ਕਿਹਾ : 15 ਬਿਲੀਅਨ ਡਾਲਰ ‘ਚ ਸਾਊਦੀ ਅਰਬ ਨਾਲ ਹੋਇਆ ਹਥਿਆਰਾਂ ਸਬੰਧੀ ਸਮਝੌਤਾ ਓਟਵਾ ਕਰੇ ਰੱਦ
ਓਟਵਾ/ਬਿਊਰੋ ਨਿਊਜ਼ : ਐਨਡੀਪੀ ਆਗੂ ਜਗਮੀਤ ਸਿੰਘ ਨੇ ਓਟਵਾ ਨੂੰ ਅਪੀਲ ਕੀਤੀ ਕਿ ਉਹ ਸਾਊਦੀ ਅਰਬ ਨਾਲ ਹਥਿਆਰਾਂ ਸਬੰਧੀ ਕੀਤਾ ਸਮਝੌਤਾ ਤੁਰੰਤ ਰੱਦ ਕਰੇ। ਜ਼ਿਕਰਯੋਗ ਹੈ ਕਿ ਓਟਵਾ ਨੇ ਸਾਊਦੀ ਅਰਬ ਨਾਲ 15 ਬਿਲੀਅਨ ਡਾਲਰ ਦਾ ਸਮਝੌਤਾ ਕੀਤਾ ਹੈ। ਓਨਟਾਰੀਓ ਵਿੱਚ ਗੱਲਬਾਤ ਕਰਦਿਆਂ ਜਗਮੀਤ ਸਿੰਘ ਨੇ ਆਖਿਆ ਕਿ ਸਾਡੇ ਕੋਲ ਇਸ ਗੱਲ ਦਾ ਰਿਕਾਰਡ ਹੈ ਕਿ ਸਾਊਦੀ ਅਰਬ ਦਾ ਸ਼ਾਸਨ ਸਾਡੇ ਹੀ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ। ਉਨ੍ਹਾਂ ਆਖਿਆ ਕਿ ਹੁਣ ਇੱਕ ਪੱਤਰਕਾਰ ਦੀ ਮੌਤ ਨਾਲ ਇਹ ਸਿੱਧ ਹੋ ਗਿਆ ਹੈ ਕਿ ਅਸੀਂ ਸਾਊਦੀ ਅਰਬ ਨੂੰ ਹਥਿਆਰਾਂ ਦੀ ਵਿੱਕਰੀ ਜਾਰੀ ਨਹੀਂ ਰੱਖ ਸਕਦੇ। ਇਸ ਵਿੱਚ ਕੋਈ ਤੁਕ ਨਹੀਂ ਬਣਦੀ ਕਿ ਮੌਜੂਦਾ ਹਾਲਾਤ ਵਿੱਚ ਸਾਨੂੰ ਅਜਿਹੇ ਹਥਿਆਰ ਸਾਊਦੀ ਅਰਬ ਨੂੰ ਵੇਚਣੇ ਚਾਹੀਦੇ ਹਨ ਜਿਨ੍ਹਾਂ ਦੀ ਮਦਦ ਨਾਲ ਉਹ ਆਪਣੇ ਹੀ ਲੋਕਾਂ ਨੂੰ ਹੋਰ ਦਬਾਉਣ।
ਜ਼ਿਕਰਯੋਗ ਹੈ ਕਿ 19 ਅਕਤੂਬਰ ਨੂੰ ਸਾਊਦੀ ਅਧਿਕਾਰੀਆਂ ਨੇ ਇਹ ਐਲਾਨ ਕੀਤਾ ਸੀ ਕਿ ਸਾਊਦੀ ਪੱਤਰਕਾਰ ਜਮਾਲ ਖਸ਼ੋਗੀ, ਜੋ ਕਿ ਵਾਸ਼ਿੰਗਟਨ ਪੋਸਟ ਦਾ ਕੰਟ੍ਰੀਬਿਊਟਰ ਤੇ ਆਪਣੇ ਦੇਸ਼ ਦਾ ਆਲੋਚਕ ਸੀ, ਉਨ੍ਹਾਂ ਦੇ ਇਸਤਾਨਬੁਲ ਸਫਾਰਤਖਾਨੇ ਵਿੱਚ ਮਾਰਿਆ ਗਿਆ। ਦੋ ਅਕਤੂਬਰ ਨੂੰ ਲਾਪਤਾ ਹੋਣ ਤੋਂ ਬਾਅਦ ਕਈ ਵਾਰੀ ਇਨਕਾਰ ਕੀਤੇ ਜਾਣ ਤੋਂ ਬਾਅਦ ਆਖਰਕਾਰ ਸਾਊਦੀ ਅਰਬ ਨੇ ਇਹ ਗੱਲ ਮੰਨ ਹੀ ਲਈ।ઠ
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਸ਼ਨਿੱਚਰਵਾਰ ਰਾਤ ਨੂੰ ਇੱਕ ਬਿਆਨ ਜਾਰੀ ਕਰਕੇ ਆਖਿਆ ਗਿਆ ਕਿ ਖਸ਼ੋਗੀ ਦੀ ਮੌਤ ਬਾਰੇ ਸਾਊਦੀ ਅਰਬ ਦਾ ਸਪਸ਼ਟੀਕਰਨ ਨਾਕਾਫੀ ਹੈ ਤੇ ਇਸ ਵਿੱਚ ਕੋਈ ਵੀ ਭਰੋਸੇਯੋਗਤਾ ਨਹੀਂ ਝਲਕਦੀ। ਫਰੀਲੈਂਡ ਨੇ ਤੁਰਕੀ ਦੇ ਅਧਿਕਾਰੀਆਂ ਦੇ ਸਹਿਯੋਗ ਨਾਲ ਖਸ਼ੋਗੀ ਦੀ ਮੌਤ ਦੀ ਮੁਕੰਮਲ ਜਾਂਚ ਕਰਵਾਉਣ ਦੀ ਮੰਗ ਵੀ ਕੀਤੀ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਦੇਸ ਵਜੋਂ ਸਾਡੀ ਨੈਤਿਕ ਜ਼ਿੰਮੇਵਾਰੀ ਹੈ ਕਿ ਜਿਹੜੇ ਹਥਿਆਰ ਅਸੀਂ ਵੇਚਦੇ ਹਾਂ ਉਨ੍ਹਾਂ ਦੀ ਅੱਗੇ ਵਰਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਨਾ ਕੀਤੀ ਜਾਵੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਖਸ਼ੋਗੀ ਦੀ ਮੌਤ ਦੀ ਨਿਖੇਧੀ ਕੀਤੀ ਜਾ ਚੁੱਕੀ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …