ਨਿੱਜੀ ਕਾਲਜਾਂ ਦੇ ਫਲਾਪ ਹੋਣ ਦੀ ਅਕਸਰ ਹੁੰਦੀ ਰਹਿੰਦੀ ਹੈ ਚਰਚਾ
ਟੋਰਾਂਟੋ/ਸਤਪਾਲ ਸਿੰਘ ਜੌਹਲ : ਕੈਨੇਡਾ ਵਿਚ ਵਿਦੇਸ਼ੀ ਵਿਦਿਆਰਥੀਆਂ ਨੂੰ ਪੜਾਈ ਦੇ ਸਹਾਰੇ ਨਾਲ ਕੰਮ ਕਰਨ ਅਤੇ ਪੱਕੇ ਹੋਣ ਦੇ ਮੌਕੇ ਨੂੰ ਵੱਡੀ ਗਿਣਤੀ ਵਿਚ ਭਾਰਤੀ ਨੌਜਵਾਨ ਅਤੇ ਉਨਾਂ ਦੇ ਪਰਿਵਾਰ ਸੰਭਾਲਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ ਪਰ ਸਮੇਂ ਦੇ ਚੱਲਦਿਆਂ ਇਸ ਸਾਰੇ ਪ੍ਰਕਰਣ ‘ਚ ਕੁਝ (ਦੁਕਾਨਾਂ ਰੂਪੀ) ਨਿੱਜੀ ਕਾਲਜਾਂ ਦੇ ਫਲਾਪ ਹੋਣ ਅਤੇ ਨੌਜਵਾਨਾਂ ਦਾ ਭਵਿੱਖ ਖਤਰੇ ਵਿਚ ਪੈਣ ਦੀ ਚਰਚਾ ਰਹਿੰਦੀ ਹੈ। ਕਿਊਬਕ ਵਿਚ ਲਾਰੇਂਸ ਕਾਲਜ ਦਾ ਦਿਵਾਲਾ ਨਿਕਲਣ ਤੋਂ ਬਾਅਦ ਹੁਣ ਉਸ ਨਾਲ ਸਬੰਧਿਤ ਟੋਰਾਂਟੋ ਸਥਿਤ ਅਲਫਾ ਇੰਟਰਨੈਸ਼ਨਲ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਹੱਦੋਂ ਵੱਧ ਵਿਦਿਆਰਥੀਆਂ ਨੂੰ ਦਾਖਲਾ ਦੇਣ ਅਤੇ ਉਨਾਂ ਤੋਂ ਫੀਸਾਂ ਲੈਣ ਅਤੇ ਹੁਣ ਸੀਟਾਂ ਨਾ ਦੇਣ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪਤਾ ਲੱਗਾ ਹੈ ਕਿ ਅਕੈਡਮੀ ਵਿਚ ਉਨੀਆਂ ਸੀਟਾਂ ਨਹੀਂ ਹਨ ਜਿੰਨੇ ਅਕਸੈਪਟੈਂਸ ਲੈਟਰ ਜਾਰੀ ਕਰ ਦਿੱਤੇ ਗਏ। ਇਹ ਵੀ ਕਿ ਕੋਵਿਡ ਦੌਰਾਨ ਆਨਲਾਈਨ ਪੜਾਈ ਕਰਦੇ ਰਹੇ (ਵੱਡੀ ਗਿਣਤੀ) ਮੁੰਡੇ ਤੇ ਕੁੜੀਆਂ ਦਾ ਵੀ ਸਮੇਂ ਸਿਰ ਸੀਟਾਂ ਨਾ ਦੇ ਕੇ ਭਵਿੱਖ ਖਤਰੇ ‘ਚ ਪਾਏ ਜਾਣ ਦੀ ਖਬਰ ਹੈ।
ਪਿਛਲੇ ਦਿਨੀਂ ਅਕੈਡਮੀ ਦੇ ਬਾਹਰ ਭਾਰਤੀ (ਜਿਨਾਂ ‘ਚ ਬਹੁਗਿਣਤੀ ਪੰਜਾਬ ਅਤੇ ਹਰਿਆਣਾ ਤੋਂ ਹਨ) ਵਿਦਿਆਰਥੀਆਂ ਨੇ ਰੋਸ ਮੁਜ਼ਹਾਰਾ ਕੀਤਾ। ਜਿਸ ਦੌਰਾਨ ਸਕਾਰਬਰੋ ਸਥਿਤ ਗੁਰਦੁਆਰਾ ਸਾਹਿਬ ਤੋਂ ਲੰਗਰ ਉਪਲੱਬਧ ਕਰਵਾਇਆ ਗਿਆ ਅਤੇ ਅਕੈਡਮੀ ਦੇ ਪ੍ਰਬੰਧਕਾਂ ਵਲੋਂ ਪੁਲਿਸ ਸੱਦਣ ਤੋਂ ਬਾਅਦ ਨੌਜਵਾਨਾਂ ਨੂੰ ਰਾਤ ਕੱਟਣ ਲਈ ਗੁਰਦੁਆਰਾ ਸਾਹਿਬ ਜਾ ਕੇ ਆਸਰਾ ਲੈਣਾ ਪਿਆ। ਜਾਣਕਾਰੀ ਅਨੁਸਾਰ ਕੈਨੇਡਾ ਵਿਚ ਪਹੁੰਚ ਚੁੱਕੇ ਵਿਦੇਸ਼ੀ ਵਿਦਿਆਰਥੀਆਂ ਨਾਲ ਅਕੈਡਮੀ ਦੇ ਪ੍ਰਬੰਧਕ ਸਮਝੌਤਾ ਕਰਨ ਦਾ ਭਰੋਸਾ ਦੇ ਰਹੇ ਹਨ ਪਰ ਅਜੇ ਭਾਰਤ ਸਮੇਤ ਵਿਦੇਸ਼ਾਂ ਵਿਚ ਆਨਲਾਈਨ ਪੜਾਈ ਕਰਦੇ ਵਿਦਿਆਰਥੀਆਂ ਦੇ ਮਾਮਲੇ ਵਿਚ ਗੁੰਝਲ਼ ਬਰਕਰਾਰ ਹੈ।