Breaking News
Home / ਜੀ.ਟੀ.ਏ. ਨਿਊਜ਼ / ਫਰੀਡਮ ਕੌਨਵੌਏ ਦੇ ਮੁਜ਼ਾਹਰਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਦਿੱਤੀ ਗਈ ਚੇਤਾਵਨੀ

ਫਰੀਡਮ ਕੌਨਵੌਏ ਦੇ ਮੁਜ਼ਾਹਰਿਆਂ ਨੂੰ ਰੋਕਣ ਲਈ ਪੁਲਿਸ ਵੱਲੋਂ ਦਿੱਤੀ ਗਈ ਚੇਤਾਵਨੀ

ਓਟਵਾ/ਬਿਊਰੋ ਨਿਊਜ਼ : ਫਰੀਡਮ ਕੌਨਵੌਏ ਵੱਲੋਂ ਕੀਤੇ ਜਾ ਰਹੇ ਮੁਜ਼ਾਹਰਿਆਂ ਦੇ ਦੂਜੇ ਹਫਤੇ ਜਾਰੀ ਰਹਿਣ ਦੇ ਮੱਦੇਨਜਰ ਓਟਵਾ ਪੁਲਿਸ ਸਰਵਿਸ ਵੱਲੋਂ ਮੁਜ਼ਾਹਰਾਕਾਰੀਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਆਖਿਆ ਗਿਆ ਹੈ ਕਿ ਡਾਊਨਟਾਊਨ ਵਿੱਚ ਸੜਕਾਂ ਰੋਕੀ ਬੈਠੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਤੇ ਉਨ੍ਹਾਂ ਦੇ ਟਰੱਕਾਂ ਨੂੰ ਜਬਤ ਕਰ ਲਿਆ ਜਾਵੇਗਾ।
ਵੈਕਸੀਨ ਨੂੰ ਲਾਜ਼ਮੀ ਕੀਤੇ ਜਾਣ ਤੇ ਮਹਾਂਮਾਰੀ ਸਬੰਧੀ ਪਾਬੰਦੀਆਂ ਦਾ ਵਿਰੋਧ ਕਰਨ ਲਈ ਦੋ ਹਫਤਿਆਂ ਤੋਂ ਮੁਜ਼ਾਹਰਾਕਾਰੀ ਸਿਟੀ ਦੇ ਡਾਊਨਟਾਊਨ ਵਿੱਚ ਡੇਰਾ ਲਾਈ ਬੈਠੇ ਹਨ। ਕੂਟਸ, ਅਲਬਰਟਾ ਵਿੱਚ ਵੀ ਸਰਹੱਦ ਉੱਤੇ ਟਰੱਕ ਡਰਾਈਵਰ ਤੇ ਹੋਰ ਲੋਕ ਓਟਵਾ ਵਿੱਚ ਜਾਰੀ ਮੁਜਾਹਰਿਆਂ ਦਾ ਸਮਰਥਨ ਕਰਨ ਲਈ ਰਾਹ ਰੋਕੀ ਬੈਠੇ ਹਨ। ਆਰਸੀਐਮਪੀ ਵੱਲੋਂ ਇਨ੍ਹਾਂ ਲੋਕਾਂ ਨੂੰ ਕਿਤੇ ਹੋਰ ਜਾ ਕੇ ਰੋਸ ਪ੍ਰਗਟਾਉਣ ਲਈ ਆਖਣ ਦੀ ਕੀਤੀ ਜਾ ਰਹੀ ਕੋਸ਼ਿਸ਼ ਦਾ ਵੀ ਉਨ੍ਹਾਂ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ ਤੇ ਉਨ੍ਹਾਂ ਆਖਿਆ ਕਿ ਉਹ ਕਿਤੇ ਨਹੀਂ ਜਾਣਗੇ। ਇਸ ਉੱਤੇ ਪੁਲਿਸ ਅਧਿਕਾਰੀਆਂ ਵੱਲੋਂ ਟਿਕਟਾਂ ਜਾਰੀ ਕਰਨ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।
ਇੱਕ ਹੋਰ ਮੁਜ਼ਾਹਰਾ ਵਿੰਡਸਰ, ਓਨਟਾਰੀਓ ਵਿੱਚ ਅੰਬੈਸਡਰ ਬ੍ਰਿੱਜ ਉੱਤੇ ਕੈਨੇਡਾ ਵਾਲੇ ਪਾਸੇ ਕੀਤਾ ਜਾ ਰਿਹਾ ਹੈ। ਇਹ ਮੁਜ਼ਾਹਰਾ ਸੋਮਵਾਰ ਤੋਂ ਸ਼ੁਰੂ ਹੋਇਆ। ਇੱਥੇ ਲਾਏ ਗਏ ਜਾਮ ਤੋਂ ਪਰੇਸਾਨ ਸਿਟੀ ਆਫ ਵਿੰਡਸਰ ਤੇ ਲੋਕਲ ਪੁਲਿਸ ਸਰਵਿਸ ਵੱਲੋਂ ਪ੍ਰੋਵਿੰਸੀਅਲ ਤੇ ਫੈਡਰਲ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਜਾ ਰਹੀ ਹੈ। ਵਿੰਡਸਰ ਦੇ ਮੇਅਰ ਡਰਿਊ ਡਿਲਕਨਜ ਨੇ ਆਖਿਆ ਕਿ ਅਸੀਂ ਸ਼ਾਂਤਮਈ ਤੇ ਸੁਰੱਖਿਅਤ ਢੰਗ ਨਾਲ ਇਹ ਮੁੱਦਾ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਨਾਲ ਸਾਡੇ ਅਰਥਚਾਰੇ ਨੂੰ ਨੁਕਸਾਨ ਪਹੁੰਚ ਰਿਹਾ ਹੈ, ਲੋਕਾਂ ਦੀਆਂ ਨੌਕਰੀਆਂ ਉੱਤੇ ਬਣੀ ਹੋਈ ਹੈ ਤੇ ਇਸ ਨੂੰ ਸਵੀਕਾਰਿਆ ਨਹੀਂ ਜਾ ਸਕਦਾ। ਅਸੀਂ ਇਸ ਨੂੰ ਜਾਰੀ ਨਹੀਂ ਰੱਖਣ ਦੇ ਸਕਦੇ।
ਹੋਰਨਾਂ ਕਮਿਊਨਿਟੀਜ਼ ਵਿੱਚ ਵੀ ਪੁਲਿਸ ਤੇ ਸਰਕਾਰਾਂ ਨੂੰ ਇਸ ਤਰ੍ਹਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸੋਸਲ ਮੀਡੀਆ ਉੱਤੇ ਮੁਜ਼ਾਹਰੇ ਦੀ ਮਿਲੀ ਅਪਡੇਟ ਤੋਂ ਬਾਅਦ ਉਨ੍ਹਾਂ ਵੱਲੋਂ ਕੁਈਨਜ਼ ਪਾਰਕ ਸਰਕਲ ਨੂੰ ਬੰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

ਮੁਜ਼ਾਹਰਿਆਂ ਕਾਰਨ ਅੰਬੈਸਡਰ ਬ੍ਰਿੱਜ ਕੀਤਾ ਗਿਆ ਬੰਦ
ਓਨਟਾਰੀਓ : ਓਨਟਾਰੀਓ ਪ੍ਰੋਵਿੰਸੀਅਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਵਿੰਡਸਰ, ਓਨਟਾਰੀਓ ਤੇ ਡਿਟਰੌਇਟ ਦਰਮਿਆਨ ਦੋਵਾਂ ਪਾਸਿਆਂ ਤੋਂ ਹੀ ਅੰਬੈਸਡਰ ਬ੍ਰਿੱਜ ਉੱਤੇ ਕਿਸੇ ਪਾਸਿਓਂ ਦਾਖਲਾ ਨਹੀਂ ਹੈ। ਅਜਿਹਾ ਲਾਜ਼ਮੀ ਕੀਤੀ ਗਈ ਵੈਕਸੀਨੇਸ਼ਨ ਦਾ ਵਿਰੋਧ ਕਰਨ ਵਾਲਿਆਂ ਦੀ ਬਦੌਲਤ ਹੋ ਰਿਹਾ ਹੈ। ਅਸੈਕਸ ਕਾਊਂਟੀ ਵਿੱਚ ਓਪੀਪੀ ਵੱਲੋਂ ਜਾਰੀ ਇੱਕ ਬਿਆਨ ਵਿੱਚ ਆਖਿਆ ਗਿਆ ਕਿ ਸੋਮਵਾਰ ਨੂੰ ਰਾਤੀਂ 8:00 ਵਜੇ ਡਿਟਰੌਇਟ ਤੇ ਵਿੰਡਸਰ ਦਰਮਿਆਨ ਸੱਭ ਤੋਂ ਵੱਡੇ ਲਾਂਘੇ ਤੱਕ ਕੈਨੇਡਾ ਤੇ ਅਮਰੀਕਾ ਵੱਲੋਂ ਪਹੁੰਚ ਨਹੀਂ ਸੀ ਕੀਤੀ ਜਾ ਰਹੀ। ਇੱਥੇ ਵੱਡੀ ਮਾਤਰਾ ਵਿੱਚ ਟਰੈਫਿਕ ਜਾਮ ਹੋ ਗਿਆ ਸੀ। ਇਸ ਦੌਰਾਨ ਕੈਨੇਡਾ ਬਾਰਡਰ ਸਰਵਿਸਿਜ ਏਜੰਸੀ (ਸੀਬੀਐਸਏ) ਵੱਲੋਂ ਕੀਤੇ ਗਏ ਐਲਾਨ ਵਿੱਚ ਸਰਕਾਰੀ ਵੈੱਬਸਾਈਟ ਉੱਤੇ ਆਖਿਆ ਗਿਆ ਹੈ ਕਿ ਅੰਬੈਸਡਰ ਬ੍ਰਿੱਜ ਨੂੰ ਆਰਜੀ ਤੌਰ ਉੱਤੇ ਬੰਦ ਕਰ ਦਿੱਤਾ ਗਿਆ ਹੈ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …