ਕਿਹਾ, ਆਮ ਆਦਮੀ ਪਾਰਟੀ ਨਾਲ ਜ਼ਿਆਦਾ ਧੱਕਾ ਹੋਇਆ
ਚੰਡੀਗੜ੍ਹ/ਬਿਊਰੋ ਨਿਊਜ਼
ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਵੇਲੇ ਦਰਜ ਕੀਤੇ ਨਜਾਇਜ਼ ਮੁਕੱਦਮਿਆਂ ਦੀ ਜਾਂਚ ਕਰ ਰਹੇ ਜਸਟਿਸ ਮਹਿਤਾਬ ਸਿੰਘ ਗਿੱਲ ਨੇ ਕਿਹਾ ਕਿ ਮੈਨੂੰ ਜੱਜ ਬਣਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਹੀ ਹਨ। ਉਨ੍ਹਾਂ ਕਿਹਾ ਕਿ ਮੇਰੇ ਲਈ ਮੁੱਖ ਜੱਜ ਨੂੰ ਪੱਤਰ ਵੀ ਬਾਦਲ ਹੋਰਾਂ ਨੇ ਹੀ ਲਿਖਿਆ ਸੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਮੇਰੇ ਚੰਗੇ ਦੋਸਤ ਹਨ, ਪਰ ਪਤਾ ਨਹੀਂ ਮੇਰੇ ਖਿਲਾਫ ਕਿਉਂ ਬੋਲਦੇ ਹਨ। ਜਸਟਿਸ ਗਿੱਲ ਦੀਆਂ ਅਜਿਹੀਆਂ ਗੱਲਾਂ ਨੇ ਅਕਾਲੀਆਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ, ਜਿਹੜੇ ਕਹਿ ਰਹੇ ਹਨ ਕਿ ਜਸਟਿਸ ਗਿੱਲ ਕਾਂਗਰਸ ਦਾ ਕਮਿਸ਼ਨ ਹੈ। ਉਨ੍ਹਾਂ ਕਿਹਾ ਕਿ ਮਾਲਵੇ ਵਿਚ ਕਾਂਗਰਸੀਆਂ ਨਾਲੋਂ ਜ਼ਿਆਦਾ ਧੱਕਾ ਆਮ ਆਦਮੀ ਪਾਰਟੀ ਨਾਲ ਹੋਇਆ ਹੈ, ਤੇ ਉਹਨਾਂ ਦੇ ਕੇਸ ਜ਼ਿਆਦਾ ਆਏ ਹਨ। ਜਸਟਿਸ ਗਿੱਲ ਨੇ ਕੈਪਟਨ ਅਮਰਿੰਦਰ ਦੀ ਤਾਰੀਫ ਕੀਤੀ ਅਤੇ ਕਿਹਾ ਕਿ ਕੈਪਟਨ ਬਦਲਾਖੋਰੀ ਦੀ ਰਾਜਨੀਤੀ ਨਹੀਂ ਕਰਦੇ।