Breaking News
Home / ਨਜ਼ਰੀਆ / ਪ੍ਰਕਿਰਤੀ ਦੇ ਸੁਹੱਪਣ ਦੀ ਦਾਸਤਾਨ : ‘ਧੁੱਪ ਦੀਆਂ ਕਣੀਆਂ’

ਪ੍ਰਕਿਰਤੀ ਦੇ ਸੁਹੱਪਣ ਦੀ ਦਾਸਤਾਨ : ‘ਧੁੱਪ ਦੀਆਂ ਕਣੀਆਂ’

ਪ੍ਰੋ. ਪਵਨਦੀਪ ਕੌਰ
ਡਾ. ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਸਾਹਿਤ ਦੇ ਖੇਤਰ ਵਿੱਚ ਨਿਰੰਤਰ ਆਪਣੀ ਕਲਮ ਅਜ਼ਮਾਈ ਕਰ ਰਿਹਾ ਹੈ। ਇਹ ਪਰਵਾਸੀ ਸਾਹਿਤਕਾਰ, ਸਾਹਿਤ ਦੇ ਖੇਤਰ ਵਿੱਚ ਸਾਲ 1991 ਵਿੱਚ ਆਪਣੀ ਕਵਿਤਾ ਦੀ ਪੁਸਤਕ ‘ਹਉਕੇ ਦੀ ਜੂਨ’ ਨਾਲ ਸਥਾਪਿਤ ਹੁੰਦਾ ਹੈ। ਇਸ ਤੋਂ ਬਾਅਦ 1997 ਵਿੱਚ ‘ਸੁਪਨਿਆਂ ਦੀ ਜੂਹ ਕੈਨੇਡਾ’ (ਸਫ਼ਰਨਾਮਾ) ਪੁਸਤਕ ਪਾਠਕਾਂ ਸਾਹਮਣੇ ਸਨਮੁੱਖ ਹੁੰਦੀ ਹੈ। 2001 ਵਿੱਚ ਉਹ ਆਪਣੀ ਵਾਰਤਕ ਪੁਸਤਕ ‘ਰੰਗਾਂ ਦਾ ਦਰਿਆ’ ਪੇਸ਼ ਕਰਦਾ ਹੈ। ਹੁਣ ਤੱਕ ਉਸ ਦੀਆਂ ਕੁੱਲ 19 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਸ ਦੀਆਂ ਰਚਨਾਵਾਂ ਸਫਰਨਾਮਾ, ਕਾਵਿ ਸੰਗ੍ਰਿਹ, ਵਾਰਤਕ, ਲੰਮੀ ਕਵਿਤਾ ਆਦਿ ਦੇ ਰੂਪ ਵਿੱਚ ਸਾਹਮਣੇ ਆਉਂਦੀਆਂ ਹਨ। ਲੇਖਕ ਇੱਕ ਅਜਿਹਾ ਪਰਵਾਸੀ ਸਾਹਿਤਕਾਰ ਹੈ ਜੋ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਪਾਠਕ ਦੇ ਸਾਹਮਣੇ ਰੱਖਦਾ ਹੈ। ਇਸ ਅਧਿਐਨ ਵਿੱਚ ਡਾ. ਭੰਡਾਲ ਦੀ ਵਾਰਤਕ ਰਚਨਾ ‘ਧੁੱਪ ਦੀਆਂ ਕਣੀਆਂ’ ਵਿਚਲੇ ਦੋ ਨਿਬੰਧਾਂ ‘ਅੱਗ ਦੇ ਗਲੋਟੇ’ ਅਤੇ ‘ਦਰਦ ਵੰਝਲੀ ਦੀ ਹੂਕ’ ਨੂੰ ਆਧਾਰ ਬਣਾਇਆ ਹੈ।
ਨਿਬੰਧ ਸਾਹਿਤ ਦੀ ਵੰਨਗੀ ਵਾਰਤਕ ਦਾ ਮਹੱਤਵਪੂਰਨ ਰੂਪ ਹੈ। ਇਸ ਨੂੰ ਥੋੜੇ ਸ਼ਬਦਾਂ ਵਾਲੀ ਰਚਨਾ ਜੋ ਬਹੁ-ਅਰਥਾਂ ਦੀ ਧਾਰਨੀ ਹੁੰਦੀ ਹੈ, ਕਿਹਾ ਜਾਂਦਾ ਹੈ। ਨਿਬੰਧ ਦਾ ਲਿਖਤੀ ਰੂਪ ਭਾਵੇਂ ਛੋਟਾ ਹੁੰਦਾ ਹੈ ਪਰੰਤੂ ਅਰਥ ਦੇ ਮਹੱਤਵ ਤੋਂ ਇਹ ਬਹੁਤ ਵਿਸ਼ਾਲਮਈ ਹੋਂਦ ਰੱਖਦੀ ਹੈ। ਡਾ. ਗੁਰਬਖਸ਼ ਸਿੰਘ ਭੰਡਾਲ ਨੇ ਬਹੁਤ ਸਾਰੀਆਂ ਵਾਰਤਕ ਪੁਸਤਕਾਂ ਹੋਂਦ ‘ਚ ਲਿਆਂਦੀਆਂ ਹਨ। ‘ਧੁੱਪ ਦੀਆਂ ਕਣੀਆਂ’ ਲੇਖਕ ਦੀ ਵਾਰਤਕ ਪੁਸਤਕ ਹੈ ਜੋ 2019 ਈ: ਵਿੱਚ ਹੋਂਦ ਵਿੱਚ ਆਉਂਦੀ ਹੈ। ਇਸ ਪੁਸਤਕ ਵਿੱਚ ਕੁੱਲ ੨੬ ਨਿਬੰਧ ਦਰਜ ਹਨ ਜੋ ਮਨੁੱਖੀ ਜੀਵਨ ਨਾਲ ਸੰਬੰਧਤ ਹਨ। ਹਰੇਕ ਨਿਬੰਧ ਵਿੱਚੋ ਮਨੁੱਖੀ ਜੀਵਨ ਦੀ ਝਲਕ ਪੈਂਦੀ ਹੈ।
ਡਾ. ਪ੍ਰਿਤਪਾਲ ਸਿੰਘ ਮਹਿਰੋਕ ਅਨੁਸਾਰ, ”ਡਾ. ਗੁਰਬਖਸ਼ ਸਿੰਘ ਭੰਡਾਲ ਪੰਜਾਬੀ ਸਾਹਿਤ ਦੇ ਬਹੁਭਾਂਤੀ ਰੂਪਾਕਾਰਾਂ ਵਿਚ ਰਚਨਾ ਕਰਨ ਵਾਲਾ ਲੇਖਕ ਹੈ। ਨਿਬੰਧ ਰਚਨਾ ਕਰਦਿਆਂ ਉਹ ਅਤਿਅੰਤ ਸੂਖਮ, ਅਣਛੋਹੇ ਅਤੇ ਅਦੁੱਤੀ ਵਿਸ਼ਿਆਂ ਉਪਰ ਕਲਮ ਅਜ਼ਮਾਈ ਕਰਦਾ ਹੈ। ਕਿਸੇ ਨਿੱਕੇ ਤੇ ਸਾਧਾਰਣ ਜਿਹੇ ਨਜ਼ਰ ਆਉਣ ਵਾਲੇ ਮਜਬੂਨ
ਦੇ ਵਡੇਰੇ ਮਹੱਤਵ ਨੂੰ ਉਜਾਗਰ ਕਰਨ ਦੀ ਜੁਗਤੀ ਉਸਨੂੰ ਆਉਂਦੀ ਹੈ, ਉਹ ਅਦਭੁੱਤ ਅਤੇ ਵਿਸ਼ਾਲ ਬ੍ਰਹਿਮੰਡੀ ਪਸਾਰੇ ਦੀ ਥਾਹ ਪਾਉਣ ਦੇ ਯਤਨ ਵਿੱਚ ਰਹਿੰਦਾ ਹੈ।”
‘ਧੁੱਪ ਦੀਆਂ ਕਣੀਆਂ’ ਵਿਚਲੇ ਨਿਬੰਧਾਂ ਦੇ ਵਿਸ਼ਿਆਂ ਉਪਰ ਜੇਕਰ ਝਾਤ ਪਾਈਏ ਤਾਂ ਪਤਾ ਚੱਲਦਾ ਹੈ ਕਿ ਲੇਖਕ ਪ੍ਰਕਿਰਤੀ ਦੇ ਸੁਹੱਪਣ ਅਤੇ ਉਸ ਦੀਆਂ ਅਨਮੋਲ ਸੁਗਾਤਾਂ ਦੀ ਗੱਲ ਕਰਦਾ ਹੈ। ਨਿਬੰਧਾਂ ਦੇ ਸਿਰਲੇਖ ਅਤੇ ਬਿਰਤਾਂਤ ਬਹੁ ਅਰਥਾਂ ਦੇ ਧਾਰਨੀ ਹਨ। ਲੇਖਕ ਨੇ ‘ਅੱਗ ਦੇ ਗਲੋਟੇ’ ਨਿਬੰਧ ਵਿੱਚ ਅੱਗ ਦੇ ਵੱਖਰੇ-ਵੱਖਰੇ ਅਰਥਾਂ ਨੂੰ ਬੜੇ ਹੀ ਪ੍ਰਭਾਵਸ਼ਾਲੀ ਢੰਗ ਨਾਲ ਵਿਚਾਰਿਆ ਗਿਆ। ‘ਕੁਝ ਕਰਨ ਦੀ ਚਾਹ’, ‘ਜਿਸਮਾਨੀ ਅੱਗ’ ਅਤੇ ਮਾਪਿਆਂ ਦੁਆਰਾ ਬੱਚਿਆਂ ਨੂੰ ਪਾਲਣ ਲਈ ਝੱਲੇ ਜਾਂਦੇ ਜ਼ਫਰ ‘ਅੱਗ’ ਹਨ। ”ਅੱਗ ਜ਼ਿੰਦਗੀ ਵਿੱਚ ਨਿੱਘ ਤੇ ਰੋਸ਼ਨੀ ਦੀ ਕਾਤਰ। ਜ਼ਿੰਦਗੀ ਨੂੰ ਜਿਊਣ ਜੋਗਾ ਕਰਨ ਦੀ ਵਿਧਾ। ਮਨੁੱਖੀ ਸੁਆਦ ਤੇ ਖਾਣੇ ਦੀਆਂ ਲੱਜਤਾ ਦਾ ਅੱਗ ਨਾਲ ਬੇਜੋੜ ਰਿਸ਼ਤਾ।” ਇਸੇ ਸੰਦਰਭ ਵਿੱਚ ਇੱਕ ਹੋਰ ਉਦਾਹਰਣ ਨੂੰ ਸ਼ਾਮਲ ਕੀਤਾ ਗਿਆ ਹੈ।
”ਚੁੱਲ੍ਹਾ ਮੱਘਦਾ ਰੱਖਣ ਲਈ ਮਾਪਿਆਂ ਵੱਲੋਂ ਜਾਲੇ ਜਫ਼ਰ, ਜਦ ਬੱਚਿਆਂ ਦੇ ਨੈਣਾਂ ਵਿੱਚ ਤੈਰਨ ਲੱਗ ਪੈਣ ਤਾਂ ਘਰਾਂ ਦੀ ਤਾਮੀਦਾਰੀ ਹੁੰਦੀ ਅਤੇ ਘਰ ‘ઑਚੋਂ ਬਹੁਤ ਸਾਰੇ ਘਰਾਂ ਦੀ ਸਿਰਜਣਾ ਆਰੰਭ ਹੁੰਦੀ।”
‘ਅੱਗ’ ਤੋਂ ਭਾਵ ਲੜਾਈ ਝਗੜੇ ਤੋਂ ਵੀ ਲਿਆ ਜਾਂਦਾ ਹੈ ਜਿਸ ਦਾ ਜ਼ਿਕਰ ਲੇਖਕ ਵੀ ਕਰਦਾ ਹੈ ਅਤੇ ਜਿਸ ਕਾਰਨ ਅੱਗ ਦੇ ਅਰਥ ਹੀ ਬਦਲ ਜਾਂਦੇ ਹਨ। ”ਧਰਮ ਦੇ ਨਾਂ ‘ਤੇ ਲਾਈਆਂ ਜਾ ਰਹੀਆਂ ਫਿਰਕੂ ਅੱਗਾਂ, ਘਰ-ਪਰਿਵਾਰਾਂ ਦਾ ਉਜਾੜਾ। ਸਮਾਜਿਕ ਤਾਣੇ-ਬਾਣੇ ਨੂੰ ਲੀਰਾਂ ਕਰਦੀ ਧਾਰਮਿਕਤਾ, ਇੱਕ ਧੱਬਾ। ਧਾਰਮਿਕ-ਸ਼ਹਿਣਸ਼ੀਲਤਾ ਦੀ ਅਗਨੀ ਨੂੰ ਸੋਚ ਵਿੱਚ ਬਾਲਣਾ, ਤੁਹਾਡੇ ਲਈ ਅਗਨੀ ਦੇ ਅਰਥ ਬਦਲ ਜਾਣਗੇ।”
ਨਿਬੰਧ ਵਿੱਚ ਲੇਖਕ ਨੇ ‘ਅੱਗ’ ਨੂੰ ਮਿਹਨਤ ਕਰਨ ਦੇ ਪ੍ਰਸੰਗ ਵਿੱਚ ਵੀ ਪ੍ਰਯੋਗ ਕੀਤਾ ਹੈ। ਅੱਗ ਨੂੰ ਮਿਹਨਤ, ਸਿਦਕ, ਸਿਰੜੀ ਆਦਿ ਪ੍ਰਸੰਗਾਂ ਲਈ ਵੀ ਪੇਸ਼ ਕੀਤਾ ਗਿਆ ਹੈ।
”ਅੱਗ ‘ਤੇ ਤੁਰਨ ਵਾਲੇ ਲੋਕ ਆਪਣੇ ਹੱਠ ਤੇ ਸਿਰੜ ਨੂੰ ਪਰਖਣ ਲਈ ਖੁਦ ਨਾਲ ਜਦੋਜਹਿਦ ਕਰਦੇ ਅਤੇ ਇਸ ਵਿੱਚੋਂ ਜੇਤੂ ਹੋ ਨਵੇਂ ਕੀਰਤੀਮਾਨਾਂ ਦਾ ਹਰਫ ਬਣਦੇ।” ਇਸ ਪ੍ਰਕਾਰ ‘ਅੱਗ’ ਉਤੇ ਚੱਲਣ ਵਾਲੇ ਮਨੁੱਖ ਹੀ ਆਪਣੇ ਮਕਸਦ, ਮਨਸੂਬਿਆਂ, ਉਦੇਸ਼ਾਂ ਦੀ ਪ੍ਰਾਪਤੀ ਕਰ ਸਕਦੇ ਹਨ। ਅੱਗ ਨੂੰ ਆਬਾਦ ਕਰਨ ਵਾਲੀ ਵੀ ਮੰਨਿਆ ਗਿਆ ਹੈ ਅਤੇ ਬਰਬਾਦ ਕਰਨ ਵਾਲੀ ਵੀ। ਅੱਗ ਧਰਮ ਨਾਲ ਵੀ ਜੁੜਦੀ ਹੈ ਅਤੇ ਕਰਮ ਨਾਲ ਵੀ। ਅੱਗ, ਧਰਮ ਅਤੇ ਕਰਮ ਵੀ ਹੈ? ਕਥਨ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਅੱਗ ਦਾ ਪ੍ਰਯੋਗ ਧਾਰਮਿਕ ਰਹੁ-ਰੀਤਾਂ ਲਈ ਕੀਤਾ ਜਾਂਦਾ ਹੈ ਅਤੇ ਆਪਣੇ ਉਦੇਸ਼ ਦੀ ਪੂਰਤੀ ਲਈ ਅੱਤ ਦੀ ਮਿਹਨਤ ਵੀ ਮਨੁੱਖ ਲਈ ‘ਅੱਗ’ ਹੈ। ਜਿਸ ਦਾ ਭਾਵ ਇਹ ਹੈ ਕਿ ਸਿਰੜੀ ਲੋਕਾਂ ਲਈ ਦਿਨ ਰਾਤ ਦਾ ਭੇਦ-ਭਾਵ ਮੁੱਕ ਜਾਂਦਾ ਹੈ।
ਹਵਨ ਦੀ ਅਗਨੀ ਦੇ ਅਰਥਾਂ ਨੂੰ ਉਜਾਗਰ ਕਰਦਾ ਹੋਇਆ ਲੇਖਕ ਦੱਸਦਾ ਹੈ ਕਿ ਹਵਨ ਦੀ ਅੱਗ ਧਾਰਮਿਕ ਰੀਤਾਂ ਨਾਲ ਜੁੜਦੀ ਹੈ। ਹਵਨ ਦੀ ਅੱਗ ਦੁਆਲੇ ਲਏ ਫੇਰੇ ਜੀਵਨ ਬੰਧਨ ਦੇ ਸੂਤਰਧਾਰ ਹਨ। ਹਵਨ ਦੀ ਅੱਗ ਵਿੱਚ ਪਾਇਆ ਜਾਣ ਵਾਲਾ ਦੇਸੀ ਘਿਓ ਅਤੇ ਸਮੱਗਰੀ ਦੀ ਪਵਿੱਤਰਤਾ ‘ਅੱਗ’ ਦੇ ਅਰਥ ਹੀ ਬਦਲ ਦਿੰਦੀ ਹੈ।
ਜਿੱਥੇ ਮਨੁੱਖ ਦੇ ਜੀਵਨ ਦੇ ਇੱਕ ਨਵੇਂ ਦੌਰ (ਵਿਆਹਕ-ਜੀਵਨ) ਦੀ ਸ਼ੁਰੂਆਤ ਅਗਨੀ (ਫੇਰਿਆਂ) ਤੋਂ ਹੁੰਦੀ ਹੈ ਉੱਥੇ ਮਨੁੱਖ ਦੇ ਜੀਵਨ ਦਾ ਅੰਤ ਵੀ ਅੱਗ ਤੋਂ ਬਗੈਰ ਸੰਪੂਰਨ ਨਹੀਂ ਮੰਨਿਆ ਜਾ ਸਕਦਾ। ਇਸ ਦਾ ਜ਼ਿਕਰ ਵੀ ਲੇਖਕ ਆਪਣੇ ਇਸ ਨਿਬੰਧ ਵਿੱਚ ਕਰਦਾ ਹੈ। ”ਜੀਵਨ ਦਾ ਆਖ਼ਰੀ ਸਫ਼ਰ ਵੀ ਅੱਗ ਤੋਂ ਬਗੈਰ ਅਪੂਰਨ। ਬਲਦੇ ਸਿਵੇ ਦਾ ਸੇਕ ਜਦ ਮਨੁੱਖ ਦੀ ਰੂਹ ਨੂੰ ਛੂੰਹਦਾ ਤਾਂ ਮਨੁੱਖ ਆਖ਼ਰੀ ਸੱਚ ਦੇ ਰੂਬਰੂ ਹੁੰਦਾ।”
ਲੇਖਕ ਨੇ ਅੱਗ ਦੇ ਸੰਕਲਪ ਨੂੰ ਇਤਿਹਾਸ ਨਾਲ ਜੋੜ ਕਿ ਹੱਠ ਅਤੇ ਸਿਰੜ ਨਾਲ ਸੰਬੰਧਤ ਉਦਾਹਰਣਾਂ ਦਿੱਤੀਆਂ ਹਨ। ਗੁਰੂ ਅਰਜਨ ਦੇਵ ਜੀ ਦੁਆਰਾ ਦਿੱਤੀ ਸ਼ਹਾਦਤ ਸਿਰੜ ਅਤੇ ਪ੍ਰਹਿਲਾਦ ਦਾ ਆਪਣੇ ਅਧਰਮੀ ਪਿਤਾ ਦੇ ਵਿਰੁੱਧ ਖੜਾ ਹੋਣਾ ਹੱਠ ਨੂੰ ਬਿਆਨ ਕਰਦਾ ਹੈ।
”ਜੁਲਮੀ ਅੱਗ ਦੇ ਕਰੂਰ ਰੂਪਾਂ ਨੂੰ ਪਿੰਡੇ ‘ਤੇ ਸਹਿ ”ਤੇਰਾ ਭਾਣਾ ਮੀਠਾ ਲਾਗੇ” ਦਾ ਆਲਾਪ ਕਰਨ ਵਾਲੇ ਪੰਜਵੇਂ ਪਾਤਸ਼ਾਹ ਨੇ ਸ਼ਹਾਦਤ ਦਾ ਅਜਿਹਾ ਪੈਮਾਨਾ ਨਿਰਧਾਰਤ ਕਰ ਦਿੱਤਾ ਕਿ ਜਿਸਦਾ ਕੋਈ ਨਹੀਂ ਸਾਨੀ। ਅਧਰਮੀ ਬਾਪ ਦਾ ਹਰ ਕਹਿਰ ਸਹਿੰਦਾ ਪ੍ਰਹਿਲਾਦ ਅੱਗ ਵਿੱਚੋਂ ਹੀ ਜ਼ਿੰਦਗੀ ਦਾ ਸਿਰਲੇਖ ਬਣਿਆ।”
ਲੇਖਕ ਦੁਆਰਾ ਰਚਿਤ ਨਿਬੰਧ ‘ਦਰਦ ਵੰਝਲੀ ਦੀ ਹੂਕ’ ਨੂੰ ਵੀ ਅਧਿਐਨ ਦਾ ਆਧਾਰ ਬਣਾਇਆਾ ਹੈ। ਇਹ ਨਿਬੰਧ ਲੇਖਕ ਦੀ ਆਪ-ਬੀਤੀ ਨਾਲ ਸੰਬੰਧਤ ਹੈ। ਪਰਦੇਸ ‘ઑਚ ਰਹਿੰਦਿਆਂ ਜਦੋਂ ਦੇਸ਼ ਤੋਂ ਪਿਤਾ ਦੇ ਬੀਮਾਰ ਹੋਣ ਦੀ ਖ਼ਬਰ ਪ੍ਰਾਪਤ ਹੁੰਦੀ ਹੈ ਤਾਂ ਉਸ ਸਮੇਂ ਤੋਂ ਲੈ ਕੇ ਦੇਸ਼ ਵਾਪਸ ਪਰਤਣ ਤਕ ਦਾ ਸਮਾਂ ਅਤੇ ਪਿਤਾ ਦੀ ਮੌਤ ਤੋਂ ਬਾਅਦ ਦਾ ਸਮੇਂ ਕਿਵੇਂ ਬਤੀਤ ਹੁੰਦਾ ਹੈ, ਉਸ ਦਾ ਜ਼ਿਕਰ ਕੀਤਾ ਗਿਆ ਹੈ।
ਲੇਖਕ ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ਤੋਂ ਛੁਟਕਾਰਾ ਪਾ ਕੁਝ ਸਮਾਂ ਆਪਣੇ ਪਿਤਾ ਨਾਲ ਬਤੀਤ ਕਰਨ ਦੀ ਯੋਜਨਾ ਉਲੀਕ ਹੀ ਰਿਹਾ ਹੁੰਦਾ ਹੈ ਕਿ ਉਸ ਨੂੰ ਆਪਣੇ ਪਿਤਾ ਦੇ ਬੀਮਾਰ ਹੋਣ ਦੀ ਖਬਰ ਮਿਲਦੀ ਹੈ। ਨਿਬੰਧ ਵਿੱਚ ਇਸ ਘਟਨਾ ਦਾ ਲੇਖਕ ਦੁਆਰਾ ਜ਼ਿਕਰ ਕਰਨਾ ਇਸ ਗੱਲ ਵੱਲ ਧਿਆਨ ਦਿਵਾਉਂਦਾ ਹੈ ਕਿ ਆਸ ਨੂੰ ਚਿਤਵਣਾ ਅਤੇ ਉਸ ਨੂੰ ਪੂਰਨ ਕਰਨਾ, ਦੋਹਾਂ ਵਿੱਚ ਬਹੁਤ ਫ਼ਰਕ ਹੁੰਦਾ ਹੈ।
ਇਸ ਨਿਬੰਧ ਦੀ ਲੇਖਣੀ ਵਿੱਚ ਤ੍ਰਾਸਦੀ ਦਾ ਭਾਵ ਸਿਖ਼ਰਤਾ ਨੂੰ ਛੂੰਹਦਾ ਹੈ। ਲੇਖਕ ਦੀ ਆਪਣੇ ਬੀਮਾਰ ਪਿਤਾ ਨੂੰ ਮਿਲਣ ਦੀ ਚਾਹਤ ਅਤੇ ਫਿਰ ਕਦੇ ਵੀ ਨਾ ਮਿਲਣ ਦੀ ਤ੍ਰਾਸਦੀ, ਘਰ ਨੂੰ ਜਿੰਦਰੇ ਨਾਲ ਬੰਦ ਕਰਨ ਦੀ ਤ੍ਰਾਸਦੀ, ਰਿਸ਼ਤਿਆਂ ਦੇ ਖਤਮ ਹੋਣ ਦੀ ਤ੍ਰਾਸਦੀ ਆਦਿ ਅਜਿਹੇ ਭਾਵ ਹਨ ਜੋ ਪਰਵਾਸੀਆਂ ਦੀ ਰੂਹ ਨੂੰ ਝੰਜੋੜ ਕੇ ਰੱਖ ਦਿੰਦੇ ਹਨ। ਆਪਣੇ ਭਾਵਾਂ ਦੀ ਤਰਜਮਾਨੀ ਨੂੰ ਉਹ ਬਹੁਤ ਹੀ ਭਾਵਪੂਰਨ ਅੰਦਾਜ਼ ਰਾਹੀਂ ਪਾਠਕਾਂ ਅੱਗੇ ਪੇਸ਼ ਕਰਦਾ ਹੈ। ਪੁਸਤਕ ਵਿਚਲੇ ਨਿਬੰਧ ਸਾਰਥਕਤਾ ਦੇ ਧਾਰਨੀ ਹਨ। ਭਾਵਪੂਰਨ ਸ਼ਬਦਾਵਲੀ ਦਾ ਪ੍ਰਯੋਗ ਉਸਦੇ ਨਿਬੰਧ ਨੂੰ ਹੋਰ ਸਾਰਥਕਤਾ ਪ੍ਰਦਾਨ ਕਰਦਾ ਹੈ। ਉਸਦੀ ਕਲਾਤਮਕ ਸ਼ੈਲੀ ਸੁਹਜ ਭਰਪੂਰ ਹੈ ਜਿਸ ਵਿੱਚੋਂ ਰਸ, ਭਾਵਾਂ ਦੀ ਪ੍ਰਾਪਤੀ ਹੁੰਦੀ ਹੈ। ਨਿਬੰਧ ਨੂੰ ਕਾਵਿਮਈ ਰੰਗਣ ਪ੍ਰਦਾਨ ਕਰਨਾ ਉਸ ਦੀ ਸ਼ੈਲੀ ਦੀ ਵਿਲੱਖਣਤਾ ਹੈ।
– ਐਚ ਐਮ ਵੀ ਕਾਲਜ , ਜਲੰਧਰ

Check Also

ਭਗਵੰਤ ਮਾਨ ਸਰਕਾਰ ਨੇ 2 ਲੱਖ ਕਰੋੜ ਰੁਪਏ ਤੋਂ ਵੱਧ ਦਾ ਬਜਟ ਕੀਤਾ ਪੇਸ਼

ਪੰਜਾਬ ‘ਚ ਮੁਫਤ ਤੀਰਥ ਯਾਤਰਾ, ਮਹਿਲਾਵਾਂ ਲਈ ਸਰਕਾਰੀ ਬੱਸਾਂ ‘ਚ ਮੁਫਤ ਸਫਰ ਅਤੇ ਮੁਫਤ ਬਿਜਲੀ …