ਚੰਡੀਗੜ੍ਹ : ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਐਤਵਾਰ ਨੂੰ ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵਲੋਂ ਸਿਰਮੌਰ ਨਾਟਕਕਾਰ ਡਾ. ਹਰਚਰਨ ਸਿੰਘ ਦੀ ਪੰਜਾਬੀ ਸਾਹਿਤ, ਸਿੱਖਿਆ ਤੇ ਕਲਾ ਨੂੰ ਦੇਣ ਵਿਸ਼ੇ ‘ਤੇ ਇਕ ਸਾਹਿਤਕ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ‘ਤੇ ਪ੍ਰਸਿੱਧ ਨਾਟਕਕਾਰ ਤੇ ਅਦਾਕਾਰ ਡਾ.ਸਤੀਸ਼ ਕੁਮਾਰ ਵਰਮਾ ਮੁੱਖ ਮਹਿਮਾਨ ਵਜੋਂ ਪੁੱਜੇ, ਜਦਕਿ ਮੁੱਖ ਬੁਲਾਰੇ ਦੇ ਤੌਰ ‘ਤੇ ਡਾ. ਕੁਲਦੀਪ ਸਿੰਘ ਦੀਪ ਨੇ ਸ਼ਮੂਲੀਅਤ ਕੀਤੀ।
ਸਮਾਰੋਹ ਦੇ ਸ਼ੁਰੂ ‘ਚ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਵਿਦਵਾਨਾਂ, ਲੇਖਕਾਂ ਅਤੇ ਕਵੀਆਂ ਦੇ ਰਸਮੀ ਧੰਨਵਾਦੀ ਸ਼ਬਦਾਂ ਦੇ ਨਾਲ-ਨਾਲ ਡਾ.ਹਰਚਰਨ ਸਿੰਘ ਨਾਲ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ। ਇਸੇ ਦੌਰਾਨ ਡਾ.ਸਤੀਸ਼ ਕੁਮਾਰ ਵਰਮਾ ਨੇ ਬੋਲਦਿਆਂ ਕਿਹਾ ਕਿ ਡਾ. ਹਰਚਰਨ ਸਿੰਘ ਸੰਘਰਸ਼ ਦਾ ਦੂਜਾ ਨਾਮ ਸਨ।
ਉਨ੍ਹਾਂ ਕਿਹਾ ਕਿ ਉਹ ਮੇਰੇ ਗੁਰੂ ਰਹੇ, ਮੈਂ ਉਨ੍ਹਾਂ ਤੋਂ ਬਹੁਤ ਕੁਝ ਸਿੱਖਿਆ ਅਤੇ ਜੋ ਮੁਕਾਮ ਅੱਜ ਮੈਨੂੰ ਹਾਸਲ ਹੋਇਆ ਹੈ ਇਹ ਸਭ ਉਨ੍ਹਾਂ ਕਰਕੇ ਹੀ ਹੈ। ਡਾ.ਹਰਚਰਨ ਸਿੰਘ ਦੇ ਬੇਟੇ ਤੇ ਪ੍ਰਤਿਭਾਵਾਨ ਨਿਰਦੇਸ਼ਕ ਹਰਬਖ਼ਸ਼ ਲਾਟਾ ਨੇ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਉਨ੍ਹਾਂ ਕਿਹਾ ਕਿ ਉਹ ਕੈਨੇਡਾ ਵਿਚ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਹੇ ਸਨ ਤਾਂ ਉਨ੍ਹਾਂ ਦੇ ਪਿਤਾ ਡਾ.ਹਰਚਰਨ ਸਿੰਘ ਆਪਣੀ ਟੀਮ ਨਾਲ ਉਥੇ ਵੱਖ-ਵੱਖ ਸ਼ਹਿਰਾਂ ਵਿਚ ਸ਼ੋਅ ਕਰਨ ਆਏ, ਡਾ. ਟੀਮ ਨਾਲ ਉਨ੍ਹਾਂ ਨੇ ਕੋਈ 3000 ਕਿਲੋਮੀਟਰ ਤੋਂ ਵੱਧ ਗੱਡੀ ਚਲਾਈ। ਫੇਰ ਪਿਤਾ ਦੇ ਕਹਿਣ ‘ਤੇ ਉਨ੍ਹਾਂ ਪੜ੍ਹਾਈ ਛੱਡ ਕੇ ਥੀਏਟਰ ਦਾ ਰਾਹ ਚੁਣਿਆ ਤੇ ਹੁਣ ਉਨ੍ਹਾਂ ਦਾ ਪੋਤਾ ਵੀ ਫਿਲਮਾਂ ਤੇ ਥੀਏਟਰ ‘ਚ ਕੰਮ ਕਰ ਰਿਹਾ ਹੈ।
ਇਸੇ ਦੌਰਾਨ ਡਾ.ਕੁਲਦੀਪ ਦੀਪ ਮੁੱਖ ਬੁਲਾਰੇ ਵਲੋਂ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਕਿਹਾ ਗਿਆ ਕਿ ਡਾ. ਹਰਚਰਨ ਸਿੰਘ ਨੇ 26 ਸੰਪੂਰਨ ਨਾਟਕ, 6 ਤੋਂ ਵੱਧ ਇਕਾਂਗੀ, ਤਿੰਨ ਲਘੂ ਨਾਟਕ, ਕਈ ਆਲੋਚਨਾ ਦੀਆਂ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿਚ ਉਨ੍ਹਾਂ ਨੇ ਨਾਰੀ ਚੇਤਨਾ, ਸਮਾਜ ਚੇਤਨਾ, ਰਾਜਨੀਤਕ ਚੇਤਨਾ ਨੂੰ ਧਿਆਨ ਵਿਚ ਰੱਖ ਕੇ ਕਈ ਨਾਟਕ ਲਿਖੇ ਅਤੇ ਖੇਡੇ ਵੀ। ਇਸੇ ਦੌਰਾਨ ਡਾ. ਲਾਭ ਸਿੰਘ ਖੀਵਾ ਤੇ ਹਰਬੰਸ ਸੋਢੀ ਨੇ ਵੀ ਡਾ. ਹਰਚਰਨ ਸਿੰਘ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਇਸ ਸਮਾਰੋਹ ਦੌਰਾਨ ਕਾਵਿ-ਮਹਿਫ਼ਲ ਵੀ ਸਜਾਈ ਗਈ, ਜਿਸ ਵਿਚ ਕਵਿੱਤਰੀ ਡਾ. ਅਮਰ ਜਿਉਤੀ (ਇੰਗਲੈਂਡ), ਪਰਮਜੀਤ ਪਰਮ, ਜਗਦੀਪ ਨੂਰਾਨੀ, ਰਜਿੰਦਰ ਕੌਰ, ਸਿਮਰਜੀਤ ਗਰੇਵਾਲ, ਸੁਰਿੰਦਰ ਕੌਰ ਭੋਗਲ, ਸੇਵੀ ਰਾਇਤ, ਦਰਸ਼ਨ ਤਿਉਣਾ ਅਤੇ ਹੋਰ ਕਈ ਕਵੀਆਂ ਨੇ ਆਪਣੀਆਂ ਕਵਿਤਾਵਾਂ, ਨਜ਼ਮਾਂ ਨਾਲ ਸਰੋਤਿਆਂ ਦੀ ਵਾਹ-ਵਾਹ ਖੱਟੀ।
ਆਪਣੇ ਨਿਵੇਕਲੇ ਅੰਦਾਜ਼ ‘ਚ ਪ੍ਰਭਾਵਸ਼ਾਲੀ ਸ਼ਬਦਾਂ ਤਹਿਤ ਦੀਪਕ ਸ਼ਰਮਾ ਚਨਾਰਥਲ ਵਲੋਂ ਸਟੇਜੀ ਭੂਮਿਕਾ ਨੂੰ ਬਾਖੂਬੀ ਨਿਭਾਇਆ ਗਿਆ। ਸਮਾਰੋਹ ਦੌਰਾਨ ਲੇਖਕਾਂ ਤੇ ਕਵੀਆਂ ਵਿਚ ਨਿੰਦਰ ਘੁਗਿਆਣਵੀ, ਭੁਪਿੰਦਰ ਸਿੰਘ ਮਲਿਕ, ਡਾ.ਸੁਰਿੰਦਰ ਗਿੱਲ, ਹਰਮਿੰਦਰ ਕਾਲੜਾ, ਪ੍ਰੋ. ਦਿਲਬਾਗ, ਸੰਜੀਵਨ ਸਿੰਘ, ਪਾਲ ਅਜਨਬੀ, ਹਰਸ਼ਵੀਰ ਲਾਟਾ, ਗੌਤਮ ਰਿਸ਼ੀ, ਦਵਿੰਦਰ ਬਾਠ, ਭਰਪੂਰ ਸਿੰਘ, ਆਸ਼ਾ ਕੰਵਲ, ਗੁਰਮੀਤ ਮਿਤਵਾ, ਸਰਦਾਰਾ ਸਿੰਘ ਚੀਮਾ, ਮਲਕੀਤ ਮਲੰਗਾ ਆਦਿ ਸ਼ਖ਼ਸੀਅਤਾਂ ਨੇ ਵੀ ਸ਼ਿਰਕਤ ਕੀਤੀ।