16 ਹਾਕੀ ਖਿਡਾਰੀਆਂ ਦੀ ਗਈ ਸੀ ਜਾਨ, 13 ਹੋ ਗਏ ਸਨ ਜ਼ਖਮੀ
ਟੋਰਾਂਟੋ/ਪਰਵਾਸੀ ਬਿਊਰੋ
ਹਮਬੋਲਟ ਬ੍ਰੋਂਕੋਸ ਟੀਮ ਦੀ ਬੱਸ ਨਾਲ ਟਕਰਾਏ ਟਰੈਕਟਰ-ਟਰੇਲਰ ਦੇ ਡਰਾਈਵਰ ਨੇ ਇਸ ਦੁਰਘਟਨਾ ਲਈ ਖੁਦ ਨੂੰ ਜ਼ਿੰਮੇਵਾਰ ਦੱਸਿਆ ਹੈ ਜਿਸ ਵਿੱਚ 16 ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਸੀ ਅਤੇ 13 ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿੱਚ ਡਰਾਈਵਰ ਜਸਕੀਰਤ ਸਿੰਘ ਸਿੱਧੂ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਡਰਾਈਵਰ ਵੱਲੋਂ ਦੋਸ਼ ਕਬੂਲ ਕਰਨ ਨਾਲ ਪੀੜਤ ਪਰਿਵਾਰਾਂ ਨੂੰ ਲੰਬੀ ਚੱਲਣ ਵਾਲੀ ਕਾਨੂੰਨੀ ਪ੍ਰਕਿਰਿਆ ਤੋਂ ਰਾਹਤ ਮਿਲੀ ਹੈ।
ਸਿੱਧੂ ਨੇ ਮੰਗਲਵਾਰ ਨੂੰ ਸੁਣਵਾਈ ਦੌਰਾਨ ਜੱਜ ਨੂੰ ਕਿਹਾ ਕਿ ਉਹ (ਜਸਕੀਰਤ) ਦੋਸ਼ੀ ਹੈ। ਸਿੱਧੂ ਦੇ ਵਕੀਲ ਨੇ ਕਿਹਾ ਕਿ ਉਹ ਮਾਮਲੇ ਨੂੰ ਲਟਕਾਉਣਾ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਉਸਦਾ ਮੁਵੱਕਿਲ ਪੀੜਤ ਪਰਿਵਾਰਾਂ ਨੂੰ ਦੱਸਣਾ ਚਾਹੁੰਦਾ ਹੈ ਕਿ ਉਸਨੇ ਉਨ੍ਹਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਹ ਪਤਾ ਹੋਣ ਦੇ ਬਾਵਜੂਦ ਵੀ ਕਈ ਪਰਿਵਾਰਾਂ ਨੇ ਉਸ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਮਿਸ਼ੈਲ ਸਟਰਾਸ਼ਨਿਟਜ਼ਕਾ ਜਿਸਦੇ ਪੁੱਤਰ ਰਿਆਨ ਨੂੰ ਇਸ ਹਾਦਸੇ ਕਾਰਨ ਅਧਰੰਗ ਹੋ ਗਿਆ ਸੀ ਨੇ ਕਿਹਾ ਕਿ ਇਹ ਚੰਗੀ ਸ਼ੁਰੂਆਤ ਹੈ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਲੰਬੀ ਸੁਣਵਾਈ ਪ੍ਰਕਿਰਿਆ ਵਿੱਚੋਂ ਨਹੀਂ ਗੁਜ਼ਰਨਾ ਪਏਗਾ ਅਤੇ ਉਨ੍ਹਾਂ ਨੂੰ ਇਹ ਤਸੱਲੀ ਹੋ ਗਈ ਹੈ ਕਿ ਦੋਸ਼ੀ ਪਛਤਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਧੂ ਅਤੇ ਪੀੜਤਾਂ ਨੂੰ ਹਫ਼ਤਾ ਭਰ ਚੱਲਣ ਵਾਲੀ ਸੁਣਵਾਈ ਦੌਰਾਨ ਆਪਣੇ ਬਿਆਨ ਦੇਣ ਦਾ ਰਸਤਾ ਵੀ ਸਾਫ਼ ਹੋ ਗਿਆ ਹੈ ਜੋ 28 ਜਨਵਰੀ ਤੋਂ ਸ਼ੁਰੂ ਹੋਣ ਵਾਲੀ ਹੈ। ਸਕੌਟ ਥਾਮਸ ਜਿਨ੍ਹਾਂ ਦੇ ਬੇਟੇ ਇਵਾਨ (18 ਸਾਲ) ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਸੀ ਨੇ ਕਿਹਾ ਕਿ ਇਹ ਉਨ੍ਹਾਂ ਲਈ ਰਾਹਤ ਦੀ ਖ਼ਬਰ ਹੈ ਕਿ ਦੋਸ਼ੀ ਨੇ ਇਸ ਲਈ ਖ਼ੁਦ ਨੂੰ ਜ਼ਿੰਮੇਵਾਰ ਮੰਨ ਲਿਆ ਹੈ। ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਕੀ ਸਜ਼ਾ ਹੁੰਦੀ ਹੈ? ਉਨ੍ਹਾਂ ਲਈ ਇਸ ਨਾਲੋਂ ਅਹਿਮ ਇਹ ਹੈ ਕਿ ਉਸਨੇ ਆਪਣੀ ਗਲਤੀ ਨੂੰ ਕਬੂਲ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ 6 ਅਪ੍ਰੈਲ ਨੂੰ ਇਹ ਹਾਦਸਾ ਉਦੋਂ ਹੋਇਆ ਸੀ ਜਦੋਂ ਬ੍ਰੋਂਕਸ ਬੱਸ ਰੂਰਲ ਹਾਈਵੇ ‘ਤੇ ਨਿਵਾਵਨ, ਸਸਕ ਨੂੰ ਜਾ ਰਹੀ ਸੀ ਤਾਂ ਬੱਸ ਅਤੇ ਟਰੈਕਟਰ-ਟਰੇਲਰ ਦਰਮਿਆਨ ਟੱਕਰ ਹੋ ਗਈ ਸੀ। ਇਸ ਵਿੱਚ ਹਾਕੀ ਖਿਡਾਰੀਆਂ, ਟੀਮ ਸਟਾਫ, ਬੱਸ ਡਰਾਈਵਰ ਅਤੇ ਅਨਾਊਂਸਰ ਸਮੇਤ 16 ਵਿਅਕਤੀਆਂ ਦੀ ਮੌਤ ਅਤੇ 13 ਜ਼ਖਮੀ ਹੋ ਗਏ ਸਨ। ਇਹ ਵਾਹਨ ਕੈਲਗਰੀ ਆਧਾਰਿਤ ਟਰੱਕਿੰਗ ਫਰਮ ਦੀ ਹੈ ਜਿਸਦਾ ਮਾਲਕ ਸੁਖਮੰਦਰ ਸਿੰਘ ਹੈ, ਉਸ ‘ਤੇ ਅਲਬਰਟਾ ਵਿਖੇ ਸੰਘੀ ਅਤੇ ਪ੍ਰਾਂਤਕ ਸੁਰੱਖਿਆ ਉਲੰਘਣਾ ਦੇ ਦੋਸ਼ ਲਗਾਏ ਗਏ ਹਨ।
ਜਸਕੀਰਤ ਦੇ ਵਾਹਨ ਵੀ ਰਫਤਾਰ 100 ਕਿਲੋਮੀਟਰ ਪ੍ਰਤੀ ਘੰਟਾ ਸੀ
ਹਾਦਸੇ ਸਮੇਂ ਡਰਾਈਵਰ ਜਸਕੀਰਤ ਸਿੰਘ ਸਿੱਧੂ ਵਾਹਨ ਨੂੰ ਲਗਪਗ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ‘ਤੇ ਚਲਾ ਰਿਹਾ ਸੀ। ਇਸ ਦੌਰਾਨ ਉਹ ਇਹ ਪਛਾਣਨ ਵਿੱਚ ਅਸਫਲ ਰਿਹਾ ਕਿ ਉਸਦਾ ਵਾਹਨ ਚੌਰਾਹੇ ‘ਤੇ ਜਾ ਰਿਹਾ ਹੈ ਅਤੇ ਨਾ ਹੀ ਉਸਨੇ ‘ਸਟਾਪ’ ਸੰਕੇਤ ‘ਤੇ ਧਿਆਨ ਦਿੱਤਾ ਜਦੋਂ ਕਿ ਥਾਂ ਥਾਂ ‘ਤੇ ਚੌਰਾਹੇ ਦੇ ਚਿਤਾਵਨੀ ਸੰਕੇਤ ਲੱਗੇ ਹੋਏ ਸਨ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …