Breaking News
Home / ਨਜ਼ਰੀਆ / ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ

ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ

ਪਿੱਛੇ ਮੁੜ ਕੇ ਝਾਤ ਮਾਰ ਕੇ ਦੇਖੀਏ ਤਾਂ ਚੁੱਲ੍ਹੇ ਵਿੱਚ ਅੱਗ ਅਤੇ ਘੜੇ ਵਿੱਚ ਪਾਣੀ ਹੋਣਾ ਵੱਸਦੇ ਘਰਾਂ ਦਾ ਸਾਬਤ ਸਬੂਤ ਹੁੰਦਾ ਸੀ। ਇਹ ਤੱਥ ਕਿਸੇ ਨੂੰ ਮਿਹਣਾ ਮਾਰਨ ਅਤੇ ਕਿਸੇ ਨੂੰ ਸੁਧਾਰਨ ਲਈ ਵੀ ਵਰਤ ਲੈਂਦੇ ਸੀ। ਚੁੱਲ੍ਹਾ ਅਤੇ ਘੜਾ ਸੁਆਣੀਆਂ ਦੇ ਪੱਲੇ ਹੁੰਦਾ ਸੀ। ਇਸ ਵਿੱਚੋਂ ਮਰਦ ਪ੍ਰਧਾਨਤਾ ਵੀ ਬੋਲਦੀ ਹੈ। ਨਵਾਬ ਬਣਿਆ ਮਰਦ ਹੁਕਮ ਨਾਲ ਰੋਟੀ ਪਾਣੀ ਮੰਗਦਾ ਸੀ। ਚੁੱਲ੍ਹੇ ਵਿੱਚ ਅੱਗ ਅਤੇ ਘੜੇ ਵਿੱਚ ਪਾਣੀ ਹੋਣਾ ਹੀ ਇਹਨਾਂ ਅੰਗਾਂ ਦੇ ਉਦੇਸ਼ ਦੀ ਪੂਰਤੀ ਕਰਦੇ ਸੀ। ਪਿੰਡਾਂ ਦੇ ਵਿਰਸੇ ਦੇ ਜੋ ਅੰਗ ਉਦੇਸ਼ ਦੀ ਪੂਰਤੀ ਤੋਂ ਸੱਖਣੇ ਹੁੰਦੇ ਉਹਨਾਂ ਨੂੰ ਮਾੜਾ ਸਮਝਿਆ ਜਾਂਦਾ ਸੀ।
ਬਹੁਤੀਆਂ ਕਹਾਵਤਾਂ ਅਤੇ ਮਿਹਣੇ ਤਾਅਨੇ ਸਮੇਂ ਦੇ ਹਾਲਤਾਂ ਵਿੱਚੋਂ ਉਪਜਦੇ ਸਨ। ਔਰਤ ਨੂੰ ਘਰਵਾਲੀ ਦੀ ਉਪਾਧੀ ਮਿਲੀ ਹੋਈ ਹੈ ਇਸੇ ਲਈ ਸ਼ਾਇਦ ਘਰ ਨੂੰ ਚਲਾਉਣ ਲਈ ਚੰਗਾ ਮਾੜਾ ਵੀ ਸੁਣਨਾ ਪੈਂਦਾ ਹੈ। ਔਰਤ ਦਾ ਸ਼ਿੰਗਾਰ ਹੁੰਦਾ ਸੀ ਕਿ ਚੁੱਲ੍ਹਾ ਬਲਦਾ ਰਹੇ ਅਤੇ ਘੜਾ ਭਰਿਆ ਰਹੇ। ਪਤਾ ਨਹੀਂ ਹੁੰਦਾ ਕਿ ਕਦੋਂ ਕਿਸ ਨੇ ਖਾਣ ਪੀਣ ਲਈ ਕੀ ਮੰਗ ਲੈਣਾ ਹੈ। ਪੁਰਾਤਨ ਜ਼ਮਾਨੇ ਵਿੱਚ ਰਾਤ ਨੂੰ ਚੁੱਲ੍ਹੇ ਵਿੱਚ ਅੱਗ ਦੱਬ ਦਿੱਤੀ ਜਾਂਦੀ ਸੀ, ਜੋ ਸਵੇਰੇ ਮਘਾਈ ਜਾਂਦੀ ਸੀ। ਬਹੁਤੀ ਵਾਰੀ ਗੁਆਂਢੀ ਤੋਂ ਅੱਗ ਉਧਾਰੀ ਵੀ ਮੰਗੀ ਜਾਂਦੀ ਸੀ। ਚੁੱਲ੍ਹੇ ਦੇ ਨਾਲ ਇੱਕ ਸ਼ਬਦ ਚੌਂਕਾ ਜੁੜਿਆ ਜਿਸ ਦਾ ਮਤਲਬ ਚੁੱਲ੍ਹੇ ਦੇ ਆਲੇ- ਦੁਆਲੇ ਲਿਪ ਕੇ ਸਾਫ ਬਣਾਈ ਜਗ੍ਹਾ ਹੁੰਦਾ ਹੈ। ਨਵੀਂ ਵਿਆਹੀ ਵਹੁਟੀ ਨੂੰ ਚੁੱਲ੍ਹੇ ਚੌਂਕੇ ਚੜਾਉਣਾ ਇੱਕ ਰਸਮ ਵੀ ਹੁੰਦੀ ਸੀ।
ਘੜੇ ਨਾਲ ਵੀ ਬਹੁਤ ਤਰ੍ਹਾਂ ਦਾ ਸੱਭਿਆਚਾਰ ਗੂੰਜਦਾ ਹੈ। ਸਾਹਿਤ ਵਿੱਚ ਘੜਾ ਸੁਆਣੀ ਨੂੰ ਚਾਰ ਚੰਨ ਲਾਉਂਦਾ ਹੈ। ਦੂਰੋਂ ਖੂਹਾਂ ਤੋਂ ਘੜੇ ਭਰ ਕੇ ਲਿਆਉਣਾਂ ਅਤੇ ਠੰਢੇ ਪਾਣੀ ਲਈ ਫਰਿਜ ਵੱਜੋਂ ਵਰਤਣਾ ਸੱਭਿਆਚਾਰ, ਸੱਭਿਅਤਾ ਅਤੇ ਸਮਾਜੀਕਰਨ ਦਾ ਮੇਲ ਕਰਾਉਂਦਾ ਸੀ। ਜੇ ਆਏ ਰਿਸ਼ਤੇਦਾਰ ਤੋਂ ਘੜਾ ਚੁੱਕ ਕੇ ਪਾਣੀ ਲਿਆਇਆ ਜਾਂਦਾ ਤਾਂ ਇਸਦਾ ਪ੍ਰਭਾਵ ਮਾੜਾ ਪੈਂਦਾ ਸੀ। ਤਰਤੀਬ ਵਿੱਚ ਰੱਖੇ ਘੜੇ ਘਰ ਨੂੰ ਸੋਹਣਾ ਵੀ ਬਣਾਉਂਦੇ ਸਨ। ਇੱਕ ਗੱਲ ਜ਼ਰੂਰ ਹੈ ਕਿ ਸੁਆਣੀ ਤੋਂ ਬਿਨ੍ਹਾਂ ਘਰਦੇ ਬਹੁਤੇ ਅੰਗ ਪਹਿਲਾਂ ਵੀ ਅਧੂਰੇ ਸਨ ਹੁਣ ਵੀ ਅਧੂਰੇ ਹਨ। ਨੀਵਾਂ ਦਿਖਾਉਂਣ ਲਈ ਭਾਵੇਂ ਕਹਾਵਤਾਂ ਔਰਤ ਦੇ ਮੱਥੇ ਮੜੀਆ ਪਰ ਜੇ ਕਿਤੇ ਚੁੱਲ੍ਹੇ ਚੌਕੇਂ ਦੇ ਕੰਮ ਮਰਦ ਨੂੰ ਕਰਨੇ ਪੈ ਜਾਣ ਤਾਂ ਭੱਟਕਿਆ ਰਹਿੰਦਾ ਹੈ । ਬਦਲੇ ਅਤੇ ਬੀਤੇ ਜ਼ਮਾਨੇ ਨੇ ਤਰੱਕੀ ਦੇ ਦੌਰ ਵਿੱਚ ਸੁਆਣੀ ਦੇ ਪੱਲੇ ਪਾਈ ਜ਼ਾਦੀ ਕਹਾਵਤ ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ ਨੂੰ ਪਿੱਛੇ ਹਟਾ ਦਿੱਤਾ ਹੈ। ਸਰਕਾਰ ਵੱਲੋਂ ਕੀਤੇ ਉਪਰਾਲਿਆ ਨਾਲ ਅੱਗ ਅਤੇ ਪਾਣੀ ਘਰ-ਘਰ ਪਹੁੰਚਾ ਦਿੱਤਾ ਗਿਆ ਹੈ। ਅੱਜ ਦੀ ਪੀੜ੍ਹੀ ਨੂੰ ਖੂਹਾਂ ਤੋਂ ਪਾਣੀ ਭਰਨ ਅਤੇ ਅੱਗ ਦੱਬਣ ਦਾ ਪਤਾ ਹੀ ਨਹੀਂ। ਜੇ ਕਿਤੇ ਪਾਣੀ ਚੁੱਕਣਾ ਵੀ ਪੈ ਜਾਏ ਤਾਂ ਬੋਝ ਸਮਝਿਆ ਜਾਂਦਾ ਹੈ। ਭਾਨੀਮਾਰਾਂ ਵੱਲੋਂ ਕੋਈ ਰੁਕਾਵਟ ਖੜ੍ਹੀ ਕਰਨੀ ਹੁੰਦੀ ਸੀ ਤਾਂ ਮੱਲਕ ਜਹੇ ਕਹਿ ਦਿੱਤਾ ਜਾਂਦਾ ਸੀ ਇਹਦੇ ਚੁੱਲ੍ਹੇ ਅੱਗ ਨਾ ਘੜੇ ਵਿੱਚ ਪਾਣੀ ਹੋਰ ਕੀ ਕਰੇਗਾ। ਜ਼ਮਾਨੇ ਮੁਤਾਬਕ ਢੁੱਕਵੀਂ ਇਸ ਕਹਾਵਤ ਵਿੱਚੋਂ ਪਰਿਵਾਰ ਦੇ ਸਮਾਜੀਕਰਨ ਦੇ ਬਹੁਤ ਅੰਸ਼ ਛੁਪੇ ਹੋਏ ਹਨ ਪਰ ਅੱਜ ਜੇ ਇਹ ਕਹਾਵਤ ਵਰਤੀ ਜਾਵੇ ਤਾਂ ਬਹੁਤਾ ਵਧੀਆ ਸੁਨੇਹਾ ਨਹੀਂ ਦਿੰਦੀ। ਭਾਨੀਮਾਰ ਨਸ਼ਈ ਅਤੇ ਸੈਰਾ ਜਿਹਾ ਦੱਸ ਕੇ ਕੰਮ ਸਾਰ ਲੈਂਦੇ ਹਨ। ਧੀ ਬਾਰੇ ਅਤੇ ਪਰਿਵਾਰ ਬਾਰੇ ਜੋ ਭਾਨੀਮਾਰ ਸ਼ਬਦ ਵਰਤਦੇ ਹਨ ਉਹ ਤਾਂ ਲਿਖਣੇ ਵੀ ਵਾਜ਼ਿਬ ਨਹੀਂ। ਹੁਣ ਬਦਲੇ ਜ਼ਮਾਨੇ ਮੁਤਾਬਕ ਸਮਾਜੀਕਰਨ ਅਤੇ ਪਰਿਵਾਰ ਨੂੰ ਸੇਧ ਦੇਣ ਲਈ ਨਵੇਂ ਪ੍ਰਬੰਧਾਂ ਦਾ ਅਗਾਜ਼ ਹੋ ਚੁੱਕਾ ਹੈ। ਅੱਜ ਕਹਾਵਤਾਂ ਜ਼ਰੀਏ ਔਰਤ ਦੇ ਬਰਾਬਰ ਮਰਦ ਵੀ ਗਿਣਿਆ ਜਾਂਦਾ ਹੈ। ਪੁਰਾਤਨ ਕਹਾਵਤਾਂ ਦੀ ਰੂੜ੍ਹੀਵਾਦੀ ਅਵਾਜ਼ ਮੱਧਮ ਹੈ ਨਵਾਂ ਜ਼ਮਾਨਾ ਨਵੇਂ ਸੁਨੇਹੇ ਦੇ ਰਿਹਾ ਹੈ ।
-ਸੁਖਪਾਲ ਸਿੰਘ ਗਿੱਲ
9878111445

Check Also

ਪਰਵਾਸੀ ਸਹਾਇਤਾ ਫਾਊਂਡੇਸ਼ਨ ਹੈਵੀ-ਡਿਊਟੀ ਜ਼ੀਰੋ ਐਮੀਸ਼ਨ ਵਾਹਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਟਰੱਕ ਵਰਲਡ 2024 ‘ਚ ਭਾਗ ਲਵੇਗੀ

ਪਰਵਾਸੀ ਸਹਾਇਤਾ ਫਾਊਂਡੇਸ਼ਨ ਦਾ ਉਦੇਸ਼ ਕਾਰਬਨ ਨਿਕਾਸ ਨੂੰ ਘਟਾਉਣ, ਹਵਾ ਪ੍ਰਦੂਸ਼ਣ ਨੂੰ ਘਟਾਉਣ ਅਤੇ ਆਵਾਜਾਈ …