ਟੋਰਾਂਟੋ/ਬਿਊਰੋ ਨਿਊਜ਼ : ਟੋਰਾਂਟੋ ਪਬਲਿਕ ਹੈਲਥ (ਟੀਪੀਐਚ) ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਮੌਂਕੀਪੌਕਸ ਦੇ ਦੋ ਨਵੇਂ ਸ਼ੱਕੀ ਮਾਮਲੇ ਮਿਲੇ ਹਨ। ਇਸ ਦੇ ਨਾਲ ਹੀ ਇੱਕ ਮਾਮਲਾ ਪੁਖ਼ਤਾ ਤੌਰ ਉੱਤੇ ਇਸੇ ਵਾਇਰਸ ਦਾ ਹੀ ਹੈ ਪਰ ਮਾਮਲੇ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ। ਟੀਪੀਐਚ ਨੇ ਦੱਸਿਆ ਕਿ ਇਹ ਤਿੰਨੇ ਮਾਮਲੇ ਪੁਰਸ਼ਾਂ ਵਿੱਚ ਹੀ ਪਾਏ ਗਏ ਹਨ ਜਿਨ੍ਹਾਂ ਵਿੱਚੋਂ ਦੋ 30 ਸਾਲਾਂ ਦੇ ਤੇ ਇੱਕ ਆਪਣੇ 20ਵਿਆਂ ਵਿੱਚ ਹੈ। ਇਹ ਵੀ ਦੱਸਿਆ ਗਿਆ ਕਿ ਤਿੰਨੇ ਵਿਅਕਤੀ ਜ਼ੇਰੇ ਇਲਾਜ ਹਨ। ਏਜੰਸੀ ਨੇ ਆਖਿਆ ਕਿ ਤਿੰਨਾਂ ਵਿੱਚੋਂ ਇੱਕ ਵਿਅਕਤੀ ਮਾਂਟਰੀਅਲ ਜਾ ਕੇ ਆਇਆ ਸੀ ਤੇ ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਇਹ ਇੱਥੇ ਸਾਹਮਣੇ ਆਏ ਪਹਿਲੇ ਮਾਮਲੇ ਦੇ ਸੰਪਰਕ ਵਿੱਚ ਵੀ ਆਇਆ ਸੀ। ਮੌਂਕੀਪੌਕਸ ਇੱਕ ਵਿਲੱਖਣ ਕਿਸਮ ਦੀ ਬਿਮਾਰੀ ਹੈ ਜਿਹੜੀ ਸਮਾਲਪੌਕਸ ਲਈ ਜ਼ਿੰਮੇਵਾਰ ਵਾਇਰਸਿਜ਼ ਦੇ ਪਰਿਵਾਰ ਦਾ ਹੀ ਹਿੱਸਾ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦਾ ਦਾਅਵਾ ਹੈ ਕਿ ਸਮਾਲਪੌਕਸ ਨੂੰ 1980 ਵਿੱਚ ਹੀ ਖ਼ਤਮ ਕੀਤਾ ਜਾ ਚੁੱਕਿਆ ਹੈ। ਟੀਪੀਐਚ ਨੇ ਦੱਸਿਆ ਕਿ ਇਸ ਦੇ ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਮਸਲਜ਼ ਵਿੱਚ ਦਰਦ ਤੇ ਸ਼ਰੀਰ ਉੱਤੇ ਧੱਫੜ ਪੈ ਜਾਂਦੇ ਹਨ। ਪਹਿਲਾਂ ਇਹ ਮੂੰਹ ਤੋਂ ਸ਼ੁਰੂ ਹੋ ਕੇ ਸ਼ਰੀਰ ਦੇ ਹੋਰਨਾਂ ਹਿੱਸਿਆਂ ਵਿੱਚ ਫੈਲਦੀ ਹੈ। ਬਹੁਤੇ ਲੋਕ ਬਿਨਾਂ ਇਲਾਜ ਤੋਂ ਆਪਣੇ ਆਪ ਵੀ ਠੀਕ ਹੋ ਜਾਂਦੇ ਹਨ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਾਰਨ ਖਤਰਾ ਕਾਫੀ ਘੱਟ ਹੈ।