ਪੰਜਾਬ ਤਕਨੀਕੀ ਸਿੱਖਿਆ ਬੋਰਡ ਨੂੰ ਦਿੱਤੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਵਿਭਾਗ ਵੱਲੋਂ ਕਰਵਾਈ ਗਈ ਜਾਂਚ ਦੌਰਾਨ ਲਹਿਰਾਗਾਗਾ ਦੇ ਫਾਰਮੇਸੀ ਕਾਲਜਾਂ ਵਿਚ ਵਿਦਿਆਰਥੀਆਂ ਤੋਂ ਪੈਸੇ ਲੈ ਕੇ ਸਮੂਹਿਕ ਨਕਲ ਕਰਾਉਣ ਦਾ ਮਾਮਲਾ ਸਾਹਮਣੇ ਆਇਆ ਹੈ।ઠਵਿਭਾਗ ਦੇ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਇਸ ਮਾਮਲੇ ਵਿਚ ਸ਼ਾਮਲ ਸੰਸਥਾਵਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਸਕੱਤਰ ਤੋਂ ਪੜਤਾਲ ਰਿਪੋਰਟ ਮੰਗੀ ਗਈ ਸੀ। ਇਨ੍ਹਾਂ ਕਾਲਜਾਂ ਦੇ ਪੇਪਰ ਚੈੱਕ ਹੋਣ ਵਾਸਤੇ ਸਰਕਾਰੀ ਬਹੁ-ਤਕਨੀਕੀ ਕਾਲਜ (ਲੜਕੀਆਂ) ਪਟਿਆਲਾ ਵਿਚ ਭੇਜੇ ਗਏ ਸਨ, ਇਸ ਲਈ ਉੱਥੋਂ ਵੀ ਰਿਪੋਰਟ ਮੰਗੀ ਗਈ ਸੀ।ઠਪ੍ਰੀਖਿਆ ਵਿਚ ਵਿਦਿਆਰਥੀਆਂ ਦੀਆਂ ਉੱਤਰ ਕਾਪੀਆਂ ਚੈੱਕ ਕਰਨ ‘ਤੇ ਪਾਇਆ ਗਿਆ ਹੈ ਕਿ ਸਾਰੇ ਵਿਦਿਆਰਥੀਆਂ ਦੀਆਂ ਉੱਤਰ ਕਾਪੀਆਂ ਅੱਖਰ-ਅੱਖਰ ਆਪਸ ਵਿਚ ਮਿਲਦੀਆਂ ਹਨ। ਵਰਮਾ ਨੇ ਦੱਸਿਆ ਕਿ ਪ੍ਰਾਪਤ ਰਿਪੋਰਟਾਂ ਵਿਚ ਸਪਸ਼ਟ ਕਿਹਾ ਗਿਆ ਹੈ ਕਿ 7 ਕਾਲਜਾਂ ਵਿਨਾਇਕਾ ਕਾਲਜ ਆਫ ਫਾਰਮੇਸੀ ਲਹਿਰਾਗਾਗਾ, ਆਰੀਆ ਭੱਟ ਕਾਲਜ ਆਫ ਫਾਰਮੇਸੀ ਸੰਗਰੂਰ, ਮਾਡਰਨ ਕਾਲਜ ਆਫ ਫਾਰਮੇਸੀ ਸੰਗਰੂਰ, ਵਿਦਿਆ ਸਾਗਰ ਪੈਰਾਮੈਡੀਕਲ ਕਾਲਜ ਲਹਿਰਾਗਾਗਾ, ਮਹਾਰਾਜਾ ਅਗਰਸੇਨ ਇੰਸਟੀਚਿਊਟ ਆਫ ਫਾਰਮੇਸੀ ਲਹਿਰਾਗਾਗਾ, ਲਾਰਡ ਕ੍ਰਿਸ਼ਨਾ ਕਾਲਜ ਆਫ ਫਾਰਮੇਸੀ ਲਹਿਰਾਗਾਗਾ ਅਤੇ ਕ੍ਰਿਸ਼ਨਾ ਕਾਲਜ ਆਫ ਫਾਰਮੇਸੀ ਲਹਿਰਾਗਾਗਾ ਵਿਚ ਸਤੰਬਰ, ਅਕਤੂਬਰ 2020 ਵਿਚ ਹੋਈਆਂ ਪ੍ਰੀਖਿਆਵਾਂ ਦੌਰਾਨ ਸਮੂਹਿਕ ਨਕਲ ਹੋਈ ਹੈ। ਇਸ ਮਾਮਲੇ ਵਿਚ ਫਲਾਇੰਗ ਸਕਵੈਡ ਦੇ ਇੰਚਾਰਜ ਸਰਕਾਰੀ ਬਹੁ-ਤਕਨੀਕੀ ਕਾਲਜ ਬਰੇਟਾ ਦੇ ਪ੍ਰਿੰਸੀਪਲ ਨਵਨੀਤ ਵਾਲੀਆ ਅਤੇ ਸੈਕਸ਼ਨ ਅਫਸਰ ਅਨਿਲ ਕੁਮਾਰ ਨੂੰ ਵੀ ਚਾਰਜਸ਼ੀਟ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੰਸਥਾਵਾਂ ਨੇ ਰਾਜ ਵਿਚ ਦਿੱਤੀ ਜਾ ਰਹੀ ਤਕਨੀਕੀ ਸਿੱਖਿਆ ਦੇ ਅਕਸ ਨੂੰ ਭਾਰੀ ਢਾਅ ਲਾਈ ਹੈ। ਇਨ੍ਹਾਂ ਸੰਸਥਾਵਾਂ ਦੀ ਮਾਨਤਾ ਰੱਦ ਕਰਨ ਵਾਸਤੇ ਇਕ ਹਫ਼ਤੇ ਦੇ ਅੰਦਰ-ਅੰਦਰ ਨੋਟਿਸ ਜਾਰੀ ਕਰਨ ਲਈ ਤਕਨੀਕੀ ਸਿੱਖਿਆ ਬੋਰਡ ਨੂੰ ਨਿਰਦੇਸ਼ ਦਿੱਤੇ ਗਏ ਹਨ। ਵਰਮਾ ਨੇ ਦੱਸਿਆ ਕਿ ਬੋਰਡ ਨੂੰ ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਇਨ੍ਹਾਂ ਸੰਸਥਾਵਾਂ ਵਿਚ ਸਤੰਬਰ ਅਕਤੂਬਰ 2020 ਵਿਚ ਹੋਈਆਂ ਪ੍ਰੀਖਿਆਵਾਂ ਨੂੰ ਕੈਂਸਲ ਕਰਦੇ ਹੋਏ ਵਿਦਿਆਰਥੀਆਂ ਦੀ ਦੁਬਾਰਾ ਪ੍ਰੀਖਿਆ ਲਈ ਜਾਵੇ। ਇਹ ਪ੍ਰੀਖਿਆਵਾਂ ਸੀਸੀਟੀਵੀ ਦੀ ਨਿਗਰਾਨੀ ਹੇਠ ਕਰਵਾਈਆਂ ਜਾਣ ਅਤੇ ਇਸ ਦੀ ਰਿਕਾਰਡਿੰਗ ਤੁਰੰਤ ਪ੍ਰਾਪਤ ਕਰਕੇ ਰਿਕਾਰਡ ਵਿੱਚ ਰੱਖੀ ਜਾਵੇ।
Check Also
ਮੁੱਖ ਮੰਤਰੀ ਭਗਵੰਤ ਮਾਨ ਨੇ ਮੰਚ ਤੋਂ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਕੀਤੀ ਤਾਰੀਫ਼
ਕਿਹਾ : ਰਾਜਪਾਲ ਦੇ ਚੰਗੇ ਤਜ਼ਰਬੇ ਦਾ ਸਾਡੀ ਸਰਕਾਰ ਨੂੰ ਮਿਲ ਰਿਹਾ ਹੈ ਫਾਇਦਾ ਚੰਡੀਗੜ੍ਹ/ਬਿਊਰੋ …