ਮਨ ਦਾ ਦੀਪ ਜਗਾ ਓ ਸੱਜਣਾ, ਮਨ ਦਾ ਦੀਪ ਜਗਾ,
ਐਵੇਂ ਨਾ ਪਾ ਲਾ-ਲਾ, ਓ ਸੱਜਣਾ, ਐਵੇਂ ਨਾ ਪਾ ਲਾ-ਲਾ।
ਤਨ ਨੂੰ ਦੀਵਾ ਮੰਨ ਲੈ ਸੱਜਣਾ, ਮਨ ਦੀ ਵੱਟੀ ਬਣਾ,
ਵੱਟੀ ਦੀਵੇ ਵਿੱਚ ਸਜਾ ਲੈ, ਤੇ ਤੇਲ ਭਗਤੀ ਦਾ ਪਾ,
ਸਿਮਰਨ ਕਰਕੇ ਅਲਖ਼ ਜਗਾ ਲੈ, ਸੋਚਾਂ ਲੈ ਰੁਸ਼ਨਾਅ,
ਮਨ ਦਾ ਦੀਪ ਜਗਾ ਓ ਸੱਜਣਾ, …………………..।
‘ਗੁਰ ਕੀ ਸੇਵਾ ਸ਼ਬਦ ਵੀਚਾਰੁ’, ਜੀਵਨ ਅਧਾਰ ਬਣਾ,
ਲੜ ਲੱਗਿਆਂ ਦੀ ਦਾਤਾ ਸੁਣਦੈ, ਪੂਰਾ ਧਿਆਨ ਲਗਾ,
ਉੱਡੂੰ-ਉੱਡੂੰ ਫਿਰ ਮਨ ਨਹੀਂ ਕਰਦਾ, ਆ ਜਾਵੇਗਾ ਟਿਕਾਅ,
ਮਨ ਦਾ ਦੀਪ ਜਗਾ ਓ ਸੱਜਣਾ, …………………..।
ਗੁਰ ਉਪਦੇਸ਼ ਤੋਂ ਸੋਝੀ ਲੈ ਕੇ, ‘ਹਨੇਰਾ’ ਦੇਵੀਂ ਭਜਾਅ,
ਮਨ ਦੀ ਜੋਤ ਜਗਾਈ ਰੱਖੀਂ, ਰੱਖੀ ਧਿਆਨ ਟਿਕਾਅ,
ਪੂੰਜੀ ਸਵਾਸਾਂ ਦੀ ਸੰਭਲ ਕੇ ਵਰਤੀਂ, ਦੇਵੀ ਨਾ ਐਵੇਂ ਗਵਾ,
ਮਨ ਦਾ ਦੀਪ ਜਗਾ ਓ ਸੱਜਣਾ, …………………..।
ਮੋਹ ਮਾਇਆ ਨੇ ਤੁਰਨ ਨਹੀਂ ਦੇਣਾ, ਤੈਨੂੰ ਸਿੱਧੇ ਰਾਹ,
ਵੇਖੀਂ ਕੋਈ ਕੁਰਾਹੇ ਨਾ ਪਾ ਜਾਏ, ਗੱਲੀਂ ਲਵੇ ਨਾ ਲਾ,
ਸਬਰ ਸੰਤੋਖ ਨਾਲ ਤੁਰਿਆ ਜਾਵੀਂ, ਪੈਂਡਾ ਲਵੀਂ ਮੁਕਾ।
ਮਨ ਦਾ ਦੀਪ ਜਗਾ ਓ ਸੱਜਣਾ, …………………..।
ਜੇ.ਐੱਸ. ਸੇਖੋਂ
ਫ਼ੋਨ : +91 73475-60156

