ਨਾਟੋ ਦੇ ਸਕੱਤਰ ਜਨਰਲ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਰੂਸ ਨੇ ਯੂਕਰੇਨ ਖਿਲਾਫ ਜੰਗ ਛੇੜ ਦਿੱਤੀ ਹੈ ਤੇ ਯੂਰਪੀਅਨ ਮਹਾਂਦੀਪ ਉੱਤੇ ਸ਼ਾਂਤੀ ਭੰਗ ਕਰ ਦਿੱਤੀ ਹੈ। ਜੈਨਜ਼ ਸਟੋਲਨਬਰਗ ਨੇ ਨਾਟੋ ਦੇ ਭਾਈਵਾਲ ਆਗੂਆਂ ਨਾਲ ਸਿਖਰਵਾਰਤਾ ਕਰਨ ਦਾ ਸੱਦਾ ਦਿੱਤਾ। ਵੀਰਵਾਰ ਨੂੰ ਰੂਸ ਨੇ ਯੂਕਰੇਨ ਉੱਤੇ ਧਾਵਾ ਬੋਲ ਦਿੱਤਾ। ਇਸ ਦੌਰਾਨ ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾ ਤੇ ਟਿਕਾਣਿਆਂ ਉੱਤੇ ਹਵਾਈ ਹਮਲੇ ਕੀਤੇ ਤੇ ਬੰਬ ਦਾਗੇ। ਯੂਕਰੇਨ ਦੀ ਸਰਕਾਰ ਨੇ ਆਖਿਆ ਕਿ ਰੂਸੀ ਟੈਂਕ ਤੇ ਸੈਨਿਕ ਸਰਹੱਦ ਪਾਰ ਕਰਕੇ ਉਨ੍ਹਾਂ ਦੇ ਹਿੱਸੇ ਵਿੱਚ ਆ ਵੜੇ ਤੇ ਉਨ੍ਹਾਂ ਵੱਲੋਂ ਇੱਧਰ ਤਬਾਹੀ ਮਚਾਈ ਜਾ ਰਹੀ ਹੈ। ਯੂਕਰੇਨ ਨੇ ਰੂਸ ਉੱਤੇ ਉਨ੍ਹਾਂ ਉੱਤੇ ਚੜ੍ਹਾਈ ਕਰਨ ਦਾ ਦੋਸ਼ ਵੀ ਲਾਇਆ। ਕਈ ਸ਼ਹਿਰਾਂ ਉੱਤੇ ਹੋਏ ਹਮਲੇ ਤੋਂ ਬਾਅਦ ਨਾਗਰਿਕਾਂ ਵੱਲੋਂ ਰੇਲਗੱਡੀਆਂ ਵਿੱਚ ਚੜ੍ਹ ਕੇ ਆਪੋ ਆਪਣੇ ਘਰਾਂ ਦਾ ਰੁਖ ਕੀਤਾ ਗਿਆ ਤੇ ਕਾਰਾਂ ਵਿੱਚ ਸਵਾਰ ਹੋ ਕੇ ਲੋਕ ਹਮਲੇ ਵਾਲੀਆਂ ਥਾਂਵਾਂ ਤੋਂ ਭੱਜਦੇ ਵੇਖੇ ਗਏ।ਦੂਜੇ ਪਾਸੇ ਫੌਜੀ ਕਾਰਵਾਈ ਦਾ ਐਲਾਨ ਕਰਦਿਆਂ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਦੀ ਮਦਦ ਕਰਨ ਵਾਲੇ ਦੇਸ਼ਾਂ ਨੂੰ ਆਪਣਾ ਆਪ ਵਿਚਾਰਨ ਦੀ ਧਮਕੀ ਵੀ ਦਿੱਤੀ। ਇਸ ਕਾਰਨ ਪੁਤਿਨ ਨੂੰ ਦੁਨੀਆਂ ਭਰ ਤੋਂ ਨੁਕਤਾਚੀਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਰੂਸ ਖਿਲਾਫ ਕਈ ਮੁਲਕਾਂ ਵੱਲੋਂ ਤਾਜ਼ਾ ਪਾਬੰਦੀਆਂ ਵੀ ਲਾ ਦਿੱਤੀਆਂ ਗਈਆਂ ਹਨ। ਖਬਰ ਲਿਖੇ ਜਾਣ ਤੱਕ ਹਾਸਲ ਹੋਈ ਜਾਣਕਾਰੀ ਅਨੁਸਾਰ 40 ਸੈਨਿਕ ਮਾਰੇ ਜਾ ਚੁੱਕੇ ਸਨ ਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ ਸਨ। ਦੁਨੀਆ ਭਰ ਦੇ ਆਗੂਆਂ ਵੱਲੋਂ ਇਸ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ। ਇਸ ਮਗਰੋਂ ਯੂਕਰੇਨ ਦੀ ਜਮਹੂਰੀਅਤ ਰਾਹੀਂ ਚੁਣੀ ਗਈ ਸਰਕਾਰ ਡਿੱਗ ਸਕਦੀ ਹੈ ਤੇ ਇਸ ਦਾ ਦੁਨੀਆ ਭਰ ਦੇ ਅਰਥਚਾਰੇ ਉੱਤੇ ਵੀ ਨਕਾਰਾਤਮਕ ਅਸਰ ਪੈ ਸਕਦਾ ਹੈ। ਇਸ ਹਮਲੇ ਨਾਲ ਗਲੋਬਲ ਫਾਇਨਾਂਸ਼ੀਅਲ ਮਾਰਕਿਟ ਲੜਖੜਾ ਗਈ ਤੇ ਤੇਲ ਦੀਆਂ ਕੀਮਤਾਂ ਵਿੱਚ ਵੀ ਵਾਧਾ ਦਰਜ ਕੀਤਾ ਗਿਆ। ਇਸ ਦੌਰਾਨ ਗਲੋਬਲ ਸ਼ਕਤੀਆਂ ਵੱਲੋਂ ਇਹ ਵੀ ਸਾਫ ਕੀਤਾ ਗਿਆ ਹੈ ਕਿ ਯੂਕਰੇਨ ਨੂੰ ਬਚਾਉਣ ਲਈ ਉਹ ਆਪਣੀ ਫੌਜ ਰਾਹੀਂ ਦਖਲਅੰਦਾਜ਼ੀ ਨਹੀਂ ਕਰਨਗੇ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੈਲੈਂਸਕੀ ਨੇ ਮਾਸਕੋ ਨਾਲੋਂ ਡਿਪਲੋਮੈਟਿਕ ਸਬੰਧ ਖ਼ਤਮ ਕਰਦਿਆਂ ਹੋਇਆਂ ਦੇਸ਼ ਵਿੱਚ ਮਾਰਸ਼ਲ ਲਾਅ ਲਾ ਦਿੱਤਾ।ਉਨ੍ਹਾਂ ਵੱਲੋਂ ਯੂਕਰੇਨ ਵਾਸੀਆਂ ਨੂੰ ਘਰਾਂ ਵਿੱਚ ਰਹਿਣ ਤੇ ਨਾ ਘਬਰਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ।