Breaking News
Home / ਜੀ.ਟੀ.ਏ. ਨਿਊਜ਼ / ਗਰਭਪਾਤ ਸਬੰਧੀ ਯਥਾਸਥਿਤੀ ਬਹਾਲ ਰੱਖੀ ਜਾਵੇਗੀ : ਫੋਰਡ

ਗਰਭਪਾਤ ਸਬੰਧੀ ਯਥਾਸਥਿਤੀ ਬਹਾਲ ਰੱਖੀ ਜਾਵੇਗੀ : ਫੋਰਡ

ਓਨਟਾਰੀਓ/ਬਿਊਰੋ ਨਿਊਜ਼ : ਓਨਟਾਰੀਓ ਪ੍ਰੋਗਰੈਸਿਵ ਕੰਸਰਵੇਟਿਵ ਆਗੂ ਡੱਗ ਫੋਰਡ ਵੱਲੋਂ ਇਹ ਤਹੱਈਆ ਪ੍ਰਗਟਾਇਆ ਗਿਆ ਕਿ ਉਹ ਪ੍ਰੋਵਿੰਸ ਵਿੱਚ ਗਰਭਪਾਤ ਤੱਕ ਪਹੁੰਚ ਬਰਕਰਾਰ ਰੱਖਣਗੇ ਜਦਕਿ ਤਿੰਨ ਹੋਰਨਾਂ ਮੁੱਖ ਪਾਰਟੀਆਂ ਦਾ ਕਹਿਣਾ ਹੈ ਕਿ ਜੇ ਜੂਨ ਵਿੱਚ ਉਹ ਚੁਣੇ ਜਾਂਦੇ ਹਨ ਤਾਂ ਉਹ ਇਸ ਦਾ ਪਸਾਰ ਕਰਨਗੇ। ਅਮਰੀਕਾ ਦੇ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਤੌਰ ਉੱਤੇ ਗਰਭਪਾਤ ਕਰਵਾਏ ਜਾਣ ਦੇ ਅਧਿਕਾਰ ਨੂੰ ਖ਼ਤਮ ਕਰਨ ਸਬੰਧੀ ਲਏ ਗਏ ਫੈਸਲੇ ਦੇ ਲੀਕ ਹੋਏ ਖਰੜੇ ਤੋਂ ਬਾਅਦ ਕੈਨੇਡਾ ਵਿੱਚ ਵੀ ਇਸ ਵਿਸ਼ੇਸ਼ ਬਾਰੇ ਚਰਚਾ ਛਿੜ ਚੁੱਕੀ ਹੈ। ਪਾਰਟੀ ਆਗੂਆਂ ਤੋਂ ਇਸ ਮੁੱਦੇ ਦੇ ਸਬੰਧ ਵਿੱਚ ਸਵਾਲ ਵੀ ਕੀਤੇ ਜਾ ਰਹੇ ਹਨ। ਫੋਰਡ ਵੀ ਇੱਕ ਵਾਰੀ ਫਿਰ ਮੈਦਾਨ ਵਿੱਚ ਨਿੱਤਰੇ ਹੋਏ ਹਨ ਤੇ ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਯਥਾਸਥਿਤੀ ਬਣਾਈ ਰੱਖਣਗੇ। ਪਰ ਇਹ ਪੁੱਛੇ ਜਾਣ ਉੱਤੇ ਕਿ ਕੀ ਉਹ ਆਪਣੇ ਕਾਕਸ ਮੈਂਬਰਾਂ ਦੇ ਗਰਭਪਾਤ ਵਿਰੋਧੀ ਵਿਚਾਰਾਂ ਦਾ ਸਵਾਗਤ ਕਰਨਗੇ ਜਾਂ ਨਹੀਂ, ਫੋਰਡ ਜਵਾਬ ਦੇਣ ਤੋਂ ਟਾਲਾ ਵੱਟ ਗਏ। 2019 ਵਿੱਚ ਉਨ੍ਹਾਂ ਦੀ ਪਾਰਟੀ ਦੇ ਤਿੰਨ ਮੈਂਬਰਾਂ ਵੱਲੋਂ ਵਿਧਾਨਸਭਾ ਦੇ ਬਾਹਰ ਗਰਭਪਾਤ ਵਿਰੋਧੀ ਰੈਲੀ ਵਿੱਚ ਵੀ ਹਿੱਸਾ ਲਿਆ ਗਿਆ ਸੀ। ਬਰੈਂਪਟਨ, ਓਨਟਾਰੀਓ ਵਿੱਚ ਫੋਰਡ ਨੇ ਆਖਿਆ ਕਿ ਅਸੀਂ ਕੁੱਝ ਨਹੀਂ ਬਦਲਣ ਲੱਗੇ, ਸਭ ਕੁੱਝ ਹੀ ਪਹਿਲਾਂ ਵਾਂਗ ਰਹੇਗਾ। ਐਨਡੀਪੀ ਆਗੂ ਐਂਡਰੀਆ ਹੌਰਵਥ ਨੇ ਆਖਿਆ ਕਿ ਉਹ ਪ੍ਰੋਵਿੰਸ ਦੇ ਉੱਤਰੀ ਤੇ ਰੂਰਲ ਹਿੱਸਿਆਂ ਵਿੱਚ ਗਰਭਪਾਤ ਤੱਕ ਪਹੁੰਚ ਨੂੰ ਯਕੀਨੀ ਬਣਾਵੇਗੀ ਤੇ ਅਜਿਹਾ ਹੈਲਥਕੇਅਰ ਫੈਸਿਲੀਟੀਜ਼ ਵਿੱਚ ਵਾਧਾ ਕਰਕੇ ਤੇ ਇਨ੍ਹਾਂ ਇਲਾਕਿਆਂ ਵਿੱਚ ਸਟਾਫ ਨੂੰ ਵਧਾ ਕੇ ਕੀਤਾ ਜਾਵੇਗਾ। ਇਸ ਦੌਰਾਨ ਲਿਬਰਲ ਆਗੂ ਸਟੀਵਨ ਡੈਲ ਡੂਕਾ ਨੇ ਆਖਿਆ ਕਿ ਉਹ ਸੁਰੱਖਿਅਤ ਗਰਭਪਾਤ ਤੱਕ ਪਹੁੰਚ ਯਕੀਨੀ ਬਣਾਉਣਗੇ ਤੇ ਮਹਿਲਾਵਾਂ ਦੇ ਇਸ ਅਧਿਕਾਰ ਉੱਤੇ ਪਹਿਰਾ ਦੇਣਗੇ। ਉਨ੍ਹਾਂ ਆਖਿਆ ਕਿ ਸੱਤਾ ਵਿੱਚ ਆਉਣ ਤੋਂ ਬਾਅਦ ਮਹਿਲਾਵਾਂ ਲਈ ਹੈਲਥ ਸੇਵਾਵਾਂ, ਜਿਨ੍ਹਾਂ ਵਿੱਚ ਗਰਭਪਾਤ ਸਬੰਧੀ ਸੇਵਾਵਾਂ ਵੀ ਸ਼ਾਮਲ ਹੋਣਗੀਆਂ, ਯਕੀਨੀ ਬਣਾਉਣ ਲਈ ਉਹ 15 ਮਿਲੀਅਨ ਡਾਲਰ ਖਰਚ ਕਰਨਗੇ।

 

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …