Breaking News
Home / ਪੰਜਾਬ / ਪੰਜਾਬ ਦੀਆਂ ਸੱਤ ਪੰਚਾਇਤਾਂ ਨੂੰ ਮਿਲਿਆ ਕੌਮੀ ਪੁਰਸਕਾਰ

ਪੰਜਾਬ ਦੀਆਂ ਸੱਤ ਪੰਚਾਇਤਾਂ ਨੂੰ ਮਿਲਿਆ ਕੌਮੀ ਪੁਰਸਕਾਰ

ਕੌਮੀ ਪੁਰਸਕਾਰ ਜਿੱਤਣ ‘ਚ ਮਹਿਲਾ ਸਰਪੰਚਾਂ ਦੀ ਝੰਡੀ
ਬਠਿੰਡਾ/ਬਿਊਰੋ ਨਿਊਜ਼ : ਪੇਂਡੂ ਵਿਕਾਸ ਦੇ ਅਖਾੜੇ ਵਿੱਚ ਪੰਜ ਮਹਿਲਾ ਸਰਪੰਚਾਂ ਨੇ ਪੁਰਸ਼ਾਂ ਨੂੰ ਚਿੱਤ ਕਰ ਦਿੱਤਾ ਹੈ। ਇਨ੍ਹਾਂ ਮਹਿਲਾ ਸਰਪੰਚਾਂ ਦੀ ਝੋਲੀ ਕੇਂਦਰੀ ਪੁਰਸਕਾਰ ਪਏ ਹਨ। ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਨੇ ਲਖਨਊ ਵਿੱਚ ਇਨ੍ਹਾਂ ਮਹਿਲਾ ਸਰਪੰਚਾਂ ਨੂੰ ਕੌਮੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ।
ਪੰਜਾਬ ਭਰ ਵਿੱਚੋਂ ਇਨ੍ਹਾਂ ਕੌਮੀ ਪੁਰਸਕਾਰਾਂ ਲਈ ਸੱਤ ਸਰਪੰਚਾਂ ਦੀ ਚੋਣ ਹੋਈ ਹੈ ਜਿਨ੍ਹਾਂ ਵਿੱਚੋਂ ਪੰਜ ਮਹਿਲਾ ਸਰਪੰਚ ਹਨ ਅਤੇ ਦੋ ਪੁਰਸ਼ ਸਰਪੰਚ ਹਨ। ਇਨ੍ਹਾਂ ਮਹਿਲਾ ਸਰਪੰਚਾਂ ਵੱਲੋਂ ਪੇਂਡੂ ਵਿਕਾਸ ਦੇ ਰਾਹਾਂ ‘ਤੇ ਨਿਵੇਕਲੇ ਕਦਮ ਰੱਖਦਿਆਂ ਇਨ੍ਹਾਂ ਪਿੰਡਾਂ ਦਾ ਨਾਂ ਕੌਮੀ ਪੱਧਰ ‘ਤੇ ਚਮਕਾ ਦਿੱਤਾ। ਬਠਿੰਡਾ ਦੇ ਪਿੰਡ ਗੁਰੂਸਰ ਮਹਿਰਾਜ ਦੀ ਦਲਿਤ ਸਰਪੰਚ ਪਰਮਜੀਤ ਕੌਰ ਸਭ ਤੋਂ ਵੱਧ ਉਮਰ ਦੀ ਬਜ਼ੁਰਗ ਔਰਤ ਹੈ, ਜਿਸ ਨੇ ਇਹ ਕੌਮੀ ਸਨਮਾਨ ਹਾਸਲ ਕੀਤਾ ਹੈ। ਉਸ ਨੇ ਪੰਚਾਇਤ ਵੱਲੋਂ ਪੂਰੇ ਪਿੰਡ ਦੇ ਬੀਮੇ ਕਰਾਏ, ਸੁਰੱਖਿਆ ਲਈ ਪਿੰਡ ਵਿੱਚ ਸੀਸੀਟੀਵੀ ਕੈਮਰੇ ਲਾਏ ਅਤੇ ਮਗਨਰੇਗਾ ਪਾਰਕ ਬਣਾਇਆ। ઠਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਚੱਕ ਜਾਨੀਸਰ ਦੀ ਵੀਰਪਾਲ ਕੌਰ ਨੇ ਨਵੀਂ ਪਹਿਲ ਕਰਦਿਆਂ ਪਿੰਡ ਵਿੱਚ ਇੱਕ ਹੀ ਗੁਰੂ ਘਰ ਅਤੇ ਇੱਕ ਸ਼ਮਸ਼ਾਨਘਾਟ ਰੱਖਿਆ। ਖਜੂਰਾਂ ਦੇ ਦਰੱਖਤਾਂ ਤੋਂ ਇਲਾਵਾ ਹੋਰ ਦਰੱਖਤ ਲਾ ਕੇ ਪਿੰਡ ਨੂੰ ਹਰਾ-ਭਰਾ ਕਰ ਦਿੱਤਾ। ਲੁਧਿਆਣਾ ਦੇ ਪਿੰਡ ਦਬੁਰਜੀ ਦੀ ਮਹਿਲਾ ਸਰਪੰਚ ਜਸਵੀਰ ਕੌਰ ਸਭ ਤੋਂ ਵੱਧ ਪੜ੍ਹੀ-ਲਿਖੀ ਸਰਪੰਚ ਹੈ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਕੋਟ ਕਰੋੜ ਖੁਰਦ ਦੀ ਸਰਪੰਚ ਵੀਰਪਾਲ ਕੌਰ ਨੇ ਖੁਦ ਦੋ ਕਨਾਲ ਜ਼ਮੀਨ ਪਿੰਡ ਨੂੰ ਦਾਨ ਦਿੱਤੀ ਅਤੇ ਮਗਰੋਂ ਦਾਨ ਵਾਲੀ ਜ਼ਮੀਨ ਵਿੱਚ ਪਿੰਡ ਵਾਸਤੇ ਪਾਰਕ ਬਣਾ ਦਿੱਤਾ। ਉਸ ਨੇ ਪਿੰਡ ਵਿੱਚ ਥਾਂ-ਥਾਂ ‘ਤੇ ਪੰਛੀਆਂ ਵਾਸਤੇ ਆਲ੍ਹਣੇ ਰੱਖੇ ਅਤੇ ਪੰਛੀ ਪ੍ਰੇਮੀ ਪਿੰਡ ਵਜੋਂ ਵਿਕਸਤ ਕੀਤਾ। ਚੰਡੀਗੜ੍ਹ ਨੇੜਲੇ ਪਿੰਡ ਨੱਗਲ ਗੜ੍ਹੀਆਂ ਦੀ ਮਹਿਲਾ ਸਰਪੰਚ ਬਲਜੀਤ ਕੌਰ ਨੂੰ ਵੀ ਇਹ ਸਨਮਾਨ ਮਿਲਿਆ ਹੈ। ਇਸ ਪਿੰਡ ਵਿੱਚ ਕਦੇ ਵੀ ਚੋਣ ਨਹੀਂ ਹੋਈ ਪੰਚਾਇਤ ਸਰਬਸੰਮਤੀ ਨਾਲ ਚੁਣੀ ਜਾਂਦੀ ਹੈ। ਮਾਨਸਾ ਦੇ ਪਿੰਡ ਤਾਮਕੋਟ ਦੇ ਸਰਪੰਚ ਰਣਜੀਤ ਸਿੰਘ ਨੂੰ ਗ੍ਰਾਮ ਸਭਾ ਐਵਾਰਡ ਮਿਲਿਆ ਜਦੋਂ ਕਿ ਜਲੰਧਰ ਦੇ ਪਿੰਡ ਟੁੱਟ ਸ਼ੇਰ ਦੇ ਕਰਮਜੀਤ ਸਿੰਘ ਨੇ ਵੀ ਇਨਾਮ ਹਾਸਲ ਕੀਤਾ ਹੈ। ਬਠਿੰਡਾ ਦੀ ਜ਼ਿਲ੍ਹਾ ਪ੍ਰੀਸ਼ਦ ਦਾ ਐਵਾਰਡ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਨੇ ਪ੍ਰਾਪਤ ਕੀਤਾ ਹੈ। ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਸਕੱਤਰ ਨਵਨੀਤ ਜੋਸ਼ੀ ਦਾ ਕਹਿਣਾ ਹੈ ਕਿ ਸੂਬੇ ਲਈ ਮਾਣ ਵਾਲੀ ਗੱਲ ਹੈ ਕਿ ਪੇਂਡੂ ਵਿਕਾਸ ਲਈ 10 ਕੌਮੀ ਪੁਰਸਕਾਰ ਝੋਲੀ ਪਏ ਹਨ। ਮਾਨਸਾ ਦੀ ਬਲਾਕ ਵਿਕਾਸ ਤੇ ਵਿਕਾਸ ਅਫਸਰ ਨੀਰੂ ਗਰਗ ਅਤੇ ਪੰਚਾਇਤ ਸਕੱਤਰ ਪਰਮਜੀਤ ਭੁੱਲਰ ਵੀ ਇਨ੍ਹਾਂ ਸਰਪੰਚਾਂ ਨਾਲ ਲਖਨਊ ਗਏ ਹੋਏ ਸਨ।

Check Also

ਪੰਜਾਬ, ਚੰਡੀਗੜ੍ਹ ਤੇ ਹਿਮਾਚਲ ’ਚ ਨਾਮਜ਼ਦਗੀਆਂ ਭਰਨ ਦਾ ਕੰਮ ਹੋਇਆ ਮੁਕੰਮਲ

ਲੋਕ ਸਭਾ ਚੋਣਾਂ ਦੇ 7ਵੇਂ ਗੇੜ ਦੌਰਾਨ 1 ਜੂਨ ਨੂੰ ਪੈਣੀਆਂ ਹਨ ਵੋਟਾਂ ਚੰਡੀਗੜ੍ਹ/ਬਿਊਰੋ ਨਿਊਜ਼ …