ਕੈਨੇਡਾ ਨੂੰ ਦੂਜਾ ਅਤੇ ਅਮਰੀਕਾ ਨੂੰ ਮਿਲਿਆ ਤੀਜਾ ਸਥਾਨ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ ਨੇ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੌਮਾਂਤਰੀ ਕਬੱਡੀ ਟੂਰਨਾਮੈਂਟ ਦੇ ਮੰਗਲਵਾਰ ਨੂੰ ਆਖ਼ਰੀ ਦਿਨ ਫਾਈਨਲ ਵਿੱਚ ਕੈਨੇਡਾ ਨੂੰ ਹਰਾ ਕੇ ਖਿਤਾਬ ਅਤੇ 25 ਲੱਖ ਰੁਪਏ ਦਾ ਇਨਾਮ ਆਪਣੇ ਨਾਮ ਕਰ ਲਿਆ। ਉਪ ਜੇਤੂ ਰਹੀ ਕੈਨੇਡਾ ਦੀ ਟੀਮ ਨੂੰ 15 ਲੱਖ ਰੁਪਏ ਮਿਲੇ। ਅਮਰੀਕਾ ਦੀ ਟੀਮ ਤੀਜੇ ਸਥਾਨ ‘ਤੇ ਰਹੀ, ਜਿਸ ਨੇ ਦਸ ਲੱਖ ਰੁਪਏ ਦਾ ਨਗ਼ਦ ਇਨਾਮ ਹਾਸਲ ਕੀਤਾ। ਹਾਲਾਂਕਿ ਪਾਕਿਸਤਾਨ ਦੇ ਕਬੱਡੀ ਖਿਡਾਰੀਆਂ ਨੂੰ ਵੀਜ਼ਾ ਨਾ ਮਿਲਣ ਕਾਰਨ ਟੀਮ ਇਸ ਟੂਰਨਾਮੈਂਟ ਦਾ ਹਿੱਸਾ ਨਹੀਂ ਬਣ ਸਕੀ।
ਇਤਿਹਾਸਕ ਨਗਰੀ ਡੇਰਾ ਬਾਬਾ ਨਾਨਕ ਦੇ ਦਰਸ਼ਕਾਂ ਨਾਲ ਨੱਕੋ-ਨੱਕ ਭਰੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਭਾਰਤੀ ਕਬੱਡੀ ਖਿਡਾਰੀਆਂ ਨੇ ਰਵਾਇਤੀ ਪ੍ਰਦਰਸ਼ਨ ਕੀਤਾ। ਸਰਹੱਦੀ ਪਿੰਡਾਂ ਦੇ ਲੋਕਾਂ ਲਈ ਇਹ ਟੂਰਨਾਮੈਂਟ ਪਹਿਲਾ ਮੌਕਾ ਸੀ, ਜਦੋਂ ਹੋਰਨਾਂ ਦੇਸ਼ਾਂ ਦੀਆਂ ਟੀਮਾਂ ਇੱਥੇ ਕਬੱਡੀ ਮੁਕਾਬਲੇ ਖੇਡ ਰਹੀਆਂ ਹੋਣ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜੇਤੂਆਂ ਨੂੰ ਇਨਾਮ ਵੰਡਣੇ ਸਨ, ਪਰ ਤਕਨੀਕੀ ਕਾਰਨਾਂ ਕਰਕੇ ਉਹ ਨਹੀਂ ਪਹੁੰਚ ਸਕੇ। ਇਸ ਲਈ ਇਹ ਰਸਮ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ ਅਤੇ ਖੇਡ ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ ਨੇ ਸਾਂਝੇ ਤੌਰ ‘ਤੇ ਨਿਭਾਈ। ਇਸ ਮੌਕੇ ਸੰਸਦ ਮੈਂਬਰ ਮੁਹੰਮਦ ਸਦੀਕ, ਵਿਧਾਇਕ ਬਲਵਿੰਦਰ ਸਿੰਘ ਲਾਡੀ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਸਣੇ ਕਈ ਕਾਂਗਰਸੀ ਲੀਡਰ ਮੌਜੂਦ ਸਨ। ਕੈਬਨਿਟ ਮੰਤਰੀ ਬਾਜਵਾ ਨੇ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਦੇ ਵਿਕਾਸ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਭਾਰਤ ਟੀਮ ਨੇ ਫਾਈਨਲ ਮੈਚ ਦੇ ਸ਼ੁਰੂ ਤੋਂ ਹੀ ਕੈਨੇਡਾ ‘ਤੇ ਦਬਦਬਾ ਬਣਾ ਕੇ ਰੱਖਿਆ। ਉਸ ਨੇ ਪਹਿਲੇ ਅੱਧ ਤੱਕ ਕੈਨੇਡਾ ‘ਤੇ 34-9 ਅੰਕਾਂ ਦੀ ਲੀਡ ਲਈ ਹੋਈ ਸੀ। ਮੇਜ਼ਬਾਨ ਟੀਮ ਦੇ ਖਿਡਾਰੀਆਂ ਨੇ ਰਵਾਇਤੀ ਖੇਡ ਵਿਖਾਈ ਅਤੇ ਕੈਨੇਡਾ ਦੀ ਇੱਕ ਨਾ ਚੱਲਣ ਦਿੱਤੀ। ਉਹ ਅੰਕ ਲੈਣ ਲਈ ਤਰਸ ਰਿਹਾ ਸੀ। ਮੈਚ ਦੇ ਤਿੰਨ ਕੁਆਰਟਰਾਂ ਵਿੱਚ ਮੇਜ਼ਬਾਨ ਟੀਮ ਨੇ ਕੈਨੇਡਾ ‘ਤੇ ਲਗਾਤਾਰ ਲੀਡ ਬਣਾ ਕੇ ਰੱਖੀ। ਭਾਰਤ ਨੇ ਅਖ਼ੀਰ 64-19 ਅੰਕਾਂ ਦੇ ਵੱਡੇ ਫ਼ਰਕ ਨਾਲ ਮੈਚ ਅਤੇ ਖਿਤਾਬ ਜਿੱਤ ਲਿਆ।
ਇਸ ਟੂਰਨਾਮੈਂਟ ਵਿੱਚ ਵਿਸ਼ਵ ਦੀਆਂ ਅੱਠ ਟੀਮਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਮੇਜ਼ਬਾਨ ਭਾਰਤ ਤੋਂ ਇਲਾਵਾ ਅਮਰੀਕਾ, ਕੈਨੇਡਾ, ਸ੍ਰੀਲੰਕਾ, ਇੰਗਲੈਂਡ, ਨਿਊਜ਼ੀਲੈਂਡ, ਆਸਟਰੇਲੀਆ ਅਤੇ ਕੀਨੀਆ ਸ਼ਾਮਲ ਸਨ। ਟੂਰਨਾਮੈਂਟ ਦੀ ਸਮਾਪਤੀ ਮੌਕੇ ਨਾਮਵਰ ਗਾਇਕ ਜਸਬੀਰ ਜੱਸੀ, ਬਲਬੀਰ ਬੀਰਾ, ਗੁਰਲੇਜ਼ ਅਖ਼ਤਰ ਅਤੇ ਕੈਲੀ ਦੀ ਜੋੜੀ ਨੇ ਗੀਤ ਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।
ਬੈੱਸਟ ਜਾਫੀ ਜੋਧਾ ਅਤੇ ਬੈਸਟ ਧਾਵੀ ਕਮਲ ਰਿਹਾ
ਇਸ ਅੰਤਰਰਾਸ਼ਟਰੀ ਕਬੱਡੀ ਕੱਪ ‘ਚ ਭਾਰਤੀ ਟੀਮ ਦੇ 2 ਖਿਡਾਰੀ ਦਰਸ਼ਕਾਂ ਦੀਆਂ ਅੱਖਾਂ ਦਾ ਤਾਰਾ ਬਣੇ ਰਹੇ, ਜਿਨ੍ਹਾਂ ‘ਚ ਜੋਧਾ ਸੁਰਖਪੁਰ ਅਤੇ ਕਮਲ ਨਵਾਂ ਪਿੰਡ ਸਨ, ਜਿਨ੍ਹਾਂ ‘ਚੋਂ ਜੋਧਾ ਬੈਸਟ ਜਾਫੀ ਅਤੇ ਕਮਲ ਬੈਸਟ ਧਾਵੀ ਰਿਹਾ।
ਹੁਣ ਤੱਕ ਖੇਡੇ ਗਏ ਸਾਰੇ ਕੱਪ ਭਾਰਤ ਦੀ ਝੋਲੀ ‘ਚ
ਪਹਿਲਾ ਅੰਤਰਰਾਸ਼ਟਰੀ ਕਬੱਡੀ ਕੱਪ 2010 ‘ਚ ਹੋਇਆ ਸੀ ਅਤੇ ਹੁਣ ਤੱਕ 6 ਅੰਤਰਰਾਸ਼ਟਰੀ ਕਬੱਡੀ ਕੱਪ ਹੋਏ, ਜਿਸ ‘ਚ ਭਾਰਤ ਨੇ ਜਿੱਤ ਪ੍ਰਾਪਤ ਕੀਤੀ ਅਤੇ ਹੁਣ 2019 ਵਿਚ ਭਾਰਤ ਨੇ ਆਪਣੀ ਜਿੱਤ ਦੀ ਲੜੀ ਨੂੰ ਜਾਰੀ ਰੱਖਦਿਆਂ ਇਸ ਵਾਰ ਕਬੱਡੀ ਕੱਪ ਆਪਣੀ ਝੋਲੀ ਪਾਇਆ। ਭਾਰਤ ਦੀ ਟੀਮ : ਯਾਦਵਿੰਦਰ ਸਿੰਘ, ਗੁਰਲਾਲ ਸਿੰਘ, ਬਲਵੀਰ ਸਿੰਘ, ਕੁਨਾਲ, ਨਵਜੋਤ, ਜਗਮੋਹਨ, ਖੁਸ਼ਦੀਪ, ਅਰਸ਼ਦੀਪ, ਅੰਮ੍ਰਿਤਪਾਲ, ਮਨਜੋਤ, ਵਿਨੇ, ਅੰਮ੍ਰਿਤਪਾਲ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੈਰਹਾਜ਼ਰੀ ਰੜਕੀ
ਕਈ ਦਿਨਾਂ ਤੋਂ ਸ਼ਹੀਦ ਭਗਤ ਸਿੰਘ ਖੇਡ ਸਟੇਡੀਅਮ ਡੇਰਾ ਬਾਬਾ ਨਾਨਕ ਵਿਖੇ ਵੱਖ-ਵੱਖ ਉਚ ਅਧਿਕਾਰੀਆਂ, ਕੈਬਨਿਟ ਮੰਤਰੀ ਅਤੇ ਹੋਰ ਕਬੱਡੀ ਨਾਲ ਸਬੰਧਿਤ ਐਸੋਸੀਏਸ਼ਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸਨ ਅਤੇ ਉਨ੍ਹਾਂ ‘ਚ ਇਸ ਸਮਾਪਤੀ ਸਮਾਰੋਹ ਵਿਚ ਇਨਾਮ ਵੰਡ ਸਮਾਗਮ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਅਤੇ ਬਹੁਤ ਸਾਰੇ ਦਰਸ਼ਕ ਮੈਚ ਵੇਖਣ ਦੇ ਨਾਲ-ਨਾਲ ਕੈਪਟਨ ਅਮਰਿੰਦਰ ਸਿੰਘ ਨੂੰ ਵੇਖਣ ਵੀ ਆਏ ਸਨ, ਪ੍ਰੰਤੂ ਉਨ੍ਹਾਂ ਦੇ ਨਾ ਪਹੁੰਚਣ ‘ਤੇ ਕੈਬਨਿਟ ਮੰਤਰੀ, ਵਿਧਾਇਕ, ਉਚ ਅਧਿਕਾਰੀ ਅਤੇ ਲੋਕਾਂ ਨੂੰ ਉਨ੍ਹਾਂ ਦੀ ਗੈਰ-ਹਾਜ਼ਰੀ ਰੜਕੀ।
ਅਮਰੀਕਾ ਨੇ ਇੰਗਲੈਂਡ ਨੂੰ ਹਰਾ ਕੇ ਕੀਤਾ ਤੀਜਾ ਸਥਾਨ ਹਾਸਲ
ਤੀਜੇ ਸਥਾਨ ਲਈ ਇੰਗਲੈਂਡ ਅਤੇ ਅਮਰੀਕਾ ਦਰਮਿਆਨ ਖੇਡੇ ਗਏ ਮੁਕਾਬਲੇ ਵਿਚ ਅਮਰੀਕਾ ਨੇ ਇਕ ਫਸਵੇਂ ਅਤੇ ਰੋਮਾਂਚਕ ਮੁਕਾਬਲੇ ਵਿਚ ਇੰਗਲੈਂਡ ਨੂੰ 42-35 ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਵਿਚ ਤੀਜਾ ਸਥਾਨ ਹਾਸਲ ਕੀਤਾ। ਪਹਿਲੇ ਹਾਫ ਤੱਕ ਅਮਰੀਕਾ ਦੇ 23 ਅਤੇ ਇੰਗਲੈਂਡ ਦੇ 14 ਅੰਕ ਸਨ, ਪਰ ਮੈਚ ਦੀ ਸਮਾਪਤੀ ਤੋਂ ਪਹਿਲਾਂ ਇੰਗਲੈਂਡ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕੀਤਾ, ਪਰ ਅਮਰੀਕਾ ਨੇ ਹਮਲਾਵਰ ਖੇਡ ਵਿਖਾਉਂਦਿਆਂ ਇਹ ਮੁਕਾਬਲਾ 42-35 ਅੰਕਾਂ ਦੇ ਫਰਕ ਨਾਲ ਜਿੱਤ ਲਿਆ। ਇਸ ਮੈਚ ਦਾ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਖੂਬ ਅਨੰਦ ਮਾਣਿਆ।
ਸਭਿਆਚਾਰਕ ਸਮਾਗਮ ਯਾਦਗਾਰੀ ਹੋ ਨਿਬੜਿਆ
ਕਬੱਡੀ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਉਘੇ ਗਾਇਕ ਜਸਬੀਰ ਜੱਸੀ ਅਤੇ ਗਾਇਕ ਗੁਰਲੇਜ ਅਖਤਰ ਨੇ ਦਰਸ਼ਕਾਂ ਦਾ ਬਾਖੂਬੀ ਮਨੋਰੰਜਨ ਕੀਤਾ। ਜਸਬੀਰ ਜੱਸੀ ਦੇ ਪੁਰਾਣੇ ਗਾਣਿਆਂ ਨੂੰ ਲੋਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਦਾ ਗਿੱਧਾ ਅਤੇ ਭੰਗੜਾ ਨੇ ਵੀ ਖੂਬ ਰੰਗ ਬੰਨ੍ਹਿਆ। ਸਕੂਲਾਂ ਦੇ ਛੋਟੇ-ਛੋਟੇ ਬੱਚਿਆਂ ਵਲੋਂ ਜਿਮਨਾਸਟਿਕ ਦੇ ਜੌਹਰ ਵਿਖਾਏ ਗਏ, ਜਿਨ੍ਹਾਂ ਨੂੰ ਦਰਸ਼ਕਾਂ ਨੂੰ ਬਹੁਤ ਪਸੰਦ ਕੀਤਾ।
Check Also
ਟੈਸਟ ਕ੍ਰਿਕਟ ਮੈਚ ’ਚ ਜੈਸਵਾਲ ਤੇ ਜਡੇਜਾ ਦੀ ਸ਼ਾਨਦਾਰ ਖੇਡ ਸਦਕਾ ਭਾਰਤ ਨੇ ਇੰਗਲੈਂਡ ਨੂੰ ਹਰਾਇਆ
ਯਸ਼ਸਵੀ ਜੈਸਵਾਲ ਦਾ ਦੋਹਰਾ ਸੈਂਕੜਾ ਰਾਜਕੋਟ/ਬਿਊਰੋ ਨਿਊਜ਼ ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ ਦੇ ਦੋਹਰੇ ਸੈਂਕੜੇ ਅਤੇ …