ਨਵੇਂ ਕਾਨੂੰਨ ਬਣਾਉਣ ’ਚ ਲੱਗੀ ਕਈ ਲੋਕਾਂ ਦੀ ਮਿਹਨਤ : ਮੋਦੀ
ਚੰਡੀਗੜ੍ਹ/ਬਿਊਰੋ ਨਿਊਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚੇ ਸਨ। ਇਸੇ ਦੌਰਾਨ ਪੰਜਾਬ ਇੰਜੀਨੀਅਰਿੰਗ ਕਾਲਜ ਵਿਚ ਤਿੰਨ ਨਵੇਂ ਅਪਰਾਧਿਕ ਕਾਨੂੰਨਾਂ ਸੰਬੰਧੀ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੇਸ਼ ਵਿਕਸਤ ਭਾਰਤ ਦਾ ਸੰਕਲਪ ਲੈ ਕੇ ਅੱਗੇ ਵੱਧ ਰਿਹਾ ਹੈ ਤੇ ਨਵੇਂ ਕਾਨੂੰਨ ਬਣਾਉਣ ’ਚ ਕਈ ਲੋਕਾਂ ਦੀ ਮਿਹਨਤ ਲੱਗੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨਵੇਂ ਕਾਨੂੰਨਾਂ ਨੂੰ ਬਣਾਉਣ ਵਿਚ ਜੱਜਾਂ ਦੀ ਵੀ ਵੱਡੀ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਦੇਸ਼ ਨੂੰ ਅੰਗਰੇਜ਼ੀ ਕਾਨੂੰਨਾਂ ਤੋਂ ਮੁਕਤੀ ਮਿਲੀ ਹੈ। ਪੀਐਮ ਨੇ ਕਿਹਾ ਕਿ ਪਹਿਲਾਂ ਗਰੀਬ ਤੇ ਕਮਜ਼ੋਰ ਵਿਅਕਤੀ ਕਾਨੂੰਨ ਦੇ ਨਾਂਅ ਤੋਂ ਡਰਦਾ ਸੀ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਜ਼ੀਰੋ ਐਫ਼.ਆਈ.ਆਰ. ਨੂੰ ਵੀ ਕਾਨੂੰਨੀ ਰੂਪ ਮਿਲਿਆ ਹੈ ਤੇ ਇਸਦੀ ਕਾਪੀ ਪੀੜਤ ਨੂੰ ਦੇਣੀ ਹੋਵੇਗੀ। ਹੁਣ ਪੁਲਿਸ ਕਿਸੇ ਨੂੰ ਵੀ ਆਪਣੀ ਮਰਜ਼ੀ ਨਾਲ ਹਿਰਾਸਤ ਵਿਚ ਨਹੀਂ ਰੱਖ ਸਕੇਗੀ। ਇਸ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ 77 ਸਾਲਾਂ ਬਾਅਦ ਲੋਕਾਂ ਨੂੰ ਅਧਿਕਾਰ ਮਿਲੇ ਹਨ। ਉਨ੍ਹਾਂ ਕਿਹਾ ਕਿ ਹੁਣ ਕਿਸੇ ਵੀ ਕੇਸ ਵਿਚ ਤਿੰਨ ਸਾਲ ਦੇ ਅੰਦਰ ਹੀ ਨਿਆਂ ਮਿਲੇਗਾ ਤੇ ਸਾਰੇ ਨਵੇਂ ਅਪਰਾਧਿਕ ਕਾਨੂੰਨ ਲਾਗੂ ਕਰਨ ਵਿਚ ਚੰਡੀਗੜ੍ਹ ਨੰਬਰ ਇਕ ’ਤੇ ਆ ਗਿਆ ਹੈ।