ਓਨਟਾਰੀਓ/ਬਿਊਰੋ ਨਿਊਜ਼ : ਕਈ ਪ੍ਰੋਵਿੰਸਾਂ ਵੱਲੋਂ ਕੋਵਿਡ-19 ਪਾਬੰਦੀਆਂ ਵਿੱਚ ਦਿੱਤੀ ਜਾ ਰਹੀ ਢਿੱਲ ਦਰਮਿਆਨ ਫੋਰਡ ਸਰਕਾਰ ਉੱਤੇ ਵੀ ਇਹ ਦਬਾਅ ਹੈ ਕਿ ਉਹ ਸਿਹਤ ਸਬੰਧੀ ਪਾਬੰਦੀਆਂ ਵਿੱਚ ਕੋਈ ਰਿਆਇਤ ਦੇਵੇ। ਇਸ ਦੇ ਮੱਦੇਨਜਰ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਆਖਿਆ ਕਿ ਓਨਟਾਰੀਓ ਹੋਰਨਾਂ ਪ੍ਰੋਵਿੰਸਾਂ ਦੀ ਤਰਜ ਉੱਤੇ ਵੈਕਸੀਨੇਸ਼ਨ ਦੇ ਸਬੂਤ ਤੇ ਮਾਸਕ ਸਬੰਧੀ ਨਿਯਮਾਂ ਵਿੱਚ ਤਬਦੀਲੀ ਨਹੀਂ ਕਰਨ ਵਾਲਾ। ਪਰ ਕਈ ਸੂਤਰਾਂ ਅਨੁਸਾਰ ਸਿਹਤ ਮੰਤਰਾਲੇ ਵੱਲੋਂ ਰੀਓਪਨਿੰਗ ਲਈ ਸਮਾਂ ਸੀਮਾਂ ਨੂੰ ਘਟਾਉਣ ਤੇ ਇਸ ਲਈ ਕੈਬਨਿਟ ਨੂੰ ਰਾਜੀ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ। ਇਹ ਵੀ ਕਨਸੋਆਂ ਹਨ ਕਿ ਓਨਟਾਰੀਓ ਵਿੱਚ ਨਿਰਧਾਰਤ ਸ਼ਡਿਊਲ ਤੋਂ ਪਹਿਲਾਂ ਹੀ ਕੁੱਝ ਪਾਬੰਦੀਆਂ ਹਟਾਈਆਂ ਜਾ ਸਕਦੀਆਂ ਹਨ। ਮੌਜੂਦਾ ਗਾਈਡਲਾਈਨਜ਼ ਤਹਿਤ 21 ਫਰਵਰੀ ਨੂੰ ਕੁੱਝ ਹੋਰ ਪਾਬੰਦੀਆਂ ਨੂੰ ਹਟਾਇਆ ਜਾ ਸਕਦਾ ਹੈ। ਬਾਕੀ ਰਹਿੰਦੀਆਂ ਪਾਬੰਦੀਆਂ 14 ਮਾਰਚ ਤੱਕ ਹਟਾਏ ਜਾਣ ਦੀ ਸੰਭਾਵਨਾ ਹੈ। ਐਲੀਅਟ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਵੈਕਸੀਨ ਸਬੰਧੀ ਪਾਬੰਦੀਆਂ ਜਾਂ ਮਾਸਕ ਸਬੰਧੀ ਪਾਬੰਦੀਆਂ ਕਦੋਂ ਹਟਾਈਆਂ ਜਾਣਗੀਆਂ ਪਰ ਉਨ੍ਹਾਂ ਇਹ ਜ਼ਰੂਰ ਆਖਿਆ ਕਿ ਮਾਸਕ ਸਬੰਧੀ ਨਿਯਮ ਤਾਂ ਕੁੱਝ ਸਮੇਂ ਲਈ ਹੋਰ ਜਾਰੀ ਰਹਿਣਗੇ। ਇਸ ਦੌਰਾਨ ਬਰੈਂਪਟਨ ਤੋਂ ਮੇਅਰ ਪੈਟ੍ਰਿਕ ਬ੍ਰਾਊਨ ਨੇ ਵੀ ਮੰਗ ਕੀਤੀ ਹੈ ਕਿ ਰੀਓਪਨਿੰਗ ਪ੍ਰਕਿਰਿਆ ਜਲਦ ਤੋਂ ਜਲਦ ਅਮਲ ਵਿੱਚ ਲਿਆਂਦੀ ਜਾਵੇ। ਵੀਰਵਾਰ ਨੂੰ ਓਨਟਾਰੀਓ ਦੇ ਉੱਘੇ ਡਾਕਟਰ ਕੀਰਨ ਮੂਰ ਵੱਲੋਂ ਇਸ ਸਬੰਧ ਵਿੱਚ ਵੱਡਾ ਐਲਾਨ ਕੀਤੇ ਜਾਣ ਦੀ ਸੰਭਾਵਨਾ ਹੈ।
ਗਵਰਨਰ ਜਨਰਲ ਮੈਰੀ ਸਾਇਮਨ ਹੋਏ ਕਰੋਨਾ ਪਾਜ਼ੀਟਿਵ
ਟੋਰਾਂਟੋ/ਬਿਊਰੋ ਨਿਊਜ਼
ਗਵਰਨਰ ਜਨਰਲ ਮੈਰੀ ਸਾਇਮਨ ਦਾ ਕੋਵਿਡ-19 ਟੈਸਟ ਪਾਜ਼ੀਟਿਵ ਆਇਆ ਹੈ। ਇਹ ਜਾਣਕਾਰੀ ਉਨ੍ਹਾਂ ਦੇ ਆਫਿਸ ਵੱਲੋਂ ਦਿੱਤੀ ਗਈ। ਇੱਕ ਬਿਆਨ ਵਿੱਚ ਸਾਇਮਨ ਨੇ ਆਖਿਆ ਕਿ ਉਨ੍ਹਾਂ ਨੂੰ ਹਲਕੇ ਲੱਛਣ ਮਹਿਸੂਸ ਹੋ ਰਹੇ ਹਨ ਤੇ ਉਹ ਸੈਲਫ ਆਈਸੋਲੇਸ਼ਨ ਜਾਰੀ ਰੱਖੇਗੀ। ਰੀਡੋ ਹਾਲ ਨੇ ਇਹ ਐਲਾਨ ਕੀਤਾ ਸੀ ਕਿ ਸਾਇਮਨ ਦੇ ਪਤੀ ਵਿਟ ਫਰੇਜ਼ਰ ਕੋਵਿਡ-19 ਪਾਜ਼ੀਟਿਵ ਆਏ ਹਨ। ਦੋਵਾਂ ਜੀਆਂ ਦੀ ਪੂਰੀ ਵੈਕਸੀਨੇਸ਼ਨ ਹੋਈ ਪਈ ਹੈ ਤੇ ਦੋਵਾਂ ਨੇ ਬੂਸਟਰ ਡੋਜ਼ ਵੀ ਲਈ ਹੋਈ ਹੈ। ਸਾਇਮਨ ਨੇ ਆਖਿਆ ਕਿ ਅਜੇ ਅਸੀਂ ਮਹਾਂਮਾਰੀ ਤੋਂ ਬਾਹਰ ਨਹੀਂ ਆਏ ਹਾਂ ਪਰ ਇਸ ਪਾਸੇ ਅਸੀਂ ਕਮਾਲ ਦਾ ਕੰਮ ਕੀਤਾ ਹੈ। ਉਨ੍ਹਾਂ ਆਖਿਆ ਕਿ ਵਾਇਰਸ ਨਾਲ ਲੜਨ ਲਈ ਉਨ੍ਹਾਂ ਦੀ ਮਦਦ ਕਰਨ ਵਾਲਿਆਂ ਵਾਸਤੇ ਉਹ ਸ਼ੁਕਰਗੁਜ਼ਾਰ ਹਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …