੰਤਰੀ ਦਾ ਜਮਾਤੀ

ਵਾਹਗੇ ਵਾਲੀ ਲਕੀਰ
ਡਾ: ਸ. ਸ. ਛੀਨਾ
(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
ਮੀਟਿੰਗ ਤੋਂ ਬਾਅਦ ਅਸੀਂ ਉਹਨਾਂ ਦੇ ਸਾਹਮਣੇ ਵਾਲੇ ਘਰ ਵਿਚ ਚਲ ਗਏ ਜਿਥੇ ਚਾਹ ਪਾਣੀ ਦਾ ਇੰਤਜਾਮ ਸੀ। ਉਥੇ ਮੇਜ਼ਾਂ ‘ਤੇ ਗਰਮ ਗਰਮ ਜਲੇਬੀਆਂ, ਪਕੌੜੇ, ਸਮੋਸੇ, ਸੰਤਰੇ ਕੇਲੇ, ਚਾਹ ਮੈਨੂੰ ਆਪਣੇ ਪਿੰਡ ਦੀ ਯਾਦ ਦਿਵਾ ਰਹੇ ਸਨ। ਇਕ ਉਚੇ ਲੰਮੇ ਕੱਦ ਦਾ ਸੁਹਣੀ ਸਿਹਤ ਵਾਲਾ ਬਜੁਰਗ ਜਿਸ ਨੇ ਸਫੈਦ ਪਜਾਮਾ ਕਮੀਜ਼ ਪਾਇਆ ਹੋਇਆ ਸੀ ਅਤੇ ਚਿੱਟੀ ਪਗੜੀ ਬੰਨੀ ਹੋਈ ਸੀ ਉਹ ਮੇਰੇ ਕੋਲ ਆ ਗਿਆ ਅਤੇ ਉਸ ਨੇ ਮਨਮੋਹਨ ਸਿੰਘ ਦਾ ਪੁਰਾਣਾ ਜਮਾਤੀ ਹੋਣ ਵਜੋਂ ਆਪਣੀ ਵਾਕਫੀ ਕਰਵਾਈ ਅਤੇ ਕਹਿਣ ਲੱਗਾ ਕਿ ਤੁਸੀਂ ਕਿਸ ਸ਼ਹਿਰ ਵਿਚ ਰਹਿੰਦੇ ਹੋ ਅਤੇ ਮੇਰੇ ਅੰਮ੍ਰਿਤਸਰ ਦੱਸਣ ਤੇ ਉਸ ਨੇ ਅਜੀਬ ਜਿਹੀ ਖੁਸ਼ੀ ਮਹਿਸੂਸ ਕੀਤੀ ਜੋ ਉਸ ਦੇ ਚਿਹਰੇ ਤੋਂ ਨਜ਼ਰ ਆ ਰਹੀ ਸੀ।
ਅੰਮ੍ਰਿਤਸਰ ਮੇਰਾ ਇਕ ਹੋਰ ਜਮਾਤੀ ਜੋਗਿੰਦਰ ਸਿੰਘ ਕੋਹਲੀ ਰਹਿੰਦਾ ਹੈ, ਜੋ ਕਸਟਮ ਵਿਚ ਕਿਸੇ ਉਚੇ ਅਹੁਦੇ ਤੋਂ ਰਿਟਾਇਰ ਹੋਇਆ ਹੈ, ਕੀ ਤੁਸੀ ਉਸਨੂੰ ਜਾਣਦੇ ਹੋ ਉਹ ਪੁੱਛਣ ਲੱਗਾ।
”ਨਹੀਂ ਮੈਂ ਉਸ ਵਿਅਕਤੀ ਨੂੰ ਮਿਲਿਆ ਤਾਂ ਨਹੀਂ ਅੰਮ੍ਰਿਤਸਰ ਬਹੁਤ ਵੱਡਾ ਸ਼ਹਿਰ ਹੈ, ਜੇ ਤੁਹਾਡੇ ਕੋਲ ਉਸ ਦਾ ਐਡਰੈਸ ਹੋਵੇ ਤਾਂ ਮੈਂ ਮਿਲ ਲਵਾਂਗਾ” ਪਰ ਉਸ ਕੋਲ ਜੋਗਿੰਦਰ ਸਿੰਘ ਦਾ ਐਡਰੈਸ ਨਹੀਂ ਸੀ ।
ਅਸਲ ਵਿਚ ਜਦੋਂ ਦਾ ਪਾਕਿਸਤਾਨ ਬਣਿਆ ਹੈ ਇਨ੍ਹਾਂ ਵਿਅਕਤੀਆਂ ਨੂੰ ਯਾਦ ਤਾਂ ਕਰਦੇ ਰਹੇ ਹਾਂ ਪਰ ਨਾ ਇਧਰ ਤੋਂ ਅਤੇ ਨਾ ਉਧਰ ਤੋਂ ਹੀ ਕੋਈ ਕਦੀ ਮਿਲਣ ਆਇਆ ਹੈ । ਸਾਡੇ ਪਿੰਡ ਵਿਚ ਤਾਂ ਇਕ ਦੋ ਵਿਅਕਤੀਆਂ ਕੋਲ ਹੀ ਪਾਸਪੋਰਟ ਹੋਣਗੇ ਉਹ ਵੀ ਉਹਨਾਂ ਨੇ ਕਿਸੇ ਹੋਰ ਦੇਸ਼ ਵਿਚ ਜਾਣ ਲਈ ਬਣਾਏ ਹੋਏ ਨੇ। ਮਨਮੋਹਨ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਤਾਂ ਕਦੀ ਇਨ੍ਹਾਂ ਨੂੰ ਕਿਸੇ ਨੇ ਯਾਦ ਵੀ ਨਹੀਂ ਕੀਤਾ ਹੋਣਾ, ਉਹਨਾਂ ਬਾਰੇ ਤਾਂ ਬਾਅਦ ਵਿਚ ਹੀ ਕੁਝ ਪਤਾ ਲੱਗਾ । ਮੈਂ ਹੁਣ ਮਨਮੋਹਨ ਸਿੰਘ ਨੂੰ ਮਿਲਣ ਜਾਣਾ ਹੈ, ਮੈਂ ਉਸ ਨੂੰ 50/60 ਸਾਲਾਂ ਬਾਅਦ ਮਿਲਾਂਗਾ, ਮੈਂ ਤਾਂ ਉਸ ਨੂੰ ਪਹਿਚਾਣ ਲਵਾਂਗਾ ਕਿਉਂ ਜੋ ਉਸ ਦੀ ਫੋਟੋ ਵੇਖਦੇ ਰਹੀਦਾ ਹੈ, ਉਹ ਮੈਨੂੰ ਨਹੀਂ ਪਹਿਚਾਣ ਸਕਦਾ। ਉਹ ਆਪਣੇ ਆਪ ਹੀ ਦਸੀ ਜਾ ਰਿਹਾ ਸੀ । ਫਿਰ ਉਸ ਨੇ ਇਕ ਲੜਕੇ ਅਤੇ ਇਕ ਲੜਕੀ ਨੂੰ ਆਪਣੇ ਪਾਸ ਬੁਲਾਇਆ ਅਤੇ ਉਹਨਾਂ ਨਾਲ ਮੇਰੀ ਵਾਕਫੀ ਕਰਵਾਈ ”ਇਹ ਮੇਰਾ ਪੋਤਰਾ ਹੈ ਰਾਜਾ ਗੁਲਸ਼ੇਰ, ਇਹ ਯੂਨੀਵਰਸਿਟੀ ਵਿਚ ਪੜ੍ਹਦਾ ਹੈ ਅਤੇ ਇਹ ਮੇਰੀ ਪੋਤਰੀ ਹੈ, ਇਹ ਫਾਈਨ ਆਰਟਸ ਦੀ ਵਿਦਿਆਰਥਣ ਹੈ”।
ਜਦ ਮੈਂ ਉਹਨਾਂ ਦੇ ਬਾਪ ਬਾਰੇ ਪੁੱਛਿਆ ਤਾਂ ਉਹ ਕਾਫੀ ਚਿਰ ਚੁਪ ਰਿਹਾ ਅਤੇ ਫਿਰ ਦੱਸਿਆ ਕਿ ਉਸ ਦੀ ਮੌਤ ਹੋ ਚੁੱਕੀ ਹੈ।”
ਵੱਡੇ ਸ਼ਹਿਰ ਅਤੇ ਵਿਦਿਅਕ ਕੇਂਦਰਾਂ ਤੋਂ ਦੂਰ ਇਸ ਸ਼ਹਿਰ ਵਿਚ ਵੀ ਵਿਦਿਆ ਦੇ ਵੱਖ-ਵੱਖ ਵਿਸ਼ਿਆਂ ਬਾਰੇ ਕਾਫੀ ਚੇਤਨਾ ਸੀ। ਇਸ ਖੇਤਰ ਦੇ ਲੋਕ ਕਾਫੀ ਮਿਹਨਤੀ ਲਗਦੇ ਸਨ। ਫਿਰ ਇਕ ਹੋਰ ਵਿਅਕਤੀ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ ਕਿ ਸਰਦਾਰ ਜੀ ਮੇਰੇ ਨਾਲ ਆਉ, ਇਕ ਲਿਖਤ ਹੈ ਮੈਂ ਤੁਹਾਡੇ ਕੋਲੋਂ ਪੜਾਉਣੀ ਹੈ, ਉਹ ਲਿਖਤ ਗੁਰਮੁਖੀ ਵਿਚ ਹੈ ਅਤੇ ਉਸ ਨੂੰ ਇਧਰ ਦਾ ਕੋਈ ਵੀ ਆਦਮੀ ਨਹੀਂ ਪੜ੍ਹ ਸਕਿਆ । ਮੈਂ ਸੋਚਿਆ ਸ਼ਾਇਦ ਕੋਈ ਚਿੱਠੀ ਜਾਂ ਕੋਈ ਕਾਗਜ ਵਗੈਰਾ ਹੋਵੇਗਾ। ਪਰ ਉਹ ਮੈਨੂੰ ਉਸ ਹੀ ਘਰ ਦੇ ਬਹਰ ਲੈ ਗਿਆ ਜਿਸ ਦੇ ਬੂਹੇ ਦੇ ਉਪਰ ਇਕ ਪੱਧਰ ‘ਤੇ ਲਿਖਿਆ ਹੋਇਆ ਸੀ ”ੴ ਸਤਿਨਾਮ” ਮੈਂ ਪੜ੍ਹ ਦਿੱਤਾ ਤਾਂ ਉਹ ਪੁੱਛਣ ਲਗਾ ਕਿ ਇਸ ਦਾ ਕੀ ਅਰਥ ਹੈ। ਮੈਂ ਆਪਣੀ ਸਮਝ ਅਨੁਸਾਰ ਦੱਸਿਆ ”ਪ੍ਰਮਾਤਮਾ ਇਕ ਹੈ ਅਤੇ ਉਸ ਦਾ ਨਾਮ ਸੱਚਾ ਹੈ” ਅਤੇ ਇਸ ਤੋਂ ਅੱਗੇ ਉਹ ਆਪ ਹੀ ਬੋਲ ਪਿਆ ”ਬਾਕੀ ਸਭ ਕੁਝ ਝੂਠ ਹੈ” ਇਹ ਤਾਂ ਬੜੀ ਉਚੀ ਗਲ ਲਿਖੀ ਹੋਈ ਹੈ, ਵੰਡ ਤੋਂ ਪਹਿਲਾਂ ਇਹ ਘਰ ਕਿਸੇ ਸਰਦਾਰ ਸਾਹਿਬ ਦਾ ਸੀ ਅਸੀ ਸਮਝਦੇ ਸਾਂ, ਕਿ ਉਸ ਦਾ ਨਾਮ ਲਿਖਿਆ ਹੋਇਆ ਹੈ।
ਮੈਂ ਸੋਚ ਰਿਹਾ ਸਾਂ ਇਹ ਕਿਸ ਤਰ੍ਹਾਂ ਦੀ ਵੰਡ ਸੀ, ਇਸ ਗੁਰਮੁਖੀ ਵਿਚ ਲਿਖੀ ਹੋਈ ਲਿਖਤ ਨੂੰ ਪੜ੍ਹਨ ਵਾਲਾ ਇਥੇ ਕਦੀ ਕੋਈ ਵੀ ਨਹੀਂ ਆਇਆ ਅਤੇ ਉਹ ਲੋਕ ਜੋ ਸਦੀਆਂ ਤੋਂ ਇਥੇ ਵਸਦੇ ਸਨ, ਇਕ ਹੀ ਬੋਲੀ ਬੋਲਦੇ ਸਨ, ਇਕ ਹੀ ਸਭਿਆਚਾਰ ਸੀ, ਉਹਨਾਂ ਨੂੰ ਇਕ ਲਕੀਰ ਤੋਂ ਦੂਸਰੀ ਤਰਫ ਜਾਣਾ ਪਿਆ । ਫਿਰ ਉਹ ਦੱਸਣ ਲੱਗਾ।
”ਇਹ ਮਕਾਨ ਇੰਨਾ ਮਜ਼ਬੂਤ ਬਣਿਆ ਹੋਇਆ ਹੈ ਕਿ ਸਾਨੂੰ 58 ਸਾਲ ਇਸ ਘਰ ਵਿਚ ਰਹਿੰਦਿਆਂ ਹੋ ਗਏ ਹਨ ਪਰ ਇਸ ਦਾ ਕੁਝ ਵੀ ਨਹੀਂ ਬਦਲਿਆ।
ਪਰ ਮੈਂ ਮਹਿਸੂਸ ਕਰ ਰਿਹਾ ਸਾਂ ਜਦੋਂ ਉਹਨਾਂ ਨੇ ਇਹ ਘਰ ਬਣਾਇਆ ਹੋਵੇਗਾ, ਇਸ ਨੂੰ ਕਈ ਪੁਸ਼ਤਾਂ ਲਈ ਬਣਾਇਆ ਹੋਵੇਗਾ, ਇਸ ਤਰ੍ਹਾਂ ਦੀ ਵੰਡ ਤਾਂ ਉਹਨਾਂ ਦੀ ਕਲਪਨਾ ਵਿਚ ਨਹੀਂ ਆਈ ਹੋਵੇਗੀ । ਉਥੋਂ ਚੱਲਣ ਵੇਲੇ ਰਾਜਾ ਮਹਿਮੂਦ ਅਲੀ ਕਹਿਣ ਲੱਗਾ ਕਿ ਮੈਨੂੰ ਆਪਣਾ ਐਡਰੈਸ ਜਾਂ ਜੇ ਕੋਈ ਕਾਰਡ ਹੋਵੇ ਤਾਂ ਦੇ ਜਾਉ, ਜੇ ਕਿਤੇ ਅੰਮ੍ਰਿਤਸਰ ਆਏ ਤਾਂ ਤੁਹਾਨੂੰ ਜ਼ਰੂਰ ਮਿਲਾਂਗਾ। ਜੁਲਾਈ 2008 ਦੀ ਇਕ ਸ਼ਾਮ ਸੀ ਜਦੋਂ ਮੈਨੂੰ ਇਕ ਟੈਲੀਫੂਨ ਆਇਆ ਅਤੇ ਉਹ ਕਹਿ ਰਹੇ ਸਨ ਕਿ ਮੈਂ ਰਾਜਾ ਮਹਿਮੂਦ ਬੋਲ ਰਿਹਾ ਹਾਂ, ਮੈਂ ਇਕ ਦਮ ਹੈਰਾਨ ਹੋ ਗਿਆ ਅਤੇ ਉਹ ਫਿਰ ਦੱਸਣ ਲੱਗਾ ਮੈਂ ਡਾ. ਮਨਮੋਹਨ ਸਿੰਘ ਵਜੀਰੇਆਜਮ ਦਾ ਜਮਾਤੀ ਹਾਂ ਅਤੇ ਜਦ ਤੁਸੀ ਸਾਡੇ ਪਿੰਡ ਗਾਹ ਆਏ ਸੀ ਤਾਂ ਮੈਂ ਤੁਹਾਨੂੰ ਮਿਲਿਆ ਸਾਂ। ਤਾਂ ਮੈਨੂੰ ਉਹ ਸਭ ਸੀਨ ਯਾਦ ਆ ਗਿਆ, ਗਾਹ ਵਿਚ ਤੇਜ਼ ਬਾਰਸ਼ ਅਤੇ ਉਸ ਘਰ ਵਿਚ ਜਲੇਬੀਆਂ ਪਕੌੜੇ, ਚਾਹ, ਇਕ ਚਿੱਟੇ ਪਜਾਮੇ ਕਮੀਜ ਅਤੇ ਚਿੱਟੀ ਪਗੜੀ ਵਾਲਾ ਇਕ ਬਜ਼ੁਰਗ ਜਿਸ ਦੇ ਨਾਲ ਉਸ ਦਾ ਪੋਤਰਾ ਅਤੇ ਪੋਤਰੀ ਸੀ ਸਾਰਾ ਹੀ ਸੀਨ ਇਕ ਤਸਵੀਰ ਦੀ ਤਰ੍ਹਾਂ ਮੇਰੇ ਸਹਮਣੇ ਆ ਗਿਆ । ਜਦ ਅੰਮ੍ਰਿਤਸਰ ਰਹਿੰਦੇ ਆਪਣੇ ਇਕ ਹੋਰ ਵਿਦਿਆਰਥੀ ਨੂੰ ਮਿਲਣ ਲਈ ਉਸ ਨੇ ਵੀਜ਼ਾ ਲੈਣ ਦੀ ਖਾਹਿਸ਼ ਜਾਹਿਰ ਕੀਤੀ ਤਾਂ ਅੰਬੈਸੀ ਦੀਆਂ ਸ਼ਰਤਾਂ ਅਨੁਸਾਰ ਕੋਈ ਐਡਰੈਸ ਚਾਹੀਦਾ ਸੀ ਪਰ ਉਸ ਕੋਲ ਆਪਣੇ ਜਮਾਤੀ ਜੋਗਿੰਦਰ ਸਿੰਘ ਦਾ ਐਡਰੈਸ ਨਹੀਂ ਸੀ ਜਦੋਂ ਕਿ ਮੇਰੇ ਵਾਲਾ ਕਾਰਡ ਉਹ ਪਿਛਲੇ ਤਿੰਨ ਸਾਲਾਂ ਤੋਂ ਸਾਂਭੀ ਫਿਰਦਾ ਸੀ ਅਤੇ ਮੇਰੇ ਐਡਰੈਸ ਅਨੁਸਾਰ ਉਸ ਨੂੰ ਵੀਜਾ ਮਿਲ ਗਿਆ । ਉਹ ਚਾਰ ਦਿਨਾਂ ਬਾਅਦ ਇਧਰ ਪ੍ਰਧਾਨ ਮੰਤਰੀ ਜੀ ਨੂੰ ਮਿਲਣ ਆ ਰਿਹਾ ਸੀ ਅਤੇ ਉਹ ਚਾਹੁੰਦੇ ਸੀ ਕਿ ਮੈਂ ਉਸ ਨੂੰ ਵਾਹਗੇ ਬਾਰਡਰ ਤੇ ਲੈਣ ਆਵਾਂ।
ਉਸ ਦਿਨ ਜਦ ਮੈਂ ਅਤੇ ਉਸ ਦਾ ਜਮਾਤੀ ਜੋਗਿੰਦਰ ਸਿੰਘ ਕੋਹਲੀ ਵਾਹਗੇ ਬਾਰਡਰ ਨੂੰ ਜਾ ਰਹੇ ਸਾਂ ਤਾਂ ਮੈਨੂੰ ਇਕ ਟੈਲੀਫੋਨ ਆਇਆ ”ਛੀਨਾ ਜੀ ਕਿੱਥੇ ਹੋ” ਇਹ ਇਕ ਕਸਟਮ ਅਫਸਰ ਦਾ ਸੀ ਅਤੇ ਉਸ ਨੇ ਵਿਸਥਾਰ ਨਾਲ ਦੱਸਿਆ ਕਿ ਰਾਜਾ ਮਹਿਮੂਦ ਅਤੇ ਉਸ ਦਾ ਸਾਥੀ ਮੇਰੇ ਦਫਤਰ ਵਿਚ ਬੈਠੇ ਹੋਏ ਹਨ, ਮੈਂ ਇਕ ਆਦਮੀ ਨੂੰ ਤੁਹਾਨੂੰ ਲੈਣ ਲਈ ਗੇਟ ‘ਤੇ ਭੇਜ ਦਿੱਤਾ ਹੈ ਅਤੇ ਤੁਹਾਨੂੰ ਉਡੀਕ ਰਹੇ ਹਾਂ। ਮੈਂ ਅਤੇ ਸ਼੍ਰੀ ਕੋਹਲੀ ਜਦ ਬਾਰਡਰ ਵਾਲੇ ਬਾਹਰ ਦੇ ਗੇਟ ‘ਤੇ ਪਹੁੰਚੇ ਤਾਂ ਇਕ ਆਦਮੀ ਨੇ ਅੱਗੇ ਹੋ ਕੇ ਪੁੱਛਿਆ ‘ਪ੍ਰੋਫੈਸਰ ਛੀਨਾ’ ਅਤੇ ਮੇਰੇ ਹਾਂ ਕਹਿਣ ਤੇ ਉਹ ਸਾਨੂੰ ਦੋਵਾਂ ਨੂੰ ਨਾਲ ਲੈ ਕੇ ਕਸਟਮ ਦੇ ਦਫਤਰ ਚਲਾ ਗਿਆ। ਦਫਤਰ ਵਿਚ ਰਜਾ ਮਹਿਮੂਦ ਅਤੇ ਇਕ ਹੋਰ ਵਿਅਕਤੀ ਹਾਜੀ ਜੀ ਬੈਠੇ ਹੋਏ ਸਨ। ਰਜਾ ਮਹਿਮੂਦ ਨੇ ਉਠ ਕੇ ਮੈਨੂੰ ਜੱਫੀ ਪਾ ਲਈ, ਮੈਂ ਕੋਹਲੀ ਸਾਹਿਬ ਵੱਲ ਇਸ਼ਾਰਾ ਕਰਕੇ ਪੁੱਛਿਆ, ”ਇਨ੍ਹਾਂ ਨੂੰ ਪਹਿਚਾਣਦੇ ਹੋ”। ਬਸ ਮੇਰੇ ਇੰਨਾਂ ਕਹਿਣ ਦੀ ਦੇਰੀ ਸੀ ਕਿ ਰਜਾ ਮਹਿਮੂਦ ਨੇ ਕੋਹਲੀ ਸਾਹਿਬ ਨੂੰ ਜੱਫੀ ਪਾ ਲਈ ਅਤੇ ਕੋਈ ਤਿੰਨ ਮਿੰਟ ਜੱਫੀ ਪਾਈ ਖੜ੍ਹੇ ਰਹੇ, ਦੋਵਾਂ ਦੀਆਂ ਅੱਖਾਂ ਵਿਚ ਅੱਥਰੂ ਵਗ ਰਹੇ ਸਨ। ਉਹ ਸ਼ਾਇਦ 61 ਸਾਲਾਂ ਬਾਅਦ ਜਾਂ ਬਚਪਨ ਤੋਂ ਬਾਅਦ ਬੁਢੇਪੇ ਵਿਚ ਮਿਲ ਰਹੇ ਸਨ। ਇਹ ਸੀਨ ਬਹੁਤ ਹੀ ਭਾਵੁਕ ਸੀ ਅਤੇ ਮੇਰੇ ਤੋਂ ਇਲਾਵਾ ਕਸਟਮ ਦੇ ਸਭ ਕਰਮਚਾਰੀ ਅਤੇ ਅਫਸਰ ਉਸ ਵਕਤ ਭਾਵੁਕ ਹੋਕੇ ਉਹਨਾਂ ਵੱਲ ਵੇਖ ਰਹੇ ਸਨ ਪਰ ਕੋਈ ਵੀ ਕੁਝ ਵੀ ਨਹੀਂ ਸੀ ਬੋਲ ਰਿਹਾ।
ਉਸ ਵਕਤ ਬਾਹਰ ਕਈ ਅਖਬਾਰਾਂ ਅਤੇ ਟੈਲੀਵਿਜ਼ਨ ਚੈਨਲਾਂ ਦੇ ਪ੍ਰਤੀਨਿਧ ਸ਼੍ਰੀ ਰਜਾ ਮਹਿਮੂਦ ਨੂੰ ਮਿਲਣ ਲਈ ਬੇਤਾਬ ਖੜ੍ਹੇ ਸਨ ਪਰ ਕਸਟਮ ਅਧਿਕਾਰੀਆਂ ਨੇ, ਸਾਨੂੰ ਚਾਹ ਪੀਣ ਲਈ ਰੋਕ ਲਿਆ। ਰਜਾ ਮਹਿਮੂਦ ਨੇ ਮੇਰਾ ਹੱਥ ਫੜਿਆ ਹੋਇਆ ਸੀ ਅਤੇ ਮੈਂ ਉਸ ਦੇ ਨਾਲ ਵਾਲੀ ਕੁਰਸੀ ਤੇ ਬੈਠਾ ਸਾਂ। ਜੋਗਿੰਦਰ ਸਿੰਘ ਕੋਹਲੀ ਅਜੇ ਵੀ ਬਹੁਤ ਭਾਵੁਕ ਨਜਰ ਆ ਰਿਹਾ ਸੀ । ਮੈਂ ਆਪਣੀ ਜਗ੍ਹਾ ਤੋਂ ਉਠ ਕੇ ਜੋਗਿੰਦਰ ਸਿੰਘ ਕੋਹਲੀ ਨੂੰ ਆਪਣੇ ਵਾਲੀ ਜਗ੍ਹਾ ‘ਤੇ ਬੈਠਣ ਲਈ ਕਿਹਾ ਤਾਂ ਕਿ ਉਹ ਚੰਗੀ ਤਰ੍ਹਾਂ ਮਿਲ ਸਕਣ। ਟੈਲੀਵਿਜ਼ਨ ਅਤੇ ਅਖਬਾਰਾਂ ਵਾਲਿਆਂ ਦੇ ਆਮ ਸੁਆਲ ਸਨ ”ਤੁਸੀਂ ਪਹਿਲੀ ਵਾਰ ਭਾਰਤ ਆਏ ਹੋ? ਪ੍ਰਧਾਨ ਮੰਤਰੀ ਕੋਲ ਕਿੰਨਾਂ ਚਿਰ ਰਹੋਗੇ ? ਉਹ ਨਾਲ ਨਾਲ ਫੋਟੋ ਵੀ ਲੈ ਰਹੇ ਸਨ। ਤਕਰੀਬਨ ਅੱਧਾ ਘੰਟਾ ਸਾਨੂੰ ਅਖਬਾਰਾਂ ਅਤੇ ਟੈਲੀਵਿਜ਼ਨ ਵਾਲਿਆਂ ਦੇ ਨਾਲ ਲਗ ਗਿਆ। ਵਾਹਗੇ ਤੋਂ ਅਸੀਂ ਸਿਧੇ ਡੀ.ਏ.ਵੀ ਪਬਲਿਕ ਸਕੂਲ ਆਏ ਜਿਥੇ ਸ਼੍ਰੀਮਤੀ ਨੀਰਾ ਸ਼ਰਮਾ ਸਕੂਲ ਦੀ ਪ੍ਰਿੰਸੀਪਲ ਨੇ ਉਹਨਾਂ ਦੇ ਸੁਆਗਤ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ। ਪਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਇੰਨੀ ਵੱਡੇ ਆਉ ਭਗਤ ਦੇ ਬਾਵਜੂਦ ਵੀ ਰਜਾ ਮਹਿਮੂਦ ਥਕਾਵਟ ਮਹਿਸੂਸ ਕਰ ਰਹੇ ਸਨ ਅਤੇ ਮੈਂ ਸ਼ਾਮ ਨੂੰ ਦਰਬਾਰ ਸਾਹਿਬ ਜਾਣ ਦਾ ਪ੍ਰੋਗਰਾਮ ਬਣਾ ਕੇ ਘਰ ਆ ਗਿਆ ਅਤੇ ਸ਼ਾਮ ਨੂੰ ਉਹਨਾਂ ਨੂੰ ਮਿਥੇ ਸਮੇਂ ‘ਤੇ ਨਾਲ ਲੈ ਕੇ ਦਰਬਾਰ ਸਾਹਿਬ ਚਲਿਆ ਗਿਆ । ਪ੍ਰਕਰਮਾ ਕਰਦੇ ਸਮੇਂ ਰਜਾ ਮਹਿਮੂਦ ਅਤੇ ਹਾਜੀ ਪੂਰੇ ਸਕੂਨ ਵਿਚ ਸਨ ਅਤੇ ਉਹ ਮੈਨੂੰ ਬਹਤੁ ਸਾਰੇ ਸੁਆਲ ਪੁੱਛ ਰਹੇ ਸਨ ਪਰ ਉਥੇ ਵੀ ਅਖਬਾਰਾਂ ਅਤੇ ਟੀ.ਵੀ ਚੈਨਲਾਂ ਵਾਲੇ ਉਹਨਾਂ ਨੂੰ ਕਈ ਸੁਆਲ ਪੁੱਛ ਰਹੇ ਸਨ ਅਤੇ ਫੋਟੋ ਖਿਚ ਰਹੇ ਸਨ ਪਰ ਮੈਂ ਮਹਿਸੂਸ ਕਰ ਰਿਹਾ ਸਾਂ ਕਿ ਰਜਾ ਮਹਿਮੂਦ ਉਹਨਾਂ ਕੋਲੋਂ ਖਹਿੜਾ ਛੁਡਾਉਣ ਦੀ ਕੋਸ਼ਿਸ਼ ਕਰਦੇ ਸਨ ਅਤੇ ਮੇਰਾ ਹੱਥ ਫੜ ਕੇ ਕਈ ਸੁਆਲ ਕਰਦਾ ਸੀ ਅਤੇ ਖੁਦਾ ਦਾ ਸ਼ੁਕਰ ਕਰਦਾ ਸੀ ਕਿ ਉਸ ਨੂੰ ਇਹ ਮੌਕਾ ਮਿਲਿਆ ਹੈ ਅਤੇ ਨਾਲ ਹੀ ਇਹ ਵੀ ਕਹਿੰਦਾ ਸੀ ਕਿ ਹਰ ਪਾਕਿਸਤਾਨੀ ਇੱਥੇ ਆ ਕੇ ਦਰਸ਼ਨ ਕਰਨਾ ਚਾਹੁੰਦਾ ਹੈ ਅਤੇ ਜਿਸ ਤਰ੍ਹਾਂ ਦਾ ਮੌਕਾ ਮੈਨੂੰ ਮਿਲਿਆ ਹੈ ਉਹ ਹਰ ਪਾਕਿਸਤਾਨੀ ਨੂੰ ਮਿਲਣਾ ਚਾਹੀਦਾ ਹੈ । ਅਗਲੇ ਦਿਨ ਰਜਾ ਮਹਿਮੂਦ ਦਿੱਲੀ ਚਲੇ ਗਏ ਅਤੇ ਉਹਨਾਂ ਨੇ ਫਿਰ ਆਉਣ ਦਾ ਪ੍ਰੋਗਰਾਮ ਦਿੱਤਾ ਜੋ ਕੋਈ 10 ਕੁ ਦਿਨ ਬਾਅਦ ਦਾ ਸੀ। ਜਦ ਉਹ ਫਿਰ ਵਾਪਸ ਆਏ ਤਾਂ ਉਹਨਾਂ ਦੇ ਸੁਆਗਤ ਦਾ ਫਿਰ ਇਕ ਸਮਾਗਮ ਡੀ.ਏ.ਵੀ ਕਾਲਜ ਪਬਲਿਕ ਸਕੂਲ ਵਿਚ ਕੀਤਾ ਗਿਆ ਅਤੇ ਮੈਂ ਉਹਨਾਂ ਨੂੰ ਦੁਪਿਹਰ ਦੇ ਖਾਣੇ ‘ਤੇ ਆਪਣੇ ਘਰ ਬੁਲਾਇਆ ਉਹਨਾਂ ਦੇ ਨਾਲ ਡੀ.ਏ.ਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਅਤੇ ਸ. ਜੋਗਿੰਦਰ ਸਿੰਘ ਕੋਹਲੀ ਸਨ। ਬਚਪਨ ਵਿਚ ਜਮਾਤੀ ਰਹੇ ਜੋਗਿੰਦਰ ਸਿੰਘ ਕੋਹਲੀ ਅਤੇ ਰਜਾ ਮਹਿਮੂਦ ਅਲੀ ਨੇ ਇਕ ਦੂਸਰੇ ਦਾ ਹੱਥ ਫੜਿਆ ਹੋਇਆ ਸੀ । ਘਰ ਬੈਠ ਕੇ ਰਜਾ ਮਹਿਮੂਦ ਅਲੀ ਨੇ ਹਾਜੀ ਜੀ ਨੂੰ ਕਿਹਾ ”ਪ੍ਰੋਫੈਸਰ ਸਾਹਿਬ ਦਾ ਤੋਹਫਾ ਇਨ੍ਹਾਂ ਨੂੰ ਦਿਉ” ਤਾਂ ਹਾਜੀ ਸਾਹਿਬ ਨੇ ਤਿਲੇ ਦੀ ਮੇਰੇ ਮੇਚ ਦੀ ਇਕ ਬਹੁਤ ਖੂਬਸੂਰਤ ਜੁੱਤੀ ਕੱਢ ਕੇ ਬਾਹਰ ਰੱਖ ਦਿੱਤੀ। ਮੈਂ ਉਹਨਾਂ ਦੇ ਪਿਆਰ ਕਰਕੇ ਇਸ ਤੋਂ ਨਾਂਹ ਤਾਂ ਨਾ ਕਰ ਸਕਿਆ ਪਰ ਮੈਂ ਹੈਰਾਨ ਸਾਂ ਕਿ ਪਿਛਲੇ 15 ਦਿਨਾਂ ਤੋਂ ਉਹ ਇਸ ਜੁੱਤੀ ਨੂੰ ਮੇਰੇ ਲਈ ਸਾਂਭੀ ਫਿਰ ਰਹੇ ਹਨ ਜਿਸ ਨੂੰ ਆਪਣੇ ਹੱਥ ਨਾਲ ਆਪਣੇ ਪਿੰਡ ਤੋਂ ਖਾਸ ਤੌਰ ‘ਤੇ ਮੇਰੇ ਲਈ ਬਣਾ ਕੇ ਲਿਆਏ ਸਨ। ਇਸ ਦੇ ਨਾਲ ਹੀ ਜੋਗਿੰਦਰ ਸਿੰਘ ਉਠੇ ਅਤੇ ਉਹਨਾਂ ਨੇ ਦਰਬਾਰ ਸਾਹਿਬ ਦੀ ਇਕ ਖੂਬਸੂਰਤ ਫੋਟੋ ਜਿਸ ‘ਤੇ ਉਹਨਾਂ ਦਾ ਅਤੇ ਰਜਾ ਮਹਿਮੂਦ ਦਾ ਨਾਮ ਅਤੇ ਖਾਸ ਤੌਰ ‘ਤੇ ਉਹਨਾਂ ਦੇ ਪਿੰਡ ਦਾ ਨਾਮ ‘ਗਾਹ’ ਲਿਖਿਆ ਹੋਇਆ ਸੀ ਉਹ ਮੈਨੂੰ ਦਿੱਤੀ ਤਾਂ ਮੈਂ ਉਸ ਹੀ ਵਕਤ ਉਸ ਫੋਟੋ ਨੂੰ ਅਪਾਣੇ ਡਰਾਇੰਗ ਰੂਮ ਵਿਚ ਲਾ ਦਿੱਤਾ।
ਕੋਹਲੀ ਸਾਹਿਬ ਜਿਹੜੇ 10 ਦਿਨ ਪਹਿਲਾਂ ਤੱਕ ਮੇਰੇ ਵਾਕਿਫ ਨਹੀਂ ਸਨ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਮੁਦਤਾਂ ਦੇ ਵਾਕਿਫ ਹੋਣ। ਪਰ ਰਜਾ ਮਹਿਮੂਦ ਅਤੇ ਕੋਹਲੀ ਸਾਹਿਬ ਜਿਹੜੇ ਪਿਛਲੇ 70 ਸਾਲਾਂ ਤੋਂ ਵਾਕਿਫ ਸਨ ਪਰ ਉਹ 61 ਸਾਲਾਂ ਬਾਅਦ ਮਿਲੇ ਸਨ ਅਤੇ ਵਾਰ-ਵਾਰ ਇਹ ਗਲ ਕਰਦੇ ਸਨ ਕਿ ਸ਼ਾਇਦ ਇਹ ਉਹਨਾਂ ਦੀ ਆਖਰੀ ਮਿਲਣੀ ਹੋਵੇ ਜਿਹੜੀ ਗੱਲ ਮੈਨੂੰ ਚੰਗੀ ਨਹੀਂ ਸੀ ਲੱਗਦੀ, ਪਰ ਮੈਂ ਇਹ ਗੱਲ ਨੋਟ ਕਰਦਾ ਸਾਂ ਕਿ ਜਿਸ ਦਿਨ ਤੋਂ ਇਹ ਦੋਵੇਂ ਜਮਾਤੀ ਮਿਲੇ ਸਨ ਇਹ ਆਪਸ ਵਿਚ ਨਾ ਤਾਂ ਕੋਈ ਰਾਜਨੀਤਕ ਗੱਲ ਕਰਦੇ ਸਨ, ਨਾ ਹੀ ਕਿਸੇ ਸਮਾਜਿਕ ਮੁੱਦੇ ਦੀ ਗਲ ਕਰਦੇ ਸਨ, ਇਨ੍ਹਾਂ ਦੀ ਗੱਲਬਾਤ ਦਾ ਵਿਸ਼ਾ ਆਪਣੇ ਪੁਰਾਣੇ ਜਮਾਤੀਆਂ, ਅਤੇ ਉਹਨਾਂ ਦੇ ਪਰਿਵਾਰ ਨੂੰ ਯਾਦ ਕਰਨਾ, ਪਿੰਡ ਦੀਆਂ ਖੇਡਾਂ, ਬੇਰਾਂ ਦੇ ਮਲ੍ਹਿਆਂ ਤੋਂ ਬੇਰ ਤੋੜ ਕੇ ਖਾਣੇ, ਇਥੋਂ ਤੱਕ ਕਿ ਘੋੜੀਆਂ ਊਠਾਂ ਦੀ ਸਕੂਲ ਪੜ੍ਹਦਿਆਂ ਸਵਾਰੀ ਕਰਨੀ ਅਤੇ ਹੋਰ ਅਨੇਕਾਂ ਗੱਲਾਂ ਕਰਦੇ ਸਨ, ਗੱਲਾਂ ਕਰਦਿਆਂ ਉਹ ਕਈ ਵਾਰ ਬਿਲਕੁਲ ਚੁੱਪ ਹੋ ਜਾਂਦੇ ਸਨ।
ਅਗਲੇ ਦਿਨ ਮੈਂ ਅਤੇ ਜੋਗਿੰਦਰ ਸਿੰਘ ਕੋਹਲੀ, ਰਜਾ ਮਹਿਮੂਦ ਅਤੇ ਹਾਜੀ ਸਾਹਿਬ ਨੂੰ ਬਾਰਡਰ ‘ਤੇ ਛੱਡਣ ਜਾ ਰਹੇ ਸਾਂ। ਕਸਟਮ ਦੇ ਅਧਿਕਾਰੀਆਂ ਨੇ ਫਿਰ ਬੜੇ ਹੀ ਸਤਿਕਾਰ ਨਾਲ ਉਹਨਾਂ ਨੂੰ ਕਸਟਮ ਅਤੇ ਹੋਰ ਕਾਰਵਾਈ ਤੋਂ ਵਿਹਲਿਆਂ ਕਰ ਦਿੱਤਾ। ਉਸ ਵਕਤ ਜੋਗਿੰਦਰ ਸਿੰਘ ਨੇ ਰਜਾ ਮਹਿਮੂਦ ਅਲੀ ਦਾ ਹੱਥ ਫੜਿਆ ਹੋਇਆ ਸੀ ਅਤੇ ਮੈਂ ਉਹਨਾਂ ਦੇ ਮਗਰ ਜਾ ਰਿਹਾ ਸਾਂ, ਫਿਰ ਰਜਾ ਮਹਿਮੂਦ ਨੇ ਮੇਰਾ ਹੱਥ ਵੀ ਫੜ ਲਿਆ । ਸਾਨੂੰ ਦੋਵਾਂ ਨੂੰ ਉਹ ਫਿਰ ਆਪਣੇ ਪਿੰਡ ਆਉਣ ਦਾ ਸੱਦਾ ਦਿੰਦਾ ਸੀ ਅਤੇ ਫਿਰ ਆਪ ਹੀ ਕਹਿ ਦਿੰਦਾ ਸੀ ਜੇ ਤੁਸੀਂ ਨਾ ਆ ਸਕੇ ਤਾਂ ਫਿਰ ਮੈਂ ਹੀ ਦੋ ਸਾਲ ਬਾਅਦ ਤੁਹਾਨੂੰ ਮਿਲਣ ਆਵਾਂਗਾ, ਹੁਣ ਤੇ ਸਾਡੀ ਪੱਕੀ ਦੋਸਤੀ ਹੋ ਗਈ ਹੈ। ਸਾਹਮਣੇ ਵਾਹਗੇ ਵਾਲੀ ਬਾਰਡਰ ਦੀ ਲਕੀਰ ਦਿਸ ਰਹੀ ਸੀ ਜਿਸ ਨੂੰ ਵੇਖ ਕੇ ਜੋਗਿੰਦਰ ਸਿੰਘ ਭਾਵੁਕ ਹੋ ਗਿਆ ਸੀ । ਰਜਾ ਮਹਿਮੂਦ ਫਿਰ ਕਹਿਣ ਲੱਗਾ ਜੇ ਤੁਸੀ ਨਾ ਆਏ ਤਾਂ ਫਿਰ ਮੈਂ ਦੋ ਸਾਲ ਬਾਅਦ ਤੁਹਾਨੂੰ ਮਿਲਣ ਆਵਾਂਗਾ । ਪਰ ਹੁਣ ਜੋਗਿੰਦਰ ਸਿੰਘ ਕੁਝ ਵੀ ਨਹੀਂ ਸੀ ਬੋਲ ਰਿਹਾ। ਲਕੀਰ ਦੇ ਕੋਲ ਖੜੋ ਕੇ ਜੋਗਿੰਦਰ ਸਿੰਘ ਅਤੇ ਰਜਾ ਮਹਿਮੂਦ ਅਲੀ ਨੇ ਇਕ ਦੂਸਰੇ ਨੂੰ ਜੱਫੀ ਪਾ ਲਈ ਦੋਵਾਂ ਦੇ ਅੱਥਰੂ ਰੁਕ ਨਹੀਂ ਸਨ ਰਹੇ, ਅਖਬਾਰਾਂ ਵਾਲੇ ਇਸ ਸਥਿਤੀ ਵਿਚ ਉਹਨਾਂ ਦੀਆਂ ਫੋਟੋਆਂ ਖਿਚ ਰਹੇ ਸਨ । ਮੈਂ ਅਤੇ ਜੋਗਿੰਦਰ ਸਿਘ ਭਾਵੇਂ ਦੋਵੇਂ ਹੀ ਉਸ ਲਕੀਰ ਤੋਂ ਪਾਰਲੇ ਖੇਤਰ ਵਿਚ ਪੈਦਾ ਹੋਏ ਸਾਂ ਪਰ ਹੁਣ ਸਾਨੂੰ ਉਧਰ ਜਾਣ ਦੀ ਇਜਾਜ਼ਤ ਨਹੀਂ ਸੀ, ਰਜਾ ਮਹਿਮੂਦ, ਜੋਗਿੰਦਰ ਸਿੰਘ ਅਤੇ ਮੈਂ ਚੁੱਪ ਚਾਪ ਖੜ੍ਹੇ ਰਹੇ ਅਤੇ ਫਿਰ ਰਜਾ ਮਹਿਮੂਦ ਬਗੈਰ ਕੋਈ ਲਫਜ ਬੋਲਣ ਦੇ ਸਾਡੇ ਕੋਲੋਂ ਹੱਥ ਛੁਡਾ ਕੇ ਉਸ ਲਕੀਰ ਤੋਂ ਪਾਰ ਚਲਾ ਗਿਆ।
ਇਕ ਅਕਤੂਬਰ 2010 ਨੂੰ ਅਖਬਾਰਾਂ ਵਿਚ ਖਬਰ ਪੜ੍ਹੀ ਕਿ ਡਾ: ਮਨਮੋਹਨ ਸਿੰਘ ਦੇ ਜਮਾਤੀ ਦੀ ਮੌਤ ਹੋ ਗਈ ਹੈ ਅਤੇ ਇਹ ਵੀ ਲਿਖਿਆ ਹੋਇਆ ਸੀ ਕਿ ਉਹ ਦੋ ਕੁ ਸਾਲ ਪਹਿਲਾਂ ਭਾਰਤ ਵਿਚ ਪ੍ਰਧਾਨ ਮੰਤਰੀ ਨੂੰ ਮਿਲਣ ਆਏ ਸਨ , ਉਹਨਾਂ ਦੇ ਆਉਣ ਤੋਂ ਲੈ ਕੇ ਵਾਪਿਸ ਜਾਣ ਤਕ ਸਾਰੇ ਦੇ ਸਾਰੇ ਸੀਨ ਮੇਰੀਆਂ ਅੱਖਾਂ ਦੇ ਸਾਹਮਣੇ ਇਕ ਫਿਲਮ ਵਾਂਗ ਘੁੰਮ ਰਿਹੇ ਸਨ ਖਾਸ ਕਰਕੇ, ਉਹਨਾਂ ਦੇ ਉਹ ਸ਼ਬਦ ਜੇ ਤੁਸੀ ਨਾ ਆਏ ਤਾਂ ਮੈਂ ਹੀ ਦੋ ਸਾਲ ਬਾਅਦ ਤੁਹਾਨੂੰ ਮਿਲਣ ਆਵਾਂਗਾ ਅਤੇ ਮੈਨੂੰ ਯਾਦ ਆਇਆ ਕਿ ਦੋ ਸਾਲ ਇੰਨੀ ਛੇਤੀ ਬੀਤ ਵੀ ਗਏ ਹਨ।
(ਸਮਾਪਤ)

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …