Breaking News
Home / ਹਫ਼ਤਾਵਾਰੀ ਫੇਰੀ / ਗੋਲਡਨ ਟੈਂਪਲ ਨੂੰ ਪੰਜਾਬੀ ‘ਚ ਅਨੁਵਾਦ ਕਰਕੇ ਲਿਖ ਦਿੱਤਾ ‘ਸੁਨਹਿਰੀ ਮੰਦਿਰ’

ਗੋਲਡਨ ਟੈਂਪਲ ਨੂੰ ਪੰਜਾਬੀ ‘ਚ ਅਨੁਵਾਦ ਕਰਕੇ ਲਿਖ ਦਿੱਤਾ ‘ਸੁਨਹਿਰੀ ਮੰਦਿਰ’

ਅੰਮ੍ਰਿਤਸਰ ਬਾਈਪਾਸ-ਛੇਹਰਟਾ ਤੱਕ ਬਣਾਈ ਗਈ ਛੇ ਮਾਰਗੀ ਸੜਕ ‘ਤੇ ਲੱਗੇ ਸੰਕੇਤਕ ਬੋਰਡ ‘ਚ ਗਲਤੀ
ਹਾਈਵੇ ਅਥਾਰਟੀ ਨੇ ਗਲਤੀ ਲਈ ਮੰਗੀ ਮੁਆਫ਼ੀ
ਅੰਮ੍ਰਿਤਸਰ : ਨੈਸ਼ਨਲ ਹਾਈਵੇ ਅਥਾਰਿਟੀ ਵਲੋਂ ਅੰਮ੍ਰਿਤਸਰ ਬਾਈਪਾਸ-ਛੇਹਰਟਾ ਤੱਕ ਬਣਾਈ ਗਈ ਛੇ ਮਾਰਗੀ ਸੜਕ ਦਾ ਕੰਮ ਪੂਰਾ ਹੋਣ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਜਾਣ ਲਈ ਰਸਤਾ ਦੱਸਣ ਲਈ ਲਗਾਏ ਗਏ ਬੋਰਡ ਉਤੇ ‘ਗੋਲਡਨ ਟੈਂਪਲ’ ਦਾ ਪੰਜਾਬੀ ਵਿਚ ਅਨੁਵਾਦ ਕਰਕੇ ਉਸ ਨੂੰ ‘ਸੁਨਹਿਰੀ ਮੰਦਿਰ’ ਲਿਖ ਦਿੱਤਾ ਗਿਆ ਹੈ। ਹਾਲਾਂਕਿ ਹਿੰਦੀ ਵਿਚ ਗੋਲਡਨ ਟੈਂਪਲ ਨੂੰ ਸਵਰਣ ਮੰਦਿਰ ਹੀ ਲਿਖਿਆ ਗਿਆ ਹੈ। ਨੈਸ਼ਨਲ ਹਾਈਵੇ ਅਧਿਕਾਰੀਆਂ ਵਲੋਂ ਕੀਤੀ ਗਈ ਇਸ ਵੱਡੀ ਲਾਪਰਵਾਹੀ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲਿਆ ਹੈ।
ਗੋਲਡਨ ਟੈਂਪਲ ਨੂੰ ਸੁਨਹਿਰੀ ਮੰਦਿਰ ਲਿਖੇ ਜਾਣ ਕਰਕੇ ਨੈਸ਼ਨਲ ਹਾਈਵੇ ਅਥਾਰਟੀ ਆਫ਼ ਇੰਡੀਆ ਨੇ ਅੱਜ ਮੁਆਫ਼ੀ ਮੰਗ ਲਈ ਹੈ। ਅਥਾਰਟੀ ਨੇ ਜਲਦ ਹੀ ਗਲਤੀ ਸੁਧਾਰਨ ਦਾ ਭਰੋਸਾ ਵੀ ਦਿੱਤਾ।
ਮਜੀਠਾ ਰੋਡ ਤੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਲਈ ਜਾਣ ਵਾਲੇ ਸ਼ਰਧਾਲੂਆਂ ਨੇ ਜਦ ਇਹ ਬੋਰਡ ਦੇਖਿਆ ਤਾਂ ਉਨ੍ਹਾਂ ਨੇ ਐਸਜੀਪੀਸੀ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਐਸਜੀਪੀਸੀ ਦੇ ਸਕੱਤਰ ਮਨਜੀਤ ਸਿੰਘ ਨੇ ਕਿਹਾ ਕਿ ਨੈਸ਼ਨਲ ਹਾਈਵੇਅ ਅਥਾਰਿਟੀ ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਵਿਭਾਗ ਦੇ ਅਧਿਕਾਰੀਆਂ ਅਤੇ ਡੀਸੀ ਸ਼ਿਵ ਦੁਲਾਰ ਸਿੰਘ ਨੂੰ ਇਕ ਪੱਤਰ ਲਿਖ ਕੇ ਇਸ ਬੋਰਡ ਨੂੰ ਤੁਰੰਤ ਹਟਾਉਣ ਦੀ ਮੰਗ ਕੀਤੀ ਗਈ ਹੈ। ਪੱਤਰ ਵਿਚ ਲਿਖਿਆ ਗਿਆ ਹੈ ਕਿ ਨੈਸ਼ਨਲ ਹਾਈਵੇ ਵੱਲੋਂ ਜਿੱਥੇ-ਜਿੱਥੇ ਇਸ ਪ੍ਰਕਾਰ ਦੀਆਂ ਗਲਤੀਆਂ ਕੀਤੀਆਂ ਗਈਆਂ ਹਨ, ਉਥੋਂ ਬੋਰਡ ਹਟਾ ਕੇ ਉਨ੍ਹਾਂ ਨੂੂੰ ਠੀਕ ਕੀਤਾ ਜਾਵੇ।
ਨੈਸ਼ਨਲ ਹਾਈਵੇ ਵੱਲੋਂ ਸੜਕ ਨਿਰਮਾਣ ਤੋਂ ਬਾਅਦ ਲੋਕਾਂ ਨੂੰ ਰਸਤੇ ਦੱਸਣ ਲਈ ਲਗਾਏ ਜਾਣ ਵਾਲੇ ਬੋਰਡ ਅਕਸਰ ਹੀ ਵਿਵਾਦਾਂ ਵਿਚ ਰਹਿੰਦੇ ਹਨ। ਅੰਮ੍ਰਿਤਸਰ-ਜਲੰਧਰ ਜੀਟੀ ਰੋਡ ‘ਤੇ ਲਗਾਏ ਗਏ ਇਕ ਬੋਰਡ ਵਿਚ ਸ੍ਰੀ ਦੁਰਗਿਆਨਾ ਮੰਦਿਰ ਵੱਲ ਜਾਣ ਵਾਲੇ ਰਸਤੇ ਦੇ ਨਾਲ ਰੇਲਵੇ ਸਟੇਸ਼ਨ ਦੇ ਸੰਕੇਤ ਅੱਗੇ ਸ੍ਰੀ ਲਿਖ ਦਿੱਤਾ ਗਿਆ ਹੈ।
ਪਵਿੱਤਰ ਸਥਾਨ ਦਾ ਨਾਮ ਵਿਗਾੜਨਾ ਸਾਜਿਸ਼ ਦਾ ਹਿੱਸਾ : ਡਾ. ਰੂਪ ਸਿੰਘ
ਐਸਜੀਪੀਸੀ ਦੇ ਮੁੱਖ ਸਕੱਤਰ ਡਾ ਰੂਪ ਸਿੰਘ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਸਿੱਖ ਕੌਮ ਦਾ ਕੇਂਦਰੀ ਅਸਥਾਨ ਹੈ। ਇਸ ਨੂੰ ‘ਸੋਨ ਮੰਦਿਰ’ ਦੇ ਰੂਪ ਵਿਚ ਪੇਸ਼ ਕਰਨਾ ਸਿੱਖ ਸਿਧਾਂਤਾਂ, ਪਰੰਪਰਾਵਾਂ ਅਤੇ ਇਤਿਹਾਸ ਦੇ ਉਲਟ ਹੈ। ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਦਰਬਾਰ ਸਾਹਿਬ ਕੋਈ ਮੰਦਿਰ ਨਹੀਂ ਹੈ। ਇਸ ਮਹਾਨ ਆਸਥਾ ਦਾ ਨਾਮ ਵਿਗਾੜ ਕੇ ਪੇਸ਼ ਕਰਨਾ ਇਕ ਡੂੰਘੀ ਸਾਜਿਸ਼ ਦਾ ਹਿੱਸਾ ਹੈ। ਵਿਭਾਗ ਨੂੰ ਆਰੋਪੀਆਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ।
ਸ੍ਰੀ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਵੀ ਨਾ ਕਿਹਾ ਜਾਵੇ : ਅਕਾਲ ਤਖਤ
ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ – ਸ੍ਰੀ ਦਰਬਾਰ ਸਾਹਿਬ ਕੋਈ ਮੰਦਿਰ ਨਹੀਂ
ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿੱਖਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਆਪਣੇ ਸਰਵਉਚ ਧਾਰਮਿਕ ਅਸਥਾਨ ਨੂੰ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਦੇ ਨਾਮ ਨਾਲ ਬੋਲਣ ਅਤੇ ਲਿਖਣ। ਇਸ ਪਵਿੱਤਰ ਅਸਥਾਨ ਨੂੰ ‘ਗੋਲਡਨ ਟੈਂਪਲ’ ਦੇ ਨਾਮ ਨਾਲ ਨਾ ਜਾਣਿਆ ਜਾਵੇ। ਅਕਾਲ ਤਖਤ ਸਾਹਿਬ ਦੇ ਸਕੱਤਰੇਤ ਤੋਂ ਜਾਰੀ ਬਿਆਨ ਵਿਚ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੋਈ ਮੰਦਿਰ ਨਹੀਂ ਹੈ। ਇਹ ਸਿੱਖਾਂ ਲਈ ਪੂਜਨੀਕ ਸਰਵਉਚ ਅਸਥਾਨ ਹੈ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਅਥਾਰਟੀ ਵਲੋਂ ਮਜੀਠਾ ਰੋਡ ‘ਤੇ ਰਸਤਾ ਦੱਸਣ ਵਾਲੇ ਇਕ ਸੂਚਨਾ ਬੋਰਡ ‘ਤੇ ਸ੍ਰੀ ਹਰਿਮੰਦਰ ਸਾਹਿਬ ਦਾ ਨਾਮ ‘ਸੁਨਹਿਰੀ ਮੰਦਿਰ’ ਲਿਖ ਕੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ।

Check Also

ਲੋਕ ਸਭਾ ਚੋਣਾਂ ‘ਚੋਂ ਲੋਕ ਮੁੱਦੇ ਗਾਇਬ ਸਿੱਠਣੀਆਂ ਦਾ ਦੌਰ ਸ਼ੁਰੂ

ਨਾ ਕਾਰਜਾਂ ਦੀ ਗੱਲ, ਨਾ ਯੋਜਨਾਵਾਂ ਦਾ ਹਵਾਲਾ-ਇਕ ਲੀਡਰ ਸਵਾਲ ਕਰਦਾ ਹੈ ਦੂਜਾ ਦਿੰਦਾ ਹੈ …