ਕੋਰੀਡੋਰ ਖੁੱਲ੍ਹਣ ਦੀ ਚੌਥੀ ਵਰ੍ਹੇਗੰਢ ਮੌਕੇ ਪਾਕਿ ਸਰਕਾਰ ਭਾਰਤੀ ਸ਼ਰਧਾਲੂਆਂ ਨੂੰ ਦੇ ਸਕਦੀ ਹੈ ਤੋਹਫ਼ਾ
ਅੰਮਿ੍ਰਤਸਰ/ਬਿਊਰੋ ਨਿਊਜ਼ : ਕਰਤਾਰਪੁਰ ਕੋਰੀਡੋਰ ਦੇ ਉਦਘਾਟਨ ਦੀ ਚੌਥੀ ਵਰ੍ਹੇਗੰਢ ਤੋਂ ਪਹਿਲਾਂ ਪਾਕਿਸਤਾਨ ਸਰਕਾਰ ਅਤੇ ਕਰਤਾਰਪੁਰ ਪ੍ਰੋਜੈਕਟ ਮੈਨੇਜਮੈਂਟ ਯੂਨਿਟ ਭਾਰਤੀ ਸ਼ਰਧਾਲੂਆਂ ਨੂੰ ਤੋਹਫ਼ਾ ਦੇਣ ਦੀ ਤਿਆਰੀ ਕਰ ਰਿਹਾ ਹੈ। ਪ੍ਰੋਜੈਕਟ ਮੈਨੇਜਮੈਂਟ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ’ਚ ਬਣੇ ਗੁਰਦੁਆਰਾ ਸ੍ਰੀ ਕਰਤਾਪੁਰ ਸਾਹਿਬ ’ਚ ਰਾਤ ਰੁਕਣ ਦੀ ਆਗਿਆ ਦੇਣ ਜਾਂ ਉਨ੍ਹਾਂ ਦੇ ਰੁਕਣ ਦੀ ਸਮਾਂ ਸੀਮਾ ’ਚ ਸੋਧ ਕਰਨ ਦੀ ਪਲਾਨਿੰਗ ਕਰ ਰਿਹਾ ਹੈ। ਇਸ ਪ੍ਰਸਤਾਵ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਦੁਆਰਾ ਸਾਹਿਬ ’ਚ ‘ਅੰਮਿ੍ਰਤ ਵੇਲਾ ਅਤੇ ਸ਼ਾਮ ਦੀ ਅਰਦਾਸ’ ਸਮੇਂ ਸ਼ਰਧਾਲੂ ਮੌਜੂਦ ਰਹਿ ਸਕਣਗੇ। ਪ੍ਰੋਜੈਕਟ ਮੈਨੇਜਮੈਂਟ ਯੂਨਿਟ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਈਓ ਮੁਹੰਮਦ ਆਫਤਾਬ ਕੁਰੇਸ਼ੀ ਅਨੁਸਾਰ ਜ਼ਿਆਦਾਤਰ ਸ਼ਰਧਾਲੂਆਂ ਨੇ ਉਨ੍ਹਾਂ ਦੇ ਵਿਚਾਰ ’ਤੇ ਆਪਣੀ ਤਸੱਲੀ ਪ੍ਰਗਟਾਈ ਹੈ। ਪ੍ਰੰਤੂ ਹਾਲੇ ਤੱਕ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਆਉਣ ਵਾਲੇ ਸ਼ਰਧਾਲੂ ਸਮੇਂ ਦੀ ਪਾਬੰਦੀ ਕਾਰਨ ਸਵੇਰੇ ਜਾਂ ਸ਼ਾਮ ਦੀ ਅਰਦਾਸ ਵਿਚ ਹਿੱਸਾ ਨਹੀਂ ਲੈ ਪਾਉਂਦੇ। ਪ੍ਰੋਜੈਕਟ ਮੈਨੇਜਮੈਂਟ ਯੂਨਿਟ ਨੇ ਆਪਣਾ ਪ੍ਰਸਤਾਵ ਪਾਕਿਸਤਾਨ ਸਰਕਾਰ ਨੂੰ ਸੌਂਪ ਦਿੱਤਾ ਹੈ। ਜਿਸ ’ਚ ਭਾਰਤੀ ਸ਼ਰਧਾਲੂਆਂ ਦੇ ਲਈ ਰਾਤ ਰੁਕਣ ਦੀ ਆਗਿਆ ਦੇਣ ਜਾਂ ਸ਼ਰਧਾਲੂਆਂ ਦੇ ਪ੍ਰੋਗਰਾਮ ’ਚ ਬਦਲਾਅ ਕਰਨ ’ਤੇ ਵਿਚਾਰ ਕਰਨ ਦੀ ਬੇਨਤੀ ਕੀਤੀ ਗਈ। ਜਿਸ ਤੋਂ ਬਾਅਦ ਸਵੇਰੇ ਅਤੇ ਸ਼ਾਮ ਸਮੇਂ ਦੀ ਅਰਦਾਸ ਜਾਂ ਇਨ੍ਹਾਂ ਦੋਵਾਂ ਵਿਚੋਂ ਇਕ ਅਰਦਾਸ ’ਚ ਭਾਰਤੀ ਸ਼ਰਧਾਲੂ ਹਿੱਸਾ ਲੈ ਸਕਣਗੇ।