ਸੁਪਰੀਮ ਕੋਰਟ ਦੇ ਫੈਸਲੇ ਕਾਰਨ ਹੀ ਕੈਨੇਡਾ ਵਿੱਚ ਗਰਭਪਾਤ ਨੂੰ ਗੈਰਕਾਨੂੰਨੀ ਨਹੀਂ ਮੰਨਿਆ ਜਾਂਦਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਤੇ ਅਮਰੀਕਾ ਦੋਵਾਂ ਦੇਸ਼ਾਂ ਵਿੱਚ ਲਿਬਰਲ ਨੀਤੀਘਾੜਿਆਂ ਵੱਲੋਂ ਕਾਨੂੰਨੀ ਤੌਰ ‘ਤੇ ਗਰਭਪਾਤ ਤੱਕ ਪਹੁੰਚ ਦੀ ਪੈਰਵੀ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਜੋ ਕਿ ਅਖੌਤੀ ਤੌਰ ‘ਤੇ ਪ੍ਰਗਤੀਸ਼ੀਲ ਕਦਰਾਂ ਕੀਮਤਾਂ ਦੇ ਹਮਾਇਤੀ ਰਹੇ ਹਨ, ਵੱਲੋਂ ਬੁੱਧਵਾਰ ਨੂੰ ਵਾਅਦਾ ਕੀਤਾ ਗਿਆ ਕਿ ਉਹ ਕੈਨੇਡੀਅਨ ਮਹਿਲਾਵਾਂ ਦੀ ਸੁਰੱਖਿਅਤ ਤੇ ਕਾਨੂੰਨੀ ਤੌਰ ਉੱਤੇ ਗਰਭਪਾਤ ਕਰਵਾਉਣ ਦੀ ਸਮਰੱਥਾ ਦੀ ਹਿਫਾਜ਼ਤ ਕਰਨਗੇ। ਹਾਲਾਂਕਿ ਉਨ੍ਹਾਂ ਇਹ ਸਪਸ਼ਟ ਨਹੀਂ ਕੀਤਾ ਕਿ ਉਹ ਅਜਿਹਾ ਕਿਵੇਂ ਕਰਨਗੇ। ਗਰਭਪਾਤ ਦੇ ਅਧਿਕਾਰ ਦਾ ਕੈਨੇਡਾ ਵਿੱਚ ਕਿਤੇ ਜ਼ਿਕਰ ਨਹੀਂ ਮਿਲਦਾ।
ਇਸ ਸਬੰਧ ਵਿੱਚ 1988 ਵਿੱਚ ਸੁਪਰੀਮ ਕੋਰਟ ਦੇ ਫੈਸਲੇ ਕਾਰਨ ਹੀ ਕੈਨੇਡਾ ਵਿੱਚ ਗਰਭਪਾਤ ਨੂੰ ਗੈਰਕਾਨੂੰਨੀ ਨਹੀਂ ਮੰਨਿਆ ਜਾਂਦਾ। ਪਰ ਇਸ ਸਬੰਧ ਵਿੱਚ ਕਦੇ ਕੋਈ ਬਿੱਲ ਪਾਸ ਨਹੀਂ ਹੋਇਆ ਤੇ ਨਾ ਹੀ ਇਸ ਨੂੰ ਕਦੇ ਚਾਰਟਰ ਆਫ ਰਾਈਟਸ ਐਂਡ ਫਰੀਡਮਜ਼ ਤਹਿਤ ਸੰਵਿਧਾਨਕ ਤੌਰ ‘ਤੇ ਅਧਿਕਾਰ ਦਾ ਹੀ ਦਰਜਾ ਦਿੱਤਾ ਗਿਆ ਹੈ।
ਬੁੱਧਵਾਰ ਨੂੰ ਜਦੋਂ ਟਰੂਡੋ ਤੋਂ ਇਹ ਪੁੱਛਿਆ ਗਿਆ ਕਿ ਕੀ ਸਰਕਾਰ ਕਾਨੂੰਨ ਲਿਆ ਕੇ ਇਸ ਅਧਿਕਾਰ ਨੂੰ ਮਾਨਤਾ ਦੇਵੇਗੀ ਤਾਂ ਉਨ੍ਹਾਂ ਆਖਿਆ ਕਿ ਇਸ ਸਬੰਧੀ ਫੈਸਲਾ ਕਰਨ ਦਾ ਅਧਿਕਾਰ ਸਿਰਫ ਤੇ ਸਿਰਫ ਮਹਿਲਾ ਦਾ ਆਪਣਾ ਹੈ। ਇਸ ਦੌਰਾਨ ਸਿਹਤ ਮੰਤਰੀ ਜੀਨ ਯਵੇਸ ਡਕਲਸ ਤੇ ਸਟੇਟਸ ਆਫ ਵੁਮੈਨ ਮੰਤਰੀ ਮਾਰਸੀ ਲੇਨ ਨੇ ਆਖਿਆ ਕਿ ਇਸ ਸਬੰਧ ਵਿੱਚ ਇਹ ਯਕੀਨੀ ਬਣਾਉਣ ਲਈ ਕਿ ਮਹਿਲਾਵਾਂ ਦੇ ਅਧਿਕਾਰਾਂ ਦੀ ਪੂਰੀ ਹਿਫਾਜ਼ਤ ਹੋਵੇ, ਕਾਨੂੰਨੀ ਖਰੜਾ ਲਿਆਉਣ ਦੀ ਜਾਂਚ ਕੀਤੀ ਜਾ ਰਹੀ ਹੈ।