Breaking News
Home / ਘਰ ਪਰਿਵਾਰ / ਖੇਤੀ ਦੀ ਰੂਹ-ਕਣਕ

ਖੇਤੀ ਦੀ ਰੂਹ-ਕਣਕ

ਸੁਖਪਾਲ ਸਿੰਘ ਗਿੱਲ
ਰੂਹ ਤੋਂ ਬਿਨਾਂ ਜਿਸਮ ਮਿੱਟੀ ਹੁੰਦਾ ਹੈ ਇਸੇ ਤਰਜ਼ ਤੇ ਪੰਜਾਬ ਦੇ ਖੇਤਾਂ ਅਤੇ ਪਿੰਡਾਂ ਨੂੰ ਦੇਖਿਆ ਜਾਵੇ ਤਾਂ ਇਹ ਕਣਕ ਦੀ ਫਸਲ ਤੇ ਛਾਲਾਂ ਮਾਰਦੇ ਸੰਜੀਵ ਹਨ। ਪੰਜਾਬੀਆਂ ਦੀ ਜਿੰਦਜਾਨ ਕਣਕ ਹਰਿਆਵਲ ਤੋਂ ਸੁਨਹਿਰੀ ਹੋ ਕੇ ਜੇਬ ਹਰੀ ਕਰਨ ਵੱਲ ਜਾਂਦੀ ਹੈ। ਵਿਸਾਖੀ ਦਾ ਤਿਓਹਾਰ ਮਨਾਉਣਾ ਵੀ ਹਰੀ ਜੇਬ ਵਿੱਚੋਂ ਨਿਕਲਦਾ ਹੈ। ਇਸੇ ਲਈ ਕਣਕ ਵਿਸਾਖੀ ਅਤੇ ਕਿਸਾਨ ਜੀਵਨ ਦੇ ਸਾਰੇ ਪੱਖਾਂ ਤੋਂ ਇਕ ਦੂਜੇ ਨਾਲ ਜੁੜੇ ਹੋਏ ਹਨ। ਸਾਡੇ ਮਾਣ ਮੱਤੇ ਵਿਰਸੇ ਨਾਲ ਜੁੜੀ ਕਣਕ ਆਰਥਿਕ ਅਤੇ ਸੱਭਿਆਚਾਰਕ ਪੱਖੋਂ ਸਾਡਾ ਜੀਵਨ ਸ਼ਿੰਗਾਰਦੀ ਹੈ। ਇਸੇ ਲਈ ਹਰੀ ਕ੍ਰਾਂਤੀ ਦੀ ਖੋਜ ਹੋਈ ਸੀ। 1960 ਤੋਂ ਪਹਿਲਾਂ ਕੁਦਰਤ ਦੀ ਮਿਹਰਬਾਨੀ ਤੇ ਕਣਕ ਦੀ ਆਮਦ ਟਿਕੀ ਹੋਈ ਸੀ। ਮਾਰੂ ਕਣਕ ਮਸਾਂ ਹੀ ਛੇ ਮਹੀਨੇ ਦੇ ਗੁਜ਼ਾਰੇ ਜੋਗੀ ਘਰ ਪਹੁੰਚਦੀ ਸੀ। ਪਹਿਲੇ ਕਣਕ ਭੜੋਲਿਆਂ ਵਿੱਚ,ਫੇਰ ਵੱਡੇ ਡਰੰਮਾਂ ਵਿੱਚ ਹੁਣ ਬੱਦਲਾਂ ਹੇਠ ਹੀ ਅੰਬਾਰ ਲੱਗੇ ਰਹਿੰਦੇ ਹਨ। ਇਸ ਕ੍ਰਾਂਤੀ ਨੇ ਅਤੀਤ ਨੂੰ ਭਵਿੱਖ ਨਾਲ ਜੋੜ ਕੇ ਹਾੜ੍ਹੀ ਦੀ ਰਾਣੀ ਬਣਾ ਕੇ ਕਣਕ ਨੂੰ ਪੇਸ਼ ਕੀਤਾ ਹੈ। ਹਕੀਕਤ ਵੀ ਇਹੋ ਹੈ।
ਜੇ ਕਿਸੇ ਨੇ ਪਿੰਡਾਂ ਵਿੱਚ ਕਣਕ ਨਹੀਂ ਬੀਜੀ ਤਾਂ ਕੁਝ ਗੁਵਾਚਿਆ ਜਿਹਾ ਲੱਗਦਾ ਹੈ। ਸਮਾਜਿਕ ਅਤੇ ਸੱਭਿਆਚਾਰਕ ਵੰਨਗੀ ਦੀ ਕਹਾਵਤ ‘ਕੁੜੀ ਪੇਟ ਵਿੱਚ ਕਣਕ ਖੇਤ ਵਿੱਚ ਆ ਜਵਾਈਆ ਮੰਡੇ ਖਾ” ਬਹੁਤ ਕੁਝ ਸਾਂਭੀ ਬੈਠੀ ਹੈ। ਸਰਕਾਰ ਨੇ ਕਣਕ ਦੀਆਂ ਉੱਨਤ ਕਿਸਮਾਂ ਦੀ ਖੋਜ ਕਰਕੇ ਕਿਸਾਨ ਨੂੰ ਦਿੱਤੀ। ਆਰਥਿਕਤਾ ਦਾ ਧੁਰਾ ਕਹਾਉਂਦੀ ਕਣਕ ਨੇ ਕੇਂਦਰੀ ਪੂਲ ਵਿੱਚ ਵੱਧ ਯੋਗਦਾਨ ਪਾਉਣ ਕਰਕੇ ਪੰਜਾਬ ਅਤੇ ਕਿਸਾਨ ਦਾ ਨਾਮ ਰੋਸ਼ਨ ਕੀਤਾ ਹੈ। ਹੁਣ ਤਾਂ ਕਣਕ ਦੇ ਢੇਰਾਂ ਨੂੰ ਸਾਂਭਣਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਪ੍ਰਤੀ ਵੱਖ-ਵੱਖ ਸਿਆਸੀ ਖੇਡਾਂ ਵੀ ਹੁੰਦੀਆਂ ਹਨ। ਕਣਕ ਨਾਲ ਤਰ੍ਹਾਂ- ਤਰ੍ਹਾਂ ਦੀਆਂ ਸੱਭਿਆਚਾਰਕ, ਸਮਾਜਿਕ ਅਤੇ ਸਾਹਿਤਿਕ ਵੰਨਗੀਆਂ ਵੀ ਇਸ ਗੱਲ ਦੀਆਂ ਗਵਾਹ ਹਨ, ਕਿ ਕਣਕ ਦਾ ਪੰਜਾਬੀਆਂ ਨਾਲ ਗੂੜ੍ਹਾ ਰਿਸ਼ਤਾ ਹੈ। ਪੰਜਾਬੀ ਕਣਕ ਨਾਲ ਅਤੇ ਕਣਕ ਪੰਜਾਬ ਨਾਲ ਤਰ੍ਹਾਂ-ਤਰ੍ਹਾਂ ਦੇ ਰਿਸ਼ਤੇ ਸਾਂਭੀ ਬੈਠੀ ਹੈ।
ਕਣਕ ਘਰ ਆਉਣ ਨਾਲ ਨਵੇਂ-ਨਵੇਂ ਸੁਪਨੇ ਸਿਰਜੇ ਜਾਂਦੇ ਹਨ। ਪਹਿਲੇ ਸਮੇਂ ਦੀ ਕਹਾਵਤ ਹੈ ਕਿ ‘ਜਿਸ ਦੀ ਕੋਠੀ ਦਾਣੇ ਉਸ ਦੇ ਕਮਲੇ ਵੀ ਸਿਆਣੇ’ ਭਾਵ ਇਹ ਕਿ ਜਦੋਂ ਕੋਠੀ ਭੜੋਲੇ ਵਿੱਚ ਕਣਕ ਆ ਜਾਂਦੀ ਸੀ, ਉਦੋਂ ਤਰ੍ਹਾਂ ਤਰ੍ਹਾਂ ਦੇ ਸਮਾਜਿਕ ਫੁਰਨੇ ਫੁਰਦੇ ਸਨ। ਨਵੇਂ ਕਪੜੇ ਸਿਲਾਉਣੇ, ਵਿਆਹ ਕਰਨੇ, ਗਰਜ਼ਾ ਅਤੇ ਹੋਰ ਸੁਪਨੇ ਵੀ ਕਣਕ ਦੀ ਆਮਦ ਨਾਲ ਸ਼ੋਭਦੇ ਹਨ। ਇਹ ਹਕੀਕਤ ਅੱਜ ਵੀ ਹੈ।
ਕਿਸਾਨ ਖੁਦ ਸਿਰ ਤੇ ਚੁੱਕ ਕੇ ਖੇਤ 40 ਕਿੱਲੋ ਬੀਜ ਪੁੱਜਦਾ ਕਰਕੇ 6 ਮਹੀਨੇ ਬਾਅਦ 30 ਕੁਇੰਟਲ ਬਣਾ ਕੇ ਅੰਬਾਰ ਲਗਾਉਂਦਾ ਹੈ। ਇਸੇ ਕਰਕੇ ਅੰਨਦਾਤਾ ਵੀ ਕਹਾਉਂਦਾ ਹੈ। ਪਹਿਲਾਂ ਕਣਕਾਂ ਬਲਦਾਂ ਨਾਲ ਗਾਹੀਆਂ ਜਾਂਦੀਆ ਸਨ, ਫਿਰ ਥਰੈਸ਼ਰ ਹੁਣ ਟਰੈਕਟਰ ਅਤੇ ਕੰਬਾਈਨਾਂ ਝੱਟ-ਪੱਟ ਕਣਕ ਕੱਢ ਦਿੰਦੀਆਂ ਹਨ। ਅੱਜ ਸਿਹਤ ਦੇ ਪੱਖ ਤੋਂ ਕਣਕ ਅਲਰਜੀ ਵੀ ਕਰ ਰਹੀ ਹੈ। ਜੋ ਕੇ ਕੁਦਰਤ ਦੀ ਕਰੋਪੀ ਦੀ ਮਿਸਾਲ ਹੈ। ਕਣਕ ਦਾ ਜੂਸ ਵੱਖ-ਵੱਖ ਬਿਮਾਰੀਆਂ ਲਈ ਵੀ ਵਰਤਿਆ ਜਾਂਦਾ ਹੈ। ਪਿੰਡਾਂ ਵਿੱਚ ਪੁੰਨ ਅਰਥ ਤੌਰ ‘ਤੇ ਕਹਿ ਦਿੱਤਾ ਜਾਂਦਾ ਹੈ ਕਿ ਮਣ ਆਟਾ ਲਾ ਕੇ ਲੰਗਰ ਲਾ ਦਿਓ ਇਸ ਨਾਲ ਭਾਈਚਾਰਕ ਸਾਂਝ ਵੀ ਵੱਧਦੀ ਹੈ।
ਪਿੰਡਾਂ ਦੇ ਜੀਵਨ ਦਾ ਨਕਸ਼ਾ ਲਾਲਾ ਧਨੀ ਰਾਮ ਚਾਤਰਿਕ ਦੀ ਅਮਰ ਲਿਖਤ ”ਤੂੜੀ ਤੰਦ ਸਾਂਭ ਹਾੜ੍ਹੀ ਵੇਚ ਵੱਟ ਕੇ ਲੰਬੜਾਂ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ” ਅੱਜ ਵੀ ਕਣਕ ਦੇ ਸੱਭਿਆਚਾਰਕ, ਆਰਥਿਕ ਅਤੇ ਸਾਹਿਤਿਕ ਰੁਤਬੇ ਨੂੰ ਹੁਲਾਰਾ ਦਿੰਦੀ ਹੈ। ਬਜ਼ੁਰਗਾਂ ਦੀ ਲਿਖਤਾਂ ”ਕਣਕ ਕਮਾਦੀ ਸੰਘਣੀ ਡੱਡੂ ਟੱਪ ਜਵਾਰ, ਮੈਂਸੀ ਜਾਈਆਂ ਕੱਟੀਆਂ ਤਾਂ ਸੋਨੇ ਦੇ ਘਰ ਵਾਰ” ਕਣਕ ਬਾਰੇ ਵੱਖ-ਵੱਖ ਸੁਮੇਲਾਂ ਦੀ ਮਿਸਾਲ ਰੱਖਦੀ ਹੈ। ਮਾਣ ਮੱਤੇ ਗਾਇਕਾਂ ਨੇ ”ਏਧਰ ਕਣਕਾਂ ਓਧਰ ਕਣਕਾਂ” ਵੀ ਗਾ ਕੇ ਕਣਕ ਦਾ ਸੱਭਿਆਚਾਰਕ ਰੂਪਾਂਤਰ ਪੇਸ਼ ਕੀਤਾ ਹੈ ।
ਸ਼ਰਾਰਤੀ ਬੱਚੇ ਕਣਕ ਦਾ ਛਿੱਟਾ ਪਜ਼ਾਮੇ ਵਿੱਚ ਪਾ ਕੇ ਛੇੜ-ਛਾੜ ਵੀ ਕਰਦੇ ਰਹਿੰਦੇ ਸਨ। ਕਣਕ ਦੀਆਂ ਭਰੀਆਂ ਓਹਲੇ ਲੁਕਣ ਮੀਚੀ ਵੀ ਖੇਡਦੇ ਸਨ। ਹਾੜ੍ਹੀ ਦੀ ਰਾਣੀ ਕਣਕ ਜੀਵਨ ਦੇ ਸਾਰੇ ਪੱਖਾਂ ਨੂੰ ਖੁਸ਼ਹਾਲ ਬਣਾ ਕੇ ਹਰੇ ਤੋਂ ਸੁਨਹਿਰੀ ਬਣਾਉਂਦੀ ਹੈ। ਪੰਜਾਬੀਆਂ ਲਈ ਭਾਵੇਂ ਤਰ੍ਹਾਂ-ਤਰ੍ਹਾਂ ਦੇ ਪਕਵਾਨ ਹੋਣ ਪਰ ਕਣਕ ਦੀ ਰੋਟੀ ਤੋਂ ਬਿਨਾਂ ਤ੍ਰਿਪਤੀ ਨਹੀਂ ਹੁੰਦੀ। 20 ਕੁ ਦਿਨਾਂ ਦੀ ਮਿਹਨਤ ਰੂਪੀ ਹਫੜਾ ਦਫੜੀ ਛੇ ਮਹੀਨੇ ਦਾ ਗੁਜ਼ਾਰਾ ਸਾਂਭ ਲੈਂਦੀ ਹੈ। ਬਦਲੇ ਜ਼ਮਾਨੇ ਨੇ ਕਣਕ ਨੂੰ ਆਪਣੀ ਰੰਗਤ ਵੀ ਦਿੱਤੀ ਹੈ। ਅਨੇਕਾਂ ਕਾਜ ਸਵਾਰਨ ਲਈ ਕਣਕ ਦਾ ਵੱਡਾ ਯੋਗਦਾਨ ਹੈ। ਹਾੜ੍ਹੀ ਅਤੇ ਪੰਜਾਬੀਆਂ ਦੀ ਰੂਹ ਨਾਲ ਕਣਕ ਦਾ ਸੁਮੇਲ ਸਦੀਵੀ ਰਹੇਗਾ। ਹਾੜ੍ਹੀ ਨਾਲ ਕਣਕ ਦੀ ਪਹਿਚਾਣ ਬਾਕੀ ਫਸਲਾਂ ਨਾਲੋਂ ਅਲੱਗ ਚਮਕਦੀ ਰਹੇਗੀ। ਕੁਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਕਣਕ ਹਾੜੀ ਦੀ ਰਾਣੀ ਦਾ ਸੁਭਾਅ ਆਦਿ ਕਾਲ ਤੋਂ ਅੱਜ ਤੱਕ ਸਾਂਭੀ ਬੈਠੀ ਹੈ।
ੲੲੲ

Check Also

ਮੋਟਾਪਾ ਵਧਾ ਰਿਹਾ ਹੈ ਬਿਮਾਰੀਆਂ

ਅਨਿਲ ਧੀਰ ਮੋਟਾਪਾ ਯਾਨਿ ਓਵਰਵੇਟ ਦੀ ਵੱਧ ਰਹੀ ਸਮੱਸਿਆ ਖਤਰਨਾਕ ਬਿਮਾਰੀਆਂ ਦੇ ਨਾਲ ਮੌਤ ਦਾ …