Breaking News
Home / ਜੀ.ਟੀ.ਏ. ਨਿਊਜ਼ / 25 ਫਰਵਰੀ ਨੂੰ ਹੋਣਗੀਆਂ ਫੈਡਰਲ ਜ਼ਿਮਨੀ ਚੋਣਾਂ

25 ਫਰਵਰੀ ਨੂੰ ਹੋਣਗੀਆਂ ਫੈਡਰਲ ਜ਼ਿਮਨੀ ਚੋਣਾਂ

ਬਰਨਾਬੀ, ਆਊਟਰਮੌਂਟ ਤੇ ਯੌਰਕ ਸਿਮਕੋਈ ਲਈ ਚੁਣੇ ਜਾਣਗੇ ਨਵੇਂ ਐਮ ਪੀ
ਓਟਵਾ/ਬਿਊਰੋ ਨਿਊਜ਼ : ਆਉਂਦੀ 25 ਫਰਵਰੀ ਨੂੰ ਫੈਡਰਲ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ। ਤਿੰਨ ਹਲਕਿਆਂ ਵਿਚ ਹੋਣ ਵਾਲੀਆਂ ਇਨ੍ਹਾਂ ਜ਼ਿਮਨੀ ਚੋਣਾਂ ਦਾ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਲਾਨ ਕੀਤਾ।
ਇਨ੍ਹਾਂ ਵਿੱਚ ਉਹ ਹਲਕਾ ਵੀ ਸ਼ਾਮਲ ਹੈ ਜਿੱਥੋਂ ਐਨਡੀਪੀ ਆਗੂ ਜਗਮੀਤ ਸਿੰਘ ਪਾਰਲੀਮਾਨੀ ਸੀਟ ਲਈ ਲੜਨਾ ਚਾਹੁੰਦੇ ਹਨ।ઠਬਰਨਾਬੀ (ਸਾਊਥ ਵੈਸਟ ਬੀਸੀ), ਆਊਟਰਮੌਂਟ (ਕਿਊਬਿਕ) ਅਤੇ ਯੌਰਕ ਸਿਮਕੋਏ (ਉਨਟਾਰੀਓ) ਵਿਚ ਨਵੇਂ ਐਮਪੀ ਚੁਣਨ ਲਈ ਵੋਟਾਂ ਪੈਣੀਆਂ ਹਨ। ਇਸ ਸਬੰਧੀ ਜਗਮੀਤ ਸਿੰਘ ਨੇ ਆਖਿਆ ਕਿ ਇਹ ਉਨ੍ਹਾਂ ਲਈ ਖਾਸ ਤੌਰ ਉੱਤੇ ਬਹੁਤ ਵੱਡਾ ਪਲ ਹੈ ਅਤੇ ਉਹ ਕਾਫੀ ਉਤਸਾਹਿਤ ਵੀ ਹਨ। ਉਨ੍ਹਾਂ ਇਹ ਵੀ ਆਖਿਆ ਕਿ ਉਹ ਹੁਣ ਅਗਲੇ ਦਿਨ ਬਰਨਾਬੀ ਸਾਊਥ ਦੇ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲੱਭਣ ਵਿੱਚ ਬਿਤਾਉਣਗੇ।ઠ
ਜ਼ਿਕਰਯੋਗ ਹੈ ਕਿ ਟਰੂਡੋ ਉੱਤੇ ਇਹ ਜ਼ਿਮਨੀ ਚੋਣਾਂ ਜਲਦ ਕਰਵਾਉਣ ਲਈ ਜਗਮੀਤ ਸਿੰਘ ਤੇ ਕੰਸਰਵੇਟਿਵ ਆਗੂ ਐਂਡਰਿਊ ਸ਼ੀਅਰ ਵੱਲੋਂ ਲੰਮੇਂ ਸਮੇਂ ਤੋਂ ਦਬਾਅ ਪਾਇਆ ਜਾ ਰਿਹਾ ਸੀ। ਪਰ ਇਨ੍ਹਾਂ ਜ਼ਿਮਨੀ ਚੋਣਾਂ ਦੇ ਐਲਾਨ ਵਿੱਚ ਕੀਤੀ ਜਾ ਰਹੀ ਦੇਰੀ ਕਾਰਨ ਟਰੂਡੋ ਦੀ ਵਿਰੋਧੀ ਧਿਰਾਂ ਦੇ ਦੋਵਾਂ ਆਗੂਆਂ ਵੱਲੋਂ ਕਾਫੀ ਨੁਕਤਾਚੀਨੀ ਵੀ ਕੀਤੀ ਜਾ ਰਹੀ ਸੀ। ਪਿਛਲੇ ਦਿਨੀਂ ਜਗਮੀਤ ਸਿੰਘ ਨੇ ਆਖਿਆ ਸੀ ਕਿ ਟਰੂਡੋ ਹਜ਼ਾਰਾਂ ਕੈਨੇਡੀਅਨਾਂ ਦੀ ਹਾਊਸ ਆਫ ਕਾਮਨਜ਼ ਵਿੱਚ ਸਹੀ ਨੁਮਾਇੰਦਗੀ ਦੇ ਹੱਕ ਨੂੰ ਖੋਹ ਰਹੇ ਹਨ। ਉਨ੍ਹਾਂ ਇਹ ਵੀ ਆਖਿਆ ਸੀ ਕਿ ਟਰੂਡੋ ਜਾਣ ਬੁੱਝ ਕੇ ਇਨ੍ਹਾਂ ਹਲਕਿਆਂ ਵਿੱਚ ਜ਼ਿਮਨੀ ਚੋਣਾਂ ਕਰਵਾਉਣ ਵਿੱਚ ਦੇਰ ਕਰ ਰਹੇ ਹਨ।ઠ
ਬਰਨਾਬੀ ਵਿੱਚ ਜਗਮੀਤ ਸਿੰਘ ਦਾ ਮੁਕਾਬਲਾ ਲਿਬਰਲ ਉਮੀਦਵਾਰ ਤੇ ਡੇਅ ਕੇਅਰ ਸੈਂਟਰ ਦੇ ਮਾਲਕ ਕੈਰਨ ਵਾਂਗ ਤੇ ਕੰਸਰਵੇਟਿਵ ਉਮੀਦਵਾਰ ਤੇ ਕਾਰਪੋਰੇਟ ਵਕੀਲ ਜੇਅ ਸ਼ਿਨ ਨਾਲ ਹੋਵੇਗਾ। ਗ੍ਰੀਨ ਪਾਰਟੀ ਨੇ ਜਗਮੀਤ ਸਿੰਘ ਖਿਲਾਫ ਕੋਈ ਉਮੀਦਵਾਰ ਖੜ੍ਹਾ ਨਾ ਕਰਨ ਦਾ ਫੈਸਲਾ ਕੀਤਾ ਹੈ।
ਮਾਂਟਰੀਅਲ ਦੇ ਆਊਟਰਮੌਂਟ ਹਲਕੇ ਦੀ ਸੀਟ ਅਗਸਤ ਵਿੱਚ ਉਦੋਂ ਖਾਲੀ ਹੋਈ ਸੀ ਜਦੋਂ ਸਾਬਕਾ ਐਨਡੀਪੀ ਆਗੂ ਟੌਮ ਮਲਕੇਅਰ ਨੇ ਅਸਤੀਫਾ ਦੇ ਦਿੱਤਾ ਸੀ। ਹੁਣ ਐਨਡੀਪੀ ਲਈ ਕੈਨੇਡੀਅਨ ਕਾਊਂਸਲ ਫੌਰ ਇੰਟਰਨੈਸ਼ਨਲ ਕੋ-ਆਪਰੇਸ਼ਨ ਦੀ ਸਾਬਕਾ ਪ੍ਰੈਜ਼ੀਡੈਂਟ ਜੂਲੀਆ ਸਾਂਚੇਜ਼ ਇਹ ਚੋਣ ਲੜੇਗੀ। ਉਨ੍ਹਾਂ ਦਾ ਮੁਕਾਬਲਾ ਲਿਬਰਲ ਸਟਾਫਰ ਰੇਚਲ ਬੈਨਡਾਇਨ ਤੇ ਕੰਜ਼ਰਵੇਟਿਵ ਉਮੀਦਵਾਰ ਜੈਸਮੀਨ ਲੌਰਾਸ ਨਾਲ ਹੋਵੇਗਾ।ઠ
ਓਨਟਾਰੀਓ ਦੀ ਯੌਰਕ ਸਿਮਕੋਏ ਸੀਟ ਕੰਜ਼ਰਵੇਟਿਵ ਐਮਪੀ ਪੀਟਰ ਵੈਨ ਲੋਨ ਵੱਲੋਂ ਸਤੰਬਰ ਵਿੱਚ ਦਿੱਤੇ ਅਸਤੀਫੇ ਕਾਰਨ ਖਾਲੀ ਹੋਈ ਸੀ। ਇੱਥੇ ਸਿੱਧਾ ਮੁਕਾਬਲਾ ਕੰਸਰਵੇਟਿਵ ਉਮੀਦਵਾਰ ਸਕੌਟ ਡੇਵਿਡਸਨ, ਪ੍ਰੋਫੈਸਰ ਤੇ ਪਹਿਲਾਂ ਵੀ ਫੈਡਰਲ ਉਮੀਦਵਾਰ ਰਹਿ ਚੁੱਕੇ ਲਿਬਰਲ ਉਮੀਦਵਾਰ ਸੌਨ ਟਨਾਕਾ ਤੇ ਕਮਿਊਨਿਟੀ ਆਰਗੇਨਾਈਜ਼ਰ ਜੈਸਾ ਮੈਕਲੀਆਨ, ਜੋ ਕਿ ਐਨਡੀਪੀ ਲਈ ਉਮੀਦਵਾਰ ਹੈ, ਵਿਚਾਲੇ ਹੋਵੇਗਾ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …