7.5 C
Toronto
Thursday, October 23, 2025
spot_img
Homeਹਫ਼ਤਾਵਾਰੀ ਫੇਰੀਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਟੇਕਿਆ ਮੱਥਾ

ਨਵਜੋਤ ਸਿੱਧੂ ਦਾ ਸ਼ਕਤੀ ਪ੍ਰਦਰਸ਼ਨ
62 ਵਿਧਾਇਕਾਂ ਨੇ ਸਿੱਧੂ ਦਾ ਕਾਫਲਾ ਕੀਤਾ ਹੋਰ ਵੱਡਾ
ਅੰਮ੍ਰਿਤਸਰ/ਬਿਊਰੋ ਨਿਊਜ਼ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਬਣਨ ਮਗਰੋਂ ਨਵਜੋਤ ਸਿੰਘ ਸਿੱਧੂ ਨੇ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਮੱਥਾ ਟੇਕਿਆ। ਇਸ ਮੌਕੇ ਕਾਂਗਰਸ ਦੇ ਵਿਧਾਇਕ, ਮੰਤਰੀ ਤੇ ਹੋਰ ਵੱਡੀ ਗਿਣਤੀ ਆਗੂ ਵੀ ਸਿੱਧੂ ਦੇ ਨਾਲ ਸਨ।
ਗੁਰੂ ਘਰ ਮੱਥਾ ਟੇਕਣ ਦਾ ਇਹ ਮੌਕਾ ਸਿੱਧੂ ਲਈ ਇਕ ਤਰ੍ਹਾਂ ਸ਼ਕਤੀ ਪ੍ਰਦਰਸ਼ਨ ਵੀ ਹੋ ਨਿਬੜਿਆ। ਇਸ ਦੌਰਾਨ ਸਿੱਧੂ ਨੇ ਇਕ ਟਵੀਟ ਕਰ ਕੇ ਕਿਹਾ, ”ਪੰਜਾਬ ਦੀ ਹਵਾ ਬਦਲ ਰਹੀ ਹੈ। ਇਹ ਬਦਲਾਅ ਲੋਕਾਂ ਵੱਲੋਂ, ਲੋਕਾਂ ਲਈ ਅਤੇ ਲੋਕਾਂ ਰਾਹੀਂ ਹੈ।” ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਇਸ ਟਵੀਟ ਰਾਹੀਂ ਬਹੁਤ ਕੁਝ ਕਹਿ ਦਿੱਤਾ।
ਸਵੇਰੇ ਹੀ ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਕਾਂਗਰਸ ਦੇ ਮੌਜੂਦਾ ਤੇ ਸਾਬਕਾ ਵਿਧਾਇਕ ਸਿੱਧੂ ਦੀ ਅੰਮ੍ਰਿਤਸਰ ਰਿਹਾਇਸ਼ ‘ਤੇ ਪਹੁੰਚ ਗਏ ਸਨ, ਜਿੱਥੇ ਵਿਆਹ ਵਰਗਾ ਮਾਹੌਲ ਬਣਿਆ ਰਿਹਾ। ਘਰ ਦੇ ਬਾਹਰ ਵੱਡੀ ਗਿਣਤੀ ਢੋਲੀ ਢੋਲ ਵਜਾ ਰਹੇ ਸਨ ਅਤੇ ਸਿੱਧੂ ਸਮਰਥਕ ਭੰਗੜੇ ਪਾ ਰਹੇ ਸਨ। ਬਾਅਦ ਦੁਪਹਿਰ ਕਰੀਬ 1 ਵਜੇ ਇਕ ਡੀਲਕਸ ਬੱਸ ਵਿਚ ਸਵਾਰ ਹੋ ਕੇ ਸਿੱਧੂ ਅਤੇ ਇਹ ਸਾਰੇ ਵਿਧਾਇਕ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੇ। ਇਨ੍ਹਾਂ ਆਗੂਆਂ ਵਿੱਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਅਤੇ ਨਵੇਂ ਬਣਾਏ ਗਏ ਚਾਰ ਕਾਰਜਕਾਰੀ ਪ੍ਰਧਾਨ ਵੀ ਸ਼ਾਮਲ ਸਨ। ਸਿੱਧੂ ਦੇ ਪੈਰ ‘ਤੇ ਭਾਵੇਂ ਕਿ ਸੱਟ ਲੱਗੀ ਹੋਈ ਸੀ ਪਰ ਉਨ੍ਹਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਪੂਰੀ ਪਰਿਕਰਮਾ ਕੀਤੀ, ਦੇਗ ਲਈ ਅਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ। ਉਨ੍ਹਾਂ ਕੁਝ ਸਮਾਂ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ। ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਵੀ ਗਏ।
ਉਨ੍ਹਾਂ ਕਰੀਬ ਇਕ ਘੰਟੇ ਤੋਂ ਵੱਧ ਸਮਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਿਤਾਇਆ। ਜੱਲ੍ਹਿਆਂਵਾਲਾ ਬਾਗ ਕੋਲੋਂ ਲੰਘਦਿਆਂ ਉਨ੍ਹਾਂ ਸ਼ਹੀਦਾਂ ਨੂੰ ਪ੍ਰਣਾਮ ਕੀਤਾ। ਉਪਰੰਤ ਉਹ ਸ੍ਰੀ ਦੁਰਗਿਆਣਾ ਮੰਦਰ ਅਤੇ ਇਤਿਹਾਸਕ ਰਾਮ ਤੀਰਥ ਮੰਦਰ ਵਿਖੇ ਵੀ ਨਤਮਸਤਕ ਹੋਣ ਲਈ ਗਏ। ਸਿੱਧੂ ਵੱਲੋਂ ਸ਼ੁਕਰਾਨਾ ਕਰਨ ਲਈ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਜਾਣਾ, ਇਕ ਤਰ੍ਹਾਂ ਨਾਲ ਉਨ੍ਹਾਂ ਲਈ ਸ਼ਕਤੀ ਪ੍ਰਦਰਸ਼ਨ ਹੋ ਨਿਬੜਿਆ। ਸਿੱਧੂ ਦੇ ਦਫ਼ਤਰ ਵੱਲੋਂ ਕੀਤੇ ਗਏ ਦਾਅਵੇ ਮੁਤਾਬਕ ਉਨ੍ਹਾਂ ਦੇ ਕਾਫਲੇ ਵਿਚ 60 ਤੋਂ ਵੱਧ ਕਾਂਗਰਸੀ ਵਿਧਾਇਕ ਸਨ, ਜਿਨ੍ਹਾਂ ਵਿਚ ਕੁਝ ਸਾਬਕਾ ਵਿਧਾਇਕ ਵੀ ਸ਼ਾਮਲ ਸਨ ਜਦਕਿ ਜਾਖੜ ਨੇ ਆਖਿਆ ਕਿ ਗੁਰੂ ਘਰ ਨਤਮਸਤਕ ਹੋਣ ਵਾਲਿਆਂ ਵਿਚ 45 ਤੋਂ 50 ਤੱਕ ਕਾਂਗਰਸੀ ਵਿਧਾਇਕ ਸ਼ਾਮਲ ਸਨ। ਉਨ੍ਹਾਂ ਇਸ ਇਕੱਠ ਨੂੰ ਸ਼ਕਤੀ ਪ੍ਰਦਰਸ਼ਨ ਦਾ ਨਾਂ ਦੇਣ ਦਾ ਵਿਰੋਧ ਕਰਦਿਆਂ ਕਿਹਾ ਕਿ ਗੁਰੂ ਘਰ ਵਿੱਚ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਹੁੰਦਾ। ਇੱਥੇ ਉਹ ਸਿਰਫ ਨਿਮਾਣੇ ਇਨਸਾਨ ਵਜੋਂ ਨਤਮਸਤਕ ਹੋਣ ਲਈ ਆਏ ਹਨ। ਉਨ੍ਹਾਂ ਇੱਥੇ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਰਦਾਸ ਕੀਤੀ ਅਤੇ ਆਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਵਿਚ ਹੰਕਾਰ ਲਈ ਕੋਈ ਥਾਂ ਨਹੀਂ ਹੈ। ਕਾਂਗਰਸੀ ਆਗੂ ਨੇ ਕਿਹਾ ਕਿ ਇੱਥੇ ‘ਰੈੱਡ ਕਾਰਪੈਟ’ ਵਿਛਾ ਕੇ ਆਉਣ ਵਾਲਿਆਂ ਦਾ ਹਸ਼ਰ ਸਾਰਿਆਂ ਨੇ ਦੇਖਿਆ ਹੈ। ਬਿਨਾ ਕਿਸੇ ਦਾ ਨਾਂ ਲਏ ਉਨ੍ਹਾਂ ਕਿਹਾ, ”ਜੋ ਹੰਕਾਰਿਆ, ਉਹ ਮਾਰਿਆ।” ਉਨ੍ਹਾਂ ਕਿਹਾ ਕਿ ਅੱਜ ਕੋਈ ਸ਼ਕਤੀ ਪ੍ਰਦਰਸ਼ਨ ਨਹੀਂ ਸੀ, ਸਗੋਂ ਗੁਰੂ ਘਰ ਤੋਂ ਆਸ਼ੀਰਵਾਦ ਮੰਗਿਆ ਗਿਆ ਹੈ।
ਦੱਸਣਯੋਗ ਹੈ ਕਿ ਸਿੱਧੂ ਦੇ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ ਕਾਂਗਰਸੀ ਆਗੂਆਂ ਵਿੱਚ ਚਾਰ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਸੁਖਜਿੰਦਰ ਸਿੰਘ ਸੁੱਖੀ ਰੰਧਾਵਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕਾਂ ਵਿੱਚੋਂ ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਗਟ ਸਿੰਘ, ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਤਰਸੇਮ ਸਿੰਘ ਡੀਸੀ, ਮਦਨ ਲਾਲ ਜਲਾਲਪੁਰ, ਹਰਮਿੰਦਰ ਸਿੰਘ ਗਿੱਲ, ਸੁਖਪਾਲ ਸਿੰਘ ਭੁੱਲਰ, ਧਰਮਵੀਰ ਅਗਨੀਹੋਤਰੀ, ਬਰਿੰਦਰ ਢਿੱਲੋਂ, ਦਵਿੰਦਰ ਘੁਬਾਇਆ, ਹਰਜੋਤ ਕਮਲ, ਕੁਲਬੀਰ ਜੀਰਾ, ਸੁਖਵਿੰਦਰ ਸਿੰਘ ਡੈਨੀ ਬੰਡਾਲਾ, ਸੁਨੀਲ ਦੱਤੀ ਆਦਿ ਆਗੂ ਸ਼ਾਮਲ ਸਨ। ਕੈਪਟਨ ਧੜੇ ਨਾਲ ਸਬੰਧਤ ਕੈਬਨਿਟ ਮੰਤਰੀ ਓਪੀ ਸੋਨੀ, ਮੇਅਰ ਕਰਮਜੀਤ ਸਿੰਘ ਰਿੰਟੂ ਤੇ ਹੋਰਨਾਂ ਨੇ ਸਿੱਧੂ ਤੋਂ ਦੂਰੀ ਬਣਾ ਕੇ ਰੱਖੀ।
ਕੈਪਟਨ ਨਾਲ ਮਿਲਿਆ ਸੁਰ
ਕੈਪਟਨ ਅਮਰਿੰਦਰ ਅਤੇ ਨਵਜੋਤ ਸਿੱਧੂ ਵਿਚਾਲੇ ਪਿਛਲੇ ਲੰਬੇ ਸਮੇਂ ਤੋਂ ਦੂਰੀਆਂ ਬਣੀਆਂ ਹੋਈਆਂ ਹਨ। ਹੁਣ ਕੈਪਟਨ ਦੇ ਸੁਰ ਸਿੱਧੂ ਨਾਲ ਮਿਲ ਗਏ ਹਨ ਅਤੇ ਉਹ ਸ਼ੁੱਕਰਵਾਰ ਨੂੰ ਸਿੱਧੂ ਦੇ ਤਾਜਪੋਸ਼ੀ ਸਮਾਗਮ ਵਿਚ ਸ਼ਾਮਲ ਵੀ ਹੋਣਗੇ। ਇਸ ਤੋਂ ਪਹਿਲਾਂ ਕੁਲਜੀਤ ਸਿੰਘ ਨਾਗਰਾ ਅਤੇ ਸੰਗਤ ਸਿੰਘ ਗਿਲਜੀਆਂ 58 ਵਿਧਾਇਕਾਂ ਦੇ ਦਸਤਖ਼ਤਾਂ ਵਾਲਾ ਸੱਦਾ ਪੱਤਰ ਕੈਪਟਨ ਕੋਲ ਲੈ ਕੇ ਪਹੁੰਚੇ ਸਨ, ਜਿਸ ਨੂੰ ਕੈਪਟਨ ਨੇ ਕਬੂਲ ਕਰ ਲਿਆ। ਤਾਜਪੋਸ਼ੀ ਸਮਾਗਮ ਵਿਚ ਹਰੀਸ਼ ਰਾਵਤ ਵੀ ਪਹੁੰਚ ਰਹੇ ਹਨ। ਇਹ ਤਾਜਪੋਸ਼ੀ ਸਮਾਗਮ ਸੁਖਜਿੰਦਰ ਸਿੰਘ ਰੰਧਾਵਾ ਦੀ ਦੇਖ ਰੇਖ ਹੇਠ ਹੋ ਰਿਹਾ ਹੈ।

 

RELATED ARTICLES
POPULAR POSTS