Breaking News
Home / ਪੰਜਾਬ / ਮੌੜ ਧਮਾਕੇ ‘ਚ ਵਰਤੀ ਗਈ ਮਾਰੂਤੀ ਕਾਰ ਡੇਰਾ ਸਿਰਸਾ ‘ਚੋਂ ਰਾਤੋ-ਰਾਤ ਹੋਈ ਸੀ ਗਾਇਬ

ਮੌੜ ਧਮਾਕੇ ‘ਚ ਵਰਤੀ ਗਈ ਮਾਰੂਤੀ ਕਾਰ ਡੇਰਾ ਸਿਰਸਾ ‘ਚੋਂ ਰਾਤੋ-ਰਾਤ ਹੋਈ ਸੀ ਗਾਇਬ

ਮਾਰੂਤੀ ਕਾਰ ਨੂੰ ਰੰਗ ਰੋਗਨ ਕਰਕੇ ਇਕ ਹਫਤੇ ‘ਚ ਕੀਤਾ ਗਿਆ ਸੀ ਤਿਆਰ
ਬਠਿੰਡਾ/ਬਿਊਰੋ ਨਿਊਜ਼ : ਮੌੜ ਬੰਬ ਧਮਾਕੇ ਵਿਚ ਵਰਤੀ ਗਈ ‘ਮਾਰੂਤੀ ਕਾਰ’ ਡੇਰਾ ਸਿਰਸਾ ਵਿਚੋਂ ਰਾਤੋ-ਰਾਤ ਗਾਇਬ ਹੋਈ ਸੀ ਜਿਸ ਕਰਕੇ ਪੁਲਿਸ ਜਾਂਚ ਉਲਝੀ ਹੋਈ ਹੈ। ਡੇਰਾ ਮੁਖੀ ਦੀ ਵੀਆਈਪੀ ਵਰਕਸ਼ਾਪ ਦੇ ਗਰੀਨ ਗੇਟ ਅੰਦਰ ਇਹ ਕਾਰ ਖੜ੍ਹੀ ਕੀਤੀ ਹੋਈ ਸੀ। ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕੀਤੇ ਚਾਰ ਗਵਾਹ ਖੁਦ ਸ਼ਸ਼ੋਪੰਜ ਵਿਚ ਸਨ। ਅਹਿਮ ਸੂਤਰਾਂ ਅਨੁਸਾਰ ਇਨ੍ਹਾਂ ਗਵਾਹਾਂ ਵਿਚੋਂ ਵਰਕਸ਼ਾਪ ਦੇ ਪੇਂਟਰ ਅਤੇ ਡੈਂਟਰ ਨੇ ਇਹੋ ਖ਼ੁਲਾਸਾ ਕੀਤਾ ਹੈ ਕਿ ਵਰਕਸ਼ਾਪ ਇੰਚਾਰਜ ਗੁਰਤੇਜ ਕਾਲਾ ਦੀ ਹਦਾਇਤ ‘ਤੇ ਮਾਰੂਤੀ ਕਾਰ ਨੂੰ ਰੰਗ-ਰੋਗਨ ਕਰਕੇ ਉਨ੍ਹਾਂ ਇਕ ਹਫ਼ਤੇ ਵਿਚ ઠਤਿਆਰ ਕੀਤਾ ਸੀ। ਉਸ ਮਗਰੋਂ ਦੋ ਦਿਨ ਇਹ ਕਾਰ ਵਰਕਸ਼ਾਪ ਵਿੱਚ ਖੜ੍ਹੀ ਰਹੀ। ਉਹ ਦੇਰ ਸ਼ਾਮ ਵਰਕਸ਼ਾਪ ਵਿਚ ਕਾਰ ਨੂੰ ਛੱਡ ਕੇ ਗਏ ਸਨ ਅਤੇ ਜਦੋਂ ਸਵੇਰੇ ਆਏ ਤਾਂ ਕਾਰ ਉਥੋਂ ਗਾਇਬ ਸੀ।ઠਪੁਲਿਸ ਟੀਮ ਦੀ ਨਜ਼ਰ ਗੁਰਤੇਜ ਕਾਲਾ ‘ਤੇ ਹੈ ਅਤੇ ਮਾਮਲੇ ਦਾ ਭੇਤ ਰੱਖਣ ਲਈ ਗੱਡੀ ਉਦੋਂ ਵਰਕਸ਼ਾਪ ਵਿਚੋਂ ਬਾਹਰ ਕੱਢੀ ਗਈ ਜਦੋਂ ਵਰਕਸ਼ਾਪ ਦਾ ਸਾਰਾ ਸਟਾਫ ਜਾ ਚੁੱਕਾ ਸੀ। ਸੂਤਰ ਦੱਸਦੇ ਹਨ ਕਿ ਧਮਾਕੇ ਤੋਂ ਦੋ ਦਿਨ ਪਹਿਲਾਂ ਕਾਰ ਮੌੜ ਇਲਾਕੇ ਵਿਚ ਪੁੱਜ ਗਈ ਸੀ। ਪੁਲਿਸ ਨੇ ਹੁਣ ਸਾਰੀ ਤਾਕਤ ਪਿੰਡ ਆਲੀਕੇ (ਡਬਵਾਲੀ) ਨੂੰ ਫੜਨ ‘ਤੇ ਝੋਕ ਦਿੱਤੀ ਹੈ।
ਪੁਲਿਸ ਅਫ਼ਸਰ ਆਸਵੰਦ ਹਨ ਕਿ ਸਾਰਾ ਮਾਮਲਾ ਇਕ ਹਫ਼ਤੇ ਵਿੱਚ ਸੁਲਝਾ ਲਿਆ ਜਾਵੇਗਾ। ਪੁਲਿਸ ਟੀਮਾਂ ਨੇ ਡੇਰਾ ਮੁਖੀ ਦੇ ਪਿੰਡ ਗੁਰੂਸਰ ਮੋੜੀਆਂ (ਰਾਜਸਥਾਨ) ਵਿੱਚ ਗੁਰਤੇਜ ਕਾਲਾ ਦੀ ਭੈਣ ਦੇ ਘਰ ਮੁੜ ਛਾਪਾ ਮਾਰਿਆ। ਡਬਵਾਲੀ ਤੋਂ ਕਾਲਾ ਦੇ ਨੇੜਲੇ ਰਿਸ਼ਤੇਦਾਰ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਪੁਲਿਸ ਹੁਣ ਗੁਰਤੇਜ ਕਾਲਾ ਨੂੰ ਫੜਨ ਲਈ ਦਬਾਅ ਦੀ ਨੀਤੀ ਅਪਣਾ ਰਹੀ ਹੈ ਅਤੇ ਆਪਣੇ ਸੂਹੀਏ ਹਰਿਆਣਾ ਅਤੇ ਰਾਜਸਥਾਨ ਵਿੱਚ ਤਾਇਨਾਤ ਕਰ ਦਿੱਤੇ ਹਨ। ਉਨ੍ਹਾਂ ਵੱਲੋਂ ਕਾਲਾ ਦੇ ਨੇੜਲੇ ਅਤੇ ਦੂਰ ਦੇ ਰਿਸ਼ਤੇਦਾਰਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਪੁਲਿਸ ਨੂੰ ਇਹ ਵੀ ਸ਼ੱਕ ਹੈ ਕਿ ਗੁਰਤੇਜ ਕਾਲਾ ਅਤੇ ਅਮਰੀਕ ਸਿੰਘ ਉਤਰਾਖੰਡ ਜਾਂ ਯੂਪੀ ਵਿੱਚ ਛੁਪੇ ਹੋ ਸਕਦੇ ਹਨ। ਜ਼ਿਕਰਯੋਗ ਹੈ ਕਿ 31 ਜਨਵਰੀ 2017 ਨੂੰ ਚੋਣਾਂ ਵੇਲੇ ਮੌੜ ਮੰਡੀ ਵਿੱਚ ਬੰਬ ਧਮਾਕਾ ਹੋਇਆ ਸੀ ਜਿਸ ਵਿੱਚ ਸੱਤ ਜਾਨਾਂ ਚਲੀਆਂ ਗਈਆਂ ਸਨ।
ਬੇਅਦਬੀ ਕੇਸਾਂ ਦੀ ਤੰਦ ਡੇਰਾ ਸਿਰਸਾ ਨਾਲ ਜੁੜੇ ਹੋਣ ਦਾ ਸ਼ੱਕ
ਸੂਤਰ ਦੱਸਦੇ ਹਨ ਕਿ ਪੁਲਿਸ ਬੇਅਦਬੀ ਕੇਸਾਂ ਦੇ ਸਬੰਧ ਵਿੱਚ ਵੀ ਡੇਰਾ ਸਿਰਸਾ ‘ਤੇ ਉਂਗਲ ਖੜ੍ਹੀ ਕਰਨ ਲੱਗੀ ਹੈ। ਪੁਲਿਸ ਟੀਮ ਦਾ ਸ਼ੱਕ ਹੈ ਕਿ ਬੇਅਦਬੀ ਮਾਮਲਿਆਂ ਦੀ ਤੰਦ ਵੀ ਗੁਰਤੇਜ ਕਾਲਾ ਦੀ ਗ੍ਰਿਫ਼ਤਾਰੀ ਨਾਲ ਸੁਲਝ ਸਕਦੀ ਹੈ। ਸੂਤਰ ਆਖਦੇ ਹਨ ਕਿ ਬਾਦਲ ਪਰਿਵਾਰ ਵੀ ਇਸ ਜਾਂਚ ਨੂੰ ਨੇੜਿਉਂ ਦੇਖ ਰਿਹਾ ਹੈ। ਬਾਦਲ ਪਰਿਵਾਰ ਦੇ ਨੇੜਲੇ ਦੋ ਅਫ਼ਸਰ ਵੀ ਇਸ ਜਾਂਚ ਨਾਲ ਜੁੜੇ ਹੋਏ ਹਨ। ਪੁਲਿਸ ਡੇਰਾ ਸਿਰਸਾ ਦੀ ਅੰਦਰਲੀ ਸਿਆਸਤ ਨੂੰ ਵੀ ਘੋਖ ਰਹੀ ਹੈ। ਡੇਰੇ ਅੰਦਰ ਇਕ ਅਜਿਹਾ ਗਰੁੱਪ ਸੀ ਜੋ ਡੇਰਾ ਮੁਖੀ ਦੇ ਲੜਕੇ ਦੇ ਰਾਹ ਨੂੰ ਰੋਕਣਾ ਚਾਹੁੰਦਾ ਸੀ। ਜਦੋਂ ਡੀਆਈਜੀ ਰਣਬੀਰ ਖੱਟੜਾ ਨਾਲ ਇਸ ਬਾਬਤ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਫੋਨ ਨਹੀਂ ਚੁੱਕਿਆ।

ਪੰਜਾਬ ਪੁਲਿਸ ਨੇ ਡੇਰਾ ਸਿਰਸਾ ਦੀ ਕੀਤੀ ਗੁਪਤ ਘੇਰਾਬੰਦੀ
ਮੌੜ ਬੰਬ ਧਮਾਕੇ ਦੇ ਮੁੱਖ ਸ਼ੱਕੀ ਮੁਲਾਜ਼ਮ ਗੁਰਤੇਜ ਕਾਲਾ ਦੇ ਛੁਪੇ ਹੋਣ ਦਾ ਸ਼ੱਕ
ਬਠਿੰਡਾ : ਪੰਜਾਬ ਪੁਲਿਸ ਨੇ ਡੇਰਾ ਸਿਰਸਾ ਦੀ ‘ਗੁਪਤ ਘੇਰਾਬੰਦੀ’ ਕਰ ਲਈ ਹੈ, ਜਿਸ ਵਿੱਚ ਮੌੜ ਬੰਬ ਧਮਾਕੇ ਦੇ ਮੁੱਖ ਸ਼ੱਕੀ ਮੁਲਜ਼ਮ ਗੁਰਤੇਜ ਕਾਲਾ ਦੇ ਛੁਪੇ ਹੋਣ ਦਾ ਸ਼ੱਕ ਹੈ। ਪੁਲਿਸ ਨੇ ਪਿਛਲੇ ਦਿਨਾਂ ਤੋਂ ਉਸ ਦੀ ਪੈੜ ਨੱਪਣੀ ਸ਼ੁਰੂ ਕੀਤੀ ਸੀ। ਫਾਜ਼ਿਲਕਾ ਤੋਂ ਇਹ ਪੈੜ ਡੇਰਾ ਸਿਰਸਾ ਅੰਦਰ ਤੱਕ ਪੁੱਜੀ, ਜਿਸ ਮਗਰੋਂ ਇਸ ਦੀ ਨਿਸ਼ਾਨਦੇਹੀ ਕਰਨ ਵਾਲਾ ਮੋਬਾਈਲ ਬੰਦ ਹੋ ਗਿਆ। ਵਿਸ਼ੇਸ਼ ਜਾਂਚ ਟੀਮ ਦੇ ਮੈਂਬਰਾਂ ਵੱਲੋਂ ਡੇਰਾ ਸਿਰਸਾ ਵਿਚ ਲੁਕੇ ਗੁਰਤੇਜ ਕਾਲਾ ਨੂੰ ਬਾਹਰ ਕੱਢਣ ਲਈ ਗੁਪਤ ਘੇਰਾ ਪਾਇਆ ਗਿਆ ਹੈ ਅਤੇ ਰਣਨੀਤੀ ਘੜੀ ਜਾ ਰਹੀ ਹੈ। ਪੁਲਿਸ ਡੇਰੇ ਅੰਦਰ ਜਾਣ ਤੋਂ ਡਰ ਰਹੀ ਹੈ ਜਿਸ ਕਰਕੇ ਸੂਹੀਏ ਤਿਆਰ ਕਰ ਕੇ ਡੇਰੇ ਅੰਦਰ ਰਾਤ ਸਮੇਂ ਭੇਜਣ ਦੀ ਯੋਜਨਾ ਹੈ। ਅਹਿਮ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਕੁਝ ਡੇਰਾ ਪ੍ਰੇਮੀਆਂ ਦੀਆਂ ਸੇਵਾਵਾਂ ਵੀ ਲਈਆਂ ਜਾ ਰਹੀਆਂ ਹਨ। ਦੱਸਣਯੋਗ ਹੈ ਕਿ ਮੌੜ ਬੰਬ ਧਮਾਕੇ ਸਬੰਧੀ ਚਾਰ ਗਵਾਹਾਂ ਨੇ ਤਲਵੰਡੀ ਸਾਬੋ ਦੀ ਅਦਾਲਤ ਵਿੱਚ ਬਿਆਨ ਕਲਮਬੰਦ ਕਰਵਾਏ ਸਨ ਜਿਸ ਵਿੱਚ ਉਨ੍ਹਾਂ ਡੇਰਾ ਸਿਰਸਾ ਦੀ ਵਰਕਸ਼ਾਪ ਦੇ ਇੰਚਾਰਜ ਗੁਰਤੇਜ ਕਾਲਾ ‘ਤੇ ਉਂਗਲ ਉਠਾਈ ਸੀ ਕਿ ਉਸ ਵੱਲੋਂ ‘ਮਾਰੂਤੀ ਕਾਰ’ ਤਿਆਰ ਕਰਵਾਈ ਗਈ ਸੀ। ਮੌੜ ਧਮਾਕੇ ਵਿੱਚ ਜੋ ਮਾਰੂਤੀ ਕਾਰ ਵਰਤੀ ਗਈ, ਉਸ ਦਾ ਰੰਗ ਰੋਗਨ ਵੀ ਡੇਰਾ ਵਰਕਸ਼ਾਪ ਵਿਚ ਹੋਣ ਦੀ ਗੱਲ ਆਖੀ ਜਾ ਰਹੀ ਹੈ। ਪੁਲਿਸ ਨੂੰ ਗੁਰਤੇਜ ਕਾਲਾ ਤੋਂ ઠਇਲਾਵਾ ਅਮਰੀਕ ਸਿੰਘ ਅਤੇ ਅਵਤਾਰ ਤਾਰੀ ‘ਤੇ ਸਿੱਧਾ ਸ਼ੱਕ ਹੈ। ਪੁਲਿਸ ਨੂੰ ਦੋ ਦਿਨ ਪਹਿਲਾਂ ਟੈਕਨੀਕਲ ਇਨਪੁਟ ਹੱਥ ਲੱਗ ਗਏ ਸਨ ਜਿਨ੍ਹਾਂ ਤੋਂ ਰਾਹ ਮਿਲਣ ਲੱਗਾ ਸੀ।ਪੁਲਿਸ ਅਫ਼ਸਰਾਂ ਮੁਤਾਬਕ ਗੁਰਤੇਜ ਕਾਲਾ ਦੇ ਸਿਰਸਾ ਵਿੱਚ ਹੋਣ ਦੇ ਕੁਝ ਟੈਕਨੀਕਲ ਇਸ਼ਾਰੇ ਮਿਲੇ ਸਨ, ਪਰ ਡੇਰੇ ਵਿੱਚ ਕਾਲੇ ਦੇ ਛੁਪੇ ਹੋਣ ਦੀ ਅਟਕਲ ਵੀ ਹੋ ਸਕਦੀ ਹੈ। ਸੂਤਰ ਦੱਸਦੇ ਹਨ ਕਿ ਗੁਰਤੇਜ ਕਾਲਾ ਦੀ ਲੋਕੇਸ਼ਨ 3 ਫਰਵਰੀ ਤੱਕ ਪਿੰਡ ਅਲੀਕੇ ਹਰਿਆਣਾ ਦੇ ਆਸ-ਪਾਸ ਮਿਲੀ ਸੀ। ਇਸ ਮਗਰੋਂ ਇਹ ਪੈੜ ਪਿੰਡ ਮਿੱਠੜੀ ਵੱਲ ਚਲੀ ਗਈ ਸੀ ਤੇ ਉਸ ਮਗਰੋਂ ਭੰਬਲਭੂਸਾ ਬਣ ਗਿਆ ਸੀ।
ਗੁਰਤੇਜ ਸਿੰਘ ਕਾਲਾ ਦੀ ਜਾਨ ਨੂੰ ਖ਼ਤਰਾ?
ਪੁਲਿਸ ਦੇ ਨਵੇਂ ਪੈਂਤੜੇ ਤਹਿਤ ਗੁਰਤੇਜ ਕਾਲਾ ਦੀ ਜਾਨ ਨੂੰ ਖ਼ਤਰਾ ਦੱਸਿਆ ਜਾ ਰਿਹਾ ਹੈ। ਪੁਲਿਸ ਕਾਲੇ ਦੇ ਰਿਸ਼ਤੇਦਾਰਾਂ ‘ਤੇ ਦਬਾਅ ਬਣਾਉਣ ਲੱਗੀ ਹੈ ਕਿ ਉਹ ਉਸ ਤੋਂ ਸਮਰਪਣ ਕਰਵਾ ਦੇਣ। ਤਰਕ ਇਹ ਵੀ ਦਿੱਤਾ ਜਾ ਰਿਹਾ ਹੈ ਕਿ ਕਾਲੇ ਦੇ ਹੱਥ ਅਹਿਮ ਸੁਰਾਗ ਹਨ ਜਿਸ ਕਰਕੇ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ। ਗੁਰਤੇਜ ਕਾਲਾ ਦੇ 4 ਭਾਣਜੇ ਅਤੇ 11 ਭਤੀਜੇ ਹਨ, ਜਿਨ੍ਹਾਂ ‘ਤੇ ਪੁਲਿਸ ਨਜ਼ਰ ਰੱਖ ਰਹੀ ਹੈ। ਕਾਲਾ ਦਾ ਇੱਕ ਭਾਣਜਾ ਸਰਕਾਰੀ ਮੁਲਾਜ਼ਮ ਵੀ ਹੈ।

Check Also

ਸ਼ਿਕਾਇਤ ਕਰਨ ’ਤੇ 24 ਘੰਟਿਆਂ ’ਚ ਵਾਪਸ ਮਿਲੇਗੀ ਜ਼ਬਤ ਰਾਸ਼ੀ : ਚੋਣ ਕਮਿਸ਼ਨ ਦਾ ਫੈਸਲਾ

ਪੰਜਾਬ ’ਚ ਜ਼ਿਲ੍ਹਾ ਪੱਧਰ ’ਤੇ ਕਮੇਟੀਆਂ ਦਾ ਗਠਨ ਚੰਡੀਗੜ੍ਹ/ਬਿਊਰੋ ਨਿਊਜ਼ ਲੋਕ ਸਭਾ ਚੋਣਾਂ ਨੂੰ ਲੈ …