Breaking News
Home / ਹਫ਼ਤਾਵਾਰੀ ਫੇਰੀ / ਨਿਰਭਯਾ ਜਬਰ ਜਨਾਹ ਮਾਮਲਾ

ਨਿਰਭਯਾ ਜਬਰ ਜਨਾਹ ਮਾਮਲਾ

22 ਜਨਵਰੀ ਨੂੰ ਚਾਰ ਦੋਸ਼ੀਆਂ ਨੂੰ ਦਿੱਤੀ ਜਾਵੇਗੀ ਫਾਂਸੀ
ਨਵੀਂ ਦਿੱਲੀ : ਨਵੀਂ ਦਿੱਲੀ ਦੀ ਅਦਾਲਤ ਨੇ 2012 ਦੇ ਸਨਸਨੀਖੇਜ਼ ਨਿਰਭਯਾ ਸਮੂਹਿਕ ਜਬਰ-ਜਨਾਹ ਅਤੇ ਹੱਤਿਆ ਕੇਸ ਦੇ ਚਾਰ ਦੋਸ਼ੀਆਂ ਨੂੰ 22 ਜਨਵਰੀ ਨੂੰ ਫਾਂਸੀ ਦੇਣ ਦਾ ਹੁਕਮ ਸੁਣਾਇਆ ਹੈ। ਅਦਾਲਤ ਨੇ ਕਿਹਾ ਕਿ ਦੋਸ਼ੀਆਂ ਨੂੰ ਤਿਹਾੜ ਜੇਲ੍ਹ ‘ਚ ਸਵੇਰੇ ਸੱਤ ਵਜੇ ਫਾਹੇ ਟੰਗਿਆ ਜਾਵੇ। ਵਧੀਕ ਸੈਸ਼ਨ ਜੱਜ ਸਤੀਸ਼ ਕੁਮਾਰ ਅਰੋੜਾ ਨੇ ਮੰਗਲਵਾਰ ਨੂੰ ਇਹ ਫ਼ੈਸਲਾ ਸੁਣਾਉਂਦਿਆਂ ਚਾਰ ਦੋਸ਼ੀਆਂ ਮੁਕੇਸ਼ (32), ਪਵਨ ਗੁਪਤਾ (25), ਵਿਨੇ ਸ਼ਰਮਾ (26) ਅਤੇ ਅਕਸ਼ੇ ਕੁਮਾਰ ਸਿੰਘ (31) ਖਿਲਾਫ ਮੌਤ ਦੇ ਵਾਰੰਟ ਜਾਰੀ ਕਰ ਦਿੱਤੇ। ਚਾਰੇ ਦੋਸ਼ੀਆਂ ਨੂੰ ਤਿਹਾੜ ਦੀ ਜੇਲ੍ਹ ਨੰਬਰ 3 ‘ਚ ਫਾਂਸੀ ਦਿੱਤੀ ਜਾਵੇਗੀ। ਤਿੰਨ ਦੋਸ਼ੀ ਜੇਲ੍ਹ ਨੰਬਰ 2 ਜਦਕਿ ਇਕ ਜੇਲ੍ਹ ਨੰਬਰ 4 ‘ਚ ਬੰਦ ਹੈ। ਸੂਤਰਾਂ ਨੇ ਕਿਹਾ ਕਿ ਜੱਲਾਦ ਨੂੰ ਮੇਰਠ ਤੋਂ ਸੱਦਿਆ ਜਾਵੇਗਾ। ਸੁਣਵਾਈ ਦੌਰਾਨ ਇਸਤਗਾਸਾ ਧਿਰ ਨੇ ਕਿਹਾ ਕਿ ਦੋਸ਼ੀਆਂ ਦੀ ਕੋਈ ਵੀ ਅਰਜ਼ੀ ਕਿਸੇ ਵੀ ਅਦਾਲਤ ਜਾਂ ਰਾਸ਼ਟਰਪਤੀ ਕੋਲ ਬਕਾਇਆ ਨਹੀਂ ਪਈ ਹੈ ਅਤੇ ਸੁਪਰੀਮ ਕੋਰਟ ਨੇ ਉਨ੍ਹਾਂ ਦੀਆਂ ਸਾਰੀਆਂ ਨਜ਼ਰਸਾਨੀ ਪਟੀਸ਼ਨਾਂ ਨੂੰ ਵੀ ਰੱਦ ਕਰ ਦਿੱਤਾ ਹੈ। ਉਨ੍ਹਾਂ ਮੌਤ ਦੇ ਵਾਰੰਟ ਜਾਰੀ ਕਰਨ ਦੀ ਬੇਨਤੀ ਕਰਦਿਆਂ ਕਿਹਾ, ”ਦੋਸ਼ੀ ਜੇਕਰ ਕਿਊਰੇਟਿਵ ਪਟੀਸ਼ਨਾਂ ਦਾਖ਼ਲ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਪੂਰੀ ਖੁੱਲ੍ਹ ਹੈ।” ਦੋ ਦੋਸ਼ੀਆਂ ਮੁਕੇਸ਼ ਅਤੇ ਵਿਨੇ ਦੇ ਵਕੀਲ ਨੇ ਕਿਹਾ ਕਿ ਉਹ ਸੁਪਰੀਮ ਕੋਰਟ ‘ਚ ਕਿਊਰੇਟਿਵ ਪਟੀਸ਼ਨ ਦਾਖ਼ਲ ਕਰਨ ਜਾ ਰਹੇ ਹਨ। ਕੇਸ ਦੀ ਜਦੋਂ ਸੁਣਵਾਈ ਸ਼ੁਰੂ ਹੋਈ ਤਾਂ ਵਕੀਲ ਐੱਮ ਐੱਲ ਸ਼ਰਮਾ ਨੇ ਕਿਹਾ ਕਿ ਉਹ ਮੁਕੇਸ਼ ਵੱਲੋਂ ਪੇਸ਼ ਹੋ ਰਹੇ ਹਨ। ਉਂਜ ਪਿਛਲੀ ਤਰੀਕ ‘ਤੇ ਅਦਾਲਤ ਵੱਲੋਂ ਮੁਕੇਸ਼ ਦੀ ਪੈਰਵੀ ਲਈ ਨਿਯੁਕਤ ਅਦਾਲਤੀ ਮਿੱਤਰ ਵਰਿੰਦਾ ਗਰੋਵਰ ਨੇ ਕਿਹਾ ਕਿ ਸ਼ਰਮਾ ਕੋਲ ਉਸ ਦੀ ਨੁਮਾਇੰਦਗੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਦਾਲਤ ਨੇ ਦੋਵਾਂ ਦੀਆਂ ਦਲੀਲਾਂ ਸੁਣਨ ਮਗਰੋਂ ਸ਼ਰਮਾ ਨੂੰ ਹਦਾਇਤ ਕੀਤੀ ਕਿ ਉਹ ਵਕਾਲਤਨਾਮਾ ਦਿਖਾਉਣ ਕਿ ਮੁਕੇਸ਼ ਨੇ ਉਨ੍ਹਾਂ ਨੂੰ ਕੇਸ ਲੜਨ ਦਾ ਅਧਿਕਾਰ ਦਿੱਤਾ ਹੈ। ਜਿਵੇਂ ਹੀ ਅਦਾਲਤ ਨੇ ਮੌਤ ਦੇ ਵਾਰੰਟ ਜਾਰੀ ਕਰਨ ਦੇ ਹੁਕਮਾਂ ਨੂੰ ਦੁਪਹਿਰ ਬਾਅਦ ਸਾਢੇ ਤਿੰਨ ਵਜੇ ਤੱਕ ਰਾਖਵਾਂ ਰੱਖਣ ਲਈ ਕਿਹਾ ਤਾਂ ਮੁਕੇਸ਼ ਦੀ ਮਾਂ ਕਮਰੇ ‘ਚ ਰੋਂਦਿਆਂ ਹੋਇਆਂ ਦਾਖ਼ਲ ਹੋਈ ਅਤੇ ਅਦਾਲਤ ਨੂੰ ਰਹਿਮ ਦੀ ਅਪੀਲ ਕੀਤੀ ਪਰ ਅਦਾਲਤ ਨੇ ਉਸ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਦੇ ਬਾਹਰ ਮੀਡੀਆ ਨਾਲ ਗੱਲਬਾਤ ਕਰਦਿਆਂ ਉਸ ਨੇ ਆਖਿਆ ਕਿ ਉਸ ਦੇ ਪੁੱਤਰ ਨੂੰ ਫਸਾਇਆ ਗਿਆ ਹੈ ਕਿਉਂਕਿ ਉਹ ਗਰੀਬ ਹੈ। ਅਦਾਲਤ ਨੇ ਸਾਰੇ ਦੋਸ਼ੀਆਂ ਨਾਲ ਤਿਹਾੜ ਜੇਲ੍ਹ ਤੋਂ ਵੀਡੀਓ ਕਾਨਫਰੰਸਿੰਗ ਰਾਹੀਂ ਗੱਲ ਕੀਤੀ। ਇਸ ਤੋਂ ਪਹਿਲਾਂ ਹੇਠਲੀ ਅਦਾਲਤ ਨੇ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਸਨ ਕਿ ਉਹ ਫਾਂਸੀ ਦੀ ਸਜ਼ਾ ਹਾਸਲ ਚਾਰ ਦੋਸ਼ੀਆਂ ਦਾ ਹਫ਼ਤੇ ਦੇ ਅੰਦਰ ਜਵਾਬ ਦਾਖ਼ਲ ਕਰਨ ਕਿ ਕੀ ਉਨ੍ਹਾਂ ਆਪਣੀ ਸਜ਼ਾ ਖਿਲਾਫ ਰਾਸ਼ਟਰਪਤੀ ਕੋਲ ਰਹਿਮ ਦੀਆਂ ਅਪੀਲਾਂ ਦਾਖ਼ਲ ਕੀਤੀਆਂ ਹਨ ਜਾਂ ਨਹੀਂ। ਅਦਾਲਤ ਨੇ ਨਿਰਭਯਾ ਦੇ ਮਾਪਿਆਂ ਅਤੇ ਦਿੱਲੀ ਸਰਕਾਰ ਵੱਲੋਂ ਦੋਸ਼ੀਆਂ ਖਿਲਾਫ ਮੌਤ ਦੇ ਵਾਰੰਟ ਜਾਰੀ ਕਰਨ ਲਈ ਦਾਖ਼ਲ ਅਰਜ਼ੀਆਂ ‘ਤੇ ਸੁਣਵਾਈ ਕੀਤੀ। ਜ਼ਿਕਰਯੋਗ ਹੈ ਕਿ 23 ਵਰ੍ਹਿਆਂ ਦੀ ਪੈਰਾਮੈਡੀਕਲ ਦੀ ਵਿਦਿਆਰਥਣ (ਜਿਸ ਨੂੰ ਨਿਰਭਯਾ ਨਾਮ ਦਿੱਤਾ ਗਿਆ) ਨਾਲ ਛੇ ਵਿਅਕਤੀਆਂ ਨੇ 2012 ‘ਚ ਚਲਦੀ ਬੱਸ ‘ਚ 16 ਅਤੇ 17 ਦਸੰਬਰ ਦੀ ਦਰਮਿਆਨੀ ਰਾਤ ਨੂੰ ਜਬਰ-ਜਨਾਹ ਕੀਤਾ ਸੀ ਅਤੇ ਮਗਰੋਂ ਸੜਕ ‘ਤੇ ਸੁੱਟ ਦਿੱਤਾ ਸੀ। ਉਸ ਦੀ ਸਿੰਗਾਪੁਰ ਦੇ ਮਾਊਂਟ ਐਲਿਜ਼ਾਬੈੱਥ ਹਸਪਤਾਲ ‘ਚ 29 ਦਸੰਬਰ 2012 ‘ਚ ਮੌਤ ਹੋ ਗਈ ਸੀ। ਛੇ ‘ਚੋਂ ਇਕ ਦੋਸ਼ੀ ਰਾਮ ਸਿੰਘ ਨੇ ਤਿਹਾੜ ਜੇਲ੍ਹ ‘ਚ ਖੁਦਕੁਸ਼ੀ ਕਰ ਲਈ ਸੀ ਜਦਕਿ ਇਕ ਨਾਬਾਲਗ ਦੋਸ਼ੀ ਨੂੰ ਬਾਲ ਨਿਆਂ ਬੋਰਡ ਨੇ ਤਿੰਨ ਸਾਲ ਦੀ ਸਜ਼ਾ ਸੁਣਾਈ ਸੀ ਜਿਸ ਦੀ ਸਜ਼ਾ ਮੁਕੰਮਲ ਹੋਣ ਮਗਰੋਂ ਉਹ ਰਿਹਾਅ ਹੋ ਚੁੱਕਾ ਹੈ।
7 ਸਾਲ ਬਾਅਦ ਬੇਟੀ ਨੂੰ ਮਿਲਿਆ ਨਿਆਂ : ਅਦਾਲਤ ਦੇ ਫੈਸਲੇ ‘ਤੇ ਸੰਤੁਸ਼ਟੀ ਪ੍ਰਗਟਾਉਂਦਿਆਂ ਨਿਰਭਯਾ ਦੀ ਮਾਂ ਆਸ਼ਾ ਦੇਵੀ ਨੇ ਕਿਹਾ ਕਿ ਉਸ ਦੀ ਬੇਟੀ ਨੂੰ ਨਿਆਂ ਮਿਲ ਗਿਆ ਹੈ। ਉਨ੍ਹਾਂ ਕਿਹਾ ਕਿ ਚਾਰਾਂ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਮਿਲਣ ਨਾਲ ਦੇਸ਼ ਦੀਆਂ ਮਹਿਲਾਵਾਂ ਨੂੰ ਤਾਕਤ ਮਿਲੇਗੀ ਅਤੇ ਲੋਕਾਂ ਦਾ ਨਿਆਂ ਵਿਵਸਥਾ ‘ਚ ਵਿਸ਼ਵਾਸ ਵਧੇਗਾ। ਨਿਰਭਯਾ ਦੇ ਪਿਤਾ ਬਦਰੀਨਾਥ ਸਿੰਘ ਨੇ ਅਦਾਲਤੀ ਫੈਸਲੇ ‘ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਅਜਿਹੇ ਜੁਰਮ ਕਰਨ ਵਾਲੇ ਲੋਕਾਂ ਦੇ ਮਨ ‘ਚ ਡਰ ਪੈਦਾ ਹੋਵੇਗਾ। ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ, ਜੋ ਜਬਰ ਜਨਾਹ ਦੇ ਦੋਸ਼ੀਆਂ ਨੂੰ ਫੌਰੀ ਸਜ਼ਾ ਦੀ ਮੰਗ ਲੈ ਕੇ ਕਾਫ਼ੀ ਚਿਰ ਭੁੱਖ ਹੜਤਾਲ ‘ਤੇ ਵੀ ਰਹੀ, ਨੇ ਫੈਸਲੇ ‘ਤੇ ਸੰਤੁਸ਼ਟੀ ਪ੍ਰਗਟਾਈ।

Check Also

ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ

ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …