ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸਮਝੌਤੇ ‘ਤੇ ਕੀਤੇ ਦਸਤਖਤ
ਓਟਵਾ : ਕੈਨੇਡਾ, ਅਮਰੀਕਾ ਅਤੇ ਮੈਕਸੀਕੋ ਵਿਚਕਾਰ ਹੁਣ ਨਵੇਂ ਵਪਾਰ ਲਈ ਰਾਹ ਖੁੱਲ੍ਹ ਗਿਆ ਹੈ। ਇਸ ਦੇ ਚੱਲਦਿਆਂ ਮੈਕਸੀਕੋ ਵਿੱਚ ਇੱਕ ਸਮਾਰੋਹ ਦੌਰਾਨ ਕੈਨੇਡਾ ਦੀ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਨੌਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ ਉੱਤੇ ਦਸਤਖ਼ਤ ਕੀਤੇ। ਇਸ ਸਬੰਧੀ ਫਰੀਲੈਂਡ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਨਵੀਂ ਨਾਫਟਾ ਡੀਲ ਨੂੰ ਸਿਰੇ ਚੜ੍ਹਾਉਣ ਵੱਲ ਕੈਨੇਡਾ, ਅਮਰੀਕਾ ਤੇ ਮੈਕਸੀਕੋ ਨੇ ਅਹਿਮ ਕਦਮ ਪੁੱਟਿਆ ਹੈ। ਉਨ੍ਹਾਂ ਆਖਿਆ ਕਿ ਇਸ ਡੀਲ ਵਿੱਚ ਕੀਤੀਆਂ ਗਈਆਂ ਸੋਧਾਂ ਨਾਲ ਇਸ ਵਿੱਚ ਹੋਰ ਸੁਧਾਰ ਹੋ ਗਿਆ ਹੈ ਤੇ ਹੁਣ ਉਹ ਜਲਦ ਤੋਂ ਜਲਦ ਇਸ ਨੂੰ ਪਾਸ ਕਰਵਾਉਣਾ ਚਾਹੁੰਦੀ ਹੈ। ਇਸ ਡੀਲ ਵਿੱਚ ਕੀਤੀਆਂ ਜਾਣ ਵਾਲੀਆਂ ਸੋਧਾਂ ਇੱਕ ਸਾਲ ਤੋਂ ਰੁਕੀਆਂ ਹੋਈਆਂ ਸਨ ਤੇ ਯੂਐਸ ਡੈਮੋਕ੍ਰੈਟਸ ਵੱਲੋਂ ਇਨ੍ਹਾਂ ਐਡਜਸਟਮੈਂਟਸ ਨੂੰ ਮਨਜ਼ੂਰੀ ਦੇਣ ਨਾਲ ਕੈਨੇਡਾ, ਅਮਰੀਕਾ ਤੇ ਮੈਕਸੀਕੋ ਇਸ ਡੀਲ ਨੂੰ ਸਿਰੇ ਚੜ੍ਹਾਉਣ ਵੱਲ ਇੱਕ ਹੋਰ ਕਦਮ ਪੁੱਟ ਸਕੇ ਹਨ। ਹੁਣ ਇਸ ਡੀਲ ਦੇ ਸਿਰੇ ਚੜ੍ਹਨ ਦਾ ਰਾਹ ਪੱਧਰਾ ਹੋ ਗਿਆ ਹੈ।
ਤਿੰਨਾਂ ਮੁਲਕਾਂ ਵੱਲੋਂ ਇਨ੍ਹਾਂ ਤਬਦੀਲੀਆਂ ਨੂੰ ਰਸਮੀ ਤੌਰ ਉੱਤੇ ਅਪਣਾ ਲਏ ਜਾਣ ਤੋਂ ਬਾਅਦ ਹੁਣ ਇਹ ਡੀਲ ਆਪਣੀ ਫਨਿਸ਼ ਲਾਈਨ ਦੇ ਕੋਲ ਪਹੁੰਚ ਗਈ ਹੈ। ਇਸ ਸਬੰਧ ਵਿੱਚ ਤਿੰਨ ਪੱਖੀ ਮੀਟਿੰਗ ਦੌਰਾਨ ਇਸ ‘ਤੇ ਦਸਤਖ਼ਤ ਕੀਤੇ ਜਾਣ ਦੀ ਰਸਮ ਮੰਗਲਵਾਰ ਦੁਪਹਿਰ ਨੂੰ ਮੈਕਸਿਕੋ ਦੀ ਰਾਜਧਾਨੀ ਵਿੱਚ ਪੂਰੀ ਕੀਤੀ ਗਈ। ਇਸ ਮੀਟਿੰਗ ਵਿੱਚ ਫਰੀਲੈਂਡ ਦੇ ਨਾਲ ਅਮਰੀਕਾ ਦੇ ਟਰੇਡ ਰਿਪ੍ਰਜ਼ੈਂਟੇਟਿਵ ਰੌਬਰਟ ਲਾਇਥਜ਼ਰ ਤੇ ਮੈਕਸਿਕੋ ਦੇ ਨੌਰਥ ਅਮੈਰਿਕਾ ਲਈ ਅੰਡਰਸੈਕਟਰੀ ਜੀਜ਼ਸ ਸੀਏਡ ਨੇ ਹਿੱਸਾ ਲਿਆ।
ਇਸ ਸਮਾਰੋਹ ਵਿੱਚ ਗੱਲ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਇਹ ਸੋਧਾਂ ਵਿਚਾਰ ਵਟਾਂਦਰੇ ਦੀ ਲੰਮੀ ਪ੍ਰਕਿਰਿਆ ਤੋਂ ਬਾਅਦ ਕੀਤੀਆਂ ਗਈਆਂ ਹਨ ਤੇ ਇਸ ਨਾਲ ਨਾਫਟਾ ਹੋਰ ਬਿਹਤਰ ਹੋਵੇਗੀ। ਉਨ੍ਹਾਂ ਆਖਿਆ ਕਿ ਕੈਨੇਡੀਅਨਾਂ ਦੇ ਹਿਤਾਂ ਤੇ ਕਦਰਾਂ ਕੀਮਤਾਂ ਦੀ ਰਾਖੀ ਕਰਨ ਲਈ ਅਸੀਂ ਬਹੁਤ ਮਿਹਨਤ ਕੀਤੀ ਹੈ ਤੇ ਨਾਫਟਾ ਨੂੰ ਆਧੁਨਿਕ ਰੰਗਤ ਦੇਣ ਲਈ ਵੀ ਤਿੰਨਾਂ ਦੇਸ਼ਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਦੇ ਨਾਲ ਹੀ ਅਜਿਹੇ ਪ੍ਰਬੰਧ ਕੀਤੇ ਗਏ ਹਨ ਜਿਸ ਨਾਲ ਸਥਿਰਤਾ, ਪੂਰਬ ਅਨੁਮਾਨ ਅਤੇ ਨੌਰਥ ਅਮੈਰੀਕਨ ਕੰਜ਼ਿਊਮਰਜ਼ ਲਈ ਨਿਯਮਾਂ ਉੱਤੇ ਆਧਾਰਿਤ ਕਾਰੋਬਾਰ ਕੀਤਾ ਜਾਵੇਗਾ। ਫਰੀਲੈਂਡ ਨੇ ਆਖਿਆ ਕਿ ਅਸੀਂ ਇਸ ਡੀਲ ਨੂੰ ਉਸ ਸਮੇਂ ਸਿਰੇ ਲਾਉਣ ਵੱਲ ਵੱਧ ਰਹੇ ਹਾਂ ਜਿਸ ਸਮੇਂ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਕਾਰੋਬਾਰੀ ਡੀਲਜ਼ ਕਰਨਾ ਬਹੁਤ ਮੁਸ਼ਕਲ ਹੋ ਗਿਆ ਹੈ। ਫਰੀਲੈਂਡ ਨੇ ਇਹ ਵੀ ਆਖਿਆ ਕਿ ਇਹ ਬਿੱਲ ਕੌਮੀ ਹਿਤ ਵਿੱਚ ਹੈ ਤੇ ਕੈਨੇਡਾ ਨੂੰ ਇਸ ਨੂੰ ਤੇਜ਼ੀ ਨਾਲ ਪਾਸ ਕਰਵਾਉਣ ਦਾ ਯਤਨ ਕਰਨਾ ਚਾਹੀਦਾ ਹੈ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …