Breaking News
Home / ਘਰ ਪਰਿਵਾਰ / ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਸੀਨੀਅਰਜ਼ ਦੇ ਫ਼ਰੀ ਡੈਂਟਲ ਕੇਅਰ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਕਰਾਉਣ ਲਈ ਲੋੜੀਂਦੀ ਜਾਣਕਾਰੀ

ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਵੱਲੋਂ ਸੀਨੀਅਰਜ਼ ਦੇ ਫ਼ਰੀ ਡੈਂਟਲ ਕੇਅਰ ਪ੍ਰੋਗਰਾਮ ਲਈ ਰਜਿਸਟ੍ਰੇਸ਼ਨ ਕਰਾਉਣ ਲਈ ਲੋੜੀਂਦੀ ਜਾਣਕਾਰੀ

ਬਰੈਂਪਟਨ/ਡਾ. ਝੰਡ : ਐਸੋਸੀਏਸ਼ਨ ਆਫ਼ ਸੀਨੀਅਰਜ਼ ਕਲੱਬਜ਼ ਦੀ ਕਾਰਜਕਾਰਨੀ ਦੇ ਵਫ਼ਦ ਨੇ ਲੰਘੇ ਦਿਨੀਂ ਇਸ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਦੀ ਅਗਵਾਈ ਹੇਠ ਓਨਟਾਰੀਓ ਦੇ ਸਮਾਲ ਸਕੇਲ ਇੰਡਸਟਰੀ ਦੇ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਦੇ ਦਫ਼ਤਰ ਵਿਚ ਉਨ੍ਹਾਂ ਨਾਲ ਮੁਲਾਕਾਤ ਕੀਤੀ ਸੀ ਅਤੇ ਇਸ ਮੀਟਿੰਗ ਵਿਚ ਮੰਤਰੀ ਸਰਕਾਰੀਆ ਜੀ ਨੇ ਵਫ਼ਦ ਦੇ ਮੈਂਬਰਾਂ ਨੂੰ ਓਨਟਾਰੀਓ ਸਰਕਾਰ ਵੱਲੋਂ ਸੀਨੀਅਰਜ਼ ਲਈ ਦੰਦਾਂ ਦੀ ਸੰਭਾਲ ਲਈ ਕੀਤੀ ਗਈ ਕਾਰਵਾਈ ਸਬੰਧੀ ਜਾਣਕਾਰੀ ਦਿੱਤੀ ਜੋ ਬਾਅਦ ਵਿਚ ਵੱਖ-ਵੱਖ ਅਖ਼ਬਾਰਾਂ ਦੀ ਖ਼ਬਰ ਰਾਹੀਂ ਸਾਂਝੀ ਕੀਤੀ ਗਈ।
ਅਖ਼ਬਾਰਾਂ ਵਿਚ ਇਹ ਖ਼ਬਰ ਤੇ ਲੇਖ ਛਪਣ ਤੋਂ ਬਾਅਦ ਇਸ ਦੇ ਬਾਰੇ ਹੋਰ ਵਧੇਰੇ ਜਾਣਕਾਰੀ ਲੈਣ ਲਈ ਐਸੋਸੀਏਸ਼ਨ ਦੇ ਪ੍ਰਧਾਨ ਜੰਗੀਰ ਸਿੰਘ ਸੈਂਹਬੀ ਅਤੇ ਉਪਰੋਕਤ ਲੇਖ ਦੇ ਲੇਖਕ ਨੂੰ ਸੀਨੀਅਰਜ਼ ਵੱਲੋਂ ਬਹੁਤ ਸਾਰੀਆਂ ਫ਼ੋਨ-ਕਾਲਾਂ ਆਈਆਂ ਅਤੇ ਹੁਣ ਵੀ ਇਹ ਲਗਾਤਾਰ ਆ ਰਹੀਆਂ ਹਨ। ਇਸ ਲਈ ਇਹ ਜ਼ਰੂਰੀ ਸਮਝਿਆ ਗਿਆ ਹੈ ਕਿ ਇਸ ਸਬੰਧੀ ਹੋਰ ਵਿਸਤ੍ਰਿਤ ਜਾਣਕਾਰੀ ਵੱਖ-ਵੱਖ ਅਖ਼ਬਾਰਾਂ ਰਾਹੀਂ ਸਾਂਝੀ ਕੀਤੀ ਜਾਏ, ਕਿਉਂਕਿ ਸਾਡੇ ਸੀਨੀਅਰਜ਼ ਵਧੇਰੇ ਕਰਕੇ ਅਖ਼ਬਾਰਾਂ ਹੀ ਪੜ੍ਹਦੇ ਹਨ ਅਤੇ ਜਾਣਕਾਰੀ ਦਾ ਇਹ ਵਸੀਲਾ ਉਨ੍ਹਾਂ ਦਾ ਮਨ-ਭਾਉਂਦਾ ਸਰੋਤ ਹੈ।
ਸੀਨੀਅਰਾਂ ਦੇ ਲਈ ਇਸ ਡੈਂਟਲਕੇਅਰ ਪ੍ਰੋਗਰਾਮ ਸਬੰਧੀ ਇਹ ਜਾਣਕਾਰੀ ਇਸ ਪ੍ਰਕਾਰ ਹੈ:
ਸੱਭ ਤੋਂ ਪਹਿਲਾਂ ਤਾਂ ਲੋੜਵੰਦ ਸੀਨੀਅਰਾਂ ਨੇ ਇਸ ਸਬੰਧੀ ਆਪਣੀ ਰਜਿਸਟ੍ਰੇਸ਼ਨ ਕਰਵਾਉਣੀ ਹੈ। ਇਸ ਦੇ ਲਈ ਦੋ ਤਰੀਕੇ ਹਨ:
ਪਹਿਲਾ ਹੈ, ਆਨ-ਲਾਈਨ ਅਪਲਾਈ ਕਰਨ ਦਾ, ਜਿਸ ਦੇ ਲਈ ”ਓਨਟਾਰੀਓ.ਸੀਏ/ਸੀਨੀਅਰਜ਼ਡੈਂਟਲ” (ontario.ca/seniorsdental) ‘ਤੇ ਆਨ-ਲਾਈਨ ਜਾ ਕੇ ਲੋੜੀਂਦਾ ਫ਼ਾਰਮ ਭਰਨਾ ਹੈ।
ਦੂਸਰਾ ਤਰੀਕਾ ਹੈ, ਫ਼ਾਰਮ ਹੱਥ ਨਾਲ ਭਰਨ ਦਾ। ਇਹ ਫ਼ਾਰਮ ਉਪਰੋਕਤ ਸਾਈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਹਨ ਅਤੇ ਇਹ ਕਿਸੇ ਵੀ ਕਮਿਊਨਿਟੀ ਸੈਂਟਰ ਤੋਂ ਵੀ ਮਿਲ ਸਕਦੇ ਹਨ। ਇਹ ਫ਼ਾਰਮ ਭਰਕੇ ਡਾਕ ਰਾਹੀਂ ਮਨਿਸਟਰੀ ਆਫ਼ ਹੈੱਲਥ, ਓਨਟਾਰੀਓ ਸੀਨੀਅਰਜ਼ ਡੈਂਟਲਕੇਅਰ ਪ੍ਰੋਗਰਾਮ, ਸਟੇਸ਼ਨ ਪੀ, ਪੋਸਟ ਆਫ਼ਿਸ ਬਾਕਸ 159, ਟੋਰਾਂਟੋ (ਓਨਟਾਰੀਓ) M5S 2S7 (Ministry of Health, Ontario Seniors Dentalcare Programme, Station P, P.O. Box 159, Toronto (Ontario) M5S 2S7) ਨੂੰ ਭੇਜਿਆ ਜਾ ਸਕਦਾ ਹੈ।
ਇਸ ਪ੍ਰੋਗਰਾਮ ਦੇ ਲਾਭ ਦੇ ਲਈ ਉਹ ਸੀਨੀਅਰਜ਼ ਯੋਗ ਹੋਣਗੇ:
1. ਜਿਹੜੇ 65 ਸਾਲ ਜਾਂ ਇਸ ਤੋਂ ਵਧੇਰੇ ਉਮਰ ਦੇ ਹਨ।
2. ਜਿਹੜੇ ਓਨਟਾਰੀਓ ਦੇ ਵਾਸੀ ਹਨ।
3. ਜਿਨ੍ਹਾਂ ਕੋਲ ਕੋਈ ਡੈਂਟਲ ਇੰਸੋਰੈਂਸ ਨਹੀਂ ਹੈ।
3. ਜੋ ਸਲਾਨਾ ਆਮਦਨ ਦੀਆਂ ਹੇਠ-ਲਿਖੀਆਂ ਸ਼ਰਤਾਂ ਪੂਰੀਆਂ ਕਰਦੇ ਹਨ:
(ੳ) ਇਕ ਜਣੇ (Single) ਲਈ ਸਲਾਨਾ ਆਮਦਨ 19,300 ਡਾਲਰ ਤੋਂ ਘੱਟ।
(ਅ) ਜੋੜੇ (Husband and Wife or Partener) ਲਈ ਸਲਾਨਾ
ਆਮਦਨ 32,300 ਡਾਲਰ ਤੋਂ ਘੱਟ।
ਇਸ ਡੈਂਟਲਕੇਅਰ ਪ੍ਰੋਗਰਾਮ ਦੇ ਕੱਵਰੇਜ ਦਾ ਸਮਾਂ ਇਕ ਸਾਲ ਲਈ ਹੋਵੇਗਾ ਅਤੇ ਇਹ ਹਰ ਸਾਲ 31 ਜੁਲਾਈ ਨੂੰ ਸਮਾਪਤ ਹੋ ਜਾਵੇਗਾ। ਅਗਲੇ ਸਾਲ ਲਈ ਇਹ ਰਜਿਸਟ੍ਰੇਸ਼ਨ ਪਹਿਲੀ ਅਗਸਤ ਤੋਂ ਨਵਿਆਈ ਜਾਏਗੀ।
ਇਸ ਪ੍ਰੋਗਰਾਮ ਵਿਚ ਦੰਦਾਂ ਦਾ ਚੈੱਕ-ਅੱਪ, ਸਕੇਲਿੰਗ, ਪਾਲਿਸ਼ਿੰਗ, ਟੁੱਟੇ ਦੰਦਾਂ ਦੀ ਰੀਪੇਅਰ, ਕੈਵਿਟੀ, ਐਕਸ-ਰੇ, ਖ਼ਰਾਬ ਦੰਦਾਂ-ਦਾੜ੍ਹਾਂ ਦਾ ਕੱਢਣਾ, ਓਰਲ-ਸਰਜਰੀ, ਅਨੈਸਥੀਸ਼ੀਆ, ਇਨਫ਼ੈੱਕਸ਼ਨ ਅਤੇ ਦਰਦ ਦਾ ਇਲਾਜ, ਆਦਿ ਸ਼ਾਮਲ ਹੋਣਗੇ। ਡੈਂਟਲ ਪ੍ਰੌਸਥੈਟਿਕਸ ਅਤੇ ਡੈਂਚਰਜ਼ (Dental Prosthetics and Dentures) ਦੀ ਰੀਪੇਅਰ ਕਿਸੇ ਹੱਦ ਤੀਕ ਕੀਤੀ ਜਾਵੇਗੀ, ਭਾਵ ਇਨ੍ਹਾਂ ਦੇ ਲਈ ਸਬੰਧਿਤ ਵਿਅਕਤੀ ਨੂੰ ਅੰਸ਼ਕ ਖ਼ਰਚਾ ਅਦਾ ਕਰਨਾਾ ਪਵੇਗਾ ਜਿਸ ਦੇ ਬਾਰੇ ਵਧੇਰੇ ਜਾਣਕਾਰੀ ਅਜੇ ਉਪਲੱਭਧ ਨਹੀਂ ਹੈ।
ਆਨ-ਲਾਈਨ ਅਪਲਾਈ ਕਰਨ ਲਈ ਜਾਂ ਫ਼ਾਰਮ ਭਰ ਕੇ ਰਜਿਸਟਰ ਹੋਣ ਤੋਂ ਬਾਅਦ ਹੈੱਲਥ-ਕਾਰਡ ਤੋਂ ਇਲਾਵਾ ਇਕ ਹੋਰ ਕਾਰਡ ਅਤੇ ਲੋੜੀਂਦੀਆਂ ਹਦਾਇਤਾਂ ਓਨਟਾਰੀਓ ਹੈੱਲਥ ਮਨਿਸਟਰੀ ਵੱਲੋਂ ਬੇਨਤੀ-ਕਰਤਾ ਨੂੰ ਡਾਕ ਰਾਹੀਂ ਪਹੁੰਚਣਗੀਆਂ ਜਿਨ੍ਹਾਂ ‘ਤੇ ਅਮਲ ਕੀਤਾ ਜਾ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਲਈ ਹੇਠ ਲਿਖੇ ਵਿਅੱਕਤੀਆਂ ਵਿੱਚੋਂ ਕਿਸੇ ਨੂੰ ਵੀ ਫ਼ੋਨ ਕੀਤਾ ਜਾ ਸਕਦਾ ਹੈ:
ਜੰਗੀਰ ਸਿੰਘ ਸੈਂਹਬੀ (416-409-0126), ਨਿਰਮਲ ਸਿੰਘ ਧਾਰਨੀ (416-670-5874), ਬਲਵਿੰਦਰ ਸਿੰਘ ਬਰਾੜ (647-262-4026), ਕਰਤਾਰ ਸਿੰਘ ਚਾਹਲ (647-854-8746), ਦੇਵ ਸੂਦ (416-553-0722),ਪ੍ਰੀਤਮ ਸਿੰਘ ਸਰਾਂ (416-833-0567)

Check Also

ਜਾਨਲੇਵਾ ਬਿਮਾਰੀ ਬਣ ਚੁੱਕੀ ਹੈ ਕੈਂਸਰ

ਅਨਿਲ ਧੀਰ ਵਿਸ਼ਵ ਭਰ ਵਿਚ ਜਾਨਲੇਵਾ ਬਿਮਾਰੀ ਕੈਂਸਰ ਬੱਚੇ, ਨੌਜਵਾਨ, ਮੱਧ ਉਮਰ ਅਤੇ ਸੀਨੀਅਰਜ਼ ਵਿਚ …