Breaking News
Home / ਪੰਜਾਬ / ਲੁਧਿਆਣਾ ‘ਚ ਜ਼ਹਿਰੀਲੀ ਗੈਸ ਕਾਰਨ ਦੋ ਬੱਚਿਆਂ ਸਣੇ 11 ਵਿਅਕਤੀਆਂ ਦੀ ਮੌਤ

ਲੁਧਿਆਣਾ ‘ਚ ਜ਼ਹਿਰੀਲੀ ਗੈਸ ਕਾਰਨ ਦੋ ਬੱਚਿਆਂ ਸਣੇ 11 ਵਿਅਕਤੀਆਂ ਦੀ ਮੌਤ

ਜਾਨ ਗੁਆਉਣ ਵਾਲੇ ਵਿਅਕਤੀ ਤਿੰਨ ਪਰਿਵਾਰਾਂ ਨਾਲ ਸਬੰਧਤ; ਕਈ ਮਰੀਜ਼ ਹਸਪਤਾਲ ਵਿੱਚ ਜ਼ੇਰੇ ਇਲਾਜ
ਲੁਧਿਆਣਾ/ਬਿਊਰੋ ਨਿਊਜ਼ : ਲੁਧਿਆਣਾ ਦੇ ਸੰਘਣੀ ਵਸੋਂ ਵਾਲੇ ਗਿਆਸਪੁਰਾ ਇਲਾਕੇ ‘ਚ ਐਤਵਾਰ ਸਵੇਰੇ ਜ਼ਹਿਰੀਲੀ ਗੈਸ ਚੜ੍ਹਨ ਨਾਲ ਦੋ ਬੱਚਿਆਂ ਸਣੇ 11 ਵਿਅਕਤੀਆਂ ਦੀ ਮੌਤ ਹੋ ਗਈ। ਇਸ ਦੌਰਾਨ ਕਈ ਲੋਕ ਬਿਮਾਰ ਹੋ ਗਏ, ਜੋ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਂਜ ਸਥਾਨਕ ਪ੍ਰਸ਼ਾਸਨ ਨੂੰ ਅਜੇ ਤੱਕ ਗੈਸ ਲੀਕ ਹੋਣ ਦੇ ਸਰੋਤ ਬਾਰੇ ਪਤਾ ਨਹੀਂ ਲੱਗਾ। ਕੁਝ ਦਾ ਮੰਨਣਾ ਹੈ ਕਿ ਗੈਸ ਦੁਕਾਨ ਵਿਚ ਪਏ ਫਰਿੱਜ ਤੋਂ ਲੀਕ ਹੋਈ ਜਦੋਂਕਿ ਕੁਝ ਇਸ ਨੂੰ ਸੀਵਰੇਜ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੈਮੀਕਲ ਮਿਕਸ ਹੋਣ ਦੀ ਗੱਲ ਆਖ ਰਹੇ ਹਨ। ਜਿਨ੍ਹਾਂ 11 ਵਿਅਕਤੀਆਂ ਦੀ ਜਾਨ ਗਈ, ਉਹ ਤਿੰਨ ਪਰਿਵਾਰਾਂ ਨਾਲ ਸਬੰਧਤ ਹਨ। ਗੈਸ ਦਾ ਅਸਰ ਇੰਨਾ ਜ਼ਬਰਦਸਤ ਸੀ ਕਿ ਇਲਾਕੇ ਦੇ ਲੋਕ ਛੇ ਘੰਟੇ ਤੱਕ ਦਹਿਸ਼ਤ ਵਿੱਚ ਰਹੇ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੀਸੀਆਰ ਸਟਾਫ਼ ਮੌਕੇ ‘ਤੇ ਪੁੱਜਿਆ ਤਾਂ ਇਨ੍ਹਾਂ ਵਿੱਚੋਂ ਦੋ ਮੁਲਾਜ਼ਮ ਵੀ ਬੇਹੋਸ਼ ਹੋ ਗਏ। ਮੁਲਾਜ਼ਮਾਂ ਨੂੰ ਕੁਝ ਸਮਝ ਆਇਆ ਤਾਂ ਉਨ੍ਹਾਂ ਆਪਣੇ ਮੂੰਹ ਢੱਕ ਲਏ ਤੇ ਫੌਰੀ ਸਾਰਿਆਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ। ਗੈਸ ਲੀਕ ਬਾਰੇ ਪਤਾ ਲੱਗਦੇ ਹੀ ਐੱਨਡੀਆਰਐੰਫ਼, ਪੁਲਿਸ ਤੇ ਸਿਹਤ ਪ੍ਰਸ਼ਾਸਨ, ਨਗਰ ਨਿਗਮ ਦੀਆਂ ਟੀਮਾਂ ਨੇ ਸਾਂਝਾ ਆਪਰੇਸ਼ਨ ਸ਼ੁਰੂ ਕੀਤਾ। ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਵਾਰਿਸਾਂ ਨੂੰ 2-2 ਲੱਖ ਰੁਪਏ ਤੇ ਜ਼ਖਮੀਆਂ ਨੂੰ 5050 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਇਸ ਘਟਨਾ ਵਿੱਚ ‘ਆਰਤੀ ਕਲੀਨਿਕ’ ਦੇ ਨਾਂ ਨਾਲ ਦੁਕਾਨ ਚਲਾਉਣ ਵਾਲੇ ਡਾ.ਕਵਿਲਾਸ਼ ਨੇ ਆਪਣਾ ਪੂਰਾ ਪਰਿਵਾਰ ਗੁਆ ਦਿੱਤਾ ਹੈ। ਮ੍ਰਿਤਕਾਂ ਵਿੱਚ ਉਨ੍ਹਾਂ ਦੀ ਪਤਨੀ ਅਤੇ ਤਿੰਨ ਬੱਚੇ ਸ਼ਾਮਲ ਹਨ। ਮ੍ਰਿਤਕਾਂ ਵਿੱਚ ਡਾ.ਕਵਿਲਾਸ਼ (40), ਉਸ ਦੀ ਪਤਨੀ ਵਰਸ਼ਾ (35), ਪੁੱਤਰੀ ਕਲਪਨਾ (16), ਪੁੱਤਰ ਅਭੈ (12), ਆਰੀਅਨ ਨਰਾਇਣ (10), ਗੋਇਲ ਕਰਿਆਨਾ ਸਟੋਰ ਚਲਾਉਣ ਵਾਲੇ ਸੌਰਵ ਗੋਇਲ (35), ਉਸ ਦੀ ਪਤਨੀ ਪ੍ਰੀਤੀ (31), ਮਾਂ ਕਮਲੇਸ਼ ਗੋਇਲ (50), ਨਵਨੀਤ ਕੁਮਾਰ (39), ਉਸ ਦੀ ਪਤਨੀ ਨੀਤੂ ਦੇਵੀ (39) ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹਨ।
ਦੱਸ ਦੇਈਏ ਕਿ ਸ਼ਹਿਰ ਦੇ ਗਿਆਸਪੁਰਾ ਸਥਿਤ 33 ਫੁੱਟਾ ਰੋਡ ‘ਤੇ ਗੋਇਲ ਕੋਲ ਡਰਿੰਕ ਸਟੋਰ ਅਤੇ ਇਸ ਦੇ ਨਾਲ ਹੀ ਡਾ. ਕਵੀਲਾਸ਼ ਦਾ ਕਲੀਨਿਕ ਹੈ। ਕਲੀਨਿਕ ਦੇ ਨਾਲ ਦਾ ਘਰ ਨਵਨੀਤ ਕੁਮਾਰ ਦਾ ਹੈ।
ਜ਼ਹਿਰੀਲੀ ਗੈਸ ਦਾ ਅਸਰ ਸਵੇਰੇ ਕਰੀਬ ਸੱਤ ਵਜੇ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਗੋਇਲ ਕਰਿਆਨਾ ਸਟੋਰ ਦੇ ਮਾਲਕ ਸੌਰਵ ਗੋਇਲ ਨੂੰ ਸਾਹ ਲੈਣ ‘ਚ ਮੁਸ਼ਕਲ ਹੋਈ। ਇਸ ਤੋਂ ਬਾਅਦ ਰੌਲਾ ਪੈਣ ‘ਤੇ ਉਸ ਦਾ ਭਰਾ ਗੌਰਵ ਗੋਇਲ ਤੇ ਹੋਰ ਪਰਿਵਾਰ ਦੀ ਜ਼ਹਿਰੀਲੀ ਗੈਸ ਦੀ ਲਪੇਟ ‘ਚ ਆ ਗਿਆ। ਜਿਵੇਂ ਹੀ ਉਹ ਸਾਰੇ ਹੇਠਾਂ ਆਏ, ਉਹ ਬੇਹੋਸ਼ ਹੋ ਗਏ। ਨਵਨੀਤ ਕੁਮਾਰ ਅਤੇ ਉਸ ਦੀ ਪਤਨੀ ਹੇਠਾਂ ਡਿੱਗ ਗਏ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ਵਿੱਚ ਵੀ ਤਕਲੀਫ਼ ਹੋਈ। ਉਸ ਨੇ ਆਪਣੀ ਧੀ ਤੇ ਭਰਾ ਨੂੰ ਹੇਠਾਂ ਬੁਲਾਇਆ ਤਾਂ ਉਹ ਵੀ ਬੇਹੋਸ਼ ਹੋ ਗਏ। ਚਸ਼ਮਦੀਦਾਂ ਅਨੁਸਾਰ ਡਾ. ਕਵਿਲਾਸ਼ ਆਪਣਾ ਕਲੀਨਿਕ ਜਲਦੀ ਖੋਲ੍ਹਦਾ ਹੈ, ਉਸ ਦਾ ਘਰ ਵੀ ਦੁਕਾਨ ਦੇ ਉੱਪਰ ਹੈ। ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਜਦੋਂ ਪੂਰਾ ਪਰਿਵਾਰ ਹੇਠਾਂ ਵੱਲ ਭੱਜਿਆ ਤਾਂ ਉੱਥੇ ਹੀ ਸਾਰੇ ਬੇਹੋਸ਼ ਹੋ ਗਏ। ਗੈਸ ਦਾ ਅਸਰ ਵਧਣ ਲੱਗਾ ਤਾਂ ਸਥਾਨਕ ਲੋਕਾਂ ਨੇ ਇਸ ਦੀ ਸੂਚਨਾ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਦੇ ਹੀ ਪੀਸੀਆਰ ਮੁਲਾਜ਼ਮ ਉਥੇ ਪਹੁੰਚ ਗਏ। ਇਨ੍ਹਾਂ ਵਿੱਚੋਂ ਸਾਵਨ ਕੁਮਾਰ ਲੋਕਾਂ ਨੂੰ ਬਚਾਉਣ ਲਈ ਅੱਗੇ ਵਧਿਆ ਤਾਂ ਉਹ ਵੀ ਬੇਹੋਸ਼ ਹੋ ਗਿਆ। ਮੁਲਾਜ਼ਮਾਂ ਨੂੰ ਸਮਝ ਲੱਗੀ ਤਾਂ ਉਨ੍ਹਾਂ ਆਪਣੇ ਮੂੰਹ ਕੱਪੜੇ ਨਾਲ ਢੱਕ ਲਏ। ਉਨ੍ਹਾਂ ਬੇਸੁਰਤ ਲੋਕਾਂ ਨੂੰ ਗੱਡੀ ‘ਚ ਬਿਠਾ ਕੇ ਹਸਪਤਾਲ ਪਹੁੰਚਾਇਆ ਤੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਹਸਪਤਾਲ ਵਿੱਚ ਇਨ੍ਹਾਂ ਵਿੱਚੋਂ 11 ਜਣਿਆਂ ਦੀ ਮੌਤ ਹੋ ਗਈ। ਹਾਦਸੇ ਦੀ ਸੂਚਨਾ ਮਿਲਦੇ ਹੀ ਐੱਸਐੱਚਓ ਤੇ ਏਸੀਪੀ ਰੈਂਕ ਦੇ ਅਧਿਕਾਰੀ ਉਥੇ ਪਹੁੰਚ ਗਏ ਸਨ।
ਪੰਜਾਬ ਸਰਕਾਰ ਵਲੋਂ 2-2 ਲੱਖ ਦੀ ਸਹਾਇਤਾ ਦਾ ਐਲਾਨ
ਹਾਦਸੇ ਦੌਰਾਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ/ ਰਿਸ਼ਤੇਦਾਰਾਂ ਨਾਲ ਹਮਦਰਦੀ ਪ੍ਰਗਟ ਕਰਨ ਲਈ ਘਟਨਾ ਸਥਾਨ ‘ਤੇ ਸਿਹਤ ਮੰਤਰੀ ਡਾ: ਬਲਵੀਰ ਸਿੰਘ ਉਚੇਚੇ ਤੌਰ ‘ਤੇ ਪਹੁੰਚੇ। ਇਸ ਦੌਰਾਨ ਸਿਹਤ ਮੰਤਰੀ ਨੇ ਸ਼ਹਿਰ ਦੇ ਵੱਖ-ਵੱਖ ਹਸਪਤਾਲਾਂ ਵਿਚ ਜ਼ੇਰੇ ਇਲਾਜ ਗੈਸ ਪੀੜਤਾਂ ਦਾ ਹਾਲ ਚਾਲ ਪੁੱਛਿਆ। ਸਿਵਲ ਹਸਪਤਾਲ ਵਿਚ ਮਰੀਜ਼ਾਂ ਦਾ ਹਾਲ ਚਾਲ ਪੁੱਛਣ ਉਪਰੰਤ ਉਨ੍ਹਾਂ ਦੱਸਿਆ ਕਿ ਗੈਸ ਨਾਲ ਵਾਪਰੀ ਦੁਰਘਟਨਾ ਨੂੰ ਲੈ ਕੇ ਜਾਂਚ ਸ਼ੁਰੂ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਗੈਸ ਦੁਰਘਟਨਾ ਦੇ ਸ਼ਿਕਾਰ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਏ ਜਦਕਿ ਜ਼ੇਰੇ ਇਲਾਜ ਪੀੜਤਾਂ ਨੂੰ 50-50 ਹਜ਼ਾਰ ਰੁਪਏ ਸਹਾਇਤਾ ਦਿੱਤੀ ਜਾਵੇਗੀ।
ਡੀਸੀ ਵੱਲੋਂ ਮੈਜਿਸਟਰੇਟੀ ਜਾਂਚ ਦੇ ਹੁਕਮ
ਡਿਪਟੀ ਕਮਿਸ਼ਨਰ ਸੁਰਭੀ ਮਲਿਕ ਨੇ ਗਿਆਸਪੁਰਾ ਗੈਸ ਲੀਕ ਮਾਮਲੇ ਦੀ ਮੈਜਿਸਟਰੇਟੀ ਜਾਂਚ ਦੇ ਹੁਕਮ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਲਦ ਹੀ ਮਾਮਲੇ ਦੀ ਜਾਂਚ ਕਰਕੇ ਆਰੋਪੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਏਗੀ।
ਉਨ੍ਹਾਂ ਕਿਹਾ ਕਿ ਐੱਨਡੀਆਰਐੱਫ ਟੀਮਾਂ ਵੱਲੋਂ ਕੀਤੀ ਗਈ ਜਾਂਚ ਦੌਰਾਨ ਏਅਰ ਕੁਆਲਿਟੀ ਸੈਂਸਰਾਂ ਵਿੱਚ ਹਾਈਡਰੋਜਨ ਸਲਫਾਈਡ ਗੈਸ ਦੇ ਉੱਚ ਪੱਧਰ ਦਾ ਪਤਾ ਲੱਗਾ ਹੈ। ਹਾਲਾਂਕਿ ਅਜੇ ਇਹ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਸੇ ਗੈਸ ਕਾਰਨ ਇਹ ਘਟਨਾ ਵਾਪਰੀ ਹੈ।

Check Also

ਪੰਜਾਬ ਤੇ ਚੰਡੀਗੜ੍ਹ ਦੇ ਸੰਸਦ ਮੈਂਬਰਾਂ ਨੇ ਮਾਂ ਬੋਲੀ ਪੰਜਾਬੀ ’ਚ ਚੁੱਕੀ ਸਹੁੰ

ਦੀਪਕ ਸ਼ਰਮਾ ਚਨਾਰਥਲ ਨੇ 14 ਸੰਸਦ ਮੈਂਬਰਾਂ ਨੂੰ ਚਿੱਠੀ ਲਿਖ ਮਾਂ ਬੋਲੀ ’ਚ ਸਹੁੰ ਚੁੱਕਣ …